Get Adobe Flash player

ਕੈਨੇਡਾ ਦੇ ਘਰਾਂ ਵਿਚ ਕਿਵੇਂ ਮੌਤਾਂ ਦਾ ਕਾਰਨ ਬਣਦੀ ਹੈ ਕਾਰਬਨ ਮੋਨੋਅਕਸਾਈਡ ਗੈਸ !

ਕਾਰਬਨ ਮੋਨੋਅਕਸਾਈਡ ਗੈਸ ਨੂੰ ਕਨੇਡਾ ਵਿਚ ਚੁੱਪ-ਚੁਪੀਤੇ ਮੌਤ ਦਾ ਕਾਲ (ਸਾਈਲੈਂਟ ਕਿੱਲਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਾਈਲੈਂਟ ਹਾਰਟ ਅਟੈਕ ਜਿੰਨੀ ਹੀ ਖਤਰਨਾਕ ਹੈ। ਔਸਤਨ 300 ਕੀਮਤੀ ਮਨੁੱਖੀ ਜਾਨਾਂ ਹਰ ਸਾਲ ਇਸ ਗੈਸ ਨਾਲ ਹੁੰਦੀਆਂ ਹਨ। ਜੇਕਰ ਅਸੀਂ ਇਸ ਪ੍ਰਤੀ ਸੁਚੇਤ ਨਹੀਂ ਹਾਂ ਤਾਂ ਠੰਡ ਦਾ ਮੌਸਮ ਸ਼ੁਰੂ ਹੁੰਦੇ ਹੀ ਘਰਾਂ ਵਿਚ ਇਸ ਦਾ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਹੈ। ਲੈਵਲ ਵੱਧਣ ਦੇ ਕਾਰਨ ਹਨ ਹੀਟ ਪੈਦਾ ਕਰਨ ਵਾਲੀ ਫ਼ਰਨੈੱਸ-ਜੇਕਰ ਉਸਦਾ ਫਿ਼ਲਟਰ 2-3 ਮਹੀਨੇ ਵਿਚ ਨਹੀਂ ਬਦਲਦੇ, ਹਰ 2 ਸਾਲ ਜਾਂ ਪੋ੍ਰਫੈਸ਼ਨਲ ਦੀ ਸਲਾਹ ਅਨੁਸਾਰ ਹਰੇਕ ਸਾਲ ਸਾਫ਼ ਨਹੀਂ ਕਰਵਾਉਂਦੇ,  ਫ਼ਰਨੈੱਸ ਬਹੁਤ ਪੁਰਾਣੀ ਹੋਣ ਕਾਰਨ ਹੀਟ ਐਕਸਚੇਂਜਰ ਵਿਚ ਲੀਕ ਹਵਾ, ਹਵਾ ਵਾਲੀਆਂ ਪਾਈਪਾਂ ਦਾ ਬਾਰਹੋਂ ਬਰਫ਼ ਨਾਲ ਬਲੋਕ ਹੋ ਜਾਣਾ। ਜੇਕਰ ਘਰ ਵਿਚ ਚਿਮਨੀ ਹੈ ਤਾਂ ਉਸਦਾ ਕਲੀਨ ਨਾ ਹੋਣਾ ਆਦਿ। ਲਗਾਤਾਰ ਕੋਲਿਆਂ ਵਾਲੀ ਜਾਂ ਗੈਸ ਫ਼ਾਇਰ ਪਲੇਸ ਦਾ ਚੱਲਣਾ, ਕੱਪੜੇ ਧੋਣ ਵਾਲੀ ਮਸ਼ੀਨ ਦਾ ਫੈਲਟਰ ਅਤੇ ਬਾਹਰੀ ਪਾਈਪ ਸਾਫ਼ ਨਾ ਕਰਨਾ, ਘਰ ਵਿਚ ਗੈਸ ਸਟੋਵ ਅਤੇ ਅਵਨ, ਗੈਰਾਜ ਬੰਦ ਕਰਕੇ ਅੰਦਰ ਬਾਰਬੀਕਿਊ ਚਲਾਉਣਾ, ਕਾਰਾਂ ਸਟਾਰਟ ਕਰਨੀਆਂ, ਗਰਿੱਲ, ਲੱਕੜਾਂ ਵਾਲਾ ਸਟੋਵ,ਘਾਹ ਵਾਲੀ ਮਸ਼ੀਨ, ਪਾਵਰ ਟੂਲ, ਆਦਿ। ਠੰਡ ਵਿਚ ਇਸਦਾ ਪ੍ਰਕੋਪ ਇਸ ਕਰਕੇ ਵਧ ਜਾਂਦਾ ਹੈ ਕਿ ਅਸੀਂ ਸਾਰੀਆਂ ਖਿੜਕੀਆਂ, ਦਰਵਾਜ਼ੇ ਅਤੇ ਗੈਰਾਜ਼ ਦਾ ਦਰਵਾਜ਼ਾ ਵੀ ਲਗਾਤਾਰ ਬੰਦ ਰੱਖਦੇ ਹਾਂ। ਜੇਕਰ ਪਰਿਵਾਰ ਰੋਜ਼ਾਨਾ ਘਰੋਂ ਬਾਹਰ ਜਾਂਦਾ ਹੈ ਤਾਂ ਹਵਾ ਅੰਦਰ ਆਉਣ ਨਾਲ ਘਰ ਦੀ ਮੁੱਖ ਫਲੋਰ ਅਤੇ ਉੱਪਰਲੀਆਂ ਫਲੋਰਸ ਤਾਂ ਥੋੜੀ ਤਾਜ਼ੀ ਹਵਾ ਆਉਣ ਕਰਕੇ ਬੱਚਤ ਰਹਿ ਸਕਦੀ ਹੈ। ਪਰ ਬੇਸਮਿੰਟ ਵਿਚ ਕਾਰਬਨ ਮੋਨੋਅਕਸਾਈਡ ਗੈਸ ਦਾ ਖ਼ਤਰਾ ਬਹੁਤ ਵੱਧ ਹੁੰਦਾ ਹੈ। ਜੇਕਰ ਤੁਸੀਂ ਬੇਸਮੈਂਟ ਵਿਚ ਸੌਣ ਦੇ ਆਦੀ ਹੋ ਜਾਂ ਬੇਸਮੈਂਟ ਕਿਰਾਏ ਉੱਪਰ ਹੈ ਤਾਂ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਇਹ ਗੈਸ ਕਿੰਨੀ ਖ਼ਤਰਨਾਕ ਹੈ। ਬਹੁਤੀਆਂ ਮੌਤਾਂ ਦਾ ਕਾਰਨ ਛੁੱਟੀਆਂ ਦੇ ਦਿਨ ਬਣਦੇ ਹਨ ਕਿਉਂਕਿ ਠੰਡ ਕਾਰਨ ਖਿੜਕੀਆਂ ਅਤੇ ਦਰਵਾਜੇ ਬੰਦ ਰਹਿੰਦੇ ਹਨ ਤੇ ਹੌਲੀ-ਹੌਲੀ ਵੱਧਦਾ ਗੈਸ ਦਾ ਲੈਵਲ ਅਤੇ ਇਹ ਗੈਸ ਬਿਨਾਂ ਗੰਧ, ਬਿਨਾਂ ਟੇਸਟ ਹੋਣ ਕਰਕੇ ਹੋਲੀ ਹੋਲੀ ਬੇਹੋਸ਼ ਕਰ ਦਿੰਦੀ ਹੈ ਅਤੇ ਬਿਨਾਂ ਕਿਸੇ ਦੁੱਖ-ਦਰਦ ਦੇ ਮਨੁੱਖ ਦੀ ਸ਼ਾਤ ਅਤੇ ਚੁੱਪ-ਚੁਪੀਤੇ ਮੌਤ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਘਰ ਵਿਚ ਲੱਗੇ ਸਮੋਕ ਡਟੈਕਟਰ ਨੂੰ ਹੀ ਕਾਰਬਨ ਮੋਨੋਅਕਸਾਈਡ ਗੈਸ ਡਟੈਕਟਰ ਸਮਝਦੇ ਹਨ, ਪਰ ਅਜਿਹਾ ਨਹੀਂ ਹੈ, ਹਾਂ ਕੁਝ ਹੋ ਵੀ ਸਕਦੇ ਹਨ ਕਿ ਦੋਵਾਂ ਨੂੰ ਡਟੈਕਟ ਕਰਨ ਇਹ ਉਸ ਉੱਪਰ ਲਿਖੇ ਜਾਂ ਸਮੋਕ ਡਟੈਕਟਰ ਦੇ ਨਾਲ ਮਿਲੇ ਪੇਪਰ ਤੋਂ ਪੜ ਸਕਦੇ ਹੋ। ਸ਼ਾਇਦ ਨਵੇਂ ਘਰਾਂ ਵਿਚ ਸਾਲ 2022 ਤੋਂ ਬਾਅਦ ਸਮੋਕ ਡਟੈਕਟਰ ਦੇ ਨਾਲ ਕਾਰਬਨ ਮੋਨੋਅਕਸਾਈਡ ਗੈਸ ਡਟੈਕਟਰ ਲਾਉਣੇ ਬਿਲਡਰਸ ਲਈ ਲਾਜਮੀ ਕੀਤੇ ਹਨ, ਪਰ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ ਕਿਉਂਕਿ ਹਰ ਸਿਟੀ ਦੇ ਆਪਣੇ-ਆਪਣੇ ਨਿਯਮ ਹਨ। ਸੋ ਸਹੀ ਇਹੀ ਹੈ ਕਿ ਵਧੀਆ ਕਿਸਮ ਦੇ ਕਾਰਬਨ ਮੋਨੋਅਕਸਾਈਡ ਗੈਸ ਡਟੈਕਟਰ ਆਪਣੇ ਘਰ ਦੇ ਹਰੇਕ ਲੈਵਲ ਅਤੇ ਗੈਰਾਜ ਵਿਚ ਜਰੂਰ ਲਗਾਵੋ ਜੋ ਡਿਜੀਟਲ ਸਕਰੀਨ ਦੇ ਹੋਣ ਅਤੇ ਇਸ ਖ਼ਤਰਨਾਕ ਗੈਸ ਦਾ ਲੈਵਲ ਲਿਖਕੇ ਸ਼ੋਅ ਕਰਨ ਤਾਂ ਕਿ ਚਾਹੇ ਬੀਪ ਨਾ ਵੀ ਕਰਨ ਤਾਂ ਲੰਘਦੇ ਟੱਪਦੇ ਸਾਨੂੰ ਦਿਖ ਸਕਦਾ ਹੈ ਕਿ ਲੈਵਲ ਜੀਰੋ ਹੈ ਜਾਂ ਉੱਪਰ ਵੱਲ ਜਾ ਰਿਹਾ ਹੈ। ਦੂਸਰਾ ਇਹਨਾਂ ਦੀ ਬਿਜਲੀ ਦੇ ਪਲੱਗ ਵਿਚ ਲੱਗਣ ਦੇ ਨਾਲ ਬੈਕਅੱਪ ਬੈਟਰੀ ਜਰੂਰ ਹੋਵੇ। ਮੁੱਖ ਤੌਰ ਤੇ ਸਮੋਕ ਡਟੈਕਟਰ ਤਿੰਨ ਬੀਪਸ ਕਰਦੇ ਹਨ ਪਰ ਇਹ ਗੈਸ ਲੈਵਲ ਵੱਧਣ ਨਾਲ ਚਾਰ ਬੀਪਸ ਕਰਦੇ ਹਨ। ਇਸ ਗੈਸ ਦਾ ਲੈਵਲ ਜੇਕਰ 0-9 ਪੀ ਪੀ ਐਮ (ਪਾਰਟਸ ਪਰ ਮਿਲੀਅਨ) ਹੈ ਤਾਂ ਨੌਰਮਲ ਗਿਣਿਆ ਜਾਂਦਾ ਹੈ। ਆਮ ਤੌਰ ਤੇ 70 ਪੀ ਪੀ ਐਮ ਤੱਕ ਜਾਣ ਨਾਲ ਸਿਰਦਰਦ, ਫਲੂ, ਘਬਰਾਹਟ, 150 ਪੀ ਪੀ ਐਮ ਤੇ ਬੇਹੋਸ਼ੀ ਅਤੇ ਮੌਤ ਹੋ ਸਕਦੀ ਹੈ।ਕਾਰਬਨ ਮੋਨੋਅਕਸਾਈਡ ਗੈਸ ਡਟੈਕਟਰ ਬੀਪਸ ਕਰੇ ਤਾਂ ਪਛਾਣ ਕਰੋ ਜੇਕਰ ਇਹ ਇਕ ਮਿੰਟ ਵਿਚ ਇੱਕ ਵਾਰ ਹੈ ਤਾਂ ਬੈਟਰੀ ਬਦਲਣ ਵਾਲੀ ਹੈ ਅਤੇ ਜੇਕਰ ਲਗਾਤਾਰ ਚਾਰ ਬੀਪਸ ਬਾਰ ਬਾਰ ਹਨ ਤਾਂ ਆਪਣੇ-ਆਪ ਨੂੰ ਸੁਰਿੱਖਅਤ ਰੱਖਦਿਆਂ ਪਹਿਲਾ ਕੰਮ ਜੇਕਰ ਕਰ ਸਕਦੇ ਹੋ ਤਾਂ ਖਿੜਕੀਆਂ ਅਤੇ ਦਰਵਾਜ਼ੇ ਖੋਹਲਣਾ,ਤਰੁੰਤ ਘਰ ਤੋਂ ਬਾਹਰ ਜਾਣਾ ਹੈ ਅਤੇ ਐਮਰਜੰਸੀ ਮਦਦ ਲਈ ਫੋਨ ਕਰਨਾ ਹੈ। ਇਹ ਸਿਰਫ਼ ਸੰਖੇਪ ਵਿਚ ਦਿੱਤੀ ਮੁੱਢਲੀ ਜਾਣਕਾਰੀ ਹੈ ਤਾਂ ਕਿ ਆਪਾ ਸਭ ਧਿਆਨ ਰੱਖੀਏ। ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਖਤਰਨਾਕ ਗੈਸ ਦੁਆਰਾ ਹੋਣ ਵਾਲੇ ਹਾਦਸਿਆਂ ਨੂੰ ਹੋਰ ਜਾਣੀਏ। ਆਪ ਅਤੇ ਆਪਣਿਆਂ ਨੂੰ ਸੁਚੇਤ ਕਰੀਏ ਤਾਂ ਕਿ ਐਮਰਜੰਸੀ ਕਾਲ ਜਾਣ ਤੇ ਫ਼ਾਇਰ,ਪੁਲਿਸ ਡਪਾਰਟਮੈਂਟ ਅਤੇ ਹਸਪਤਾਲਾਂ ਦਾ ਸਮਾਂ ਬਚਾਅ ਸਕੀਏ ਅਤੇ ਉਹ ਆਪਣਾ ਇਹੀ ਸਮਾਂ ਕਿਸੇ ਹੋਰ ਲੋੜਵੰਦ ਨੂੰ ਦੇ ਸਕਣ, ਧੰਨਵਾਦ।

   www.maplepunjabimedia.com                                             ਬਲਜਿੰਦਰ ਸੰਘਾ                                                                                                                                                   403-680-3212