ਪਰਮਿੰਦਰ ਰਮਨ ਦਾ ਕਾਵਿ ਸੰਗ੍ਰਹਿ ਕੀਤਾ ਗਿਆ ਰਿਲੀਜ਼
ਮੰਗਲ ਚੱਠਾ-ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ 18 ਨਵੰਬਰ ਨੂੰ ਕੋਸੋ ਹਾਲ ਵਿੱਚ ਸਾਹਿਤ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ ।ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ, ਲੇਖਕ ਪਰਮਿੰਦਰ ਰਮਨ ਤੇ ਰਮਨ ਸ਼ਰਮਾ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਚਰਚਾ ਉਹਨਾਂ ਦਾ ਹੀ ਇਕ ਸ਼ੇਅਰ ਸੁਣਾ ਕੇ ਸ਼ੁਰੂ ਕੀਤੀ ਜਿਸ ਦੇ ਬੋਲ ਸਨ ।
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ,
ਜਿਹਨਾਂ ਦੇਸ਼ ਸੇਵਾ “ਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ।
ਉਪਰੰਤ ਪ੍ਰੋ: ਮਨਜੀਤ ਸਿੰਘ ਜੀ ਨੇ ਸਰਾਭੇ ਦੀ ਜੀਵਨੀ ਤੇ ਵਿਦਿਆਰਥੀ ਸਫ਼ਰ, ਗਦਰ ਪਾਰਟੀ ਵਿੱਚ ਭਰਤੀ ਅਤੇ ਸ਼ਹੀਦੀ ਤੱਕ ਦੀ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ ।ਮਾਸਟਰ ਬਚਿੱਤਰ ਸਿੰਘ ਜੀ ਨੇ ‘ਮੁੜ ਚੱਲੇ ਵਤਨਾਂ ਨੂੰ , ਸ਼ਮ੍ਹਾ ਤੇ ਸੜਨ ਲਈੀ ਪਰਵਾਨੇ’ ਕਵੀਸ਼ਰੀ ਰਾਹੀਂ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਦਿੱਤੀ l ਇਸਤੋਂ ਬਾਅਦ ਤਰਲੋਚਨ ਸੈਹਬੀਂ ਨੇ ‘ਸਿਦਕੀ ਸੂਰੇ ‘ ਗੀਤ ਗਾਕੇ ਸ਼ਹੀਦਾਂ ਨੂੰ ਯਾਦ ਕੀਤਾ ਜਰਨੈਲ ਤੱਗੜ ਜੀ ਨੇ ‘ਇਨਕਲਾਬੀਆਂ ਦੇ ਸਿਰ ਤੇ ਦੇਸ਼ ਬਣਦੇ ਨੇ ‘ ਪੇਸ਼ ਕੀਤਾ ਅਤੇ ਦਵਿੰਦਰ ਮਲਹਾਂਸ ਨੇ ਕੱਲ ਦੁਪਹਿਰੇ ਫਾਂਸੀ ਚੜ੍ਹ ਗਿਆ ਵੀਰ ਮੇਰਾ ਕਰਤਾਰ ਕੁੜੇ ,ਕਵਿਤਾ ਸੁਣਾ ਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ।
ਪਰਮਿੰਦਰ ਰਮਨ ਦੇ ਕਾਵਿ ਸੰਗ੍ਰਹਿ ‘ਕਵੀ ਕਾਮਰੇਡ ਤੇ ਕਾਮੇ’ ਉੱਤੇ ਚਰਚਾ ਸ਼ੁਰੂ ਕਰਦਿਆਂ ਪਰਮਜੀਤ ਸਿੰਘ ਭੰਗੂ ਨੇ ਰਮਨ ਦੀ ਕਵਿਤਾ ‘ਸਾਂਝੀਵਾਲਤਾ’ ਸੁਣਾਈ ।ਬਲਜਿੰਦਰ ਸੰਘਾ ਨੇ ਵਿਸਥਾਰ ਨਾਲ ਪੇਪਰ ਪੜਦਿਆਂ ਕਿਹਾ ਕਿ ਰਮਨ ਧਰਮਾਂ, ਜਾਤਾਂ-ਪਾਤਾਂ ਦੇ ਮਸਲਿਆਂ ਤੋਂ ਉੱਪਰ ਉੱਠਕੇ ਮਨੁੱਖ ਨੂੰ ਇਨਸਾਨ ਬਣਨ ਲਈ ਪ੍ਰੇਰਦਾ ਹੈ | ਗੁਰਚਰਨ ਕੌਰ ਥਿੰਦ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਕਵੀ ਲੋਕਾਂ ਨੂੰ ਸਮੇਂ ਦੇ ਹਾਣ ਦਾ ਬਣਨ ਲਈ ਸੱਦਾ ਦਿੰਦਾ ਹੈ ।ਜ਼ੋਰਾਵਰ ਬਾਂਸਲ ਨੇ ਸੰਖੇਪ ਵਿੱਚ ਕਿਹਾ ਕਿ ਰਮਨ ਦੀ ਕਲਮ ਜਿੱਥੇ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦੀ ਹੈ, ਉਥੇ ਸਮਾਜਿਕ ਬੁਰਾਈਆਂ ਦਾ ਖੰਡਨ ਵੀ ਕਰਦੀ ਹੈ ਇਸਤੋਂ ਬਾਅਦ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ ਇਸ ਮਗਰੋਂ ਪਰਮਿੰਦਰ ਰਮਨ ਨੇ ‘ਪਰਦੇਸੀ ਪੁੱਤ ਤੇ ਮਾਂ’ ਅਤੇ ਆਪਣੀ ਕਿਤਾਬ ਵਿਚੋਂ ਕੁਝ ਹੋਰ ਕਵਿਤਾਵਾਂ ਸੁਣਾਈਆਂ ।
ਚਾਹ ਦੀ ਬ੍ਰੇਕ ਤੋਂ ਬਾਅਦ ਨੌਜਵਾਨ ਲੇਖਕ ਤਲਵਿੰਦਰ ਟੋਨੀ ਨੇ ਨੌਜਵਾਨਾਂ ਦੇ ਨਜ਼ਰੀਏ ਨੂੰ ਸਮਝ ਕੇ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਤੇ ਵਿਚਾਰ ਦਿੱਤੇ ਤੇ ਇਕ ਹੋਰ ਨੌਜਵਾਨ ਪਾਰਸ ਨੇ ਮੁਹੱਬਤ ਦਾ ਗੀਤ ਸੁਣਾਇਆ ਭਗਵੰਤ ਸਿੰਘ ਲਿੱਟ ਨੇ ਕਿਰਤੀ ਲੋਕਾਂ ਦੀ ਗੱਲ ਕਰਦਾ ਗੀਤ ‘ਝਾਂਜਰਾਂ’ ਪੇਸ਼ ਕੀਤਾ ਅਤੇ ਰਜਿੰਦਰ ਕੌਰ ਚੋਹਕਾ ਨੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੀਤੀ ।
ਰਚਨਾਵਾਂ ਦੇ ਹੋਰ ਦੌਰ ਵਿੱਚ ਸਰਬਜੀਤ ਉੱਪਲ, ਗੁਰਦੀਸ਼ ਗਰੇਵਾਲ, , ਸਰਬਣ ਸਿੰਘ ਸੰਧੂ, ਸੁਖਜੀਤ ਸਿਮਰਨ ਸੈਣੀ, ਮਾਸਟਰ ਦੇਵ ਰਾਜ ਖੁੰਡਾ, ਜਸਵਿੰਦਰ ਸਿੰਘ ਰੂਪਾਲ ਅਤੇ ਜਗਦੀਸ਼ ਸਿੰਘ ਚੋਹਕਾ ਨੇ ਹਿੱਸਾ ਲਿਆ ।ਕੈਮਰੇ ਦੀ ਡਿਊਟੀ ਰਣਜੀਤ ਸਿੰਘ ਨੇ ਬਹੁਤ ਹੀ ਜਿੰਮੇਵਾਰੀ ਨਾਲ ਨਿਭਾਈ । ਅਖੀਰ ਵਿੱਚ ਪ੍ਰਧਾਨ ਬਲਵੀਰ ਗੋਰਾ ਜੀ ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਜੋ ਕਿ 16 ਦਸੰਬਰ ਨੂੰ ਹੈ ਵਿੱਚ ਆਉਣ ਦਾ ਸੱਦਾ ਦਿੱਤਾ ।ਇਸ ਸਮੇਂ ਇੰਜਨੀਅਰ ਜ਼ੀਰ ਸਿੰਘ ਬਰਾੜ, ਜਸਵੀਰ ਸਿੰਘ ਸਹੋਤਾ ਪਰਮਜੀਤ ਕੌਰ ,ਅਵਤਾਰ ਕੌਰ ਤੱਗੜ , ਦਲਜੀਤ ਸਿੰਘ ਸਿੱਧੂ , ਸੁੱਖਵਿੰਦਰ ਸਿੰਘ ਥਿੰਦ ਹਾਜ਼ਰ ਸਨ ।
ਹੋਰ ਜਾਣਕਾਰੀ ਲਈ ਸੰਪਰਕ
ਪ੍ਰਧਾਨ। ਬਲਵੀਰ ਗੋਰਾ 403 472 2662
ਜਨਰਲ ਸਕੱਤਰ ਮੰਗਲ ਚੱਠਾ 403 708. 1596