ਪ੍ਰਸਿੱਧ ਨੌਜਵਾਨ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਦੀਆਂ ਕਹਾਣੀਆਂ ਨਿੱਕੇ ਰੂਪ ਵਿਚ ਵੀ ਬਹੁਪਰਤੀ ਕਹਾਣੀਆਂ ਵਾਲੇ ਵਿਸ਼ੇ ਪੇਸ਼ ਕਰਦੀਆਂ ਹਨ। ਇਹ ਸ਼ਬਦ ਉਹਨਾਂ ਦੇ ਨਵੇਂ ਕਹਾਣੀ ਸੰਗ੍ਰਹਿ ‘ਉਹਦੀਆਂ ਅੱਖਾਂ ‘ਚ ਸੂਰਜ ਹੈ’ ਦੀਆਂ ਸਾਰੀਆਂ ਕਹਾਣੀਆਂ ਪੜਕੇ ਕਹਿ ਰਿਹਾਂ ਹਾਂ। ਜਤਿੰਦਰ ਸਿੰਘ ਹਾਂਸ ਨਵੇਂ ਜ਼ਮਾਨੇ ਦਾ ਕਹਾਣੀਕਾਰ ਹੋਣ ਕਰਕੇ ਉਸਦੀਆਂ ਬਹੁਤੀਆਂ ਕਾਹਣੀਆਂ ਵਿਚ ਪਾਤਰ ਵੀ ਜ਼ਮਾਨੇ ਦੀ ਤੇਜੀ ਨਾਲ ਮਾਨਸਿਕ ਤੌਰ ਤੇ ਅੰਦਰੋਂ-ਅੰਦਰ ਭੱਜਦੇ ਹਨ। ਜੇਕਰ ਪਾਤਰ ਭੱਜਦੇ ਹਨ ਤਾਂ ਜ਼ਾਹਿਰ ਹੈ ਕਿ ਸਮਾਜ ਵੀ ਭੱਜ ਰਿਹਾ ਹੈ ਕਿਉਂਕਿ ਪਾਤਰ ਯਥਾਰਥ ਦੇ ਹਨ। ਭੱਜਦਾ ਸਮਾਜ ਨਾਂ ਤਾਂ ਸੰਵੇਦਨਾਂ ਮਹਿਸੂਸ ਕਰਦਾ ਹੈ, ਨਾਂ ਗੰਭੀਰ ਹੁੰਦਾ ਹੈ, ਨਾਂ ਸਾਹਿਜ ਹੁੰਦਾ ਹੈ ਬਲਕਿ ਸਾਹਿਜ ਤੇ ਸਮਝ ਤਾਂ ਖੂੰਜੇ ਲੱਗੀ ਰਹਿੰਦੀ ਹੈ। ਜਿਵੇਂ ‘ਉਹਦੀਆਂ ਅੱਖਾਂ ‘ਚ ਸੂਰਜ ਹੈ’ ਕਹਾਣੀ ਵਿਚ ਭੱਜਦਾ ਸਮਾਜ ਇਕ ਮੁੱਦੇ ਨਾਲ ਹੋਰ ਗੱਲਾਂ ਕਿਵੇਂ ਜੋੜਦਾ ਹੈ ‘ਤੇ ਕੀ ਦਾ ਕੀ ਬਣ ਜਾਂਦਾ ਹੈ, ਜਦੋਂ ਗਊ ਰੱਖਿਆ ਦਲ ਦੇ ਮਖੌਟਿਆਂ ਵਾਲੇ ਚਿਹਰੇ ਡਾਕਦਾਰਨੀ ਦੇ ਘਰ ਆ ਧਮਕਦੇ ਹਨ। ਬਹੁਤੀਆਂ ਕਹਾਣੀਆਂ ਵਿੱਚ ਅਜਿਹੇ ਬਿਮਾਰ ਸਮਾਜ ਦੀਆਂ ਬਣਾਈਆਂ ਖੰਭਾਂ ਦੀਆਂ ਡਾਰਾਂ ਹਨ।
ਗੱਲ ਸਿਰਫ਼ ‘ਬੰਦਾ ਮਰਦਾ ਕਿੱਥੇ ਦੇਖ ਹੁੰਦਾ ਹੈ’ ਬਾਬਤ ਹੀ ਕਰਦੇ ਹਾਂ। ਕਹਾਣੀ ਬਦਲਦੇ ਸਮੇਂ ਦੀ ਗੱਲ ਪਾਤਰ ਪਰਮਜੀਤ ਸਿੰਘ ਨਾਗਰਾ ਦੀ ਮਾਂ ਦੇ ਰਾਹੀਂ ਕਰਦੀ ਹੈ। ਜ਼ਮਾਨਾਂ ਬੜੀ ਤੇਜੀ ਨਾਲ ਬਦਲ ਗਿਆ ਹੈ ਤੇ ਹੁਣ ਜੀਵਨ ਦੇ ਆਖਰੀ ਪੱਤੇ ਖੇਡ ਰਹੇ ਸਾਡੇ ਖਾਸ ਕਰਕੇ ਪੇਂਡੂ ਮੱਧਵਰਗੀ ਘਰਾਂ ਦੇ ਬਜ਼ੁਰਗ ਡੌਰ-ਭੋਰ ਹਨ। ਕਾਰਨ ਇਸ ਕਹਾਣੀ ਵਿਚੋਂ ਇਹ ਨਿਕਲਦੇ ਹਨ ਕਿ ਇਕ ਤਾਂ ਸਮੇਂ ਦੀ ਤੇਜ਼ੀ ਨਾਲ ਪੁਰਾਣਾ ਬਹੁਤ ਕੁਝ ਗਵਾਚ ਗਿਆ ਹੈ ਜੋ ਸਮੇਂ ਦਾ ਨਿਯਮ ਹੈ ਪਰ ਤੇਜ਼ ਤਬਦੀਲੀ ਨਾਲ ਸਾਹਿਜ, ਇਨਸਾਨੀਅਤ ਤੇ ਹਮਦਰਦੀ ਵੀ ਗਵਾਚੀ ਹੈ ਤੇ ਇਹਨਾਂ ਬਜੁਰਗਾਂ ਲਈ ਕਿਸੇ ਕੋਲ ਸਮਾਂ ਨਹੀਂ। ਦੂਸਰਾ ਜੋ ਇਹਨਾਂ ਦੇ ਸਾਰੀ ਉਮਰ ਪੱਕੇ ਹੋਏ ਪਰੰਪਰਾਵਾਂ ਵਰਗੇ ਹਠ, ਕੰਮ-ਕਾਰ, ਸ਼ੌਕ, ਖਹਿਸ਼ਾਂ ਤੇ ਖੁਸ਼ੀਆਂ, ਧਾਰਮਿਕ ਭਾਵਨਾਵਾਂ, ਸੰਸੇ ਬਲਕਿ ਸਭ ਕੁਝ ਬਦਲ ਗਿਆ ਹੈ। ਇਸ ਕਹਾਣੀ ਦੀ ਮਾਂ ਪਾਤਰ ਦੀ ਬੁਢਾਪੇ ਵਿਚ ਸਾਰੀ ਲੜਾਈ, ਕਲੇਸ਼ ਇਸੇ ਵਿਚੋਂ ਉਪਜਦਾ ਹੈ, ਪਰ ਰਿਵਾਜ ਵਾਂਗ ਬਣ ਚੁੱਕਿਆ ਨੂੰਹ ਦਾ ਅੱਗੇ ਨੂੰਹ ਆਉਣ ਤੇ ਸੱਸ ਬਣਕੇ ਹੁਕਮ ਚਲਾਉਣ ਦਾ ਸਮਾਂ ਲੰਘ ਗਿਆ ਹੈ। ਨੂੰਹ-ਸੱਸ ਦੇ ਕਲੇਸ਼ ਤੇ ਨੂੰਹ ਵੱਲੋਂ ਸਹਿਣ ਨਾ ਕਰਨ ਤੇ ਇਹ ਪੂੰਜੀਵਾਦ ਦੁਆਰਾ ਕਸੇ ਤੇ ਮਾਡਰਨ ਹੋਏ ਦੌੜ ਵਿੱਚ ਪਏ ਨੌਕਰੀ ਪੇਸ਼ਾ ਹੀ ਨਹੀਂ ਬਲਕਿ ਖੇਤੀਬਾੜੀ ਤੇ ਹੋਰ ਕਿੱਤਿਆਂ ਨਾਲ ਜੁੜੇ ਸਭ ਮੱਧਵਰਗੀ ਪਰਿਵਾਰਾਂ ਦੀ ਮੁੱਖ ਪਰ ਸਿੱਧੇ ਤੌਰ ਤੇ ਨਾ ਦਿਸਦੀ ਸਮੱਸਿਆ ਹੈ।, ਇਸੇ ਦੌੜ ਵਿੱਚੋਂ ਪੈਦਾ ਹੋਏ ਮੁੱਦਿਆਂ ਕਰਕੇ ਪਾਤਰ ਪਰਮਜੀਤ ਸਿੰਘ ਨਾਗਰਾ ਮਾਂ ਨੂੰ ਆਪਣੇ ਨਵੇਂ ਘਰ ਦੇ ਨੇੜੇ ਹੀ ਪੁਰਾਣੇ ਘਰ ਛੱਡ ਆੳਂਦਾ ਹੈ।
ਇਹ ਕਹਾਣੀ ਉਪਰੋਤਕ ਸਭ ਵਿਚੋਂ ਨਿਕਲੀ ਨਵੇਂ ਵਿਸ਼ੇ ਦੀ ਕਾਹਣੀ ਹੈ। ਬਿਮਾਰ ਮਾਂ-ਬਾਪ, ਸੱਸ-ਸਾਹੁਰਾ ਦੇ ਮਰ ਜਾਣ ਦੀ ਖਾਹਿਸ਼ ਦਾ ਮਨ ਵਿਚ ਪੈਦਾ ਹੋਣਾ, ਇਹਨਾਂ ਦੇ ਮੂੰਹ ਤੇ ਪਰਦਾ ਪੈ ਜਾਵੇ ਵਰਗੇ ਬੋਲ ਬੋਲਣੇ ਆਦਿ ਤਾਂ ਸਭ ਕੁਝ ਅੱਗੇ ਵੀ ਕਹਾਣੀਆਂ ਵਿਚ ਕਿਹਾ ਜਾ ਚੁੱਕਾ ਹੈ ਤੇ ਆਮ ਮੱਧਵਾਰਗੀ ਪਰਿਵਾਰ ਵਿਚ ਇੰਨੀ ਭੱਜਦੀ ਜਿ਼ੰਦਗੀ ਹੈ ਕਿ ਕੋਈ ਵੀ ਬਜ਼ੁਰਗਾਂ ਦੀ ਲੰਮੀ ਬਿਮਾਰੀ ਤੋਂ ਉਕਤਾ ਸਕਦਾ ਹੈ। ਇਕ ਪਾਸੇ ਇਲਾਜ ਤੇ ਖਰਚਾ ਤੇ ਦੂਸਰੇ ਪਾਸੇ ਕੰਮ ਦਾ ਨੁਕਸਾਨ, ਇਹ ਵਿਸ਼ਾ ਤਾਂ ਦਲੀਪ ਕੌਰ ਟਿਵਾਣਾਂ ਦੀ ਕਾਹਣੀ ‘ਉਹ ਸੋਚਦੀ’ ਵਿਚ ਵੀ ਹੈ ਜਦੋਂ ਦੁਖੀ ਨੂੰਹ ਕਹਿੰਦੀ ਹੈ ਕਿ ‘ਇਹ ਬੁੱਢੀ ਤਾਂ ਸਭ ਨੂੰ ਮਾਰ ਕੇ ਮਰੂੰ, ਪਤਾ ਨਹੀਂ ਮਾਂ ਨੇ ਕੀ ਕਾਲੇ ਕਾਂ ਖਾ ਕੇ ਜੰਮੀ ਸੀ’ ਪਰ ਜਤਿੰਦਰ ਸਿੰਘ ਹਾਂਸ ਉੱਪਰ ਲਿਖੇ ਵਾਂਗ ਇਸ ਕਹਾਣੀ ਵਿਚ ਇਸ ਤੋਂ ਅੱਗੇ ਮੱਧਵਰਗੀ ਲੋਕਾਂ ਤੇ ਸਾਡੇ ਮਨੁੱਖਤਾ ਦੇ ਨਾਮ ਤੇ ਚੱਲਦੇ ਸੇਵਾ ਕੇਂਦਰਾਂ ਤੇ ਵੀ ਚੋਟ ਕਰਦਾ ਹੈ ਜੋ ਕਿਸੇ ਵੀ ਘਰ ਨਿੱਕੀ ਜਿਹੀ ਭਿਨਕ ਪੈਣ ਤੇ ਜਾਕੇ ਲਾਈਵ ਹੋ ਜਾਂਦੇ ਕਿ ਇਹ ਬਜੁਰਗਾਂ ਦੀ ਸੇਵਾ ਨਹੀਂ ਕਰਦੇ। ਮਿੰਟਾਂ ਵਿਚ ਹੀ ਲਾਈਵ ਚੱਲਦੀਆਂ ਵੀਡੀਓ ਉਹਨਾਂ ਬਜ਼ੁਰਗਾਂ ਦੇ ਬੱਚਿਆਂ ਨੂੰ ਕਲਜੁਗੀ ਔਲਾਦ, ਚਿੱਟੇ ਖੂਨ ਵਾਲੇ ਤਾਂ ਸਿੱਧ ਕਰਦੀਆਂ ਹਨ ਹੀ ਹਨ ਦੂਸਰੇ ਪਾਸੇ ਜੋ ਕੁੱਤਖਾਨਾ ਉਹਨਾਂ ਨਾਲ ਫੇਸਬੁੱਕੀਏ ਮਹਾਨ ਵਿਦਵਾਨ ਕਰਦੇ ਹਨ ਉਹਨੂੰ ਦੇਖਕੇ ਤੇ ਪੜਕੇ ਤਾਂ ਹੈਰਾਨੀ ਹੁੰਦੀ ਹੈ ਕਿ ਅਸੀਂ ਦੂਰ ਬੈਠੇ ਕਿਸੇ ਦੇ ਘਰ ਪਰਿਵਾਰ ਬਾਰੇ ਐਨਾ ਹਲਕੇ ਪੱਧਰ ਤੇ ਜਾਕੇ ਕਿਵੇਂ ਲਿਖ-ਬੋਲ ਸਕਦੇ ਹਾਂ।
ਪਰਮਜੀਤ ਸਿੰਘ ਨਾਗਰਾ ਦੀ ਪਤਨੀ ਦੇ ਇਹ ਸ਼ਬਦ ਕਿ ਅਸੀਂ ਤਾਂ ਘਰੋਂ ਨਿਕਲ ਜੋਗੇ ਨਹੀਂ ਰਹੇ ਤੇ ਕੱਲ ਨੂੰ ਬੱਚੇ ਵੀ ਵਿਆਹੁਣੇ ਹਨ। ਪਰਮਜੀਤ ਸਿੰਘ ਨਾਗਰਾ ਦਾ ਇਹ ਕਹਿਣਾ ਕਿ ਪਹਿਲਾ ਗਰੀਬੀ ਵਿਚ ਪਲੇ ਤੇ ਹੁਣ ਘਰ ਪੈਸਾ ਆਉਣ ਲੱਗਾ ਤੇ ਅਸੀਂ ਵੀ ਨੜ੍ਹਿਨਵੇਂ ਦੇ ਚੱਕਰ ਵਿਚ ਪੈ ਗਏ ਤੇ ਉਹ ਮਾਂ ਦੀ ਸਾਂਭ ਸੰਭਾਲ ਨਾਂ ਹੋਣ ਲਈ ਆਵਦੇ-ਆਪ ਨੂੰ ਦੋਸ਼ੀ ਠਹਿਰਾਉਂਦਾ ਹੈ। ਕਹਾਣੀ ਦੀਆਂ ਦੋਵੇਂ ਪਾਤਰ ਸਕੂਲ ਮੈਡਮਾਂ ਇਕ ਦੂਸਰੇ ਦੀ ਮਨੋਦਿਸ਼ਾਂ ਸਮਝਦੀਆਂ ਹਨ ਤੇ ਸੂਟਾਂ ਦੇ ਮੁਕਾਬਲੇ ਦੀ ਠੰਡੀ ਜੰਗ ਵਿਚ ਹਨ। ਸ਼ੀਸਿ਼ਆਂ ਵਾਲਾ ਸੂਟ ਫੋਕੀ ਚਮਕ-ਦਮਕ ਦੀ ਨਿਸ਼ਾਨੀ ਹੈ। ਮਨ ਧੁਰ ਅੰਦਰ ਤੱਕ ਸਭ ਦੇ ਅਸ਼ਾਤ, ਅਸਿਹਜ, ਸੰਸੇ ਵਿਚ ਤੇ ਸੰਵੇਦਨਾਹੀਣ ਹਨ, ਚਾਹੇ ਨਾਗਰਾ ਪਤੀ-ਪਤਨੀ, ਚਾਹੇ ਦੋਵੇ ਮੈਡਮਾਂ ਤੇ ਚਾਹੇ ਬੁਢਾਪੇ ਵਿਚ ਪਹੁੰਚੀ ਮਾਂ। ਕਾਰਨ ਸਭ ਦਾ ਇਕੋ ਹੀ ਹੈ ਕਿ ਮੱਧਵਰਗੀ ਸ਼ਰੇਣੀ ਦੀ ਇਸ ਪੂੰਜੀਵਾਦ ਯੁੱਗ ਵਿਚ ਤਰਸਾਦੀ ਹੈ। ਸਟੇਟਸ ਸਿੰਬਲ ਵੀ ਇਹੀ ਮੱਧਵਰਗੀ ਲੋਕ ਰੱਖਣਾ ਚਾਹੁੰਦੇ ਹਨ। ਸੁਰਜੀਤ ਸਿੰਘ ਵਰਗੇ ਮਨੁੱਖਤਾ ਦੀ ਸੇਵਾ ਵਾਲਿਆਂ ਦਾ ਸ਼ਿਕਾਰ ਵੀ ਇਹੀ ਬਣਦੇ ਹਨ, ਇਹਨਾਂ ਸੰਸਥਾਵਾਂ ਨੂੰ ਦਾਨ ਦੇਣ ਵਾਲੇ ਵੀ ਇਹੀ ਹਨ, ਫੇਸਬੁੱਕੀ ਵਿਦਵਾਨ ਤੇ ਟੈਗ ਲਾਉਣ ਵਾਲੇ ਵੀ ਇਹੀ ਹਨ, ਧਰਮਾਂ ਦੇ ਰੋਲੇ ਵੀ ਇਹਨਾਂ ਦੇ ਹੀ ਹਨ, ਵੋਟਾਂ ਦੀ ਲੜਾਈ ਵੀ ਇਹਨਾਂ ਦੇ ਗੁੱਟਾਂ ਵਿਚ ਹੈ, ਅਦਾਲਤਾਂ ਦੇ ਫੌਜਦਾਰੀ ਕੇਸ ਲੜਨ ਵਾਲੇ ਤੇ ਲੁੱਟ ਹੋਣ ਵਾਲੇ ਵੀ ਇਹੀ ਹਨ। ਕਿਉ਼ਕਿ ਅਮੀਰ ਆਪਣੀ ਅਮੀਰੀ ਵਿਚ ਬਿਝੀ ਹੈ ਤੇ ਗਰੀਬੀ ਰੋਟੀ ਦੇ ਜੁਗਾੜ ਵਿਚ। ਮੰਡੀ ਦਾ ਟਾਰਗੈਟ ਵੀ ਇਹੀ ਮੱਧਵਰਗੀ ਹਨ ਚਾਹੇ ਇਹ ਅੱਪਰ, ਮਿਡਲ ਤੇ ਹੇਠਲੇ ਕਿਸੇ ਵੀ ਵਰਗ ਦੇ ਹੋਣ।
ਦੂਸਰਾ ਪੱਖ ਇਹ ਹੈ ਕਿ ਇਹਨਾਂ ਦੇ ਇਸ ਤਰਾਂ ਹਰ ਪਾਸੇ ਤੋਂ ਸ਼ਿਕਾਰ ਬਣੇ ਹੋਣ ਕਰਕੇ ਇਹ ਬੌਧਿਕ ਪੱਖੋ ਕੰਗਾਲ ਹੋ ਰਹੇ ਹਨ ਤੇ ਪੂੰਜੀਵਾਦ ਇਹੀ ਚਾਹੁੰਦਾ ਹੈ। ਇਸੇ ਕਰਕੇ ਇਸ ਵਰਗ ਦੇ ਵਿਚ ਮਨੁੱਖਤਾ ਦਾ ਭਲਾ ਮੰਗਣ ਵਾਲੀਆਂ ਸੰਸਥਾਵਾਂ ਦੇ ਬਾਬੇ, ਸਵਾਮੀ, ਸੇਵਾਦਾਰਾਂ ਪੈਦਾ ਹੁੰਦੇ ਹਨ। ਸਰਕਾਰਾਂ ਇਹਨਾਂ ਨਾਲ ਸਾਂਝ ਪਾ ਲੈਂਦੀਆਂ ਹਨ ਤਾਂ ਕਿ ਇਹ ਅਜਿਹੇ ਭਲੇ ਕਰਨ ਵਾਲੇ ਕੇਂਦਰ ਚਲਾਉਂਦੇ ਰਹਿਣ ਤੇ ਲੋਕ ਇਹਨਾਂ ਨੂੰ ਦਾਨ ਦੇ ਕੇ ਰੱਬ ਦੇ ਨੇੜੇ ਹੋਣ ਦਾ ਭਰਮ ਪਾਲਕੇ ਤੁਰਦੇ ਰਹਿਣ। ਕੋਈ ਲੋਕ ਸੰਘਰਸ਼ ਨਾਂ ਹੋਵੇ, ਤੇ ਨਾ ਕੋਈ ਸਰਕਾਰਾਂ ਨੂੰ ਪੁੱਛੇ ਕਿ ਕਰੋੜਾਂ ਦੇ ਘਪਲੇ ਕਰਨ ਵਾਲੇ ਇਕ ਰਾਜਨੀਤਕ ਠੱਗ ਦੀ ਪੂੰਜੀ ਵੀ ਸਰਕਾਰੀ ਤੇ ਕਾਨੂੰਨੀ ਬਿਰਧ ਆਸ਼ਰਮ ਖੋਲਣ, ਸਾਰੀ ਉਮਰ ਕੰਮ ਕਰਨ ਵਾਲਿਆਂ ਨੂੰ ਉਨਾਂ ਦੇ ਭਰੇ ਟੈਕਸ ਵਿਚੋਂ ਪੈਨਸ਼ਨ, ਲੋੜਵੰਦਾਂ ਨੂੰ ਮੁਫ਼ਤ ਦਵਾਈ ਤੇ ਹੋਰ ਬੇਸਿਕ ਸਹੂਲਤਾਂ ਹੀ ਮਿਲ ਜਾਣ ਤਾਂ ਸੜਕਾਂ ਅਤੇ ਘਰਾਂ ਵਿਚ ਕਿਸੇ ਲੋੜਵੰਦ ਨੂੰ ਨਾ ਰੁਲਣਾ ਪਵੇ। ਕਿਉਂਕਿ ਦਾਨ ਨਾਲ ਕਿਸੇ ਦੀ ਅਸਥਾਈ ਲੋੜ ਤਾਂ ਪੂਰੀ ਕੀਤੀ ਜਾ ਸਕਦੀ ਹੈ ਪਰ ਦਾਨ ਤੇ ਸੇਵਾ ਨਾਲ ਕਦੇ ਕਿਸੇ ਨੇ ਕਿਸੇ ਨੂੰ ਆਰਥਿਕ ਤੌਰ ਤੇ ਆਪਣੇ ਬਰਾਬਰ ਨਹੀਂ ਕੀਤਾ। ਇਹ ਤਾਂ ਸਿਸਟਮ ਹੀ ਕਰ ਸਕਦਾ ਹੈ।
ਕਨੇਡਾ ਅਮਰੀਕਾ ਵਰਗੇ ਦੇਸ਼ਾਂ ਨੇ ਇਹੀ ਸਿਸਟਮ ਅਪਣਾਇਆ ਹੈ। ਇਸੇ ਕਰਕੇ ਮਨੁੱਖਤਾ ਦੀ ਸੇਵਾ ਤੇ ਬਜ਼ੁਰਗਾਂ ਦੀ ਸੜਕਾਂ, ਘਰਾਂ ਵਿੱਚੋਂ ਫੜ ਫੜ ਸਾਂਭ ਸੰਭਾਲ ਕਰਨ ਵਾਲੇ ਘੱਟ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਸਮੱਸਿਆਂ ਖਤਮ ਹੋ ਗਈ ਹੈ। ਬੁਢਾਪੇ ਵਿਚਲੀ ਸਾਂਭ ਸੰਭਾਲ ਦੇ ਖ਼ਰਚੇ ਬਜ਼ੁਰਗਾਂ ਦਾ ਫਿਕਰ ਵਧਾਈ ਰੱਖਦੇ ਹਨ। ਪੂੰਜੀਵਾਦ ਭਾਰਤ ਵਰਗੇ ਦੇਸ਼ਾਂ ਨਾਲੋ ਅਗਲੀ ਸਟੇਜ ਤੇ ਹੈ ਤੇ ਮਾਂ-ਬਾਪ ਦੀ ਜਾਇਦਾਦ ਸਿਰਫ਼ ਉਹਨਾਂ ਦੀ ਹੈ ਨਾ ਕਿ ਜੱਦੀ ਪੁਸ਼ਤੀ। ਬੱਚੇ ਸਿਰਫ਼ ਰਹਿਣ ਵਾਲਾ ਘਰ ਬਿਨਾਂ ਬਹੁਤੇ ਟੈਕਸ ਤੋਂ ਨਾਮ ਕਰਵਾ ਸਕਦੇ ਜੇਕਰ ਮਾਪੇ ਵਸੀਅਤ ਬਣਾ ਗਏ ਹਨ। ਇਸੇ ਕਰਕੇ ਇੱਥੇ ਨਿੱਕੀ ਉਮਰ ਦੇ ਬੱਚੇ ਹੀ ਇਹ ਕਹਿਣ ਤੇ ਕਿ ਤੁਹਡਾ ਘਰ ਬਹੁਤ ਸੋਹਣਾ ਜਾਂ ਵੱਡਾ ਹੈ ਤਾਂ ਝੱਟ ਜਵਾਬ ਦਿੰਦੇ ਹਨ ਕਿ ਇਹ ਸਾਡਾ ਨਹੀਂ ਬਲਕਿ ਮੇਰੇ ਮੌਮ-ਡੈਡ ਦਾ ਹੈ, ਤੇ ਬਹੁਤੇ ਬਜ਼ੁਰਗ ਬੁਢਾਪੇ ਦੇ ਖ਼ਰਚੇ ਲਈ ਸਾਰੀ ਉਮਰ ਕਿਸ਼ਤਾਂ ਲਾਹ ਕੇ ਬਣਾਏ ਘਰ ਦੀਆਂ ਕਿਸ਼ਤਾਂ ਬੈਂਕਾਂ ਤੋਂ ਰਿਵਰਸ ਕਰਾਕੇ ਭਾਵ ਪੈਨਸ਼ਨ ਦੇ ਨਾਲ ਕੁਝ ਪੈਸੇ ਘਰ ਦੁਬਰਾ ਬੈਂਕ ਨੂੰ ਘਰ ਗਿਰਵੀ ਕਰਕੇ ਮਹੀਨਾਵਾਰ ਜਾਂ ਫੇਰ 65 ਸਾਲ ਤੋਂ ਬਾਅਦ ਵੀ ਕੰਮ ਕਰਕੇ ਗੁਜ਼ਾਰਾ ਕਰਦੇ ਹਨ। ਪਰ ਇਹ ਗੱਲ ਉਹ ਵੀ ਨਹੀਂ ਸਮਝਦੇ ਕਿ ਸਾਡੀ ਸਾਰੀ ਜ਼ਿੰਦਗੀ ਜਿਸ ਘਰ ਦੀਆਂ ਕਿਸ਼ਤਾਂ ਲਾਹੁੰਦਿਆਂ ਲੰਘ ਗਈ ਹੁਣ ਇਕ ਫ਼ਿਕਰ ਫੇਰ ਸਾਹਮਣੇ ਆ ਕਿ ਜੇਕਰ ਜਲਦੀ ਨਾ ਮਰੇ ਤਾਂ ਘਰ ਦੀ ਰਿਵਰਸ ਕੀਮਤ ਖਤਮ ਹੋਣ ਤੇ ਗੁਜ਼ਾਰਾ ਕਿਵੇਂ ਚੱਲੇਗਾ। ਪਰ ਕੋਈ ਵੀ ਇਸ ਸਿਸਟਮ ਨੂੰ ਗਲਤ ਨਹੀਂ ਕਹਿੰਦਾ, ਕਾਰਨ ਇਸ ਕਹਾਣੀ ਵਾਲੇ ਹੀ ਹਨ ਕਿ ਹਰ ਕੋਈ ਆਪਣੀ ਦੌੜ ਹੀ ਦੌੜ ਰਿਹਾ ਹੈ ਤੇ ਇਸ ਨਾ ਮੁੱਕਣ ਵਾਲੀ ਦੌੜ ਦੇ ਕਾਰਨਾਂ ਤੱਕ ਪਹੁੰਚਣ ਦੀ ਸੋਚ ਹੀ ਨਹੀਂ ਸਕਦਾ।
ਪਰ ਇਸ ਸਮੱਸਿਆ ਦਾ ਅਸਲੀ ਹੱਲ ਤੇ ਦੋੜ ਤੋਂ ਰਾਹਤ ਤਾਂ ਸਹੀ ਸਿਸਟਮ ਹੀ ਦੇ ਸਕਦਾ ਹੈ, ਸਿਸਟਮ ਸਹੀ ਤਾਂ ਹੀ ਹੋਵੇਗਾ ਜੇਕਰ ਭੱਜਦਾ ਸਮਾਜ ਥੋੜਾ ਸਾਹਿਜ ਹੋਵੇਗਾ, ਉਸਾਰੂ ਸਾਹਿਤ ਪੜੇਗਾ ਤੇ ਬਰਾਬਰਤਾ ਦਾ ਸਮਾਜ ਸਿਰਜਣ ਲਈ ਯਤਨ ਕਰੇਗਾ। ਨਹੀਂ ਤਾਂ ਜੋ ਹੈ ਇਸੇ ਤਰ੍ਹਾਂ ਤਾਂ ਚੱਲਣਾ ਹੀ ਹੈ। ਪਰਮਜੀਤ ਸਿੰਘ ਨਾਗਰਾ ਵਰਗੇ ਬਿਮਾਰ ਮਾਂ ਦੇ ਜਲਦੀ ਮਰਨ ਦੀ ਖਾਹਿਸ਼ ਵੀ ਰੱਖਣਗੇ। ਆਪਣੇ-ਆਪ ਨੂੰ ਦੋਸ਼ੀ ਵੀ ਮੰਨਦੇ ਰਹਿਣਗੇ। ਕਨੇਡਾ ਵਰਗੇ ਦੇਸ਼ਾਂ ਵਿੱਚ ਬਜ਼ੁਰਗ ਖੁਦ ਜਲਦੀ ਨਾ ਮਰਨ ਦੇ ਫ਼ਿਕਰ ਵਿੱਚ ਰਹਿਣਗੇ। ਮਨੁੱਖਤਾ ਦੀ ਭਲਾਈ ਵਾਲੇ ਘਰਾਂ ਦੇ ਪੂਰੇ ਸਰੋਕਾਰ ਨਾ ਸਮਝਦੇ ਹੋਏ ਬਜ਼ੁਰਗਾਂ ਦੇ ਮੂੰਹੋਂ ਨਿਕਲੇ ਦੁਖ਼ੀ ਤੇ ਆਪਣੇ ਬੱਚਿਆਂ ਨੂੰ ਹੀ ਭੰਡਣ ਵਾਲੇ ਬੋਲ ਵੀਡੀਓ ਬਣਾਕੇ ਵਾਈਰਲ ਕਰਕੇ ਧਨ, ਸੇਵਾ ਤੇ ਪ੍ਰਸੰਸਾ ਕਮਾਉਂਦੇ ਰਹਿਣਗੇ। ਪਰਮਜੀਤ ਸਿੰਘ ਨਾਗਰਾ ਦਾ ਮਰੀ ਮਾਂ ਦੀ ਮੌਤ ਦਾ ਸਹੀ ਸਮਾਂ ਦੱਸਣ ਦਾ ਵੇਲਾ ਆਵੇਗਾ ਹੀ ਨਹੀਂ। ਅਫ਼ਸੋਸ ਕਰਨ ਵਾਲੇ ਅਧੂਰੀ ਵਿਥਿਆ ਸੁਣਕੇ ਹੀ ਭੱਜਦੇ ਰਹਿਣਗੇ ਕਿਉਂਕਿ ਇਹੀ ਹਲਾਤ ਥੋੜੇ-ਬਹੁਤੇ ਫ਼ਰਕ ਨਾਲ ਉਹਨਾਂ ਦੇ ਘਰ ਵੀ ਹਨ ਤੇ ਕੋਈ ਵੀਡੀਓ ਬਣਾਉਣ ਵਾਲੀ ਮਨੁੱਖਤਾ ਭਲਾਈ ਟੀਮ ਕਿਤੇ ਘਰ ਨਾ ਆ ਜਾਵੇ ਡਰ ਉਹਨਾਂ ਨੂੰ ਵੀ ਹੈ।
ਨੌਜਵਾਨ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਨੂੰ ਅਜਿਹੀ ਕਹਾਣੀ ਲਿਖਣ ਦੀ ਬਹੁਤ -ਬਹੁਤ ਵਧਾਈ।
ਬਲਜਿੰਦਰ ਸੰਘਾ
403-680-3212