ਮੰਗਲ ਚੱਠਾ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕਨੇਡਾ ਦੀ ਮਈ ਮਹੀਨੇ ਦੀ ਇਕੱਤਰਤਾ 20 ਮਈ 2023 ਨੂੰ ਦਿਨ ਦੇ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਖੇ ਹੋਈ। ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਂਦਿਆਂ ਬਲਜਿੰਦਰ ਸੰਘਾ ਨੇ ਪ੍ਰਧਾਨ ਬਲਵੀਰ ਗੋਰਾ, ਕਵਿੱਤਰੀ ਸੁੱਖਜੀਤ ਸਿਮਰਨ ਅਤੇ ਸਰੀ ਤੋਂ ਪਹੁੰਚੀ ਸਾਹਿਤਕ ਹਸਤੀ ਇੰਦਰਪ੍ਰੀਤ ਕੌਰ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।ਰਚਾਨਾਵਾਂ ਦਾ ਅਗਾਜ ਮਨਮੋਹਨ ਬਾਠ ਜੀ ਨੇ ਸੁਰੀਲੀ ਅਵਾਜ਼ ਵਿਚ ਸਿ਼ਵ ਦੀ ਕਵਿਤਾ ‘ਕਡਿੰਆਲੀ ਥੋਰ’ ਸੁਣਾ ਕੇ ਕੀਤਾ। ਜਰਨੈਲ ਤੱਗੜ ਜੀ ਨੇ ਕਵਿਤਾ ਦੇ ਨਾਲ ਪੰਜਾਬੀ ਪਰਵਾਸ ਅਤੇ ਮਜ਼ਦੂਰ ਦਿਵਸ ਨਾਲ ਜੁੜੇ ਵਿਸ਼ੇ ਦੀ ਗੱਲ ਕੀਤੀ। ਸਰਬਜੀਤ ਉੱਪਲ ਨੇ ਸੁਰਿੰਦਰ ਗੀਤ ਦੀ ਕਵਿਤਾ ‘ਮਦਰਜ਼ ਡੇਅ’ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਨੇ ਚੁੱਪ ਦਾ ਸ਼ੋਰ ਦੀਆਂ ਕਵਿਤਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਤੇ ਕਵਿਤਾ ਪੇਸ਼ ਕੀਤੀ।
ਇਸ ਤੋਂ ਬਾਅਦ ਕਵਿੱਤਰੀ ਸੁੱਖਜੀਤ ਸਿਮਰਨ ਦੇ ਕਾਵਿ ਸੰਗ੍ਰਹਿ ‘ਚੁੱਪ ਦਾ ਸ਼ੋਰ’ ਬਾਰੇ ਪ੍ਰਸਿੱਧ ਰਿਵਿਊਕਾਰ ਹਰੀਪਾਲ ਜੀ ਨੇ ਪੇਪਰ ਪੜਦਿਆਂ ਕਿਹਾ ਕਿ ‘ਸੁੱਖਜੀਤ ਸਿਮਰਨ ਦੀ ਕਵਿਤਾ ਜ਼ਜਾਬਤ ਅਤੇ ਨਿੱਜ ਤੋਂ ਸਮਾਜ ਵੱਲ ਜਾਂਦੀ ਹੈ। ਉਹਨਾਂ ਬਹੁਤ ਸਾਰੀਆਂ ਕਵਿਤਾਵਾਂ ਦੀਆਂ ਉਦਹਾਰਨਾਂ ਦੇ ਕੇ ਉਸਦੀ ਕਵਿਤਾ ਦਾ ਪੂਰਨ ਵਿਸ਼ਲੇਸ਼ਣ ਕੀਤਾ ਤੇ ਕਿਹਾ ਕਿ ਸਿਮਰਨ ਕਵਿਤਾ ਲਿਖਦੀ ਨਹੀਂ ਬਲਕਿ ਕਵਿਤਾ ਸਿਮਰਨ ਨੂੰ ਲਿਖਦੀ ਹੈ’। ਜੋਰਾਵਰ ਸਿੰਘ ਬਾਂਸਲ ਅਨੁਸਾਰ ‘ਸੁਖਜੀਤ ਸਿਮਰਨ ਵਿਚ ਕੁਦਰਤ ਨੂੰ ਮਹਿਸੂਸ ਕਰਨ ਦੀ ਸੂਖ਼ਮ ਕਲਾ ਕਮਾਲ ਦੀ ਹੈ। ਉਸਦੀ ਕਵਿਤਾ ਸਵਾਲ ਬਣ ਕੇ ਸੋਚਾਂ ਦੇ ਅਕਸ-ਨਕਸ਼ ਤੇ ਵੀ ਉਕਰ ਆਉਂਦੀ ਹੈ’। ਬਲਜਿੰਦਰ ਸੰਘਾ ਅਨੁਸਾਰ ‘ਸਿਮਰਨ ਦੀਆਂ ਕਵਿਤਾਵਾਂ ਪੜਦਿਆਂ ਤੇ ਮਾਣਦਿਆਂ ਮਹਿਸੂਸ ਹੁੰਦਾ ਹੈ ਕਿ ਉਸਦੀ ਕਵਿਤਾ ਵੇਦਨਾ ਤੋਂ ਸੰਵੇਦਨਾ ਦਾ ਸਫ਼ਰ ਕਰਦੀ ਹੈ। ਇਹ ਸੰਵੇਦਨਾ ਹੀ ਉਸਦੀ ਕਵਿਤਾ ਦਾ ਮੂਲ ਬਿੰਦੂ ਬਣਦੀ ਪ੍ਰਤੀਤ ਹੁੰਦੀ ਹੈ’। ਦਵਿੰਦਰ ਮਲਹਾਂਸ ਅਨੁਸਾਰ ਉਸਦੀ ਵਰਿਆਂ ਦੀ ਸਾਹਿਤਕ ਤਪੱਸਿਆ ਉਸ ਦੀਆਂ ਕਵਿਤਾਵਾਂ ਵਿੱਚ ਸਾਫ਼ ਦਿਖਾਈ ਦਿੰਦੀ ਹੈ। ਉਸ ਕੋਲ ਸ਼ਬਦ ਆਪ ਮੁਹਾਰੇ ਖੁਦ ਚੱਲਕੇ ਆਉਂਦੇ ਹਨ’। ਸਰਬਜੀਤ ਜਵੰਧਾ ਨੇ ਚੁੱਪ ਦੇ ਸ਼ੋਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਹਿਜ ਵੱਲ ਜਾਣ ਦਾ ਰਾਹ ਹੈ। ਸੁਰਿੰਦਰ ਗੀਤ ਜੀ ਨੇ ਵੀ ਕਵਿਤਾ ਦੇ ਚੁੱਪ ਅਤੇ ਸ਼ੋਰ ਵਿਚਲੇ ਵਿਚਾਰਾਂ ਨੂੰ ਛੋਹਿਆ ਅਤੇ ਆਪਣੀ ਕਵਿਤਾ ਨਾਲ ਹਾਜ਼ਰੀ ਲਵਾਈ। ਸੁਖਵੀਰ ਗਰੇਵਾਲ ਨੇ ਸੁੱਖਜੀਤ ਸਿਮਰਨ ਨੂੰ ਪੰਜਾਬੀ ਨੈਸ਼ਨਲ ਮੀਡੀਆ ਦੀ ਟੀਮ ਵੱਲੋਂ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਪੰਜਾਬੀ ਨੈਸ਼ਨਲ ਰੇਡੀE ਤੇ ਪੇਸ਼ ਕੀਤੇ ਜਾਂਦੇ ਪਰੋਗਰਾਮ ਬਾਰੇ ਗੱਲ ਕੀਤੀ।
ਚਾਹ ਦੀ ਬਰੇਕ ਤੋਂ ਬਾਆਦ ਸੁਖਵਿੰਦਰ ਤੂਰ ਨੇ ਮੋਹਨ ਗਿੱਲ ਦਾ ਵੋਟਾਂ ਬਾਰੇ ਲਿਖਿਆ ਵਿਅੰਗ ਤਰੰਨਮ ਵਿਚ ਪੇਸ਼ ਕੀਤਾ। ਸੁੱਖਜੀਤ ਸਿਮਰਨ ਨੇ ਆਪਣੀ ਲਿਖਣ ਸ਼ੈਲੀ ਬਾਰੇ ਗੱਲ ਕੀਤੀ ਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਨਾਲ ਜੁੜਨ ਅਤੇ ਕਾਵਿ ਸੰਗ੍ਰਹਿ ‘ਚੁੱਪ ਦਾ ਸ਼ੋਰ’ਦੇ ਛਪਣ ਤੱਕ ਦੀ ਗੱਲ ਕੀਤੀ। ਉਹਨਾਂ ਸਭਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਸਰੀ ਤੋਂ ਵਿਸ਼ੇਸ਼ ਤੋਰ ਤੋਂ ਪਹੁੰਚੀ ਸਾਹਿਤ ਨਾਲ ਜੁੜੀ ਇੰਦਰਪ੍ਰੀਤ ਕੌਰ ਨੇ ਸੁੱਖਜੀਤ ਸਿਮਰਨ ਨਾਲ ਆਪਣੀ ਲੰਬੀ ਦੋਸਤੀ ਦਾ ਜਿ਼ਕਰ ਕੀਤਾ ਅਤੇ ਸੱਚੀ ਦੋਸਤੀ ਨੂੰ ਜੀਵਨ ਲਈ ਵਰਦਾਨ ਦੱਸਿਆ। ਜਸਵੀਰ ਸਿਹੋਤਾ ਅਤੇ ਡਾ ਬਲਵਿੰਦਰ ਕੌਰ ਬਰਾੜ, ਡਾ ਪਰਮਜੀਤ ਕੌਰ, ਰੇਚਲ ਅਤੇ ਸਿੰਮੀ ਗੁਪਤਾ ਵੱਲੋਂ ਵੀ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ ਗਏ। ਮੰਗਲ ਚੱਠਾ ਵੱਲੋਂ ਭਾਰਤ ਫੇਰੀ ਅਤੇ ਇਸ ਫੇਰੀ ਸਮੇਂ ਅਤੇ ਆਪਣੇ ਪਿੰਡ ਵਿਚ ਬਾਣਈ ਲਾਇਬਰੇਰੀ ਬਾਰੇ ਗੱਲ ਕੀਤੀ ਗਈ।
ਤਰਕਸ਼ੀਲ ਸੁਸਾਇਟੀ ਕੈਨੇਡਾ ਇਕਾਈ ਕੈਲਗਰੀ ਵੱਲੋਂ ਵਿਸ਼ੇਸ਼ ਤੇ ਪਹੁੰਚੇ ਦਰਸ਼ਨ ਔਜਲਾ, ਨਵਤੇਜ ਧਾਲੀਵਾਲ, ਬੀਰਬਲ ਭਦੌੜ ਵੱਲੋਂ ਵਿਚਾਰਾਂ ਦੇ ਨਾਲ ਹੀ ਕੈਲਗਰੀ ਵਿਚ ਕਰਵਾਏ ਜਾ ਰਹੇ ਤਰਕਸ਼ੀਲ ਮੇਲੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਰੋਏ ਸਮਾਜ ਦੀ ਉਸਾਰੀ ਲਈ 4 ਜੂਨ ਨੂੰ ਫਾਲਕਿਨਰਿੱਜ ਹਾਲ ਵਿਚ ਹੋਣ ਵਾਲੇ ਇਸ ਮੇਲੇ ਵਿਚ ਆਉਣ ਦਾ ਹਾਜ਼ਰੀਨ ਨੂੰ ਸੱਦਾ ਦਿਤਾ ਗਿਆ। ਚਾਹ ਦੀ ਜਿੰਮੇਵਾਰੀ ਗੁਰਮੀਤ ਕੌਰ ਕੁਲਾਰ, ਫੋਟੋਗਰਾਫੀ ਜੋਰਾਵਰ ਸਿੰਘ ਬਾਂਸਲ-ਰਣਜੀਤ ਸਿੰਘ ਵੱਲੋਂ ਅਤੇ ਸਨੈਕਸ ਦਾ ਪ੍ਰਬੰਦ ਸੁੱਖਜੀਤ ਸਿਮਰਨ ਦੇ ਪਰਿਵਾਰ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਅਵਤਾਰ ਕੌਰ ਤੱਗੜ, ਭੁਪਿੰਦਰ ਧਾਰੀ, ਸੁਖਾਦ ਸੈਣੀ, ਅਨਮੋਲ ਸੈਣੀ, ਪਵਨਦੀਪ ਕੌਰ, ਜਗਦੇਵ ਸਿੰਘ, ਦਿਨਾਯਤ ਜਵੰਧਾ, ਹਰਨੀਤ ਕੌਰ ਗੁਰਦੀਪ ਔਜਲਾ ਆਦਿ ਹਾਜ਼ਰ ਸਨ। ਅਖੀਰ ਵਿਚ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਵੱਲੋਂ ਗੀਤ ਪੇਸ਼ ਕੀਤਾ ਗਿਆ ਅਤੇ ਸਭ ਦਾ ਧੰਨਵਾਦ ਕਰਦਿਆਂ ਅਗਲੇ ਮਹੀਨੇ 17 ਜੂਨ 2023 ਨੂੰ ਫੇਰ ਇਸੇ ਹਾਲ ਵਿਚ ਦੋ ਵਜੇ ਇੱਕਤਰਤਾ ਲਈ ਆਉਣ ਦਾ ਸੱਦਾ ਦਿੱਤਾ ਗਿਆ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਬੀਰ ਗੋਰਾ ਨਾਲ 403-472-2662 ਜਾਂ ਜਨਰਲ ਸਕੱਤਰ ਮੰਗਲ ਚੱਠਾ ਨਾਲ 403-708-1596 ਤੇ ਰਾਬਤਾ ਕੀਤਾ ਜਾ ਸਕਦਾ ਹੈ।