ਮਾਸਟਰ ਭਜਨ ਸਿੰਘ ਕੈਲਗਰੀ: ਪਿਛਲੇ 3 ਦਹਾਕਿਆਂ ਤੋਂ ਕੈਲਗਰੀ ਵਿੱਚ ਲੋਕ ਪੱਖੀ ਸਮਾਜਿਕ, ਸਭਿਆਚਾਰਕ ਤੇ ਰਾਜਨੀਤਕ ਸਰੋਕਾਰਾਂ ਨੂੰ ਸਮਰਪਿਤ ਜਥੇਬੰਦੀ ‘ਪ੍ਰੌਗਰੈਸਿਵ ਕਲਚਰਲ਼ ਐਸੋਸੀਏਸ਼ਨ’ ਦੀ ਕਾਰਜਕਾਰਨੀ ਕਮੇਟੀ ਵਲੋਂ ਸਰਬਸੰਮਤੀ ਨਾਲ਼ ਸ਼੍ਰੀਮਤੀ ਜਸਵਿੰਦਰ ਮਾਨ ਨੂੰ ਪ੍ਰਧਾਨ ਚੁਣਿਆ ਗਿਆ।ਇਸ ਤੋਂ ਪਹਿਲਾਂ ਜਥੇਬੰਦੀ ਦੇ ਮੌਜੂਦਾ ਪ੍ਰਧਾਨ ਜੀਤ ਇੰਦਰ ਪਾਲ ਵਲੋਂ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਨਵਾਂ ਪ੍ਰਧਾਨ ਚੁਣਨ ਦੀ ਬੇਨਤੀ ਕੀਤੀ ਗਈ ਸੀ, ਜਿਸਨੂੰ ਸਭ ਮੈਂਬਰਾਂ ਨੇ ਪ੍ਰਵਾਨ ਕੀਤਾ ਅਤੇ ਉਨ੍ਹਾਂ ਵਲੋਂ ਲੰਬਾ ਸਮਾਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਤੇ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਵਿਦਿਆ ਦੇਵੀ ਨੂੰ ਜਥੇਬੰਦੀ ਤੇ ਸਮਾਜ ਪ੍ਰਤੀ ਲੋਕ-ਪੱਖੀ ਸੇਵਾਵਾਂ ਲਈ ਜੂਨ 17, 18 ਨੂੰ 12ਵੇਂ ਸਲਾਨਾ ਦੋ ਰੋਜ਼ਾ ਨਾਟਕ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪ੍ਰਭਲੀਨ ਕੌਰ ਗਰੇਵਾਲ਼ ਅਤੇ ਜੈਸਲੀਨ ਕੌਰ ਸਿੱਧੂ ਨੂੰ ਉਨ੍ਹਾਂ ਦੀਆਂ ਖੇਡ ਜਗਤ ਵਿੱਚ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਯਾਦ ਰਹੇ ਪ੍ਰਭਲੀਨ ਗਰੇਵਾਲ਼ ਕਨੇਡਾ ਵਿੱਚ ਪੰਜਾਬੀ ਮੂਲ ਦੀ ਪਹਿਲੀ ਲੜਕੀ ਹੈ, ਜਿਸਨੇ ਫਰਾਂਸ ਵਿੱਚ ਕਨੇਡਾ ਦੀ ਨੈਸ਼ਨਲ ਯੂਨੀਅਰ ਫੀਲਡ ਹਾਕੀ ਟੀਮ ਵਿੱਚ ਭਾਗ ਲਿਆ ਸੀ।ਇਸੇ ਤਰ੍ਹਾਂ ਜੈਸਲੀਨ ਸਿੱਧੂ ਵਲੋਂ ਪਹਿਲਾਂ ਕਨੇਡੀਅਨ ਰੈਸਲੰਿਗ ਚੈਂਪੀਅਨਸ਼ਿਪ ਅਤੇ ਫਿਰ ਅਮਰੀਕਾ ਰੈਸਲੰਿਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਕਨੇਡਾ ਤੇ ਆਪਣੇ ਭਾਈਚਾਰੇ ਦਾ ਮਾਣ ਵਧਾਇਆ ਸੀ।
ਜਥੇਬੰਦੀ ਵਲੋਂ ਕਰਵਾਏ ਜਾ ਰਹੇ ਸਲਾਨਾ ਦੋ ਰੋਜ਼ਾ ਨਾਟਕ ਮੇਲੇ ਦੀ ਤਿਆਰੀ ਲਈ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਲੇਖਕ, ਐਕਟਰ ਤੇ ਡਾਇਰੈਕਟਰ ਹਰਕੇਸ਼ ਚੌਧਰੀ ਪਹਿਲੀ ਜੂਨ ਨੂੰ ਕੈਲਗਰੀ ਪਹੁੰਚ ਰਹੇ ਹਨ।ਜੋ ਵੀ ਕਲਾਕਾਰ ਇਨ੍ਹਾਂ ਨਾਟਕਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਹੇਠ ਦਿੱਤੇ ਨੰਬਰਾਂ ਤੇ ਪ੍ਰਬੰਧਕਾਂ ਨਾਲ਼ ਸੰਪਰਕ ਕਰ ਸਕਦੇ ਹਨ।ਇਸੇ ਤਰ੍ਹਾਂ ਅਗਰ ਤੁਹਾਡੇ ਬੱਚੇ ਨਾਟਕ ਜਾਂ ਕੋਰੀਓਗਰਾਫੀ ਵਿੱਚ ਭਾਗ ਲੈਣਾ ਚਾਹੁੰਦੇ ਹਨ ਤਾਂ ਸੰਪਰਕ ਕਰ ਸਕਦੇ ਹੋ।ਬੱਚਿਆਂ ਨੂੰ ਲੋਕ-ਪੱਖੀ ਕਲਚਰਲ਼ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸ਼ਾਮਿਲ ਕਰਨ ਲਈ ਫੈਸਲਾ ਕੀਤਾ ਗਿਆ ਕਿ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਟਿਕਟ ਮੁਫਤ ਹੋਵੇਗੀ।ਹਰ ਸਾਲ ਨਾਟਕ ਮੇਲੇ ਲਈ ਫੰਡ ਇਕੱਠਾ ਕਰਨ ਵਿੱਚ ਵਿਸ਼ੇਸ਼ ਯੋਗਦਾਨ ਲਈ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪ੍ਰਹਾਰ ਦੀ ਸ਼ਲਾਘਾ ਕੀਤੀ ਗਈ।ਮਾਸਿਕ ਮੈਗਜ਼ੀਨ ਸਿੱਖ ਵਿਰਸਾ ਦਾ ਹਰ ਤਰ੍ਹਾਂ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ ਇਸ ਸਾਲ ਦਾ ਦੂਜਾ ‘ਪੁਸਤਕ ਮੇਲਾ’ 11 ਜੂਨ ਨੂੰ ਡਾ. ਭੁੱਲਰ ਵਾਲ਼ੇ ਗਰੀਨ ਪਲਾਜ਼ਾ ਵਿੱਚ ਸਵੇਰੇ ਦਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਲਗਾਇਆ ਜਾਵੇਗਾ।ਇਸ ਮੌਕੇ ਤੇ ਦਰਸ਼ਕ ਨਾਟਕ ਦੀਆਂ ਟਿਕਟਾਂ ਵੀ ਪ੍ਰਾਪਤ ਕਰ ਸਕਣਗੇ।
ਇਸ ਮੌਕੇ ਤੇ ਸਾਰੇ ਮੈਂਬਰਾਂ ਵਲੋਂ ਪੰਜਾਬੀ ਮੀਡੀਏ ਦਾ ਜਥੇਬੰਦੀ ਦੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਆਸ ਕੀਤੀ ਗਈ ਕਿ ਸਾਰਾ ਮੀਡੀਆ ਹਮੇਸ਼ਾਂ ਇਸੇ ਤਰ੍ਹਾਂ ਸਹਿਯੋਗ ਕਰਦਾ ਰਹੇਗਾ।
ਇਸ ਮੀਟਿੰਗ ਵਿੱਚ ਜਥੇਬੰਦੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਮਾਸਟਰ ਭਜਨ ਸਿੰਘ, ਜਸਵਿੰਦਰ ਮਾਨ, ਕਮਲ ਸਿੱਧੂ, ਕਮਲਪ੍ਰੀਤ ਪੰਧੇਰ, ਹਰੀਪਾਲ, ਬੰਦੀਪ ਗਿੱਲ, ਕੁਸੁਮ ਸ਼ਰਮਾ, ਨਵਕਿਰਨ ਢੁੱਡੀਕੇ, ਪ੍ਰੋ ਗੋਪਾਲ ਜੱਸਲ ਨੇ ਭਾਗ ਲਿਆ।ਪ੍ਰਧਾਨ ਜੀਤ ਇੰਦਰ ਪਾਲ ਵਲੋਂ ਸਿਹਤ ਠੀਕ ਨਾ ਹੋਣ ਕਰਕੇ ਫੋਨ ਤੇ ਹਾਜਰੀ ਲਵਾਈ।ਜੂਨ ਦੇ ਨਾਟਕ ਮੇਲੇ ਸਬੰਧੀ ਕਿਸੇ ਵੀ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ਼ 403-455-4220, ਹਰਚਰਨ ਸਿੰਘ ਪ੍ਰਹਾਰ ਨਾਲ਼ 403-681-8689 ਅਤੇ ਕਮਲਪ੍ਰੀਤ ਪੰਧੇਰ ਨਾਲ਼ 403-479-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।