ਹਰਚਰਨ ਸਿੰਘ ਪਰਹਾਰ ਕੈਲਗਰੀ: ‘‘ਸ਼ਹੀਦ ਭਗਤ ਸਿੰਘ ਨੂੰ ਹੁਣ ਤੱਕ ਆਮ ਤੌਰ ਤੇ ਇੱਕ ਖਾੜਕੂ ਅਜ਼ਾਦੀ ਘੁਲਾਟੀਏ ਦੇ ਤੌਰ ਤੇ ਹੀ ਦੇਖਿਆ ਗਿਆ ਹੈ, ਜਿਸਨੇ ਭਾਰਤ ਅਜ਼ਾਦੀ ਦੀ ਲੜਾਈ ਵਿੱਚ ਆਪਣੇ ਖਾੜਕੂ ਐਕਸ਼ਨਾਂ ਕਾਰਨ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪ੍ਰਾਪਤ ਕੀਤੀ। ਪਰ ਹੁਣ ਸ਼ਹੀਦ ਭਗਤ ਸਿੰਘ ਨੂੰ ਉਸਦੀ ਵਿਚਾਰਧਾਰਾ ਦੇ ਅਧਾਰ ਤੇ ਅਜੋਕੇ ਸਮੇਂ ਦੀ ਪ੍ਰਸੰਗਕਿਤਾ ਵਿੱਚ ਦੇਖਣਾ ਚਾਹਦਿਾ ਹੈ’’, ਇਹ ਵਿਚਾਰ ਕੈਲਗਰੀ ਵਿੱਚ ਅਯੋਜਿਤ ਇੱਕ ਸੈਮਮੀਨਾਰ ਵਿੱਚ ਬੋਲਦੇ ਹੋਏ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿਲੀ ਦੇ ਸਾਬਕਾ ਪ੍ਰੋਫੈਸਰ ਚਮਨ ਲਾਲ ਨੇ ਕਹੇ। ਲੰਘੇ ਵੀਕੈਂਡ ਤੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਐਸੋਸੀਏਸ਼ਨ ਦੇ ਹਾਲ ਵਿੱਚ ‘ਸ਼ਹੀਦ ਭਗਤ ਸਿੰਘ ਤੇ ਅਜ਼ਾਦੀ ਘੁਲਾਟੀਆਂ ਦੀ ਵਿਚਾਰਧਾਰਾ ਦੀ ਅਜੋਕੇ ਸਮੇਂ ਵਿੱਚ ਪ੍ਰਸੰਗਕਿਤਾ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਭਾਰਤ ਤੋਂ ਆਏ ਉਘੇ ਵਿਦਵਾਨ ਤੇ 60 ਤੋਂ ਵੱਧ ਕਿਤਾਬਾਂ ਦੇ ਲੇਖਕ ਡਾ. ਚਮਨ ਲਾਲ ਮੁੱਖ ਮਹਿਮਾਨ ਸਨ।ਉਨ੍ਹਾਂ ਆਪਣੇ ਇੱਕ ਘੰਟੇ ਦੇ ਲੈਕਚਰ ਵਿੱਚ ਸਰੋਤਿਆਂ ਨੂੰ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਅਧਾਰਿਤ ਇੱਕ ਨਵੇਂ ਭਗਤ ਸਿੰਘ ਦੇ ਦਰਸ਼ਨ ਕਰਵਾਏ, ਜਿਸਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਨਾ ਸਿਰਫ ਸੈਂਕੜੇ ਕਿਤਾਬਾਂ ਪੜ੍ਹੀਆਂ, ਸਗੋਂ ਸੈਂਕੜੇ ਲਿਖਤਾਂ ਲਿਖੀਆਂ। ਉਨ੍ਹਾਂ ਕਨੇਡਾ, ਅਮਰੀਕਾ, ਇੰਗਲੈਂਡ, ਭਾਰਤ ਤੇ ਹੋਰ ਅਨੇਕਾਂ ਦੇਸ਼ਾਂ ਵਿੱਚ ਉਨ੍ਹਾਂ ਸਮਿਆਂ ਦੀਆਂ ਅਖ਼ਬਾਰਾਂ ਵਿੱਚ ਭਗਤ ਸਿੰਘ ਤੇ ਸਾਥੀਆਂ ਬਾਰੇ ਪ੍ਰਮੁੱਖਤਾ ਨਾਲ਼ ਛਪੀਆਂ ਲਿਖਤਾਂ ਦਾ ਜ਼ਿਕਰ ਕੀਤਾ। ਇੱਥੇ ਵਰਨਣਯੋਗ ਹੈ ਕਿ ਡਾ. ਚਮਨ ਲਾਲ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹਿੰਦੀ ਦੇ ਪ੍ਰੋਫੈਸਰ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਵਿੱਚ ਭਾਸ਼ਾ ਵਿਭਾਗ ਦੇ ਡੀਨ, ਸੈਂਟਰਲ ਯੂਨੀਵਰਸਿਟੀ ਬਠਿੰਡਾ ਵਿੱਚ ਪੰਜਾਬੀ ਲਿਟਰੇਚਰ ਦੇ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਿੰਦੀ ਦੇ ਪ੍ਰੋਫੈਸਰ ਰਹੇ ਹਨ। ਉਨ੍ਹਾਂ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਬਾਰੇ ਲੰਬਾ ਸਮਾਂ ਰਿਸਰਚ ਕਰਕੇ ਅਨੇਕਾਂ ਕਿਤਾਬਾਂ ਲਿਖੀਆਂ।
ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਨੂੰ ਜੀ ਆਇਆਂ ਆਖਿਆ ਅਤੇ ਡਾ. ਚਮਨ ਲਾਲ ਜੀ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ।ਸਟੇਜ ਸਕੱਤਰ ਦੀਆਂ ਸੇਵਾਵਾਂ ਕਮਲਪ੍ਰੀਤ ਪੰਧੇਰ ਨੇ ਨਿਭਾਈਆਂ। ਇਸ ਮੌਕੇ ਤੇ ਯੰਗਸਤਾਨ ਕੈਲਗਰੀ ਦੇ ਬੱਚਿਆਂ ਪ੍ਰਭਰੂਪ ਸਿੰਘ ਮਾਂਗਟ ਅਤੇ ਸਲੋਨੀ ਗੌਤਮ ਨੇ ਖੂਬਸੂਰਤ ਅੰਦਾਜ ਵਿੱਚ ਗੀਤ ਪੇਸ਼ ਕੀਤੇ। ਇਨ੍ਹਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਤੂਰ ਤੇ ਕੁਲਦੀਪ ਸਿੰਘ ਨੇ ਬੁਲੰਦ ਅਵਾਜ ਵਿੱਚ ਗੀਤ ਪੇਸ਼ ਕੀਤੇ। ਅਖੀਰ ਵਿੱਚ ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬਲਕਾਰ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਨੁਮਾਇੰਦਿਆਂ ਵਲੋਂ ਡਾ. ਚਮਨ ਲਾਲ ਜੀ ਨੂੰ ਕਿਤਾਬਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।