ਮੰਗਲ ਚੱਠਾ ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ, ਕਨੇਡਾ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 15 ਅਪ੍ਰੈਲ 2023 ਨੂੰ ਕੋਸੋ ਹਾਲ ਵਿਚ ਠੀਕ ਦੋ ਵਜੇ ਹੋਈ। ਜਨਰਲ ਸਕੱਤਰ ਮੰਗਲ ਚੱਠਾ ਦੀ ਗੈਰਹਾਜ਼ਰੀ ਵਿਚ ਸਟੇਜ ਸੰਚਾਲਨ ਦੀ ਜਿੰਮੇਵਾਰੀ ਬਲਜਿੰਦਰ ਸੰਘਾ ਵੱਲੋਂ ਨਿਭਾਈ ਗਈ। ਉਹਨਾਂ ਸਭਾ ਦੇ ਮੌਜੂਦਾ ਪ੍ਰਧਾਨ ਬਲਵੀਰ ਗੋਰਾ, ਪਰਮਿੰਦਰ ਰਮਨ ਢੁੱਡੀਕੇ ਅਤੇ ਸੁਖਜੀਤ ਸੈਣੀ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਇਸ ਉਪਰੰਤ ਬਲਜਿੰਦਰ ਸੰਘਾ ਨੇ ਸਭ ਹਾਜ਼ਰੀਨ ਨੂੰ ਵਿਸਾਖੀ ਅਤੇ ਖਾਲਸਾ ਪ੍ਰਗਟ ਦਿਨ ਦੀਆਂ ਵਧਾਈਆਂ ਦਿੱਤੀਆਂ। ਸਭਾ ਦੇ ਪ੍ਰਧਾਨ ਬਲਵੀਰ ਗੋਰਾ ਜੀ ਦੇ ਪਰਿਵਾਰ ਵਿਚ ਦੋਹਤੀ ਅਵਨੀ ਕੌਰ ਢਿੱਲੋਂ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ ਗਈ। ਪਿਛਲੇ ਮਹੀਨੇ ਸਭਾ ਵੱਲੋਂ ਬੱਚਿਆਂ ਦਾ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿਚ ਬੱਚਿਆਂ ਨੇ ਵਧ-ਚੜ ਕੇ ਸ਼ਮੂਲੀਅਤ ਕੀਤੀ ਸੀ। ਸਭ ਪਰਿਵਾਰਾਂ, ਵਲੰਟੀਅਰਾਂ ਅਤੇ ਸਹਿਯੋਗੀ ਮੀਡੀਏ ਦਾ ਧੰਨਵਾਦ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿਚ ਸਭ ਤੋਂ ਪਹਿਲਾ ਪਰਮਜੀਤ ਕੌਰ ਨੇ ਪਿਛਲੇ ਮਹੀਨੇ ਲੰਘੇ ਔਰਤ ਦਿਵਸ ਨੂੰ ਸਮਰਪਤ ਪੇਪਰ ਪੜਿਆ। ਜਿਸ ਵਿਚ ਉਹਨਾਂ ਵਿਸਥਾਰ ਸਾਹਿਤ ਔਰਤ ਨੂੰ ਮਿਲੇ ਹੱਕਾਂ ਦੀ ਗੱਲ ਕਰਦਿਆਂ ਅਜੋਕੇ ਸਮੇਂ ਵਿਚ ਔਰਤ ਦੀ ਸਥਿਤੀ ਦੀ ਗੱਲ ਵੀ ਕੀਤੀ। ਇਸ ਤੋਂ ਬਾਅਦ ਸੁਰਿੰਦਰ ਗੀਤ, ਸਰਬਜੀਤ ਕੌਰ ਉੱਪਲ, ਬਲਵੀਰ ਗੋਰਾ, ਦਵਿੰਦਰ ਮਲਹਾਂਸ ਨੇ ਵੀ ਇਸ ਵਿਸ਼ੇ ਤੇ ਆਪਣੇ ਵਿਚਾਰੇ ਰੱਖੇ ਅਤੇ ਰਚਨਾਵਾਂ ਵੀ ਸਾਂਝੀਅਤ ਕੀਤੀਆਂ। ਜਰਨੈਲ ਸਿੰਘ ਤੱਗੜ ਜੋ ਕਿ ਹੁਣੇ ਹੀ ਭਾਰਤ ਫੇਰੀ ਤੋਂ ਆਏ ਨੇ, ਕਈ ਵਿਸ਼ੇ ਛੁਹੇ, ਜਿਸ ਵਿਚ ਪੜਾਈ ਤੋਂ ਕਿਨਾਰਾ ਅਤੇ ਸਿਰਫ਼ ਆਈਲੈਟਸ ਕਰਕੇ ਬਾਹਰ ਜਾਣ ਦੀ ਦੌੜ, ਜਹਾਜਾਂ ਵਿਚ ਭਾਰਤੀਆਂ ਵੱਲੋਂ ਕੀਤਾ ਜਾਂਦਾ ਖਰੂਦ ਜਿਸ ਨਾਲ ਉਹਨਾ ਦਾ ਵੀ ਇਸ ਕਨੇਡਾ ਵਾਪਸੀ ਵੇਲੇ ਵਾਹ ਪਿਆ ਤੇ ਸਭ ਯਾਤਰੀਆਂ ਨੂੰ ਕਿੰਨੀ ਮੁਸ਼ਕਿਲ ਹੋਈ ਇਸ ਦੀ ਗੱਲ ਕਰਦਿਆਂ ਜ਼ਹਾਜੀ ਸਫ਼ਰ ਸਮੇਂ ਸੁਹਿਰਦ ਹੋਣ ਦੀ ਬੇਨਤੀ ਕੀਤੀ ਤੇ ਇਕ ਕਵਿਤਾ ਵੀ ਸਾਂਝੀ ਕੀਤੀ। ਦਰਸ਼ਨ ਸਿੰਘ ਜਟਾਣਾ ਜੋ ਪਹਿਲੀ ਵਾਰ ਸਭਾ ਵਿਚ ਆਏ ਨੇ ਆਪਣੀ ਲੰਬੇ ਸਮੇਂ ਦੀ ਪੱਤਰਕਾਰੀ ਦੇ ਅਨੁਭਵ ਸਾਂਝੇ ਕਰਦਿਆ ‘ਪੰਜਾਬ ਅਤੇ ਸਰਕਾਰਾਂ ਦਾ ਰਵੱਈਆ’ ਵਿਸ਼ੇ ਤੇ ਵਿਚਾਰ ਰੱਖੇ।
ਚਾਹ ਦੀ ਬਰੇਕ ਤੋਂ ਬਾਅਦ ਦੂਸਰੇ ਦੌਰ ਵਿਚ ਅਧਿਆਪਕ ਬਲਵਿੰਦਰ ਸਿੰਘ ਢੁੱਡੀਕੇ ਹੋਰਾਂ ਜੋ ਵਦੇਸ਼ੀ ਫੇਰੀ ਤੇ ਆਏ ਹੋਏ ਨੇ, ਆਪਣੇ ਬਾਰੇ ਜਾਣਕਾਰੀ ਅਤੇ ਹੋਰ ਵਿਚਾਰ ਪੇਸ਼ ਕੀਤੇ। ਗੁਰਦੀਸ਼ ਕੌਰ ਗਰੇਵਾਲ ਜੀ ਨੇ ਸਭਾ ਵੱਲੋਂ ਕੀਤੇ ਗਏ ਦਸਵੇਂ ਸਲਾਨਾ ਬੱਚਿਆਂ ਦਾ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਮਾਗਮ ਨੂੰ ਸਭਾ ਦਾ ਬਹੁਤ ਵਧੀਆ ਕਦਮ ਦੱਸਿਆ ਅਤੇ ਜ੍ਹਲਿਆਂ ਵਾਲਾ ਬਾਗ ਨਾਲ ਸਬੰਧਤ ਕਵਿਤਾ ਤਰੰਨਮ ਵਿਚ ਪੇਸ਼ ਕੀਤੀ। ਪਰਮਿੰਦਰ ਰਮਨ ਢੁੱਡੀਕੇ ਨੇ ਸੂਖਮ ਸ਼ਬਦਾ ਵਾਲੀ ਆਪਣੀ ਕਵਿਤਾ ‘ਇਕ ਕੁੜੀ’ ਤਰੰਨਮ ਵਿਚ ਪੇਸ਼ ਕੀਤੀ। ਸੁਖਜੀਤ ਸੈਣੀ ਹੋਰਾਂ ਆਪਣੇ ਪੇਸ਼ਕਾਰੀ ਦੇ ਨਵੇਕਲੇ ਅੰਦਾਜ਼ ਵਿਚ ਕਵਿਤਾ ‘ਲੋਕ’ ਪੇਸ਼ ਕੀਤੀ। ਸੁਖਰਾਜ ਸਿੰਘ ਬਰਾੜ ਜੋ ਇਟਲੀ ਤੋਂ ਕਨੇਡਾ ਆ ਕੇ ਵਸੇ ਹਨ ਨੇ ਛੇ ਕੁ ਸਾਲ ਪਹਿਲਾ ਕਨੇਡਾ ਫੇਰੀ ਦੀਆਂ ਸਭਾ ਨਾਲ ਯਾਦਾ ਸਾਂਝੀਆਂ ਕੀਤੀਆਂ ਅਤੇ ਅਸ਼ਲੀਲ ਗਾਇਕੀ ਦੇ ਬਿਲਕੁਲ ਉਲਟ ਗੀਤ ਪੇਸ਼ ਕੀਤਾ ਅਤੇ ਭੈਣ-ਭਰਾ ਦੇ ਰਿਸ਼ਤੇ ਨੂੰ ਵਡਿਆਈ ਦਿੱਤੀ। ਜਸਵੀਰ ਸਿੰਘ ਸਿਹੋਤਾ ਜੀ ਨੇ ਗੰਭੀਰ ਵਿਸ਼ੇ ‘ਕਨੇਡਾ ਦੇ ਕਾਨੂੰਨ ਅਤੇ ਡਿਫੈਸ’ਬਾਰੇ ਗੱਲ ਕਰਦਿਆਂ ਕਿਹਾ ਕਿ ਕਈ ਸੁਧਾਰ ਕਰਨ ਦੀ ਲੋੜ ਹੈ। ਉਹਨਾਂ ਰੇਲਵੇ ਸ਼ਟੇਸ਼ਨਾਂ ਤੇ ਹੋਰ ਪਬਲਿਕ ਸਥਾਨਾਂ ਤੇ ਵਧ ਰਹੀ ਲੜਾਈ ਅਤੇ ਛੁਰੇਬਾਜੀ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕੀਤੀ। ਅਖ਼ੀਰ ਤੇ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਜੀ ਨੇ ਇਕ ਗੀਤ ਨਾਲ ਹਾਜ਼ਰੀ ਲੁਆਈ ਅਤੇ ਸਭ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਈ ਮਹੀਨੇ ਦੀ ਇੱਕਤਰਤਾ 20 ਮਈ ਨੂੰ ਇਸੇ ਹਾਲ ਵਿਚ ਠੀਕ ਦੋ ਵਜੇ ਹੋਵੇਗੀ। ਚਾਹ ਪਾਣੀ ਦਾ ਪ੍ਰਬੰਧ ਅਤੇ ਸੇਵਾ ਪ੍ਰਧਾਨ ਬਲਵੀਰ ਗੋਰਾ ਅਤੇ ਗੁਰਮੀਤ ਕੌਰ ਕੁਲਾਰ ਵੱਲੋ ਕੀਤੀ ਗਈ। ਫੋਟੋਗ੍ਰਾਫੀ ਦੀ ਜਿੰਮੇਵਾਰੀ ਰਣਜੀਤ ਸਿੰਘ ਅਤੇ ਦਵਿੰਦਰ ਮਲਹਾਂਸ ਵੱਲੋਂ ਨਿਭਾਈ ਗਈ।
ਇਸ ਤੋਂ ਇਲਾਵਾ ਅਵਤਾਰ ਕੌਰ ਤੱਗੜ, ਗੁਰਿੰਦਰ ਸਿੰਘ, ਰੌਨਕ ਤੱਗੜ, ਦਿਲਸ਼ਾਨ ਤੱਗੜ ਹਾਜ਼ਰ ਸਨ। ਹੋਰ ਜਾਣਕਾਰੀ ਲਈ ਪ੍ਰਧਾਨ ਬਲਵੀਰ ਗੋਰਾ ਨਾਲ 403-472-2662 ਜਾਂ ਜਨਰਲ ਸਕੱਤਰ ਮੰਗਲ ਚੱਠਾ ਨਾਲ 403-708-1596 ਤੇ ਰਾਬਤਾ ਕੀਤਾ ਜਾ ਸਕਦਾ ਹੈ।