Get Adobe Flash player

ਕੁਸ਼ਤੀ ਖਿਡਾਰਣ ਜੁਸਲੀਨ ਕੌਰ ਸਿੱਧੂ ਦਾ ਹੋਵੇਗਾ ਸਨਮਾਨ

ਮੰਗਲ ਚੱਠਾ -ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਦਾ ਆਗਾਜ਼ ਸਕੱਤਰ ਮੰਗਲ ਚੱਠਾ ਨੇ ਲੇਖਿਕਾ ਸੁਖਵਿੰਦਰ ਅੰਮ੍ਰਿਤ ਦੇ ਸ਼ੇਅਰ

‘ਜੁਗ ਜੁਗ ਜੀਵਨ ਸ਼ਾਲਾ ਤੇਰੇ ਕੋਰੜੇ ਸਵੱਵੀਏ

ਮੱਲਣ ਤੇਰੇ ਲਿਖਾਰੀ, ਵਿਗਸਣ ਤੇਰੇ ਗਵੱਵੀਏ’

s-sabha-p r-feb 24-23ਸੁਣਾ ਸਭਨੂੰ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਨਾਲ ਕੀਤਾ ਅਤੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਧਾਨ ਬਲਵੀਰ ਗੋਰਾ ਜੀ, ਜਸਵੀਰ ਸਿੰਘ ਸਹੋਤਾ ਜੀ ਅਤੇ ਹਰਜਿੰਦਰ ਸਿੰਘ ਹੁਰਾਂ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। 

ਸ਼ੋਕ ਮਤੇ ਸਾਂਝੇ ਕਰਦਿਆਂ ਤੁਰਕੀ ਅਤੇ ਸੀਰੀਆ ਚ ਆਏ ਭੁਚਾਲ਼ ਵਿੱਚ ਹੋਈਆਂ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਨਾਲ ਹੀ ਕੈਲਗਰੀ ਦੇ ਲੋਕਲ ਲੇਖਕ ਮੁਖ਼ਤਿਆਰ ਸਿੰਘ ਗਰੇਵਾਲ਼ , ਪੰਜਾਬੀ ਕਵੀ ਪ੍ਰਿੰਸੀਪਲ ਹਰੀ ਸਿੰਘ ਮੋਹੀ ਅਤੇ ਦਿੱਲੀ ਵਿੱਚ ਪੰਜਾਬੀ ਬੋਲੀ ਦੇ ਅਲੰਬਰਦਾਰ ਡਾ: ਰਘਬੀਰ ਸਿੰਘ ਦੇ ਸਦੀਵੀ ਵਿਛੋੜੇ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। 

ਰਚਨਾਵਾਂ ਦੇ ਦੌਰ ਵਿੱਚ ਜਗਦੇਵ ਸਿੰਘ ਸਿੱਧੂ ਨੇ ਮਾਂ ਬੋਲੀ ਦੀ ਮਹੱਤਤਾ ਅਤੇ ਬੋਲੀਆਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਤਲਵਿੰਦਰ ਸਿੰਘ ਟੋਨੀ ਨੇ ਤੁਲਨਾ ਦੇ ਆਧਾਰ ਤੇ ਪੰਜਾਬੀ ਬੋਲੀ ਬਾਰੇ ਸਾਂਝ ਪਾਈ ਅਤੇ ਬਲਜਿੰਦਰ ਸੰਘਾ ਨੇ ਸਮਾਜ ਸੁਧਾਰ ਦਾ ਕੰਮ ਆਪਣੇ ਘਰ ਤੋਂ ਹੀ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਅਤੇ ਬੱਚਿਆਂ ਬਾਰੇ ਇੱਕ ਕਵਿਤਾ ਵੀ ਸੁਣਾਈ।

ਦਵਿੰਦਰ ਮਲਹਾਂਸ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦਇਆ ਸਿੰਘ ਦੀ ਕਵਿਤਾ ਸੁਣਾਈ। ਪ੍ਰਸਿੱਧ ਕਵਿੱਤਰੀ ਸੁਰਿੰਦਰ ਗੀਤ ਨੇ ਭਾਵਪੂਰਤ ਕਵਿਤਾ ਸੁਣਾ ਕੇ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ। ਜਗਜੀਤ ਰੈਹਸੀ ਨੇ ਸ਼ੇਅਰ ਸੁਣਾ ਕੇ ਵਾਹ ਵਾਹੀ ਖੱਟੀ ਅਤੇ ਮਨਮੋਹਨ ਬਾਠ ਜੀ ਨੇ ਫ਼ਿਲਮੀ ਗੀਤ ਸੁਣਾਕੇ ਸਭ ਦਾ ਮਨੋਰੰਜਨ ਕੀਤਾ। ਇਸਤੋਂ ਬਾਅਦ ਫੋਕ ਕਰੂਅ ਡਾਂਸ ਅਕੈਡਮੀ ਤੋਂ ਬੱਚੀਆਂ ਸਿਮਰਨਕੌਰ, ਜਸਜੋਤ ਕੌਰ, ਅਨਿਕਾ ਅਤੇ ਮਨਜੋਤ ਕੌਰ ਨੇ ਲੁਭਾਵਣੇ ਅੰਦਾਜ਼ ਵਿੱਚ ਕਵਿਤਾ ਤੇ ਬੋਲੀਆਂ ਸੁਣਾਈਆਂ

ਇਸ ਤੋਂ ਬਾਅਦ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦੇ ਸਮਾਗਮ ਦਾ ਪੋਸਟਰ ਰਿਲੀਜ ਕੀਤਾ ਗਿਆ । ਇਹ ਸਮਾਗਮ 25 ਮਾਰਚ 2023 ਨੂੰ 2 ਵਜੇ ਤੋਂ ਸ਼ਾਮ 5 ਵਜੇ ਤੱਕ ਵਾਈਟਹੌਰਨ ਕਮਿਊਨਿਟੀ ਹਾਲ ਵਿੱਚ ਹੋਵੇਗਾ । ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਮੰਗਲ ਚੱਠਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਗ੍ਰੇਡ ਇੱਕ ਤੋਂ ਲੈ ਕੇ ਗ੍ਰੇਡ ਅੱਠ ਤੱਕ ਬੱਚੇ ਭਾਗ ਲੈ ਸਕਣਗੇ । ਬੱਚਿਆਂ ਦਾ ਦਾਖਲਾ ਸ਼ੁਰੂ ਹੈ ਤੇ ਨਾਂ ਦਰਜ ਕਰਾਉਣ ਦੀ ਆਖ਼ਰੀ ਤਰੀਕ 17 ਮਾਰਚ ਹੋਵੇਗੀ ।ਇਸ ਸਮਾਗਮ ਵਿੱਚ ਕੁਸ਼ਤੀ ਖਿਡਾਰਨ ਜੁਸਲੀਨ ਕੌਰ ਸਿੱਧੂ ਦਾ ਸਨਮਾਨ ਵੀ ਕੀਤਾ ਜਾਵੇਗਾ ।

            ਚਾਹ ਦੀ ਬਰੇਕ ਤੋਂ ਬਾਅਦ ਰਚਨਾਵਾਂ ਦੇ ਦੂਜੇ ਦੌਰ ਵਿੱਚ ਤਰਲੋਚਨ ਸੈਂਹਬੀ ਨੇ ਗੀਤ ‘ਪੈਸਾ ਕਾਗ ਬਨੇਰੇ ਦਾ’ ਪੇਸ਼ ਕੀਤਾ। ਪਰਮਜੀਤ ਕੌਰ ਤੇ ਜਸਵੀਰ ਸਹੋਤਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ।

ਸੰਦੀਪ ਕੌਰ ਸਦਿਓੜਾ ਵੱਲੋਂ ਸਭਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਅੰਤ ਵਿੱਚ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸਾਰਿਆਂ ਨੂੰ ਬੇਨਤੀ ਕੀਤੀ । ਇਸ ਸਮੇਂ ਰਣਜੀਤ ਸਿੰਘ , ਤਰਸੇਮ ਸਿੰਘ ਨੂਰਪੁਰ ,ਗੁਰਮੀਤ ਕੁਲਾਰ ,ਸੀਮਾ ਚੱਠਾ ,ਗੁਰਵੀਨ ਚੱਠਾ ਤੇ ਹੋਰ ਬਹੁਤ ਸਾਰੇ ਬੱਚੇ ਤੇ ਉਹਨਾਂ ਦੇ ਮਾਪੇ ਹਾਜ਼ਰ ਸਨ ।ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ,ਮੰਗਲ ਚੱਠਾ  403 708 1596,ਬਲਵੀਰ ਗੋਰਾ 403 472 2662.