ਬੱਚਿਆਂ ਦਾ ਕੀਤਾ ਗਿਆ ਸਨਮਾਨ
ਮੰਗਲ ਚੱਠਾ ਕੈਲਗਰੀ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਮੀਟਿੰਗ ਵਿਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਬਲਵੀਰ ਗੋਰਾ ਤੇ ਅਗਾਂਹਵਧੂ ਨੌਜਵਾਨ ਲੇਖਕ ਤਲਵਿੰਦਰ ਸਿੰਘ ਟੋਨੀ ਨੂੰ ਸੱਦਾ ਦਿੰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਆਏ ਹੋਏ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ
“ਰੌਸ਼ਨ ਕਰਨ ਲਈ ਦੇਸ਼ ਦੇ ਚਾਰ ਕੋਨੇ
ਆਪਣਾ ਦੀਵਾ ਚੌਮੁਖੀਆਂ ਬੁਝਾ ਲਿਆ ਏ”
ਸ਼ੇਅਰ ਸੁਣਾਕੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਪ੍ਰਣਾਮ ਕੀਤਾ ਗਿਆ। ਉਸਤੋਂ ਬਾਅਦ ਸ਼੍ਰੋਮਣੀ ਪੱਤਰਕਾਰ ਤੇ ਪੰਜਾਬੀ ਲੇਖਕ ਸ: ਹਰਬੀਰ ਸਿੰਘ ਭੰਵਰ, ਉੱਘੇ ਕਹਾਣੀਕਾਰ ਜੋਗਿੰਦਰ ਭਾਟੀਆ ਜੀ ਅਤੇ ਪੰਜਾਬੀ ਨਾਵਲਕਾਰ ਸੁਖਦੇਵ ਸਿੰਘ ਮਾਨ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ l
ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਤੂਰ ਜੀ ਨੇ ‘ਚੰਨ ਮਾਤਾ ਗੁਜਰੀ ਦਾ’ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਸੁਣਾਇਆ । ਤਲਵਿੰਦਰ ਟੋਨੀ ਨੇ ਤਸਵੀਰ ਵਿਖਾਕੇ ਇਨਸਾਨ ਦੇ ਮਨੋਵਿਗਿਆਨ ਦੀ ਅਤੇ ਇਜ਼ਰਾਇਲੀ ਲੇਖਕ ਯੁਵਲ ਨੋਆ ਹਰਾਰੀ ਬਾਰੇ ਜਾਣਕਾਰੀ ਦਿੱਤੀ । ਬੱਚੀ ਕੀਰਤ ਕੌਰ ਧਾਰਨੀ ਨੇ ‘ਕਲਮ ਤੇ ਬੰਦੂਕ’ ਅਤੇ ਬੱਚੀ ਨਿਮਰਤ ਕੌਰ ਧਾਰਨੀ ਨੇ ਨਵੀਂ ਟਕਨੋਲਜੀ ਦੀਆਂ ਖਾਮੀਆਂ ਤੇ ਅਧਾਰਤ ਕਵਿਤਾਵਾਂ ਸੁਣਾਈਆਂ। ਇਸ ਤੋਂ ਬਾਅਦ ਬੱਚਿਆਂ ਦਾ ਸਨਮਾਨ ਕਰਦਿਆਂ ਸਭਾ ਦੇ ਨਾਲ ਗਰੁੱਪ ਤਸਵੀਰ ਵੀ ਕੀਤੀ ਗਈ ।
ਲੇਖਕ ਬਲਜਿੰਦਰ ਸੰਘਾ ਜੀ ਨੇ ਰੀਅਲ ਐਸਟੇਟ ਵਿੱਚ ਆਪਣਿਆਂ ਵੱਲੋਂ ਹੁੰਦੇ ਧੋਖੇ ਦੀ ਗੱਲ ਕੀਤੀ । ਸ: ਜਗਦੇਵ ਸਿੱਧੂ ਨੇ ਨਵੀਂ ਕਮੇਟੀ ਨੂੰ ਵਧਾਈ ਅਤੇ ਚਾਰ ਪੀੜੀਆਂ ਨੂੰ ਨਾਲ ਲੈਕੇ ਚੱਲ ਰਹੀ ਸਭਾ ਦੀ ਸ਼ਲਾਘਾ ਕੀਤੀ ਨਾਲ ਹੀ ਉਹਨਾਂ ਨੇ ਮਹਾਨ ਕਿੱਸਾਕਾਰ ਸਾਧੂ ਦਯਾ ਸਿੰਘ ਆਰਿਫ਼ ਬਾਰੇ ਵੀ ਵਡਮੁੱਲੀ ਜਾਣਕਾਰੀ ਦਿੱਤੀ। ਸ: ਜਰਨੈਲ ਸਿੰਘ ਤੱਗੜ ਜੀ ਨੇ ਬੇਈਮਾਨ ਲੋਕਾਂ ਬਾਰੇ ਕਵਿਤਾ ਸੁਣਾਈ। ਸ: ਜਸਵੰਤ ਸਿੰਘ ਸਹੋਤਾ ਤੇ ਪਰਮਜੀਤ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਤਸਵੀਰਾਂ ਦੀ ਡਿਊਟੀ ਰਣਜੀਤ ਲਾਡੀ ਜੀ ਨੇ ਅਤੇ ਚਾਹ ਪਾਣੀ ਦੀ ਸੇਵਾ ਭੈਣ ਜੀ ਗੁਰਮੀਤ ਕੌਰ ਕੁਲਾਰ ਨੇ ਨਿਭਾਈ ।
ਅਖੀਰ ਵਿੱਚ ਪ੍ਰਧਾਨ ਬਲਵੀਰ ਗੋਰਾ ਜੀ ਨੇ ਹਾਜ਼ਰੀਨ ਹਰਜਿੰਦਰ ਸਿੰਘ, ਰਾਜਵੀਰ ਸਿੰਘ ਤੇ ਹੋਰਨਾਂ ਹਾਜ਼ਰੀਨਾ ਦਾ ਦਿਲੋਂ ਧੰਨਵਾਦ ਕਰਦਿਆਂ ਅਗਲੇਰੀ ਮੀਟਿੰਗ ਵਿਚ 21 ਜਨਵਰੀ 2023 ਨੂੰ ਆਉਣ ਦਾ ਸੱਦਾ ਦਿੱਤਾ।
ਵਧੇਰੀ ਜਾਣਕਾਰੀ ਲਈ ਪ੍ਰਧਾਨ ਬਲਵੀਰ ਗੋਰਾ ਨੂੰ 403-472-2662 ਅਤੇ ਜਨਰਲ ਸਕੱਤਰ ਮੰਗਲ ਚੱਠਾ ਨੂੰ 403-708-1596 ਤੇ ਸੰਪਰਕ ਕੀਤਾ ਜਾ ਸਕਦਾ ਹੈ।