ਮਾਸਟਰ ਭਜਨ ਸਿੰਘ/ਹਰਚਰਨ ਸਿੰਘ ਪਰਹਾਰ ਕੈਲਗਰੀ: ‘ਸਿਰ ਤਾਂ ਸਿਰ ਏ, ਇਹ ਪੱਗ ਥੱਲੇ ਵੀ ਹੋ ਸਕਦਾ, ਏ ਚੁੰਨੀ ਥੱਲੇ ਵੀ, ਏ ਟੋਪੀ ਥੱਲੇ ਵੀ ਹੋ ਸਕਦਾ ਤੇ ਏਹ ਨੰਗਾ ਵੀ ਹੋ ਸਕਦਾ, ਸਿਰ ਸਿਰਫ ਤੇਰਾ ਹੋਣਾ ਚਾਹੀਦਾ, ਬਾਤ ਸਿਰਫ ਏਨੀ ਹੈ, ਜਦੋਂ ਲਿਖਣ ਲੱਗੇਂ, ਤੂੰ ਸਿਰਾਂ ਉਤੇ ਕੀ ਹੈ, ਏ ਨਾ ਦੇਖੀਂ, ਤੂੰ ਜਾਗਦੇ ਸਿਰਾਂ ਦੀ ਬਾਤ ਪਾਈਂ…..’ ਇਹ ਬੋਲ ਸਨ, ਸੋਲੋ ਨਾਟਕ ‘ਧੰਨੁ ਲੇਖਾਰੀ ਨਾਨਕਾ’ ਦੇ ਜੋ ਉਘੇ ਲੇਖਕ, ਨਿਰਦੇਸ਼ਕ, ਰੰਗ ਕਰਮੀ ਤੇ ਫਿਲਮੀ ਅਦਾਕਾਰ ਡਾ. ਸਾਹਿਬ ਸਿੰਘ ਵਲੋਂ ਲੰਘੇ ਵੀਕੈਂਡ ਤੇ ਸ਼ਨੀਵਾਰ 22 ਅਕਤੂਬਰ ਨੂੰ RCCG ਥੀਏਟਰ ਰੈਡ ਸਟੋਨ ਵਿਖੇ ਦਰਸ਼ਕਾਂ ਦੇ ਭਰਵੇਂ ਇਕੱਠ ਵਿੱਚ ਖੇਡਿਆ ਗਿਆ। ਇੱਕ ਘੰਟਾ 40 ਮਿੰਟ ਦੇ ਇਸ ਸੋਲੋ ਨਾਟਕ ਨੂੰ ਡਾ ਸਾਹਿਬ ਸਿੰਘ ਵਲੋਂ ਇਕੱਲੇ ਬੇਹੱਦ ਖੂਬਸੂਰਤ ਤੇ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ਗਿਆ, ਜਿਸ ਵਿੱਚ ਇਤਿਹਾਸ ਦੀਆਂ ਵੱਖ-ਵੱਖ ਘਟਨਾਵਾਂ ਨੂੰ ਦਰਸ਼ਕਾਂ ਨੇ ਪੂਰੀ ਤਵੱਜੋ ਨਾਲ਼ ਦੇਖਿਆ। ਨਾਟਕ ਲੇਖਕਾਂ ਤੇ ਦਰਸ਼ਕਾਂ ਨੂੰ ਵੰਗਾਰ ਪਾਉਂਦਾ ਹੈ ਕਿ ਸਮੇਂ ਤੇ ਬੋਲਿਆ ਸੱਚ ਹੀ ਸੱਚ ਹੁੰਦਾ ਹੈ, ਆਓ! ਆਪਾਂ ਵੀ ਬੋਲੀਏ, ਜੇ ਹੋਰ ਕਿਸੇ ਲਈ ਨਹੀਂ ਤਾਂ ਆਪਣੇ ਹੱਕਾਂ ਦੀ ਬਾਤ ਪਾਈਏ।
ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਸਿੱਖ ਵਿਰਸਾ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਵਲੋਂ ਸਭ ਦਰਸ਼ਕਾਂ ਨੂੰ ਜਾਇਆਂ ਕਿਹਾ ਤੇ ਵੱਖ-ਵੱਖ ਸੰਸਥਾਵਾਂ ਤੇ ਮੀਡੀਆ ਦਾ ਧੰਨਵਾਦ ਕੀਤਾ।ਪ੍ਰੋਗਰਾਮ ਦੌਰਾਨ ਸਟੇਜ ਦੀਆਂ ਸੇਵਾਵਾਂ ਮਾਸਟਰ ਭਜਨ ਸਿੰਘ ਤੇ ਕਮਲਪ੍ਰੀਤ ਪੰਧੇਰ ਨੇ ਨਿਭਾਈਆਂ।
ਇਸ ਮੌਕੇ ਤਰਕਸ਼ੀਲ ਸੁਸਾਇਟੀ ਦੀ ਕੈਲਗਰੀ ਬਰਾਂਚ ਦੇ ਜਨਰਲ ਸਕੱਤਰ ਬੀਰਬਲ ਭਦੌੜ ਵਲੋਂ ਜਾਦੂ ਦੇ ਕੁਝ ਟਰਿੱਕ ਪੇਸ਼ ਕੀਤੇ ਗਏ।ਉਨ੍ਹਾਂ ਦਰਸ਼ਕਾਂ ਨੂੰ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਜਾਦੂ ਜਾਂ ਕਰਾਮਾਤ ਨਾਮ ਦੀ ਕੋਈ ਸ਼ੈਅ ਨਹੀਂ ਹੁੰਦੀ, ਇਹ ਸਿਰਫ ਟਰਿੱਕ ਹੁੰਦੇ ਹਨ, ਜੋ ਕੋਈ ਵੀ ਸਿੱਖ ਸਕਦਾ ਹੈ। ੳੇੁਨ੍ਹਾਂ ਲੋਕਾਂ ਨੂੰ ਲੁਟੇਰੇ ਤੇ ਪਾਖੰਡੀ ਬਾਬਿਆਂ ਤੇ ਤੰਤਰਿਕਾਂ ਤੋਂ ਬਚਣ ਦੀ ਸਲਾਹ ਦਿੱਤੀ।ਤਰਕਸ਼ੀਲ ਸੁਸਾਇਟੀ ਵਲੋਂ ਦਰਸ਼ਕਾਂ ਨੂੰ ਆਪਣਾ ਸਾਹਿਤ ਵੀ ਵੰਡਿਆ।
ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ ਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਵਲੋਂ ਸਾਂਝੇ ਤੌਰ ਤੇ ਕਰਵਾਏ ਗਏ ਇਸ ਨਾਟਕ ਸਮਾਗਮ ਵਿੱਚ ਡਾ. ਸਾਹਿਬ ਸਿੰਘ ਦੇ ਸੋਲੋੋ ਨਾਟਕ ਤੋਂ ਇਲਾਵਾ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਬੱਚਿਆਂ ਦੀ ਯੂਨੀਅਰ ਟੀਮ ਵਲੋਂ ਇੱਕ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਕੋਰੀਉਗਰਾਫੀ ‘ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ, ਜੀਹਨੂੰ ਭੋਰਾ ਨਹੀਉਂ ਡਰ ਸਰਕਾਰ ਦਾ ਤੇ ਨਿੱਤ ਪੁੱਠੇ ਪੰਗੇ ਲੈਂਦਾ ਏ…, ਸਾਨੂੰ ਦੱਸਿਓ, ਜ਼ਰਾ ਕੁ ਗੌਣ ਵਾਲ਼ਿਓ, ਓ ਜੱਟ ਕਿਹੜੇ ਪਿੰਡ ਰਹਿੰਦਾ ਏ…’ ਪੇਸ਼ ਕੀਤੀ ਗਈ। ਯਾਦ ਰਹੇ ਪੰਜਾਬੀ ਗੀਤਾਂ ਵਿੱਚ ਇੱਕ ਅਜਿਹੇ ਜੱਟ ਦੀ ਤਸਵੀਰ ਪੇਸ਼ ਕੀਤੀ ਜਾਂਦੀ ਹੈ, ‘ਜੋ ਬੰਦਾ ਮਾਰ ਕੇ ਕਸੂਰ ਪੁੱਛਦਾ ਹੈ’, ‘ਜੋ ਕਚਹਿਰੀਆਂ ‘ਚ ਮੇਲੇ ਲਾਉਂਦਾ ਹੈ’, ‘ਜਿਹੜਾ, ਜਿੱਥੇ ਹੁੰਦੀ ਹੈ, ਪਾਬੰਦੀ ਹਥਿਆਰ ਦੀ, ਉਥੇ ਉਹ ਫਾਇਰ ਕਰਦਾ ਹੈ’। ਕੋਰੀਓਗਰਾਫੀ ਰਾਹੀਂ ਬੱਚਿਆਂ ਵਲੋਂ ਗਾਇਕਾਂ ਨੂੰ ਵੰਗਾਰ ਪਾਈ ਗਈ ਕਿ ਆਮ ਜੱਟ ਤਾਂ ਕਰਜੇ ਦਾ ਮਾਰਾ ਖੁਦਕੁਸ਼ੀਆਂ ਕਰ ਰਿਹੈ ਤੇ ਤੁਸੀਂ ਕਿਹੜੇ ਜੱਟ ਦੀ ਗੱਲ ਕਰਦੇ ਹੋ…। ਅਖੀਰ ਵਿੱਚ ਖੁਸਕਸ਼ੀਆਂ ਕਰ ਰਹੇ ਕਿਸਾਨ ਨੂੰ ਸੁਨੇਹਾ ਦਿੱਤਾ ਗਿਆ: ‘ਮਰਦ ਦਲੇਰ ਕਮਲ਼ਿਆ ਕਦੇ ਖੁਦਕੁਸ਼ੀਆਂ ਨਹੀਂ ਕਰਦੇ..।’
ਇਸ ਮੌਕੇ ਤੇ ਸਮਾਗਮ ਅਯੋਜਿਤ ਕਰ ਰਹੀਆਂ ਸੰਸਥਾਵਾਂ ਵਲੋਂ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਕਲਾਕਾਰ ਤੇ ਲੇਖਿਕਾ ਅਮਰੀਤ ਗਿੱਲ ਦੀ ਅੰਗਰੇਜ਼ੀ ਕਵਿਤਾਵਾਂ ਦੀ ਕਿਤਾਬ ‘The World in My Hands’, ਇੰਡੀਆ ਦੇ ਨਾਮੀ ਜਨਰਲਿਸਟ ਰਵੀਸ਼ ਕੁਮਾਰ ਦੀ ਅੰਗਰੇਜ਼ੀ ਕਿਤਾਬ ‘The Free Voice on Democracy, Culture and Nation’ ਦਾ ਪੰਜਾਬੀ ਅਨੁਵਾਦ ‘ਲੋਕਤੰਤਰ, ਸੱਭਿਅਚਾਰ ਅਤੇ ਰਾਸ਼ਟਰ ਬਾਰੇ: ਬੋਲ ਬੰਦਿਆ’ ਅਤੇ ਪੰਜਾਬੀ ਦੇ ਉਘੇ ਸ਼ਾਇਰ ਸ਼ਹੀਦ ਅਵਤਾਰ ਪਾਸ਼ ਦੀਆਂ ਚੋਣਵੀਆਂ ਕਵਿਤਾਵਾਂ ਅਧਾਰਿਤ ਲੇਖਕ ਤੇ ਆਲੋਚਕ ਡਾ. ਸੁਰਿੰਦਰ ਧੰਜਲ ਕੈਮਲੂਪਸ ਵਲੋਂ ਸੰਪਾਦਿਤ ਕਿਤਾਬ ‘ਖੇਤਾਂ ਦਾ ਪੁੱਤ: ਪਾਸ਼’ ਨੂੰ ਡਾ. ਸਾਹਿਬ ਸਿੰਘ, ਡਾ ਸੁਰਿੰਦਰ ਧੰਜਲ ਤੇ ਕੈਲਗਰੀ ਦੀਆਂ ਵੱਖ-ਵੱਖ ਸੰਸਥਾਵਾਂ ਤੇ ਮੀਡੀਆ ਸਖਸ਼ੀਅਤਾਂ ਵਲੋਂ ਰਿਲੀਜ਼ ਕੀਤੀਆਂ ਗਈਆਂ।
ਇਸ ਮੌਕੇ ਤੇ ਡਾ. ਸਾਹਿਬ ਸਿੰਘ ਅਤੇ ਡਾ ਸੁਰਿੰਦਰ ਧੰਜਲ ਨੂੰ ਕੈਲਗਰੀ ਦੀਆਂ ਮਾਨਯੋਗ ਸਖਸ਼ੀਅਤਾਂ ਵਲੋਂ ਉਨ੍ਹਾਂ ਦੀਆਂ ਸਮਾਜ ਪ੍ਰਤੀ ਲੋਕ-ਪੱਖੀ ਸੇਵਾਵਾਂ ਲਈ ਵਿਸ਼ੇਸ਼ ਪਲੈਕਸ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਪ੍ਰੌਗਰੈਸਿਵ ਕਲਾ ਮੰਚ ਦੇ ਯੂਨੀਅਰ ਕਲਾਕਾਰਾਂ ਨੂੰ ਟਰਾਫੀਆਂ ਨਾਲ਼ ਸਨਾਮਮਿਤ ਕੀਤਾ ਗਿਆ।
ਕੈਲਗਰੀ ਵਿੱਚ ਡਾ. ਸਾਹਿਬ ਸਿੰਘ ਵਲੋਂ ‘ਧੰਨੁ ਲੇਖਾਰੀ ਨਾਨਕਾ’ ਦੀ ਸਫਲ ਪੇਸ਼ਕਾਰੀ!
ਨਾਟਕ ਸਮਾਗਮ ਦੌਰਾਨ ਹੇਠ ਲਿਖੇ ਕੁਝ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਦਰਸ਼ਕਾਂ ਨੇ ਭਾਰੀ ਉਤਸ਼ਾਹ ਨਾਲ਼ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ:
- ਭੀਮਾ ਕੋਰੇਗਾਓਂ ਅਤੇ ਹੋਰ ਕੇਸਾਂ ਤਹਿਤ ‘‘ਸ਼ਹਿਰੀ ਨਕਸਲੀ’’ ਕਰਾਰ ਦੇ ਕੇ ਦੋ ਦਰਜਨ ਤੋਂ ਵਧੇਰੇ ਉੱਘੇ ਲੋਕਪੱਖੀ ਬੁੱਧੀਜੀਵੀ ਅਤੇ ਲੋਕ ਹੱਕਾਂ ਦੇ ਘੁਲਾਟੀਏ ਕਈ ਸਾਲਾਂ ਤੋਂ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿਚ ਡੱਕੇ ਹੋਏ ਹਨ। ਇਸੇ ਤਰ੍ਹਾਂ ਦਿੱਲੀ ਹਿੰਸਾ ਕੇਸ ਵਿਚ ਫਿਰਕੂ ਕਤਲੇਆਮ ਕਰਵਾਉਣ ਵਾਲੇ ਅਸਲ ਦੋਸ਼ੀ ਭਗਵੇਂ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਮਾਜਿਕ ਸਦਭਾਵਨਾ ਅਤੇ ਭਾਈਚਾਰਿਆਂ ਨੂੰ ਬਚਾਉਣ ਲਈ ਕੰਮ ਕਰਨ ਵਾਲੇ ਕਾਰਕੁਨਾਂ ਅਤੇ ਵਿਦਿਆਰਥੀ ਆਗੂਆਂ ਨੂੰ ਦੰਗਿਆਂ ਦੀ ਸਾਜ਼ਿਸ਼ ਦੇ ਦੋਸ਼ੀ ਕਹਿਕੇ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਉਨ੍ਹਾਂ ਨੂੰ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿਚ ਬੰਦ ਰੱਖਣ ਅਤੇ ਜ਼ਮਾਨਤ ਨਾ ਦੇਣ ਤੋਂ ਸਾਫ਼ ਜ਼ਾਹਿਰ ਹੈ ਕਿ ਸਰਕਾਰ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਕੇਸਾਂ ਰਾਹੀਂ ਉਨ੍ਹਾਂ ਨੂੰ ਜੇਲ੍ਹਾਂ ਵਿਚ ਸਾੜਨਾ/ਮਾਰਨਾ ਚਾਹੁੰਦੀ ਹੈ ਅਤੇ ਡਰ ਦਾ ਮਾਹੌਲ ਸਿਰਜਣਾ ਚਾਹੁੰਦੀ ਹੈ। ਇਹ ਆਪਣੇ ਹੀ ਲੋਕਾਂ ਵਿਰੁਧ ਜੰਗ ਦਾ ਹੀ ਰੂਪ ਹੈ। ਜ਼ਿਆਦਾਤਰ ਰਾਜਨੀਤਕ ਕੈਦੀ ਬਿਰਧ ਅਵੱਸਥਾ ’ਚ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ। ਜੇਲ੍ਹਾਂ ਦੇ ਅਣਮਨੁੱਖੀ ਹਾਲਾਤ ਕਾਰਨ ਅਤੇ ਇਲਾਜ ਦੀ ਅਣਹੋਂਦ ਕਾਰਨ ਸਟੈਨ ਸਵਾਮੀ ਅਤੇ ਆਦਿਵਾਸੀ ਕਾਰਕੁਨ ਪਾਂਡੂ ਨਰੋਟੇ ਜੇਲ੍ਹ ਵਿਚ ਹੀ ਸਦੀਵੀ ਵਿਛੋੜਾ ਦੇ ਗਏ ਜੋ ਕਿ ਸੰਸਥਾਗਤ ਕਤਲ ਹੈ। ਪ੍ਰੋਫੈਸਰ ਸਾਈਬਾਬਾ90% ਅਪਾਹਜ ਹਨ ਜਿਸ ਨੂੰ ਉਚਿਤ ਇਲਾਜ ਤੇ ਜੀਵਨ ਸਹੂਲਤਾਂ ਤੋਂ ਵਾਂਝਾ ਰੱਖ ਕੇ ਸਟੇਨ ਸਵਾਮੀ ਅਤੇ ਪਾਂਡੂ ਨਰੋਟੇ ਦੀ ਤਰ੍ਹਾਂ ਜੇਲ੍ਹ ਵਿਚ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੋਫੈਸਰ ਸਾਈਬਾਬਾ ਅਤੇ 4 ਹੋਰ ਕਾਰਕੁਨਾਂ ਨੂੰ ਪਿਛਲੇ ਦਿਨੀਂ ਬੰਬਈ ਹਾਈਕੋਰਟ ਨੇ ਬਰੀ ਕਰ ਦਿੱਤਾ ਸੀ ਪਰ ਮਹਾਰਾਸ਼ਟਰ ਸਰਕਾਰ ਦੀ ਨਾਵਾਜਬ ਅਪੀਲ ਸਵੀਕਾਰ ਕਰਕੇ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਰਿਹਾਈ ਉੱਪਰ ਰੋਕ ਲਗਾ ਦਿੱਤੀ। ਚਾਹੇ ਭੀਮਾ-ਕੋਰੇਗਾਓਂ ਕੇਸ ਹੈ ਜਾਂ ਦਿੱਲੀ ਹਿੰਸਾ ਦੇ ਕੇਸ, ਜਿਨ੍ਹਾਂ ਕਾਰਕੁਨਾਂ ਨੂੰ ਜ਼ਮਾਨਤ ਦਿੱਤੀ ਗਈ ਹੈ ਉਨ੍ਹਾਂ ਉੱਪਰ ਝੂਠੇ ਕੇਸਾਂ ਦੀ ਤਲਵਾਰ ਲਗਾਤਾਰ ਲਟਕ ਰਹੀ ਹੈ। ਉਨ੍ਹਾਂ ਦੀ ਨਿੱਜਤਾ ਉੱਪਰ ਸਖਤ ਪਾਬੰਦੀਆਂ ਹਨ ਅਤੇ ਪੁਲਿਸ ਲਗਾਤਾਰ ਉਨ੍ਹਾਂ ਉੱਪਰ ਨਜ਼ਰ ਰੱਖ ਰਹੀ ਹੈ। ਅੱਜ ਦਾ ਇਕੱਠ ਮੰਗ ਕਰਦਾ ਹੈ ਕਿ ਜ਼ੁਬਾਨਬੰਦੀ ਦੇ ਮਨੋਰਥ ਨਾਲ ਜੇਲ੍ਹਾਂ ਵਿਚ ਡੱਕੇ ਸਾਰੇ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਹੱਕਾਂ ਦੇ ਕਾਰਕੁੰਨਾਂ ਨੂੰ ਬਿਨਾਂ ਸ਼ਰਤ, ਤੁਰੰਤ ਰਿਹਾਅ ਕੀਤਾ ਜਾਵੇ। ਇਕੱਠ ਇਹ ਵੀ ਮੰਗ ਕਰਦਾ ਹੈ ਕਿ ਵੱਖ-ਵੱਖ ਰਾਜਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਸਿਆਸੀ ਅਤੇ ਦੂਸਰੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
- ਯੂਏਪੀਏ, ਅਫਸਪਾ, ਪਬਲਿਕ ਸੇਫਟੀ ਐਕਟ (ਵੱਖ ਵੱਖ ਰਾਜਾਂ ਅੰਦਰ), ਦੇਸ਼ ਧ੍ਰੋਹ, ਅਫਸਪਾ ਤੇ ਹੋਰ ਕਾਲੇ ਕਾਨੂੰਨ, ਭਾਰਤੀ ਹੁਕਮਰਾਨਾਂ ਵੱਲੋਂ ਲੋਕ ਸੰਘਰਸ਼ਾਂ ਅਤੇ ਕੌਮੀਅਤਾਂ ਦੀਆਂ ਜਮਹੂਰੀ ਰੀਝਾਂ ਨੂੰ ਦਬਾਉਣ, ਉਨ੍ਹਾਂ ਦੇ ਹੱਕੀ ਸੰਘਰਸ਼ਾਂ ਨੂੰ ਸੱਤਾ ਦੇ ਡੰਡੇ ਦੇ ਜ਼ੋਰ ਕੁਚਲਣ ਲਈ ਈਜਾਦ ਕੀਤੇ ਸੰਦ ਹਨ। ਆਦਿਵਾਸੀ ਇਲਾਕਿਆਂ, ਜੰਮੂ ਕਸ਼ਮੀਰ ਤੇ ਉਤਰੀ ਪੂਰਬੀ ਰਾਜਾਂ ਦੇ ਚੱਪੇ ਚੱਪੇ ਉੱਪਰ ਪੁਲਿਸ, ਫ਼ੌਜ ਅਤੇ ਨੀਮ-ਫ਼ੌਜੀ ਤਾਕਤਾਂ ਤਾਇਨਾਤ ਹਨ। ਇਕੱਠ ਮੰਗ ਕਰਦਾ ਹੈ ਕਿ ਇਨ੍ਹਾਂ ਸਾਰੇ ਰਾਜਾਂ ਵਿੱਚੋਂ ਫ਼ੌਜ ਅਤੇ ਹੋਰ ਹਥਿਆਰਬੰਦ ਸੁਰੱਖਿਆ ਤਾਕਤਾਂ ਤੁਰੰਤ ਵਾਪਸ ਬੁਲਾਈਆਂ ਜਾਣ, ਸੁਰੱਖਿਆ ਬਲਾਂ ਦੇ ਕੈਂਪ ਤੁਰੰਤ ਹਟਾਏ ਜਾਣ ਅਤੇ ਸਾਰੇ ਗ਼ੈਰਕਾਨੂੰਨੀ ਗਰੋਹ ਭੰਗ ਕੀਤੇ ਜਾਣ। ਆਦਿਵਾਸੀ ਲੋਕਾਂ ਵਿਰੁੱਧ ਓਪਰੇਸ਼ਨ ਗ੍ਰੀਨ ਹੰਟ ਅਤੇ ਹੋਰ ਨਾਵਾਂ ਹੇਠ ਜਬਰ ਦੀਆਂ ਮੁਹਿੰਮਾਂ ਤੁਰੰਤ ਬੰਦ ਕੀਤੀਆਂ ਜਾਣ। ਬਸਤਰ ਵਿਚ ਆਦਿਵਾਸੀ ਸੰਘਰਸ਼ ਨੂੰ ਦਬਾਉਣ ਲਈ ਡਰੋਨਾਂ ਰਾਹੀਂ ਬੰਬ ਸੁੱਟਣੇ ਬੰਦ ਕੀਤੇ ਜਾਣ।
- ਮੁਸਲਮਾਨ ਫਿਰਕੇ ਵਿਰੁੱਧ ਆਰ.ਐੱਸ.ਐੱਸ.-ਬੀ.ਜੇ.ਪੀ. ਦੀ ਬਦਲਾਖ਼ੋਰ ਮੁਹਿੰਮ ਹਜੂਮੀ ਹਿੰਸਾ ਤੋਂ ਸ਼ੁਰੂ ਹੋ ਕੇ ਆਰਥਿਕ ਬਾਈਕਾਟ, ਨਮਾਜ ਅਤੇ ਹਿਜਾਬ ਉੱਪਰ ਪਾਬੰਦੀਆਂ, ਸ਼ੋਭਾ ਯਾਤਰਾਵਾਂ ਦੇ ਨਾਂ ਹੇਠ ਹਥਿਆਰਬੰਦ ਹੜਦੁੰਗ ਮਚਾਉਣ, ਧਰਮ ਸੰਸਦਾਂ ਆਯੋਜਿਤ ਕਰਕੇ ਮੁਸਲਮਾਨਾਂ ਦੇ ਕਤਲੇਆਮ ਅਤੇ ਬਲਾਤਕਾਰ ਦੇ ਸੱਦੇ ਦੇਣ ਅਤੇ ਰਾਜ ਮਸ਼ੀਨਰੀ ਦੀ ਮੱਦਦ ਨਾਲ ਉਨ੍ਹਾਂ ਦੇ ਘਰਾਂ ਅਤੇ ਕਾਰੋਬਾਰਾਂ ਉੱਪਰ ਬੁਲਡੋਜਰ ਚਲਾਉਣ ਤੱਕ ਪਹੁੰਚ ਗਈ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨਾ ਸਿਰਫ਼ ਮੂਕ ਦਰਸ਼ਕ ਬਣਿਆ ਹੋਇਆ ਹੈ ਸਗੋਂ ਹਿੰਸਕ ਹਮਲਿਆਂ ’ਚ ਪੁਲਿਸ ਦੀ ਪੱਖਪਾਤੀ ਭੂਮਿਕਾ ਅਤੇ ਮਿਲੀਭੁਗਤ ਸਾਫ਼ ਦੇਖੀ ਜਾ ਸਕਦੀ ਹੈ। ਇਕੱਠ ਮੰਗ ਕਰਦਾ ਹੈ ਕਿ ਮੁਸਲਮਾਨਾਂ ਨੂੰ ਦੋਇਮ ਦਰਜੇ ਦੇ ਨਾਗਰਿਕ ਬਣਾਉਣ ਦਾ ਭਗਵਾਂ ਪ੍ਰੋਜੈਕਟ ਤੁਰੰਤ ਬੰਦ ਕੀਤਾ ਜਾਵੇ। ਦਲਿਤਾਂ, ਔਰਤਾਂ ਅਤੇ ਹੋਰ ਹਾਸ਼ੀਏ ’ਤੇ ਧੱਕੇ ਹਿੱਸਿਆਂ ਨੂੰ ਦਬਾਉਣਾ ਬੰਦ ਕੀਤਾ ਜਾਵੇ।
- ਦੁਨੀਆ ਦੇ ਪ੍ਰੈੱਸ ਆਜ਼ਾਦੀ ਦੇ ਸੂਚਕ ਅੰਕ ਮੁਤਾਬਿਕ ਭਾਰਤ ਦਾ180 ਦੇਸ਼ਾਂ ਵਿੱਚ 150ਵੇਂ ਦਰਜੇ ’ਤੇ ਜਾ ਡਿਗਣਾ ਭਾਜਪਾ ਦੇ ਰਾਜ ਵਿਚ ਵਿਚਾਰਾਂ ਦੀ ਆਜ਼ਾਦੀ ਅਤੇ ਪ੍ਰੈੱਸ ਉੱਪਰ ਵੱਖ ਵੱਖ ਤਰੀਕਿਆਂ ਨਾਲ ਹਮਲੇ ਦਾ ਸਬੂਤ ਹੈ। ਪ੍ਰਧਾਨ ਮੰਤਰੀ, ਭਾਜਪਾਈ ਮੁੱਖ ਮੰਤਰੀ ਜਾਂ ਭਾਜਪਾ ਦਾ ਵਿਰੋਧ ਕਰਨ ਵਾਲਿਆਂ (ਪੱਤਰਕਾਰਾਂ, ਸੋਸ਼ਲ ਮੀਡੀਆ ਉੱਪਰ ਕੁਮੈਂਟ ਕਰਨ ਵਾਲਿਆਂ) ਨੂੰ ਝੂਠੇ ਕੇਸਾਂ ’ਚ ਫਸਾ ਕੇ ਜਾਗਰੂਕ ਅਤੇ ਹੁਕਮਰਾਨ ਧਿਰ ਨਾਲ ਅਸਹਿਮਤ ਨਾਗਰਿਕਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ। ਭਾਰਤ ਦੇ ਹਾਲਾਤਾਂ ਦੀ ਸੱਚੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜਿਵੇਂ ਪਿਛਲੇ ਦਿਨੀਂ ਕਸ਼ਮੀਰੀ ਫ਼ੋਟੋ ਜਰਨਲਿਸਟ ਸਾਨਾ ਇਰਸ਼ਾਦ ਮੱਟੂ ਅਤੇ ਗੌਹਰ ਗਿਲਾਨੀ ਨੂੰ ਦਿੱਲੀ ਏਅਰਪੋਰਟ ਉੱਪਰ ਫਲਾਈਟ ਲੈਣ ਤੋਂ ਰੋਕ ਦਿੱਤਾ ਗਿਆ। ਪੱਤਰਕਾਰ ਰਾਣਾ ਅਯੂਬ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਅਤੇ ਹੁਣ ਉਸ ਵਿਰੁੱਧ ਮਨੀ ਲਾਂਡਰਿੰਗ ਦੇ ਝੂਠੇ ਕੇਸ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਪ੍ਰੈੱਸ ਦੀ ਆਜ਼ਾਦੀ ਦਾ ਗਲਾ ਘੁੱਟਣ ਲਈ ਈ.ਡੀ. ਦੇ ਛਾਪਿਆਂ ਅਤੇ ਝੂਠੇ ਕੇਸਾਂ ਸਮੇਤ ਹਰ ਹਰਬਾ ਵਰਤਿਆ ਜਾ ਰਿਹਾ ਹੈ। ਕਸ਼ਮੀਰੀ ਅਤੇ ਹੋਰ ਕਈ ਪੱਤਰਕਾਰ ਜੇਲ੍ਹਾਂ ਵਿਚ ਡੱਕੇ ਹੋਏ ਹਨ। ਇਕੱਠ ਮੰਗ ਕਰਦਾ ਹੈ ਕਿ ਵਿਚਾਰਾਂ ਦੀ ਆਜ਼ਾਦੀ ਅਤੇ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲੇ ਅਤੇ ਝੂਠੇ ਕੇਸ ਪਾਉਣੇ ਬੰਦ ਕੀਤੇ ਜਾਣ। ਜੇਲ੍ਹਾਂ ਵਿਚ ਡੱਕੇ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਪੱਤਰਕਾਰਾਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਬੰਦ ਕੀਤਾ ਜਾਵੇ।