ਮਾਸਟਰ ਭਜਨ ਸਿੰਘ ਕੈਲਗਰੀ: ਲੰਘੇ ਵੀਕਐਂਡ ਤੇ ਐਤਵਾਰ 16 ਅਕਤੂਬਰ, 2022 ਨੂੰ ਮਾਸਟਰ ਭਜਨ ਸਿੰਘ ਤੇ ਟੀਮ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਚੌਥਾ ਤੇ ਆਖ਼ਰੀ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕਿਤਾਬਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਮਿੰਨੀ ਲਾਇਬ੍ਰੇਰੀਆਂ ਵੀ ਬਣਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਦਾ ਇਹ ਆਖਰੀ ਮੇਲਾ ਹੈ ਤੇ ਇਸ ਤੋਂ ਬਾਅਦ ਠੰਡ ਕਾਰਨ ਬਾਹਰ ਦੀਆਂ ਗਤੀਵਿਧੀਆਂ ਘਟ ਜਾਂਦੀਆਂ ਹਨ ਤਾਂ ਕਿਤਾਬਾਂ ਤੁਹਾਡੀਆਂ ਸਾਥੀ ਬਣ ਸਕਦੀਆਂ ਹਨ। ਇਹ ਮੇਲਾ ਬੇਸ਼ਕ ਆਖਰੀ ਹੈ, ਪਰ ਤੁਸੀ ਕਿਸੇ ਸਮੇਂ ਵੀ ਫ਼ੋਨ ਕਰਕੇ ਕਿਤਾਬਾਂ ਲੈ ਸਕਦੇ ਹੋ। ਉਨ੍ਹਾਂ ਪਾਠਕਾਂ ਨੂੰ ਸੁਝਾਅ ਦਿੱਤਾ ਕਿ ਸਾਨੂੰ ਆਪਣੇ ਬੱਚਿਆਂ ਵਿੱਚ ਕਿਤਾਬਾਂ ਪੜ੍ਹਨ ਦਾ ਉਤਸ਼ਾਹ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਮੀਡੀਏ ਵਲੋਂ ਅੱਜ ਦੇ ਮੇਲੇ ਲਈ ਕਵਰੇਜ ਕਰਨ ਆਏ ਰਿਸ਼ੀ ਨਾਗਰ, ਰੈਡ ਐਫ ਐਮ ਰੇਡੀਉ, ਹਰਬੰਸ ਬੁੱਟਰ ਤੇ ਗਗਨ, ਪੰਜਾਬੀ ਅਖਬਾਰ ਤੇ ਪ੍ਰਾਈਮ ਏਸ਼ੀਆ ਟੀ ਵੀ, ਹਰਚਰਨ ਪ੍ਰਹਾਰ, ਸਿੱਖ ਵਿਰਸਾ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਪੁਸਤਕ ਮੇਲੇ ਦਾ ਉਦਘਾਟਨ ਪ੍ਰੌਗਰੈਸਿਵ ਕਲਾ ਮੰਚ ਦੇ ਕਲਾਕਾਰ ਕਮਲ ਸਿੱਧੂ ਵੱਲੋਂ ਕੀਤਾ ਗਿਆ। ਇੱਥੇ ਯਾਦ ਰਹੇ ਕਿ ਕਮਲ ਸਿੱਧੂ ਨੇ ਪੁਸਤਕ ਮੇਲਿਆਂ ਤੋਂ ਉਤਸ਼ਾਹਿਤ ਹੋ ਕੇ ਆਪਣੇ ਘਰ ਦੇ ਬਾਹਰ ਪਾਠਕਾਂ ਦੇ ਪੜ੍ਹਨ ਲਈ ਲਾਇਬ੍ਰੇਰੀ ਬਣਾਈ ਹੋਈ ਹੈ, ਜਿੱਥੋ ਕੋਈ ਵੀ ਪਾਠਕ ਕਿਤਾਬ ਲੈ ਸਕਦਾ ਹੈ ਤੇ ਪੜ੍ਹ ਕੇ ਉੱਥੇ ਵਾਪਿਸ ਰੱਖ ਸਕਦਾ ਹੈ। ਇੱਕ ਰੋਜ਼ਾ ਇਸ ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਨਾ ਸਿਰਫ ਬੜੇ ਉਤਸ਼ਾਹ ਨਾਲ ਕਿਤਾਬਾਂ ਹੀ ਖਰੀਦੀਆਂ, ਸਗੋਂ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ, ਸਰੋਕਾਰਾਂ ਦੀ ਅਵਾਜ਼ ਵਲੋਂ ਸ਼ਨੀਵਾਰ 22 ਅਕਤੂਬਰ, 2022 ਨੂੰ ਡਾ ਸਾਹਿਬ ਸਿੰਘ ਦੇ ਕਰਵਾਏ ਜਾ ਰਹੇ ਸੋਲੋ ਨਾਟਕ ‘ਧਨੁ ਲੇਖਾਰੀ ਨਾਨਕਾ’ ਦੀਆਂ ਟਿਕਟਾਂ ਵੀ ਬੜੇ ਉਤਸ਼ਾਹ ਨਾਲ਼ ਖਰੀਦੀਆਂ। ਪ੍ਰਬੰਧਕਾਂ ਵਲੋਂ 22 ਅਕਤੂਬਰ ਦੇ ਨਾਟਕ ਸਮਾਗਮ ਵਿੱਚ ਪਹੁੰਚਣ ਦਾ ਸਭ ਨੂੰ ਖੁੱਲ੍ਹਾ ਸੱਦਾ ਦਿਤਾ। ਪੁਸਤਕ ਮੇਲੇ ਦੇ ਪ੍ਰਬੰਧਕਾਂ ਵਲੋਂ ਪਾਠਕਾਂ ਵਲੋਂ ਦਿਖਾਏ ਉਤਸ਼ਾਹ ਤੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਕੈਲਗਰੀ ਵਿੱਚ ਦਿਨੋਂ ਦਿਨ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ। ਪਾਠਕਾਂ ਵਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ। ਬੇਸ਼ਕ ਇਹ ਇੱਕ ਰੋਜ਼ਾ ਪੁਸਤਕ ਮੇਲਾ ਸਮਾਪਤ ਹੋ ਗਿਆ ਸੀ, ਪਰ ਮਾਸਟਰ ਜੀ ਕੋਲ਼ ਕਿਤਾਬਾਂ ਦਾ ਸਟਾਕ ਖਤਮ ਨਹੀਂ ਹੋਇਆ। ਤੁਸੀਂ ਮਾਸਟਰ ਭਜਨ ਸਿੰਘ ਜੀ ਨਾਲ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਤੋਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਤੇ ਨਾਟਕ ਦੀਆਂ ਟਿਕਟਾਂ ਜਦੋਂ ਮਰਜੀ ਉਨ੍ਹਾਂ ਦੇ ਘਰੋਂ ਜਾ ਕੇ ਖਰੀਦ ਸਕਦੇ ਹੋ ਅਤੇ ਜੇ ਕੋਈ ਕਿਤਾਬ ਸਟਾਕ ਵਿੱਚ ਨਾ ਹੋਵੇ ਤਾਂ ਆਰਡਰ ਵੀ ਕਰ ਸਕਦੇ ਹੋ?