ਜੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਹਰ ਮਹੀਨੇ ਕੁਝ ਨਵਾਂ ਤੇ ਵਿਲੱਖਣ ਕਰਨ ਲਈ ਕਾਰਜਸ਼ੀਲ ਹੈ।ਇਸ ਸਾਲ ਵਿੱਚ ਵੱਖ ਵੱਖ ਲੇਖਕਾਂ ਦੀਆਂ ਕਈ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ।ਦੂਰ ਦੁਰਾਡੇ (ਦੇਸ਼-ਵਿਦੇਸ਼) ਤੋਂ ਆਏ ਲੇਖਕਾਂ,ਬੁੱਧੀਜੀਵੀਆਂ ਦਾ ਮਾਨ-ਸਨਮਾਨ ਵੀ ਕੀਤਾ ਗਿਆ ਅਤੇ ਪ੍ਰਭਾਵਸ਼ਾਲੀ ਵਿਸ਼ਿਆਂ ਉੱਤੇ ਗੱਲਬਾਤ ਵੀ ਹੋਈ।ਇਸੇ ਲੜੀ ਵਿੱਚ ਇਸ ਵਾਰ ਸਾਹਿਤ ਜਗਤ ਦੇ ਪ੍ਰਸਿੱਧ ਕਹਾਣੀਕਾਰ ਤੇ ਹਰ ਵਿਸ਼ੇ ਉੱਤੇ ਖਾਸ ਪਕੜ ਤੇ ਜਾਣਕਾਰੀ ਰੱਖਣ ਵਾਲੇ ਬੁਲਾਰੇ ਬਲਵਿੰਦਰ ਗਰੇਵਾਲ ਜੀ ਹਾਜ਼ਰੀਨ ਦੇ ਰੂਬਰੂ ਹੋਏ।ਸਤੰਬਰ ਮਹੀਨਾਵਾਰ ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਜਿੱਥੇ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ,ਉੱਥੇ ਹੀ ਇਸ ਮਹੀਨੇ ਨਾਲ ਸੰਬੰਧਤ ਚਰਚਿਤ ਇਤਿਹਾਸਿਕ ਤੇ ਵਰਤਮਾਨ ਘਟਨਾਵਾਂ ਦਾ ਜ਼ਿਕਰ ਵੀ ਕੀਤਾ।ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਣ ਲਈ ਸਭਾ ਦੇ ਪ੍ਰਧਾਨ ਦਵਿੰਦਰ ਮਲਹਾਂਸ,ਕਹਾਣੀਕਾਰ ਬਲਵਿੰਦਰ ਗਰੇਵਾਲ ਤੇ ਹੋਣਹਾਰ ਲੇਖਿਕਾ ਪਰਮਜੀਤ ਕੌਰ ਨੂੰ ਸੱਦਾ ਦਿੱਤਾ।ਪ੍ਰਧਾਨ ਦਵਿੰਦਰ ਮਲਹਾਂਸ ਨੇ ਪਹਿਲਾਂ ਆਏ ਹੋਏ ਹਾਜ਼ਰੀਨ ਲਈ ਸਵਾਗਤੀ ਸ਼ਬਦ ਕਹੇ ਤੇ ਫਿਰ ਕਹਾਣੀਕਾਰ ਬਲਵਿੰਦਰ ਗਰੇਵਾਲ ਦੀਆਂ ਲਿਖਤਾਂ ਤੇ ਸਖਸ਼ੀਅਤ ਬਾਰੇ ਵੇਰਵਾ ਸਾਂਝਾ ਕਰਦਿਆਂ ਕਿਹਾ-‘ਉਨ੍ਹਾਂ ਤਿੰਨ ਕਹਾਣੀ ਸੰਗ੍ਰਹਿ ਪੰਜਾਬੀ ਪਾਠਕ ਜਗਤ ਦੀ ਝੋਲੀ ਪਾਏ ਹਨ ਤੇ ‘ਸਾਡੇ ਆਲੇ’ ਅਤੇ ‘ਨਾਬਰ’ ਵਰਗੀਆਂ ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ ਵੀ ਲਿਖੀਆਂ ਹਨ।ਬਲਵਿੰਦਰ ਗਰੇਵਾਲ ਉਹ ਕਹਾਣੀਕਾਰ ਹੈ,ਜੋ ਧਾਰਮਿਕ,ਰਾਜਨੀਤਕ ਅਤੇ ਸੱਭਿਆਚਾਰ ਦੇ ਤਾਣੇ ਬਾਣੇ ਵਿਚੋਂ ਪਾਤਰ ਸਿਰਜਦਾ ਹੈ,ਉਸਦੇ ਲਈ ਦਰੱਖਤ ਤੋਂ ਟੁੱਟੇ ਪੱਤੇ ਦਾ ਧਰਤੀ ਤੱਕ ਡਗਮਗਾ ਕੇ ਡਿੱਗਣਾ ਵੀ ਕਹਾਣੀ ਲਿਖਣ ਦਾ ਜ਼ਰੀਆ ਬਣ ਜਾਂਦਾ ਹੈ।ਉਨ੍ਹਾਂ ਦੀ ਸ਼ਾਹਕਾਰ ਕਹਾਣੀ ‘ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ’ ਦਾ ਵਾਰਤਾਲਾਪ ਵੀ ਸਾਂਝਾ ਕੀਤਾ।ਫਿਰ ਹਾਜ਼ਰੀਨ ਦੀਆਂ ਭਰਪੂਰ ਤਾੜੀਆਂ ਵਿੱਚ ਬਲਵਿੰਦਰ ਗਰੇਵਾਲ ਨੂੰ ਮਾਈਕ ਤੇ ਸੱਦਾ ਦਿੱਤਾ।ਜਨਰਲ ਸਕੱਤਰ ਜੋਰਾਵਰ ਬਾਂਸਲ ਵੱਲੋਂ ਵਰਤਮਾਨ ਘਟਨਾਵਾਂ,ਜੋ ਪਿਛਲੇ ਦਿਨੀਂ ਟੋਰਾਂਟੋ ਅਤੇ ਵੈਨਕੂਵਰ ਵਿੱਚ ਪੰਜਾਬੀ ਨੌਜਵਾਨਾਂ ਦਰਮਿਆਨ ਵਾਪਰੀਆਂ।ਉਸੇ ਵਿਸ਼ੇ ਨੂੰ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਛੋਹਿਆ ਤੇ ਕਿਹਾ-‘ਵਰਤਮਾਨ ਪੀੜ੍ਹੀ ਨੂੰ ਜੋ ਅਸੀਂ ਦਿੱੱਤਾ ਹੈ ਜਾਂ ਦੇ ਰਹੇ ਹਾਂ।ਉਸੇ ਦੇ ਆਧਾਰ ਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਬਣ ਰਹੀ ਹੈ।ਰਿਸ਼ਤਿਆਂ ਵਿੱਚ ਠੱਗੀ-ਠੋਰੀ,ਵਿਦੇਸ਼ ਜਾਣ ਲਈ ਝੂਠੇ ਵਿਆਹ,ਆਈਲੈੱਟਸ ਦੇ ਨਾਮ ਉੱਤੇ ਸੌਦੇ,ਵਿਦੇਸ਼ ਆ ਕੇ ਰਿਸ਼ਤੇਦਾਰ ਤੇ ਸਕੇ ਸਬੰਧੀਆਂ ਨਲ ਮਤਲਬ ਤੱਕ ਵਰਤ ਕੇ ਪਰ੍ਹੇ ਹੋ ਜਾਣ ਦੀ ਸਿੱਖਿਆ ਆਦਿ ਸਭ ਵਰਤਾਰੇ ਲਈ ਅਸੀਂ ਆਪ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਆਚਾਰ ਨਹੀਂ ਸਿਰਫ਼ ਪ੍ਰਚਾਰ ਤੱਕ ਸੀਮਤ ਰਹਿ ਗਏ ਹਾਂ। ਸਿਰਫ ਨਿੱਜ ਪ੍ਰਤੀ ਖੁਦਗਰਜ਼ ਹੋ ਗਏ ਹਾਂ।ਉਨ੍ਹਾਂ ਕਿਹਾ ਕਿ ਪੰਜਾਬੀਆਂ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਕੁਝ ਪਲਾਜ਼ੇ ਨੌਜਵਾਨਾ ਦੀ ਲੜਾਈ ਦੇ ਜੰਕਸ਼ਨ ਵਜੋਂ ਜਾਣੇ ਜਾਂਦੇ ਹਨ।ਉਨ੍ਹਾਂ ਜੀਵਨ ਜਾਂਚ ਤੇ ਬਹੁਤ ਪ੍ਰਭਾਵਸ਼ਾਲੀ ਨੁਕਤੇ ਸਾਂਝੇ ਕੀਤੇ ਤੇ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।ਜਿਸ ਚਰਚਾ ਵਿੱਚ ਸਰਬਜੀਤ ਜਵੰਧਾ ਸੁਭੋਦ ਸ਼ਰਮਾ,ਜਗਦੀਸ਼ ਚੋਹਕਾ ਆਦਿ ਨੇ ਭਾਗ ਲਿਆ।ਸਭਾ ਦੀ ਕਾਰਜਕਾਰੀ ਕਮੇਟੀ ਵੱਲੋਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਆ ਗਿਆ।ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਮਾਸਟਰ ਜੀਤ ਸਿੰਘ ਨੇ ਇਕ ਬਹੁਤ ਹੀ ਭਾਵਪੂਰਤ ਕਵਿਤਾ ਨਾਲ ਕੀਤੀ।ਹਰੀਪਾਲ ਜੀ ਨੇ ਆਪਣੀ ਸ਼ਾਹਕਾਰ ਰਚਨਾ ‘ਬਨਵਾਸ ਨੂੰ ਵਾਪਸੀ’ ਸੁਣਾ ਕੇ ਸਭ ਨੂੰ ਭਾਵੁਕ ਕੀਤਾ।ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਹਰੀਪਾਲ ਦੀ ਇਸ ਰਚਨਾ ਦੀ ਖੂਬ ਪ੍ਰਸ਼ੰਸਾ ਕੀਤੀ ਤੇ ਕਵਿਤਾ ਦੇ ਭਾਵ ਵਿੱਚੋਂ ਕਈ ਨੁਕਤੇ ਉਠਾਏ।ਮੌਲਿਕ ਲੇਖਿਕਾ ਸੁਖਜੀਤ ਸੈਣੀ ਨੇ ਆਪਣੀ ਸੰਜੀਦਾ ਤੇ ਅਰਥ ਭਰਪੂਰ ਕਵਿਤਾ ‘ਤੇਰੀ ਮੇਰੀ ਕਹਾਣੀ’ ਸੁਣਾ ਕੇ ਸਭ ਨੂੰ ਪ੍ਰਭਾਵਿਤ ਕੀਤਾ।ਅਵਤਾਰ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਗੀਤ ਤਰਲੋਚਨ ਸੈਂਭੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ‘ਪੈਰਾਂ ਦੀ ਮਿੱਟੀਏ’ ਸੁਣਾਇਆ।ਮੀਤ ਪ੍ਰਧਾਨ ਬਲਵੀਰ ਗੋਰਾ ਨੇ ‘ਬੀਤੇ ਨੂੰ ਚੇਤੇ ਕਰ’ ਖੂਬਸੂਰਤ ਗੀਤ ਸੁਣਾਇਆ।ਇਸ ਮੀਟਿੰਗ ਲਈ ਚਾਹ,ਪਕੌੜੇ ਮਠਿਆਈ ਆਦਿ ਦੀ ਮਹਿਮਾਨ ਨਿਵਾਸੀ ਵਿਸ਼ੇਸ਼ ਤੌਰ ਤੇ ਉਨ੍ਹਾਂ ਵੱਲੋਂ ਉਨ੍ਹਾਂ ਦੇ ਘਰ ਇੱਕ ਪਿਆਰੀ ਜਿਹੀ ਬੱਚੀ ਅਰਜ਼ੋਈ ਕੌਰ ਦਿਉਲ ਦੇ ਆਗਮਨ(ਜਨਮ) ਦੀ ਖ਼ੁਸ਼ੀ ਵਿੱਚ ਕੀਤੀ ਗਈ।ਮਨਮੋਹਨ ਸਿੰਘ ਬਾਠ ਨੇ ਹਮੇਸ਼ਾਂ ਦੀ ਤਰ੍ਹਾਂ ਰਫ਼ੀ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ ਗੀਤ ‘ਅਬ ਕਿਆ ਮਿਸਾਲ ਦੂ’ ਤਰੰਨਮ ਵਿੱਚ ਗਾਇਆ।ਜਗਜੀਤ ਸਿੰਘ ਰੈਹਸੀ ਨੇ ਹਮੇਸ਼ਾਂ ਦੀ ਤਰ੍ਹਾਂ ਅਨਮੋਲ ਬਚਨ ਜੋ ਜ਼ਿੰਦਗੀ ਜਿਉਣ ਲਈ ਸਹਾਈ ਹੁੰਦੇ ਹਨ,ਸਾਂਝੇ ਕੀਤੇ। ਤਸਵੀਰਾਂ ਤੇ ਮੀਟਿੰਗ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸਕੱਤਰ ਮੰਗਲ ਚੱਠਾ ਨੇ ਨਿਭਾਈ। ਮੀਟਿੰਗ ਵਿੱਚ ਸ਼ਿਰਕਤ ਕਰਨ ਵਾਲੇ ਸਾਹਿਤ ਪ੍ਰੇਮੀਆਂ ਵਿਚ ਰਮਨ ਬਸਰਾ,ਰਮਨਜੀਤ ਕੌਰ,ਸ਼ਿਵ ਕੁਮਾਰ ਸ਼ਰਮਾ,ਰਾਜਿੰਦਰਪਾਲ ਸੈਣੀ,ਲੇਖਿਕਾ ਗੁਰਦੀਸ਼ ਕੌਰ ਗਰੇਵਾਲ,ਸਰਬਜੀਤ ਉੱਪਲ,ਸ਼ਵਿੰਦਰ ਚੌਹਾਨ ਲਖਵਿੰਦਰ ਕੌਰ,ਸਮੀਪ ਚੱਠਾ,ਜਸ਼ਨ,ਗਿਆਨ ਸਿੰਘ ਚੱਠਾ ਆਦਿ ਦੇ ਨਾਮ ਸ਼ਾਮਲ ਸਨ।ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਹੋਏ ਹਾਜ਼ਰੀਨ ਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ 15 ਅਕਤੂਬਰ ਨੂੰ ਕੋਸੋ ਹਾਲ ਵਿੱਚ ਹੀ ਹੋਏਗੀ,ਵਿੱਚ ਸ਼ਾਮਲ ਹੋਣ ਲਈ ਸਾਰਿਆ ਨੂੰ ਅਪੀਲ ਕੀਤੀ।ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।