ਅਗਸਤ 7 ਨੂੰ ਕੋਸੋ ਹਾਲ ਵੱਡੀ ਮੀਟਿੰਗ ਅਤੇ ਅਗਸਤ 14 ਨੂੰ ਇਕ ਰੋਜ਼ਾ ਪੁਸਤਕ ਮੇਲਾ
ਕੈਲਗਰੀ (ਮਾ. ਭਜਨ) : ਅੱਜ ਇਥੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸਰਪ੍ਰਸਤ ਜਸਵਿੰਦਰ ਕੌਰ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 19 ਜੂਨ 2022 ਨੂੰ ਹੋਏ 11ਵੇਂ ਸਲਾਨਾ ਨਾਟਕ ਸਮਾਗਮ ਦਾ ਲੇਖਾ-ਜੋਖਾ ਕੀਤਾ ਗਿਆ। ਲਗਭਗ ਸਭ ਹਾਜ਼ਰ ਮੈਂਬਰਾਂ ਵਲੋਂ ਪੂਰਨ ਰੂਪ ’ਚ ਸਫ਼ਲ ਨਾਟਕ ਸਮਾਗਮ ’ਤੇ ਤਸੱਲੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਜੋ ਨਿੱਕੀਆਂ ਮੋਟੀਆਂ ਕਮੀਆਂ ਰਹੀਆਂ ਉਹ ਨੋਟ ਕੀਤੀਆਂ ਗਈਆਂ ਅੱਗੇ ਨੂੰ ਉਨ੍ਹਾਂ ਨੂੰ ਦੂਰ ਕਰਨ ਦਾ ਪ੍ਰਣ ਕੀਤਾ ਗਿਆ। ਜਿਥੇ ਸਾਰੀ ਆਗੂ ਟੀਮ ਨੇ ਸਰਗਰਮੀ ਨਾਲ ਟੀਮ ਵਰਕ ਕੀਤਾ, ਉਥੇ ਮੀਡੀਆ ਦੀ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਸਭ ਦਾ ਜਥੇਬੰਦੀ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਵਾਰੀ ਹਫ਼ਤਾ ਪਹਿਲਾਂ ਹੀ ਟਿਕਟਾਂ ਮੁੱਕਣ ਕਾਰਨ ਬਹੁਤ ਸਾਰੇ ਪੱਕੇ ਦਰਸ਼ਕ ਵੀ ਨਾਟਕ ਦੇਖਣ ਤੋਂ ਵਾਂਝੇ ਰਹਿ ਗਏ ਜਿਸ ਦਾ ਸਾਨੂੰ ਅਫ਼ਸੋਸ ਹੈ। ਇਸ ਦੀ ਮੁਆਫ਼ੀ ਮੰਗਦੇ ਹੋਏ, ਅੱਗੇ ਨੂੰ ਦੋ ਸ਼ੋਅ ਕਰਵਾਉਣ ਦਾ ਫੈਸਲਾ ਕੀਤਾ ਗਿਆ। ਵੱਡੇ ਖਰਚਿਆਂ ਕਾਰਨ ਬਹੁਤ ਸਾਰੇ ਸਪਾਂਸਰਜ਼ ਵੀਰਾਂ ਨੇ ਫੰਡਾਂ ਦੀ ਸਹਾਇਤਾ ਕੀਤੀ ਹੈ ਅਸੀਂ ਉਨ੍ਹਾਂ ਸਭ ਦਾ ਹਾਰਦਿਕ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਅਤੇ ਗੁਰਸ਼ਰਨ ਕਲਾ ਭਵਨ ਦੀ ਵੱਖਰੀ ਮਦਦ ਕੀਤੀ ਹੈ। ਉਨ੍ਹਾਂ ਸਭ ਦਾ ਵੀ ਬਹੁਤ ਧੰਨਵਾਦ। ਇਸ ਉਪਰੰਤ ਵਿੱਤ ਸਕੱਤਰ ਕਮਲਪ੍ਰੀਤ ਪੰਧੇਰ ਨੇ ਫੰਡਾਂ ਦੇ ਆਮਦਨ ਖਰਚੇ ਦੇ ਵੇਰਵੇ ਸਾਂਝੇ ਕੀਤੇ।
ਐਸੋਸੀਏਸ਼ਨ ਦੀ ਵੱਡੀ ਮਾਸਕ ਮੀਟਿੰਗ ਜੋ ਮਹੀਨੇ ਦੇ ਪਹਿਲੇ ਐਤਵਾਰ ਕੋਸੋ ਹਾਲ 102, 3208-8 Ave. N.E. ਵਿਖੇ ਹੁੰਦੀ ਹੈ, ਉਹ 7 ਅਗਸਤ ਨੂੰ 2-5 ਵਜੇ ਦੁਪਹਿਰ ਹੋਵੇਗੀ। ਜਿਸ ਵਿਚ ਚਲੰਤ ਮਾਮਲੇ ਜਿਵੇਂ ਸਿਹਤ ਸਮੱਸਿਆ, ਵਧਦੀ ਮਹਿੰਗਾਈ ਆਦਿ ਮੁੱਦਿਆਂ ’ਤੇ ਵਿਚਾਰ-ਚਰਚਾ ਹੋਵੇਗੀ। ਇਸ ਵਾਰੀ ਨਾਟਕ ਟੀਮ ਦੇ ਕਲਾਕਾਰਾਂ ਨੂੰ ਬੋਲਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ।
ਇਹ ਵੀ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਵਲੋਂ ਚਲਾਏ ਜਾ ਰਹੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ 14 ਅਗਸਤ ਨੂੰ ਡਾ. ਭੁੱਲਰ ਵਾਲੇ ਗਰੀਨ ਪਲਾਜ਼ੇ ’ਚ ਇਕ ਰੋਜ਼ਾ ਪੁਸਤਕ ਮੇਲਾ ਸਮਾਂ 10 ਵਜੇ ਤੋਂ ਸ਼ਾਮ 6 ਵਜੇ ਤੱਕ ਲੱਗੇਗਾ। ਇਸ ਮੇਲਾ ਦਾ ਸਵੇਰੇ 10 ਵਜੇ ਛੋਟੀ ਬੱਚੀ ਅਮਰੀਤ ਗਿੱਲ ਰਸਮੀ ਉਦਘਾਟਨ ਕਰੇਗੀ। ਜਿਸ ਨੇ ‘The World in Pay Honds’ ਲਿਖੀ ਹੈ।
ਮੀਟਿੰਗ ’ਚ ਜਸਵਿੰਦਰ ਕੌਰ ਮਾਨ, ਮਾ. ਭਜਨ ਸਿੰਘ, ਹਰੀ ਪਾਲ, ਕਮਲਪ੍ਰੀਤ ਪੰਧੇਰ, ਨਵਕਿਰਨ ਢੁੱਡੀਕੇ, ਕੁਸਮ ਸ਼ਰਮਾ, ਬਨਦੀਪ ਕੌਰ ਗਿੱਲ ਅਤੇ ਕਮਲ ਸਿੱਧੂ ਹਾਜ਼ਰ ਸਨ। ਮੀਟਿੰਗ ਵਿਚ ਇਕ ਮਤੇ ਰਾਹੀਂ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਸਾਜ਼ਿਸ਼ ਅਧੀਨ ਝੂਠੇ ਕੇਸਾਂ ’ਚ ਬੰਦ ਸਭ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ।