ਜੋਰਾਵਰ ਸਿੰਘ ਬਾਂਸਲ-ਪੰਜਾਬੀ ਲਿਖਾਰੀ ਸਭਾ ਦੀ ਜੂਨ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਸਾਹਿਤਕ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ।ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਸਿੰਘ ਬਾਂਸਲ ਨੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਣ ਲਈ ਪ੍ਰਧਾਨ ਦਵਿੰਦਰ ਮਲਹਾਂਸ,ਲੇਖਕ ਹਰੀਪਾਲ ਤੇ ਪੰਜਾਬ ਤੋਂ ਆਏ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਨੂੰ ਸੱਦਾ ਦਿੱਤਾ।ਸਾਹਿਤ ਅਤੇ ਸਮਾਜ ਵਿੱਚ ਯੋਗਦਾਨ ਪਾ ਕੇ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋਈਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦਿੰਦਿਆਂ ਨਾਮਵਰ ਲੇਖਿਕਾ ਸੁਲਤਾਨਾ ਬੇਗਮ ਜੀ ਦਾ ਜ਼ਿਕਰ ਕੀਤਾ।ਜਿਨ੍ਹਾਂ ‘ਨਮਕ ਪਾਰੇ’,’ਕਤਰਾ-ਕਤਰਾ ਜ਼ਿੰਦਗੀ’ ਅਤੇ ‘ਲਾਹੌਰ ਕਿੰਨੀ ਦੂਰ’ ਵਰਗੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ। ਉਹਨਾਂ ਤੋ ਇਲਾਵਾ ਸੀਨੀਅਰ ਪੱਤਰਕਾਰ ਅਭਿਜੀਤ ਚੈਟਰਜੀ ਦਾ ਜ਼ਿਕਰ ਹੋਇਆ ਅਤੇ ਅੱਜਕੱਲ੍ਹ ਪੰਜਾਬ ਵਿੱਚ ਗੈਂਗਸਟਰ ਦੀਆਂ ਖ਼ਬਰਾਂ ਨਾਲ ਬਣੇ ਦਹਿਸ਼ਤ ਦੇ ਮਾਹੌਲ ਉੱਤੇ ਫ਼ਿਕਰ ਜ਼ਾਹਿਰ ਕੀਤਾ।ਇਸ ਤੋਂ ਇਲਾਵਾ ਜੂਨ ਮਹੀਨੇ ਨਾਲ ਸਬੰਧਤ ਇਤਿਹਾਸਕ ਤੇ ਧਾਰਮਿਕ ਘਟਨਾਵਾਂ ਦੀ ਗੱਲਬਾਤ ਵੀ ਹੋਈ।ਜਿਸ ਵਿੱਚ ਸਾਕਾ ਨੀਲਾ ਤਾਰਾ,ਪਿਤਾ ਦਿਵਸ,ਵਾਤਾਵਰਨ ਦਿਵਸ ਆਦਿ ਉਤੇ ਗੱਲ ਹੋਈ।ਹਰੀਪਾਲ ਜੀ ਦਾ ਲੇਖ ਸੰਗ੍ਰਹਿ ‘ਪੂੰਜੀਵਾਦ ਬਨਾਮ ਧਰਤੀ ਦੀ ਹੋਂਦ’ ਬਾਰੇ ਗੱਲ ਕਰਦਿਆਂ ਬਲਜਿੰਦਰ ਸੰਘਾ ਨੇ ਉਨ੍ਹਾਂ ਦੀਆਂ ਪਿਛਲੀਆਂ ਕਿਤਾਬਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਲਮ ਪਿਆਰ-ਮੁਹੱਬਤ,ਦਿਲ ਟੁੱਟਣ ਜਾਂ ਨਿੱਜ ਦਾ ਰੋਣ ਨਹੀਂ ਰੋਂਦੀ।ਉਨ੍ਹਾਂ ਦੀ ਹਰ ਲਿਖਤ ਸਮਾਜ,ਵਾਤਾਵਰਨ ਅਤੇ ਆਪਣੇ ਆਸ-ਪਾਸ ਦਾ ਫ਼ਿਕਰ ਕਰਦੀ ਨਜ਼ਰ ਆਉਂਦੀ ਹੈ।ਰੇਡੀਓ ਰੈੱਡ ਐਫ ਐਮ ਤੋਂ ਵਿਸ਼ੇਸ਼ ਤੌਰ ਤੇ ਹਾਜ਼ਰ ਰਿਸ਼ੀ ਨਾਗਰ ਜੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਹਰੀਪਾਲ ਦੀ ਕਿਤਾਬ ਵਿੱਚ ਲਿਖਤ ਹਵਾ ਪਾਣੀ ਨੂੰ ਦੂਸ਼ਿਤ ਕਰਦੀਆਂ ਕਾਰਪੋਰੇਸ਼ਨ ਦੀਆਂ ਲਾਲਚ ਵੱਸ ਕੋਝੀਆਂ ਚਾਲਾਂ ਦੀ ਨਿਖੇਧੀ ਕੀਤੀ।ਜਗਦੀਸ਼ ਚੋਹਕਾਂ ਨੇ ਕਿਤਾਬ ਤੇ ਪਰਚਾ ਪੜ੍ਹਦਿਆਂ ਕਿਤਾਬ ਵਿਚਲੇ ਸਾਰੇ ਹੀ ਲੇਖਾ ਦਾ ਵਿਸਥਾਰ ਸਾਂਝਾ ਕਰਦਿਆਂ ਕਿਹਾ ਕਿ ਉਨੀ ਸੌ ਤੀਹ ਦੀ ਮੰਦੀ ਨੇ ਇਕ ਹਿਟਲਰ ਪੈਦਾ ਕੀਤਾ ਸੀ ਤੇ ਹੁਣ ਦੀ ਮੰਦਹਾਲੀ ਪਤਾ ਨਹੀਂ ਕਿੰਨੇ ਹਿਟਲਰ ਪੈਦਾ ਕਰੇਗੀ।ਇਹ ਕਿਤਾਬ ਪੂੰਜੀਵਾਦ,ਕਾਰਪੋਰੇਸ਼ਨਾਂ,ਸਰਕਾਰਾਂ ਵਲੋਂ ਲੋਕਾਂ ‘ਤੇ ਨਿੱਤ ਦਿਨ ਵੱਧਦੇ ਟੈਕਸਾਂ ਦਾ ਬੋਝ,ਕੈਨੇਡਾ ਵਿੱਚ ਬਜ਼ੁਰਗਾਂ ਦੀ ਦੁਰਦਸ਼ਾ,ਕਿਰਤ ਦੀ ਲੁੱਟ ਅਤੇ ਹੋਰ ਵੀ ਅਨੇਕਾਂ ਅਲਾਮਤਾਂ ਖ਼ਿਲਾਫ਼ ਜਾਗਰੂਕ ਦਾ ਸੁਨੇਹਾ ਦਿੰਦੀ ਹੈ।ਲੋਕ ਕਲਾ ਮੰਚ ਤੇ ਲੇਖਕ ਨਿਰਦੇਸ਼ਕ ਹਰਕੇਸ਼ ਚੌਧਰੀ ਨੇ ਕਿਹਾ ਕਿ ਸਰਲ ਭਾਸ਼ਾ ਵਿੱਚ ਲਿਖੀ ਬਹੁਤ ਡੂੰਘੀਆਂ ਪਰਤਾਂ ਖੋਲ੍ਹਦੀ ਇਹ ਕਿਤਾਬ ਸਭ ਨੂੰ ਪੜ੍ਹਨੀ ਚਾਹੀਦੀ ਹੈ। ਮਾਸਟਰ ਸੁਰਜੀਤ ਦੌਧਰ(ਤਰਕਸ਼ੀਲ ਸੁਸਾਇਟੀ) ਨੇ ਕਿਸਾਨੀ ਸੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਉਸ ਨਾਲ ਇੰਨੀ ਜਾਗ੍ਰਿਤੀ ਆਈ ਹੈ ਅੱਸੀ ਸਾਲ ਦੇ ਲੋਕਾਂ ਨੂੰ ਵੀ ਕਾਰਪੋਰੇਸ਼ਨਾਂ ਚਲਾ ਰਹੀਆਂ ਹਨ,ਉਸ ਦੀ ਸਮਝ ਆਈ ਹੈ।ਪੂੰਜੀਵਾਦ ਤੇ ਕਾਰਪੋਰੇਸ਼ਨਾਂ ਦਾ ਚਿੱਠਾ ਖੋਲ੍ਹਦੇ ਰਜਿੰਦਰ ਭਦੌੜ(ਪ੍ਰਮੁੱਖ ਆਗੂ ਤਰਕਸ਼ੀਲ ਸੁਸਾਇਟੀ ਪੰਜਾਬ) ਨੇ ਕਿਹਾ ਇਹ ਕਿਤਾਬ ਇੱਕ ਬੀਜ ਹੈ,ਜੋ ਆਉਣ ਵਾਲੇ ਸਮੇਂ ਵਿੱਚ ਪੌਦਾ ਬਣ ਦੱਸੇਗੀ ਕਿ ਸਾਹਿਤ ਸਮਾਜ ਬਦਲਣ ਵਿੱਚ ਕਿੱਥੋਂ ਤਕ ਯੋਗਦਾਨ ਪਾ ਸਕਦਾ ਹੈ।ਹਰੀਪਾਲ ਨੇ ਸਰਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਘਰ ਦੀ ਕਿਸ਼ਤ ਟੁੱਟਦਿਆਂ ਬੈਕਾਂ ਵਲੋ ਘਰ ਤੇ ਕਬਜ਼ਾ ਕੀਤਾ ਜਾਦਾ ਹੈ ਪਰ ਕਾਰਪੋਰੇਸ਼ਨ ਨੂੰ ਮਿਲੀਅਨ ਡਾਲਰ ਬਿਨਾਂ ਵਿਆਜ ਜਾਂ ਫਿਰ ਮਾਫ ਹੀ ਕਰ ਦਿੱਤੇ ਜਾਂਦੇ ਹਨ।ਸਮੁੰਦਰ ਵਿਚ ਪਲਾਸਟਿਕ ਤੇ ਹੋਰ ਜ਼ਹਿਰੀਲੇ ਕੈਮੀਕਲਜ਼ ਸੁੱਟ ਕੇ ਵਾਤਾਵਰਣ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਪੰਜਾਬੀ ਲਿਖਾਰੀ ਸਭਾ ਦੀ ਪੂਰੀ ਕਾਰਜਕਾਰੀ ਕਮੇਟੀ ਅਤੇ ਖਾਸ ਮਹਿਮਾਨਾਂ ਵੱਲੋਂ ਇਹ ਕਿਤਾਬ ਹਾਜ਼ਰੀਨ ਦੀਆਂ ਭਰਪੂਰ ਤਾੜੀਆਂ ਵਿੱਚ ਲੋਕ ਅਰਪਣ ਕੀਤੀ ਗਈ।ਜਗਦੇਵ ਸਿੱਧੂ ਨੇ ਲੇਖਕ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਲਿਖਤਾਂ ਦੀ ਪ੍ਰਸੰਸਾ ਕੀਤੀ।ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਕਹਾਣੀਕਾਰ ਜਤਿੰਦਰ ਹਾਂਸ ਨੇ ਲੇਖਕ ਦੀ ਸੰਵੇਦਨਾ ਤੇ ਲਿਖਣ ਕਲਾ ਉੱਤੇ ਵਿਚਾਰ ਪੇਸ਼ ਕੀਤੇ।ਰਚਨਾਵਾਂ ਦੇ ਦੌਰ ਵਿੱਚ ਮਨਮੋਹਨ ਸਿੰਘ ਬਾਠ ਨੇ ‘ਰਾਵੀ ਦਿਆ ਪਾਣੀਆਂ”,ਬੁਲੰਦ ਆਵਾਜ਼ ਦੇ ਮਾਲਕ ਤਰਲੋਚਨ ਸੈਂਭੀ ਨੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਤੇ ‘ਮੈਨੂੰ ਇਤਰਾਜ਼ ਕੈਦੀਆਂ’ ਤਰੰਨਮ ਵਿੱਚ ਗਾਇਆ ,ਸ਼ਿਵਾਲਿਕ ਟੀਵੀ ਤੋਂ ਭਿੰਦਰ ਭਾਗੋਮਾਜਰਾ ਨੇ ‘ਮਸਰਾਂ ਦੀ ਦਾਲ’ ਮਨਮੋਹਕ ਆਵਾਜ਼ ਵਿਚ ਸੁਣਾ ਕੇ ਵਾਹ-ਵਾਹ ਖੱਟੀ।ਸਰਬਜੀਤ ਉੱਪਲ ਨੇ ‘ਚਿਹਰੇ ਤੇ ਚਿਹਰਾ’,ਰਾਜਿੰਦਰ ਕੌਰ ਚੌਹਕਾ ਨੇ ‘ਲਿਖ ਤੂੰ ਗੀਤ’ ਗ਼ਜ਼ਲ ਸੁਣਾਈ।ਜਗਜੀਤ ਸਿੰਘ ਰੈਹਸੀ ਨੇ ਅਮਲ ਕਰਨ ਦੀਆਂ ਗੱਲਾਂ ਬਹੁਤ ਹੀ ਖੂਬਸੂਰਤ ਅੰਦਾਜ਼ ਚ ਪੇਸ਼ ਕੀਤੀਆਂ।ਪਰਮਜੀਤ ਕੌਰ ਨੇ ਰਾਣਾ ਰਣਬੀਰ ਦੀ ਜੀਵਨਸ਼ੈਲੀ ਬਾਰੇ ਗੱਲ ਕੀਤੀ।ਤਲਵਿੰਦਰ ਟੋਨੀ ਨੇ ਪੈਸਾ ਤੇ ਪੂੰਜੀਵਾਦ ਬਾਰੇ ਵਿਚਾਰ ਦਿੱਤੇ।ਗੁਰਦੀਸ਼ ਕੌਰ ਗਰੇਵਾਲ ਨੇ ਆਪਣੀਆਂ ਆਉਣ ਵਾਲੀਆਂ ਕਿਤਾਬਾਂ ਦੀ ਜਾਣਕਾਰੀ ਦਿੱਤੀ।ਗੁਰਲਾਲ ਰੁਪਾਲ਼ੋਂ ਨੇ ਆਪਣੇ ਨਾਲ ਵਾਪਰੇ ਹਾਦਸੇ ਬਾਰੇ ਭਾਵੁਕ ਹੋ ਕੇ ਗੱਲਬਾਤ ਸਾਂਝੀ ਕੀਤੀ।ਪੱਤਰਕਾਰ ਸੁਭੇਦ ਸ਼ਰਮਾ ਨੇ ਆਪਣੀ ਅਦਾਕਾਰੀ ਦੇ ਰੰਗ ਦਿਖਾਏ ਤੇ ਕਿਹਾ ਕਿ ਜਿਸ ਕੋਲ ਜ਼ਿਆਦਾ ਜਾਣਕਾਰੀ ਹੈ ਉਹ ਹੀ ਵਿਦਵਾਨ ਹੈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਸਜੀਤ ਧਾਮੀ (ਅਜੀਤ ਅਖ਼ਬਾਰ) ਰੈਮੀ ਸੇਖੋਂ (ਦੇਸ ਪੰਜਾਬ ਟਾਈਮਜ਼),ਮਾਸਟਰ ਭਜਨ ਗਿੱਲ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ,ਬਲਦੇਵ ਔਲਖ (ਸਰੋਕਾਰਾ ਦੀ ਆਵਾਜ਼ ਟੋਰਾਂਟੋ),ਗੋਪਾਲ ਕਾਉਂਕੇ,ਨਿਸ਼ਾਨ ਸਿੰਘ ਔਲਖ਼,ਹਰਪਾਲ,ਰਘਬੀਰ ਸਿੰਘ ਭੁੱਲਰ,ਜਗਤਾਰ,ਅਵਤਾਰ ਸਿੰਘ ਹਰੀ,ਗੋਪਾਲ ਸਿੰਘ ਮੱਲ੍ਹੀ,ਕਰਮਜੀਤ ਸਿੱਧੂ,ਰਣਜੀਤ ਸਿੰਘ,ਰਾਜ,ਜਸਪਾਲ,ਬਿੱਕਰ ਸਿੰਘ ਸੰਧੂ,ਸੁਖਦੇਵ ਸਿੰਘ,ਦਿਲਪ੍ਰੀਤ ਸਿੰਘ,ਸੁਖਵਿੰਦਰ ਸਿੰਘ ਤੂਰ,ਕੁਸੁਮ ਸ਼ਰਮਾ,ਅੰਗਦ,ਜਤਿੰਦਰ ਕੌਰ ਰੁਪਾਲੋ,ਸ਼ਵਿੰਦਰ ਕੌਰ,ਸੁਰਿੰਦਰ ਚੀਮਾ,ਸਿਮਰ ਚੀਮਾ,ਤਰਲੋਕ ਸਿੰਘ ਚੁੱਘ,ਸੁਰਪਾਲ ਕੌਰ,ਲਸੁਖਵਿੰਦਰ ਸਿੰਘ ਮਲਹਾਂਸ ਆਦਿ ਹਾਜ਼ਰ ਸਨ।ਤਸਵੀਰਾਂ ਤੇ ਮੀਟਿੰਗ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਤੇ ਮੰਗਲ ਚੱਠਾ ਨੇ ਨਿਭਾਈ।ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਜੋ ਤੇਈ ਜੁਲਾਈ ਨੂੰ ਹੋਣ ਵਾਲਾ ਹੈ,ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਗਲੇ ਮਹੀਨੇ ਮਹੀਨਾਵਾਰ ਮੀਟਿੰਗ ਨਹੀਂ ਹੋਵੇਗੀ ਸਗੋਂ ਵਾਈਟਹੌਰਨ ਕਮਿਊਨਿਟੀ ਹਾਲ ਵਿੱਚ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਹੋਏਗਾ।ਜਿਸ ਲਈ ਭਾਗ ਲੈਣ ਲਈ ਬੱਚਿਆਂ ਦੇ ਨਾਮ ਦਾਖਲ ਕਰਵਾਉਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ403 993 2201 ਅਤੇ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।