ਪਰਮਿੰਦਰ ਸਵੈਚ :- ਤਰਕਸ਼ੀਲ (ਰੈਸ਼ਨੇਲਿਸ਼ਟ) ਸੁਸਾਇਟੀ ਆਫ ਕੈਨੇਡਾ ਦੇ ਸਰ੍ਹੀ ਯੂਨਿਟ ਦੇ ਮੈਂਬਰਾਂ ਨੇ ਪ੍ਰਧਾਨ ਅਵਤਾਰ ਬਾਈ ਤੇ ਸਕੱਤਰ ਪਰਮਿੰਦਰ ਸਵੈਚ ਦੀ ਅਗਵਾਈ ਹੇਠ ਸਮੁੱਚੀ ਤਰਕਸ਼ੀਲ ਟੀਮ ਵੱਲੋਂ ਇੱਕ ਸਫਲ ਐਕਸ਼ਨ ਕਰਕੇ ਜੋਤਸ਼ੀ ਤੋਂ ਪੀੜਤ ਦਾ 2000 ਡਾਲਰ ਤੇ 60 ਗ੍ਰਾਮ ਤੋਂ ਉੱਪਰ ਸੋਨਾ ਮੁੜਵਾਇਆ ਅਤੇ ਜੋਤਸ਼ੀ ਨੇ ਆਪਣੀ ਗਲ਼ਤੀ ਮੰਨਦੇ ਹੋਏ ਸੁਸਾਇਟੀ ਅਤੇ ਪੀੜਤ ਤੋਂ ਮਾਫ਼ੀ ਵੀ ਲਿਖਤੀ ਰੂਪ ਵਿੱਚ ਮੰਗੀ ਤੇ ਵਾਅਦਾ ਵੀ ਕੀਤਾ ਕਿ ਅੱਗੇ ਤੋਂ ਉਹ ਲੋਕਾਂ ਦੀ ਲੁੱਟ ਨਹੀਂ ਕਰੇਗਾ। ਇਸ ਐਕਸ਼ਨ ਦੀ ਪੂਰੀ ਵੀਡਿਓ ਬਣਾਈ ਗਈ ਹੈ ਤਾਂ ਕਿ ਲੁੱਟ ਹੋਣ ਵਾਲੇ ਲੋਕਾਂ ਨੂੰ ਸਮਝ ਲੱਗ ਸਕੇ ਕਿ ਇਹਨਾਂ ਦੀ ਅਸਲੀਅਤ ਕੀ ਹੈ? ਉਹ ਵੀ ਸ਼ੋਸ਼ਲ ਮੀਡੀਏ ‘ਤੇ ਸਾਂਝੀ ਕੀਤੀ ਜਾਵੇਗੀ। ਇਸ ਐਕਸ਼ਨ ਵਿੱਚ ਇਸਦਾ ਮਤਲਬ ਸਿਰਫ ਇਹੀ ਹੈ ਕਿ ਲੋਕਾਂ ਨੂੰ ਇਸ ਝੂਠ ਤੋਂ ਪਰਦਾ ਲਾਹ ਕੇ ਸੱਚ ਦਿਖਾਇਆ ਜਾਵੇ ਤੇ ਉਹ ਇਸ ਅੰਨ੍ਹੀ ਲੁੱਟ ਤੋਂ ਬਚ ਸਕਣ। ਇਹ ਲੁੱਟਣ ਵਾਲੇ ਵੀ ਡਰਨ ਕਿ ਸਮਾਜ ਸਾਨੂੰ ਜੀਣ ਜੋਗਾ ਨਹੀਂ ਛੱਡੇਗਾ। ਇਹ ਸੁਸਾਇਟੀ ਦੇ ਅਜੰਡੇ ‘ਤੇ ਹੈ ਕਿ ਅਗਰ ਕੋਈ ਜੋਤਸ਼ੀਆਂ ਦਾ ਸਤਾਇਆ ਪੀੜਤ ਸਾਡੇ ਪਾਸ ਮੱਦਦ ਦੀ ਮੰਗ ਕਰਦਾ ਹੈ ਤੇ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ, ਉਹਦੀ ਸੰਭਵ ਹਾਲਤਾਂ ਵਿੱਚ ਬਾਂਹ ਜ਼ਰੂਰ ਫੜੀ ਜਾਵੇ ਤੇ ਜੋਤਸ਼ੀ ਦੀ ਠੱਗੀ ਦੀ ਅਸਲੀਅਤ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਵੇ।