‘ਪਿਤਾ ਦਿਵਸ’ ਤੇ ਇਤਿਹਾਸਕ ਘਟਨਾਵਾਂ ਉਤੇ ਰਚਨਾਵਾਂ ਤੇ ਗੀਤਾਂ ਜ਼ਰੀਏ ਬੁਲਾਰਿਆਂ ਨੇ ਪਾਈ ਸਾਂਝ।
ਰਾਜਵੰਤ ਰਾਜ ਨੇ ਕਿਤਾਬ ਵਿਚਲੇ ਸ਼ੇਅਰ ਤੇ ਗ਼ਜ਼ਲਾਂ ਨਾਲ ਸਾਂਝ ਪਾਈ ਤੇ ਸਭ ਦੀ ਵਾਹ ਵਾਹ ਖੱਟੀ।
ਜ਼ੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਹੀਨਾਵਾਰ ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ‘ਜੀ ਆਇਆਂ’ ਆਖਿਆ।ਅਗਲੀ ਕਾਰਵਾਈ ਵਿੱਚ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ‘ਪਿਤਾ ਦਿਵਸ’ ਉੱਤੇ ਸਭ ਨੂੰ ਮੁਬਾਰਕਬਾਦ ਕਿਹਾ,ਸਭ ਲਈ ਖੁਸ਼ਗਵਾਰ ਜਿੰਦਗੀ ਦੀ ਕਾਮਨਾ ਕੀਤੀ। ਸ਼ੋਕਮਤੇ ਸਾਝੇ ਕਰਦਿਆ ਮਿਸਾਲ ਵਜੋਂ ਆਪਣੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ‘ਉੱਡਣਾ ਸਿੱਖ’ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਨਿੰਮੀ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਸਾਹਿਤ ਖੇਤਰ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਨਾਵਲਕਾਰ ਤੇ ਕਹਾਣੀਕਾਰ ਸਰਦਾਰ ਕੁਲਦੀਪ ਸਿੰਘ ਸੂਰੀ,ਜਿਨ੍ਹਾਂ ਦੀਆਂ ‘ਜੰਗਲ ਦੇ ਜਾਏ’ ਤੇ ‘ਮਰਦਾਨਾ’ ਲਿਖਤਾਂ ਬਹੁਤ ਪ੍ਰਸਿੱਧ ਹੋਈਆਂ,ਵੀ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ ਹਨ।ਨੌਜਵਾਨ ਲੇਖਕਾਂ ਅਮਨਦੀਪ ਜਲੰਧਰੀ,ਜੋ ਬਹੁਪੱਖੀ ਸ਼ਖ਼ਸੀਅਤ ਸਨ।ਇਕ ਦਰਦਨਾਕ ਸੜਕ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋਈ।ਜਿਸ ਵਿਚ ਉਨ੍ਹਾਂ ਦਾ ਗਿਆਰਾਂ ਸਾਲ ਦਾ ਬੇਟਾ ਵੀ ਚਲਾ ਗਿਆ।ਇਸ ਬੇਵਕਤ ਦਰਦਨਾਕ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨਟਾਰੀਓ ਦੇ ਲੰਡਨ ਸ਼ਹਿਰ ਵਿਚ ਵਾਪਰੇ ਸੜਕ ਹਾਦਸੇ ਵਿੱਚ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਪਰਿਵਾਰ,ਜਿਸ ਵਿੱਚ ਚਾਰ ਜੀਆਂ ਦੀ ਮੌਤ ਹੋਈ ਤੇ ਨੌਂ ਸਾਲ ਦਾ ਬੱਚਾ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋਇਆ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਚ ਰਿਹਾਇਸ਼ੀ ਸਕੂਲ ਵਿੱਚੋ ਮਿਲੇ ਦੋ ਸੌ ਪੰਦਰਾਂ ਬੱਚਿਆਂ ਦੇ ਸਰੀਰਕ ਅੰਗਾਂ ਦੀ ਘਟਨਾ ‘ਤੇ ਵੀ ਅਫਸੋਸ ਜ਼ਾਹਿਰ ਕੀਤਾ ਗਿਆ।ਬਹੁਪੱਖੀ ਸ਼ਖ਼ਸੀਅਤ ਹਰੀਪਾਲ ਨੇ ਨਸਲਵਾਦ ਬਾਰੇ ਲਿਖੇ ਜਾ ਰਹੇ ਆਪਣੇ ਲੇਖ ਵਿੱਚੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ।ਸੁਖਜੀਤ ਸੈਣੀ ਨੇ ਇਸ ਘਟਨਾ ਦੇ ਮੱਦੇਨਜ਼ਰ ਖੁੱਲ੍ਹੀ ਕਵਿਤਾ ‘ਗੁਲਦਸਤਾ’ ਵਿੱਚ ਇਸ ਸਾਰੀ ਘਟਨਾ ਨੂੰ ਬੜੇ ਭਾਵੁਕ ਸ਼ਬਦਾਂ ਵਿੱਚ ਬਿਆਨ ਕੀਤਾ।ਰਚਨਾਵਾਂ ਦੇ ਅਗਲੇ ਦੌਰ ਵਿੱਚ ਸਰਬਜੀਤ ਉੱਪਲ ਨੇ ਫਾਦਰ ਡੇਅ ਨੂੰ ਸਮਰਪਿਤ ‘ਬਾਬੁਲ ਦਾ ਵਿਹੜਾ’, ਗੁਰਦੀਸ਼ ਕੌਰ ਗਰੇਵਾਲ ਨੇ ‘ਬਾਪ ਦੀ ਯਾਦ’,ਜਸਬੀਰ ਸਹੋਤਾ ਨੇ ‘ਬਾਪੂ ਤੇਰੇ ਪੈਰਾਂ ਦੀ ਬਿੜਕ’,ਹਰਮਿੰਦਰ ਚੁੱਘ ਨੇ ਉਰਦੂ ਸ਼ਾਇਰ ਤਾਹਿਰ ਸ਼ੋਹੀਨ ਦੀ ਨਜ਼ਮ ‘ਮੇਰਾ ਬਾਪ ਕਮ ਨਹੀਂ ਮਾਂ ਸੇ’, ਹਰਚਰਨ ਬਾਸੀ ਨੇ ‘ਰੱਬ ਨੇ ਬਣਾਇਆ ਰਿਸ਼ਤਾ ਕਮਾਲ ਦਾ’ ਰਚਨਾਵਾਂ ਸਾਂਝੀਆਂ ਕੀਤੀਆਂ।ਇਸ ਮੀਟਿੰਗ ਦੀ ਖਾਸ ਵਿਸ਼ੇਸ਼ਤਾ ਵਿੱਚ ਰਾਜਵੰਤ ਰਾਜ ਦਾ ਗ਼ਜ਼ਲ ਸੰਗ੍ਰਹਿ ‘ਟੁੱਟੇ ਸਿਤਾਰੇ ਚੁਗਦਿਆਂ’ ਉਤੇ ਮਹਿੰਦਰਪਾਲ ਐਸ ਪਾਲ ਨੇ ਪਰਚਾ ਪੜ੍ਹਦਿਆਂ ਗ਼ਜ਼ਲਾਂ ਦੇ ਵਿਸ਼ੇ,ਉਨ੍ਹਾਂ ਦੇ ਪ੍ਰਭਾਵ ਤੇ ਵਿਲੱਖਣਤਾ ਦੀ ਗੱਲ ਕੀਤੀ।ਲੋਕ ਅਰਪਣ ਦੀ ਰਸਮ ਦੇ ਬਾਅਦ ਰਾਜਵੰਤ ਰਾਜ ਨੇ ਕਿਤਾਬ ਵਿਚਲੇ ਸ਼ੇਅਰ ਤੇ ਗ਼ਜ਼ਲਾਂ ਨਾਲ ਸਾਂਝ ਪਾਈ ਤੇ ਸਭ ਦੀ ਵਾਹ ਵਾਹ ਖੱਟੀ।ਗ਼ਜ਼ਲਗੋ ਪ੍ਰੀਤ ਮਨਪ੍ਰੀਤ ਨੇ ਰਾਜਵੰਤ ਰਾਜ ਦੀ ਲੇਖਣੀ ਬਾਰੇ ਸਾਂਝ ਪਾਈ ਤੇ ਆਪਣੀਆਂ ਲਿਖੀਆਂ ਗ਼ਜ਼ਲਾਂ ਵਿੱਚੋਂ ਕੁਝ ਖ਼ੂਬਸੂਰਤ ਸ਼ੇਅਰ ਤੇ ਗ਼ਜ਼ਲ ‘ਪੈੜ ਭਾਲ ਰਿਹਾ ਸੀ’ ਵੀ ਸਾਂਝੀ ਕੀਤੀ।ਸੁਖਵਿੰਦਰ ਤੂਰ ਨੇ ਰਾਜਵੰਤ ਰਾਜ ਦੀ ਲਿਖੀ ਗ਼ਜ਼ਲ ‘ਇਹ ਜ਼ਿੰਦਗੀ ਕੇਹੀ ਬੁਝਾਰਤ ਪਾ ਗਈ’ ਤਰੰਨਮ ਵਿੱਚ ਗਾਈ।ਗੁਰਚਰਨ ਕੌਰ ਥਿੰਦ ਨੇ ਨੀਲਾ ਤਾਰਾ ਸਾਕਾ ਉੱਤੇ ਆਪਣੇ ਲਿਖੇ ਲੇਖ ‘ਪੰਜਾਬ ਦੀਆਂ ਚੀਸਾਂ ਦੀ ਦਾਸਤਾਨ’ ਦੇ ਨਾਲ ਉਸ ਸਮੇਂ ਖੁਦ ਨਾਲ ਵਾਪਰੀ ਸਾਕਾ ਨੀਲਾ ਤਾਰਾ ਘਟਨਾ ਦਾ ਵੀ ਵਿਸਥਾਰ ਸਾਂਝਾ ਕੀਤਾ।ਡਾ ਮਨਮੋਹਨ ਕੌਰ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਸਾਕਾ ਨੀਲਾ ਤਾਰਾ ਨਾਲ ਸਬੰਧਤ ਆਪਣੀ ਲਿਖੀ ਗੰਭੀਰ ਲਿਖਤ ਸਾਂਝੀ ਕੀਤੀ।ਸਹਾਇਕ ਸਕੱਤਰ ਮੰਗਲ ਚੱਠਾ ਨੇ ‘ਧਰਮ ਯੁੱਧ ਮੋਰਚਾ’ ਇਸੇ ਲੜੀ ਵਿਚ ਆਪਣੀ ਰਚਨਾ ਨਾਲ ਸਾਂਝ ਪਾਈ।ਕਿਸਾਨੀ ਸੰਘਰਸ਼ ਨਾਲ ਸਬੰਧਤ ਗੁਰਚਰਨ ਹੇਅਰ ਨੇ ਇਕ ਬਹੁਤ ਹੀ ਖ਼ੂਬਸੂਰਤ ਗੀਤ ‘ਕਿੱਲ ਤੇ ਫੁੱਲ’ ਗਾ ਕੇ ਸੁਣਾਇਆ।ਮੀਤ ਪ੍ਰਧਾਨ ਬਲਬੀਰ ਗੋਰਾ ਨੇ ਕੁਝ ਸ਼ੇਅਰਾਂ ਵਿੱਚ ਨਸਲੀ ਵਿਤਕਰੇ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਤੇ ਅੱਜ ਦੀ ਗਾਇਕੀ ਨੂੰ ਲੈ ਕੇ ‘ਬਦਲ ਗਈ ਗਾਇਕੀ’ ਬਹੁਤ ਹੀ ਖ਼ੂਬਸੂਰਤ ਵਿਅੰਗਮਈ ਗੀਤ ਗਾਇਆ।ਮਹਿੰਦਰਪਾਲ ਐਸ ਪਾਲ ਨੇ ਆਪਣੀ ਪ੍ਰਭਾਵਸ਼ਾਲੀ ਗ਼ਜ਼ਲ ‘ਬੈਠ ਤਨਹਾ ਮੈਂ ਕਦੀ ਹਾਂ ਸੋਚਦਾ’ ਸੁਣਾਈ।ਤਰਲੋਚਨ ਸੈਂਭੀ ਨੇ ਭਾਸ਼ਾ-ਜ਼ੁਬਾਨ ਦੇ ਵਿਸ਼ੇ ‘ਤੇ ਜੋ ਗੱਲ ਛੇੜੀ,ਉਸ ਨੂੰ ਅੱਗੇ ਤੋਰਦਿਆ ਪੰਜਾਬੀ ਭਾਸ਼ਾ,ਸਮਾਜਿਕ ਤੇ ਸਾਹਿਤਕ ਵਿਚਾਰ ਚਰਚਾ ਵਿੱਚ ਸਾਰੇ ਹੀ ਬੁਲਾਰਿਆਂ ਨੇ ਆਪਣੀ ਸਾਂਝ ਪਾਈ ਤੇ ਕ੍ਰਮਵਾਰ ਰਾਜਵੰਤ ਰਾਜ ਨੂੰ ਉਨ੍ਹਾਂ ਤੇ ਨਵੇਂ ਗ਼ਜ਼ਲ ਸੰਗ੍ਰਹਿ ਉੱਤੇ ਵਧਾਈ ਦਿੱਤੀ। ਇਸ ਮੌਕੇ ਰਣਜੀਤ ਸਿੰਘ ਤੇ ਪਵਨਦੀਪ ਬਾਂਸਲ ਵੀ ਹਾਜ਼ਰ ਹੋਏ।ਅਖ਼ੀਰ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਹਾਜ਼ਰ ਬੁਲਾਰਿਆਂ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ 17 ਜੁਲਾਈ ਨੂੰ ਹੈ,ਉਸ ਵਿਚ ਸ਼ਾਮਲ ਹੋਣ ਲਈ ਸਭ ਨੂੰ ਸੱਦਾ ਦਿੱਤਾ।ਸਭਾ ਬਾਰੇ ਕਿਸੇ ਵੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 4039932201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 5874377805 ਤੇ ਸੰਪਰਕ ਕੀਤਾ ਜਾ ਸਕਦਾ ਹੈ।