ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ 13 ਜੂਨ 2021 ਨੂੰ ਜ਼ੂਮ ਰਾਹੀਂ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ ।
ਸੁਰਿੰਦਰ ਗੀਤ: ਪ੍ਰਸਿੱਧ ਸਾਹਿਤਕਾਰ ਹਰਚੰਦ ਸਿੰਘ ਬੇਦੀ ਅਤੇ ਫ਼ਲਾਇੰਗ ਸਿੱਖ ਸ: ਮਿਲਖਾ ਸਿੰਘ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਨਿਰਮਲ ਮਿਲਖਾ ਸਿੰਘ ਭਾਰਤੀ ਵਾਲੀਵਾਲ ਟੀਮ ਦੇ ਕਪਤਾਨ ਰਹਿ ਚੁੱਕੇ ਸਨ । ਇਸ ਤੋਂ ਇਲਾਵਾ ਨਿਰਮਲ ਮਿਲਖਾ ਸਿੰਘ ਸਪੋਰਟਸ ਡਾਇਰੈਕਟਰ, ਚੰਡੀਗੜ੍ਹ ਵੀ ਰਹਿ ਚੁੱਕੇ ਸਨ ।
ਸ: ਹਰਚੰਦ ਸਿੰਘ ਬੇਦੀ ਇਕ ਅਜਿਹੀ ਪਿਆਰੀ ਸਤਿਕਾਰੀ ਸ਼ਖਸੀਅਤ ਸਨ ਜਿਹਨਾਂ ਨੇ ਬਿਨਾਂ ਕਿਸੇ ਪ੍ਰਦਰਸ਼ਨ ਦੇ ਸਹਿਜ ਰੂਪ ਵਿੱਚ ਲਗਾਤਾਰ ਮਿਆਰੀ, ਪ੍ਰਮਾਣਿਕ ਅਤੇ ਇਤਿਹਾਸਕ ਭੁਮਿਕਾ ਵਾਲੀ ਸਾਹਿਤ ਸਾਧਨਾ ਜਾਰੀ ਰੱਖੀ । ਉਹਨਾਂ ਦੇ ਅਚਾਨਕ ਵਿਛੋੜੇ ਨੇ ਸਾਹਿਤ ਪ੍ਰੇਮੀਆਂ ਦੇ ਮਨਾਂ ਨੂੰ ਵਲੂੰਧਰ ਕੇ ਰ਼ੱਖ ਦਿੱਤਾ ਹੈ
ਆਰੰਭ ਵਿੱਚ ਮਨਜੀਤ ਬਰਾੜ ਨੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਨੂੰ ਕਾਵਿਕ ਰੂਪ ਵਿੱਚ ਵਰਨਣ ਕੀਤਾ ।
ਜਗਦੇਵ ਸਿੰਘ ਸਿੱਧੂ ਹੋਰਾਂ ਆਪਣੀ ਅੱਕ ਦੇ ਸਿਰਲੇਖ ਹੇਠ ਉਚਾਰੀ ਕਵਿਤਾ ਵਿੱਚ ਜ਼ਿੰਦਗੀ ਦੇ ਇਕ ਪੜਾਅ ਦੇ ਜਜ਼ਬਾਤਾਂ ਨੂੰ ਅੱਕ ਦੀ ਹੱਡ-ਬੀਤੀ ਰਾਹੀਂ ਦਰਸਾਇਆ ਹੈ :
ਮੈਂ ਬੰਜਰ ਦਾ ਟੁੱਕਰ ਖਾ ਕੇ
ਪੀ ਔੜਾਂ ਦਾ ਪਾਣੀ
ਚੰਦ ਸੂਰਜ ਦੇ ਚੀਰ ਹੰਢਾਵਾਂ
ਮੈਂ ਤਾਰਿਆਂ ਦਾ ਹਾਣੀ
ਜਾਂ
ਏਸ ਸ਼ਹਿਰ ਦੇ ਸੱਪ ਗੀਤਾਂ ਨੇ
ਜਿਸ ਜੋਗੀ ਨੂੰ ਡੰਗਣਾ
ਨਾ ਉਸ ਮੂੰਹੋਂ ਹਾਇ ਕਹਿਣੀ
ਨਾ ਉਸ ਪਾਣੀ ਮੰਗਣਾ
ਏਸ ਜ਼ਹਿਰ ਨੇ ਜ਼ਹਿਰ ਮਾਰਨੀ
ਕੁੰਦਨ ਕਰਨੀ ਕਾਇਆ ।
ਇਸ ਤੋਂ ਇਲਾਵਾ ਜਗਦੇਵ ਸਿੱਧੂ ਹੋਰਾਂ ਪੰਜਾਬੀ ਨਿੱਕੀ ਕਹਾਣੀ ਦੇ ਸੁਭਾਅ, ਤਕਨੀਕ , ਕਿਸਮ ਅਤੇ ਵਿਕਾਸ ਬਾਰੇ ਸੰਖੇਪ ਜਾਣਕਾਰੀ
ਦਿੱਤੀ । ਮੋਪਾਸਾ ਦੀ ਕਹਾਣੀ ‘ਮੋਤੀਆਂ ਦਾ ਹਾਰ’ ਅਤੇ ਸੁਜਾਨ ਸਿੰਘ ਦੀਆਂ ਕਹਾਣੀਆਂ ਦੀ ਤਕਨੀਕ ਤੋਂ ਲੈ ਕੇ ਕਹਾਣੀ ਦੇ ਹੁਣ ਤੱਕ
ਦੇ ਪੜਾਵਾਂ ਬਾਰੇ ਪੰਛੀ ਝਾਤ ਪਾਈ । ਉੱਘੇ ਕਹਾਣੀਕਾਰਾਂ ਦੀਆਂ ਮਿਸ਼ਾਲਾਂ ਦੇ ਕੇ ਅਜੋਕੀ ਕਹਾਣੀ ਦੇ ਮੁਹਾਂਦਰੇ , ਵਿਸ਼ਾ-ਵਸਤੂ ਅਤੇ ਨਵੇਂ ਰੁਝਾਨਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ । ਉਹਨਾਂ ਨੇ ਪੰਜਾਬੀ ਕਹਾਣੀ ਨੂੰ ਹੋਰ ਉੱਨਤ ਭਾਸ਼ਾਵਾਂ ਦੀਆਂ ਕਹਾਣੀਆਂ ਦੇ ਹਾਣ ਦੀ ਕਿਹਾ ।
ਸੁਰਿੰਦਰ ਗੀਤ ਦੀ ਸੱਜਰੀ ਕਹਾਣੀ ‘ਤੋਹਫ਼ਾ’ ਦੀ ਮਿਸ਼ਾਲ ਦਿੰਦਿਆਂ ਉਸ ਕਹਾਣੀ ਦੇ ਮਾਪ-ਦੰਡਾਂ ਨੂੰ ਪਰਖਦਿਆਂ ਇਕ ਸਫ਼ਲ
ਕਹਾਣੀ ਦੱਸਿਆ ਜੋ ਕਿ ਮਨੁੱਖਤਾ ਦੀਆਂ ਸੁੱਚੀਆਂ ਕਦਰਾਂ ਕੀਮਤਾਂ ਪ੍ਰਤੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ । ਇਸ ਕਹਾਣੀ
ਦੇ ਆਦਿ, ਮੱਧ, ਸਿਖਰ , ਅੰਤ ਤੇ ਨਾਮਕਰਣ ਦੀ ਪ੍ਰਸੰਗਤਾ ਦੇ ਸੰਦਰਭ ਵਿੱਚ ਢੁੱਕਵੀਂ ਵਿਆਖਿਆ ਕੀਤੀ ।
ਸ: ਅਜਾਇਬ ਸਿੰਘ ਸੇਖੋਂ ਨੇ ਕਿਸਾਨੀ ਨਾਲ ਸੰਬੰਧਤ ਪੇਂਡੂ ਜੀਵਨ ਨੂੰ ਹੂ-ਬ-ਹੂ ਦਰਸਾਉਂਦੀ ਕਹਾਣੀ ਸਰਲ ਅਤੇ ਠੇਠ ਪੇਂਡੂ ਜ਼ੁਬਾਨ
ਵਿੱਚ ਪੇਸ਼ ਕੀਤੀ ਅਤੇ ਸਰੋਤਿਆਂ ਨੇ ਭਰਵੀਂ ਪ੍ਰਸ਼ੰਸਾ ਕੀਤੀ ।
ਰਚਨਾਵਾਂ ਦੇ ਦੌਰ ਵਿੱਚ ਸ੍ਰੀ ਰਾਮ ਸਰੂਪ ਸੈਣੀ , ਜਸਵੀਰ ਸਿੰਘ ਸਿਹੋਤਾ, ਜਗਜੀਤ ਸਿੰਘ ਰੈਂਹਸੀ ( ਚੋਣਵੇਂ ਸ਼ਿਅਰ ) ਸ: ਮਨਮੋਹਨ ਸਿੰਘ ਬਾਠ ( ਪੰਜਾਬੀ ਲੋਕ ਗੀਤ ) ਸੁਰਿੰਦਰ ਸਿੰਘ ਢਿੱਲੋਂ ਹੋਰਾਂ( ਫ਼ਿਲਮੀ ਗੀਤ) ਸੁਣਾਇਆ ।
ਡਾ. ਰਾਜਵੰਤ ਕੌਰ ਮਾਨ ਨੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵਿਤਾ ਸੁਣਾਈ । ਉਹਨਾਂ ਨੇ ਕਿਹਾ ਕਿ ਸੱਚੀ ਸੁੱਚੀ ਕਿਰਤ ਹੀ ਅਸਲ ਭਗਤੀ ਹੈ ।
ਮੰਚ ਸੰਚਾਲਨ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਬਾਖੂਬੀ ਨਿਭਾਈ ।
ਜੁਲਾਈ ਮਹੀਨੇ ਦੀ ਇਕੱਤਰਤਾ ਗਿਆਰ੍ਹਾਂ ਜੁਲਾਈ 2021 ਨੂੰ ਹੋਵੇਗੀ । ਹੋਰ ਜਾਣਕਾਰੀ ਲਈ ਸਭਾ ਦੇ ਜਨਰਲ ਸਕੱਤਰ ਸ: ਖਹਿਰਾ ਨੂੰ (403) 968-2880 ਤੇ ਸੰਪਰਕ ਕੀਤਾ ਜਾ ਸਕਦਾ ਹੈ । ਸਮਾਪਤ