ਸਾਹਿਤਕ ਤੇ ਸਮਾਜਿਕ ਹਸਤੀਆਂ ਨੂੰ ਰਚਨਾਵਾਂ ਜ਼ਰੀਏ ਯਾਦ ਕੀਤਾ ਗਿਆ।
ਜ਼ੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆਂ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਬੁੱਧੀਜੀਵੀਆਂ ਨੂੰ ‘ਜੀ ਆਇਆਂ ਨੂੰ’ ਆਖਿਆ।ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕਰਨ ਉਪਰੰਤ ਸ਼ੋਕ ਮਤੇ ਸਾਂਝੇ ਕਰਦਿਆਂ ਕਿਹਾ,”ਪ੍ਰੇਮ ਗੋਰਖੀ ਅਣਹੋਇਆਂ ਦਾ ਲੇਖਕ,ਇੱਕ ਵਿਲੱਖਣ ਧਾਰਾ ਦਾ ਨਾਮ ਸੀ,ਇਨਕਲਾਬੀ ਲੇਖਕ ਕਵੀ ਅਜੀਤ ਸਿੰਘ ਰਾਹੀ,ਜਿਨ੍ਹਾਂ ਕਾਲੇ ਦੌਰ ਦਰਮਿਆਨ ਇਨਕਲਾਬੀ ਕਵਿਤਾਵਾਂ ਤੇ ਵਾਰਤਕ ਰਚੀਆਂ,ਦਰਜਨ ਦੇ ਕਰੀਬ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ।ਸਾਬਕਾ ਪੱਤਰਕਾਰ ਤੇ ਸਾਬਕਾ ਐਮ ਐਲ ਏ ਜਰਨੈਲ ਸਿੰਘ,ਕਿਰਤੀਆਂ ਦਾ ਸ਼ਾਇਰ ਗ਼ਜ਼ਲਗੋ ਮਹਿੰਦਰ ਸਾਥੀ,ਬਾਂਸੁਰੀ ਵਾਦਕ ਸਰਦਾਰ ਰਵਿੰਦਰ ਸਿੰਘ,ਕਵਿੱਤਰੀ ਲੇਖਿਕਾ ਹਰਵਿੰਦਰ ਕੌਰ ਗਰੇਵਾਲ,ਨਾਮਵਰ ਇਨਕਲਾਬੀ ਜੋਗਿੰਦਰ ਦਿਆਲ,ਡਾ ਚਮਨ ਲਾਲ,ਸਾਥੀ ਭਾਨ ਸਿੰਘ,ਗੀਤਕਾਰ ਗੁਰਪ੍ਰੀਤ ਸਿੰਘ ਜੱਜ ਸ਼ਾਮ ਪੁਰੀ,ਮਹਾਂਵੀਰ ਨਰਵਾਲ,ਕੈਲਗਰੀ ਸ਼ਹਿਰ ਤੋਂ ਮਾਸਟਰ ਭਜਨ ਸਿੰਘ ਗਿੱਲ ਜੀ ਦੇ ਦੋਹਤੇ ਨੌਜਵਾਨ ਵਿਸ਼ਵਜੀਤ ਸਿੰਘ ਪ੍ਰਿੰਸ ਤੇ ਸਾਹਿਤ ਸਭਾ ਦੇ ਜਰਨੈਲ ਤੱਗੜ ਜੀ ਦੇ ਜਵਾਈ ਸਰਦਾਰ ਸਤਨਾਮ ਸਿੰਘ ਪਰਮਾਰ।ਇਨ੍ਹਾਂ ਸਾਹਿਤਕ,ਸਮਾਜਿਕ ਤੇ ਨਜ਼ਦੀਕੀ ਸਬੰਧੀਆਂ ਦੇ ਸਦੀਵੀ ਵਿਛੋੜੇ ਉਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ਰਧਾ ਦੀ ਅਕੀਦੇ ਭੇਂਟ ਕੀਤੇ ਗਏ।ਮਈ ਮਹੀਨੇ ਬਾਬਤ ਯੁੱਗ ਪੁਰਸ਼ ਕਾਰਲ ਮਾਰਕਸ ਜਿਹਨਾਂ ਦੀ ਸਾਰੀ ਜ਼ਿੰਦਗੀ ਹੀ ਦੁਨੀਆਂ ਭਰ ਦੇ ਮਜ਼ਦੂਰ ਕਿਰਤੀਆਂ ਦੀ ਮੁਕਤੀ ਤੇ ਸੰਗ੍ਰਾਮ ਨੂੰ ਸਮਰਪਿਤ ਰਹੀ,ਸੱਯਦ ਹਸਨ ਮੰਟੋ,ਨੰਦ ਲਾਲ ਨੂਰਪੁਰੀ,ਸ਼ਿਵ ਕੁਮਾਰ ਬਟਾਲਵੀ,ਪ੍ਰੋ ਮੋਹਣ ਸਿੰਘ ਸਮੇਤ ਹੋਰ ਕਈ ਸਦੀਵੀ ਹਸਤੀਆਂ ਨੂੰ ਯਾਦ ਕੀਤਾ ਗਿਆ।ਸੁਖਵਿੰਦਰ ਤੂਰ ਨੇ ਸ਼ਿਵ ਕੁਮਾਰ ਬਟਾਲਵੀ ਦਾ’ਸਿਖਰ ਦੁਪਹਿਰ ਸਿਰ ਤੇ’ ਤਰੰਨਮ ਵਿੱਚ ਸੁਣਾਇਆ।ਬਲਜਿੰਦਰ ਸੰਘਾ ਨੇ ਮਜ਼ਦੂਰਾਂ ਦੀ ਗੱਲ ਕਰਦਿਆ ‘ਸਨ ਬਾਥ’ ਕਵਿਤਾ ਸੁਣਾਈ।ਪਰਮਿੰਦਰ ਰਮਨ ਨੇ ‘ਮੈਂ ਸ਼ਾਇਰ ਹਾਂ’ ਖ਼ੂਬਸੂਰਤ ਗਜ਼ਲ,ਮਹਿੰਦਰਪਾਲ ਐਸ ਪਾਲ ਨੇ ਇੰਗਲੈਂਡ ਵਿੱਚ ਸ਼ਿਵ ਕੁਮਾਰ ਬਟਾਲਵੀ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਆਪਣੀ ਲਿਖੀ ਗ਼ਜ਼ਲ ‘ਅੱਧਾ ਝੂਠ ਸਾਂਭ ਲਿਆ ਸਰਕਾਰਾਂ ਨੇ’ ਵਿੱਚ ਭਾਰਤ ਦੀ ਅੱਜ ਦੀ ਦਸ਼ਾ ਦੀ ਗੱਲ ਕੀਤੀ।ਰਾਜਵੰਤ ਮਾਨ ਨੇ ਸ਼ਿਵ ਕੁਮਾਰ ਬਟਾਲਵੀ ਦੀ ‘ਲੂਣਾ’ ਲਿਖਤ ਲਿਖਣ ਵੇਲੇ ਦੀਆਂ ਉਸ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਦੀ ਸਾਂਝ ਪਾਈ ਤੇ ਆਪਣੀ ਲਿਖਤ ‘ਮੁੱਕਣ ਤੇ ਆਏ ਸਾਥੀਓ’ਸੁਣਾਉਣ ਉਪਰੰਤ ਪ੍ਰੋ ਮੋਹਨ ਸਿੰਘ ਨੂੰ ਵੀ ਯਾਦ ਕੀਤਾ ਤੇ ਉਨ੍ਹਾਂ ਦਾ ਗੀਤ ‘ਹਾਕਮਾਂ ਵੇ’ ਪੇਸ਼ ਕੀਤਾ।ਸੁਖਜੀਤ ਸੈਣੀ ਨੇ ‘ਕੁਦਰਤ ਤੇ ਮਨੁੱਖ’ ਇੱਕ ਬਹੁਤ ਹੀ ਸੰਜੀਦਾ ਕਵਿਤਾ ਸਾਂਝੀ ਕੀਤੀ।ਹਰਮਿੰਦਰ ਚੁੱਘ ਨੇ ਮੁਰਗੀ ਦੀ ਕਹਾਣੀ ਸੁਣਾ ਕੇ ਇਨਸਾਫ਼ ਦੇ ਮਿਆਰ ਦੀ ਗੱਲ ਕੀਤੀ ਜੋ ਭਾਰਤ ਦੀ ਅੱਜ ਦੀ ਹਾਲਤ ਉੱਤੇ ਵਿਅੰਗ ਕੱਸ ਗਈ।ਨਰਿੰਦਰ ਢਿੱਲੋਂ ਨੇ ਧਰਮ ਦੇ ਨਾਂ ਤੇ ਕੀਤੀ ਜਾ ਰਹੀ ਰਾਜਨੀਤੀ ਦੀ ਗੱਲ ਕੀਤੀ।ਜਿਸ ਨੂੰ ਅੱਗੇ ਤੋਰਦਿਆਂ ਜਗਦੇਵ ਸਿੱਧੂ ਨੇ ਸਾਹਿਤਕਾਰ ਦਾ ਫਰਜ਼,ਧਰਮ,ਕਿਸਾਨੀ ਅੰਦੋਲਨ ਤੇ ਰਾਜਨੀਤੀ ਵਿੱਚ ਕਰੋਨਾ ਦੇ ਨਾਮ ਤੇ ਮਾਰੀ ਜਾ ਰਹੀ ਠੱਗੀ ਤੇ ਨਾਕਾਮ ਨਿਕੰਮੀਆਂ ਸਰਕਾਰਾਂ ਦੀ ਗੱਲ ਕਰਦਿਆਂ ਮਾਹੌਲ ਗੰਭੀਰ ਕਰ ਦਿੱਤਾ।ਗੁਰਚਰਨ ਕੌਰ ਥਿੰਦ ਨੇ ਕਰੋਨਾ ਉਤੇ ਹੋ ਰਹੀ ਸਿਆਸਤ,ਆਕਸੀਜਨ ਦੀ ਘਾਟ ਤੇ ਲਾਸ਼ਾਂ ਦੀ ਸ਼ਨਾਖਤ ਤੇ ਬੇਕਦਰੀ ਦਾ ਦਰਦ ਬਿਆਨ ਕੀਤਾ ਤੇ ‘ਸਿਵਿਆਂ ਦਾ ਰੁੱਖ’ ਭਾਵੁਕ ਕਵਿਤਾ ਸੁਣਾਈ।ਡਾ ਮਨਮੋਹਨ ਕੌਰ ਨੇ ਕਰੋਨਾ ਕਾਰਨ ਹੋਈਆਂ ਰਿਸ਼ਤਿਆਂ ਤੇ ਸਬੰਧੀਆਂ ਦੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਸਭ ਨੂੰ ਗ਼ਮਗੀਨ ਕਰ ਦਿੱਤਾ।ਫਿਰ ਮਦਰ ਡੇਅ ਦੀ ਗੱਲਬਾਤ ਵੀ ਕੀਤੀ ਜਿਸ ਨੂੰ ਅੱਗੇ ਤੋਰਦਿਆਂ ਗੁਰਦੀਸ਼ ਗਰੇਵਾਲ ਨੇ ਕੌਣ ਕਹਿੰਦਾ ਮਰ ਜਾਂਦੀ ਹੈ’ ਗੀਤ ‘ਦੇਸ਼ ਮੇਰੇ ਦੀਆਂ ਗੱਲਾਂ’ ਵੀ ਸਾਂਝਾ ਕੀਤਾ।ਜਸਵੀਰ ਸਹੋਤਾ ਨੇ ‘ਮੈਂ ਸ਼ਬਦ ਹਾਂ’ ਕਵਿਤਾ ਅਤੇ ਖ਼ਾਲਸਾ ਬਾਰੇ ‘ਮਹੀਨਾ ਜੋ ਵਿਸਾਖ ਦਾ’ ਗੀਤ ਸੁਣਾਇਆ।ਗੁਰਚਰਨ ਹੇਅਰ ਨੇ ‘ਭਵਜਲ ਸੱਤਾ ਡੁੱਬੀ ਝੱਲਦੀ ਖੁਆਰੀਆਂ’ ਖ਼ੂਬਸੂਰਤ ਅੰਦਾਜ਼ ਵਿੱਚ ਸੁਣਾਇਆ।ਸਰਬਜੀਤ ਉੱਪਲ ਨੇ ‘ਮੰਡੀ’ ਨਾਂ ਦੀ ਕਵਿਤਾ ਬਹੁਤ ਗੰਭੀਰ ਮੱਸਲਿਆਂ ਉੱਤੇ ਹੋਣ ਕਾਰਨ ਸਭ ਨੇ ਦਾਦ ਦਿੱਤੀ।ਜ਼ੋਰਾਵਰ ਬਾਂਸਲ ਨੇ ਭਾਰਤ ਵਿੱਚ ਵਿਵਾਦਗ੍ਰਸਤ ਹੋਈ ਪਾਰੁਲ ਖਾਖਰ ਦੀ ਗੁਜਰਾਤੀ ਕਵਿਤਾ ਦਾ ਪੰਜਾਬੀ ਅਨੁਵਾਦ ‘ਸਾਹਿਬ!ਤੁਹਾਡੀ ਰਾਮ ਰਾਜ ਵਿੱਚ’ ਸੁਣਾਇਆ।ਇਹ ਪੰਜਾਬੀ ਰੂਪਾਂਤਰ ਪੰਜਾਬੀ ਲੋਕ ਸੱਭਿਆਚਾਰ ਅਕੈਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਵੱਲੋਂ ਕੀਤਾ ਗਿਆ ਹੈ ਜਿਨ੍ਹਾਂ ਦਾ ਇਨ੍ਹਾਂ ਸਰਲ ਭਾਸ਼ਾ ਚ ਰੂਪਾਂਤਰ ਕਰਨ ਲਈ ਧੰਨਵਾਦ ਵੀ ਕੀਤਾ ਗਿਆ।ਮੀਤ ਪ੍ਰਧਾਨ ਬਲਵੀਰ ਗੋਰਾ ਨੇ ‘ਮਾਂ ਵਰਗਾ ਘਣਛਾਵਾਂ ਬੂਟਾ’ ਕਵਿਤਾ ‘ਕੱਲ੍ਹ ਸ਼ਾਮੀਂ ਵਿੱਚ ਬਾਗ਼ ਦੇ’ ਤੇ ‘ਮੈਂ ਭਾਰਤ ਦੇਸ਼ ਦਾ ਵਾਸੀ ਹਾਂ’ ਗੀਤ ਬਹੁਤ ਹੀ ਖੂਬਸੂਰਤ ਸੁਰੀਲੇ ਅੰਦਾਜ਼ ਵਿਚ ਗਾਇਆ।ਅਖੀਰ ਵਿਚ ਉਨ੍ਹਾਂ ਆਏ ਹੋਏ ਹਾਜ਼ਰੀਨ ਦਾ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਧੰਨਵਾਦ ਵੀ ਕੀਤਾ ਤੇ ਅਗਲੀ ਮੀਟਿੰਗ ਚੋਂ ਵੀਹ ਜੂਨ ਨੂੰ ਹੈ,ਉਸ ਵਿੱਚ ਸ਼ਾਮਲ ਹੋਣ ਲਈ ਸਭ ਨੂੰ ਸੱਦਾ ਦਿੱਤਾ।ਸਭਾ ਬਾਰੇ ਕਿਸੇ ਵੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।