‘ਔਰਤ ਦਿਵਸ’ ਅਤੇ ‘ਕਿਸਾਨੀ ਸੰਘਰਸ਼’ ਉੱਤੇ ਰਚਨਾਵਾਂ ਦਾ ਭੱਖਵਾਂ ਦੌਰ ਚੱਲਿਆ।
ਜ਼ੋਰਾਵਰ ਬਾਂਸਲ ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮੀਟਿੰਗ ਜ਼ੂਮ ਦੇ ਮਾਧਿਅਮ ਰਾਹੀਂ ਆਪਣੇ-ਆਪਣੇ ਘਰਾਂ ਤੋਂ ਹੋਈ।ਜਿਸ ਵਿਚ ਸ਼ਹਿਰ ਦੇ ਨਾਮਵਰ ਲੇਖਕ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ।ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ਜੀ ਆਇਆਂ ਆਖਿਆ।ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਹਮੇਸ਼ਾ ਦੀ ਤਰ੍ਹਾਂ ਮੀਟਿੰਗ ਦੇ ਆਗਾਜ਼ ਵਿੱਚ ਸਾਹਿਤ ਅਤੇ ਸਮਾਜ ਨਾਲ ਜੁੜੀਆਂ ਸ਼ਖ਼ਸੀਅਤਾਂ ਦੇ ਸਦੀਵੀ ਵਿਛੋੜੇ ਉੱਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਜਿਨ੍ਹਾਂ ਵਿੱਚ ਗ਼ਜ਼ਲ ਤੇ ਕਲਾਸੀਕਲ ਗਾਇਕੀ ਵਿੱਚ ਵੱਡਾ ਨਾਮ ਜਗਜੀਤ ਜ਼ੀਰਵੀ,ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ’,ਨਾਮਵਰ ਸ਼ਾਇਰ ਗਜਿੰਦਰ ਪਰਦੇਸੀ ਉੱਘੇ ਸ਼ਾਇਰ ਤੇ ਲੇਖਕ ਅਨੂਪ ਸਿੰਘ ਨੂਰੀ,ਉੱਘੇ ਵਿਦਵਾਨ ਸਾਹਿਤਕਾਰ ਪ੍ਰੋ ਨਿਰੰਜਨ ਸਿੰਘ ਢੇਸੀ,ਕਲਾਸੀਕਲ ਗਾਇਕ ਸ੍ਰੀ ਬੀ ਐਸ ਨਾਰੰਗ,ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾਤਾਰ ਸਿੰਘ ਤੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਸਦੀਵੀ ਵਿਛੋੜੇ ਉੱਤੇ ਪੰਜਾਬੀ ਲਿਖਾਰੀ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਜਗਦੇਵ ਸਿੱਧੂ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਵਿੱਚੋਂ ਢੁੱਕਵੇਂ ਅਰਥ ਕੱਢਦੇ ਹੋਏ ਉਸ ਨੂੰ ਕਿਸਾਨੀ ਸੰਘਰਸ਼ ਨਾਲ ਜੋੜਦਿਆਂ ਕਿਹਾ ਕਿ ਅੱਜ ਦੀ ਨੌਜਵਾਨੀ ਵਿੱਚ ਪੜ੍ਹਨ ਦਾ ਰੁਝਾਨ ਘੱਟ ਹੋਣ ਕਾਰਨ ਜਾਗ੍ਰਿਤੀ ਦੀ ਕਮੀ ਹੈ।ਉਨ੍ਹਾਂ ਜੇਲ੍ਹ ਡਾਇਰੀ ਤੇ ਭਗਤ ਸਿੰਘ ਦੀ ਫਾਂਸੀ ਦਾ ਵਰਣਨ ਵੀ ਕੀਤਾ।ਗੁਰਚਰਨ ਕੌਰ ਥਿੰਦ ਨੇ ਇਸੇ ਲੜੀ ਵਿੱਚ ਸਾਂਝ ਪਾਉਂਦਿਆਂ ਭਗਤ ਸਿੰਘ ਦੇ ਨਾਸਤਿਕ ਹੋਣ ਤੇ ਤਰਕ ਪੇਸ਼ ਕੀਤਾ ਤੇ ਆਜ਼ਾਦੀ ਨਾਲ ਸਬੰਧਿਤ ਹੋਰ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਵੀ ਕੀਤਾ। ਜਸਵੀਰ ਸਹੋਤਾ ਨੇ ਕਿਹਾ ਕਿ ਭਗਤ ਸਿੰਘ ਵਰਗੀ ਮਹਾਨ ਸ਼ਖ਼ਸੀਅਤ ਦੀ ਗੱਲ ਕਰਦਿਆਂ ਸ਼ਬਦ ਛੋਟੇ ਪੈ ਜਾਂਦੇ ਹਨ।ਹਰਪਿੰਦਰ ਸਿੱਧੂ ਨੇ ਭਗਤ ਸਿੰਘ ਦੀ ਸੋਚ ਦੀ ਗੱਲ ਕੀਤੀ ਤੇ ਫੇਸਬੁੱਕ ਉੱਤੇ ਨਕਲੀ ਪਛਾਣ (ਆਈ ਡੀ)ਰਾਹੀਂ ਕੀਤੀ ਜਾ ਰਹੀ ਗਲਤ ਦੂਸ਼ਣਬਾਜ਼ੀ ਤੇ ਵੀ ਇਤਰਾਜ਼ ਜ਼ਾਹਿਰ ਕੀਤਾ।ਗੁਰਚਰਨ ਹੇਅਰ ਨੇ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦਾ ਗੀਤ ‘ਬੜਾ ਰੋਵੇਂਗਾ ਤੂੰ ਅੱਖੀਆਂ ਨੂੰ ਪੂੰਝ ਕੇ’,ਸੁਖਵਿੰਦਰ ਤੂਰ ਨੇ ‘ਨਾ ਵੰਡਣ ਨਾ ਢਾਹੁਣ ਲਈ ਲੜ ਰਿਹਾ’ ਸੁਰੀਲੀ ਆਵਾਜ਼ ਵਿੱਚ ਗਾਇਆ’,ਮੰਗਲ ਚੱਠਾ ਨੇ ਯੋਧਿਆਂ ਦੀ ਬਾਤ ਪਾਉਂਦਾ ਗੀਤ ‘ਉਹ ਦੱਸ ਕਿੱਥੇ ਮਰਦੇ ਨੇ’,ਮਹਿੰਦਰਪਾਲ ਐਸ ਪਾਲ ਨੇ ਖੂਬਸੂਰਤ ਗ਼ਜ਼ਲ ‘ਆਸ ਬਣਾ ਕੇ ਰੱਖੀਂ’,ਬਲਵੀਰ ਗੋਰਾ ਨੇ ਜਾਤ-ਪਾਤ ਨਾਲ ਸਬੰਧਿਤ ਗੀਤ ‘ਬੰਦਾ ਬੰਦੇ ਨਾਲੋਂ ਦੋਸਤੋ ਦੂਰ ਹੋ ਗਿਆ’, ਪਰਮਿੰਦਰ ਰਮਨ ਨੇ ਕਿਸਾਨੀ ਸੰਘਰਸ਼ ਨਾਲ ਸਬੰਧਤ ਕਵਿਤਾ ‘ਕਿਸਾਨ ਜ਼ਿੰਦਾਬਾਦ’,ਜ਼ੋਰਾਵਰ ਬਾਂਸਲ ਨੇ ਆਪਣੀ ਗ਼ਜ਼ਲ ‘ਬੁਲੰਦ ਹੌਂਸਲੇ’, ਸੁਖਜੀਤ ਸੈਣੀ ਨੇ ਕਵਿਤਾ ਦਿਵਸ ਨੂੰ ਸਮਰਪਿਤ ‘ਮੇਰੀ ਇੱਕ ਅਧੂਰੀ ਰੀਝ’ ਰਚਨਾ ਸੁਣਾਈ,ਗੁਰਦੀਸ਼ ਕੌਰ ਗਰੇਵਾਲ ਨੇ ਔਰਤ ਦਿਵਸ ਤੇ ‘ਮੈਂ ਇਕ ਔਰਤ ਹਾਂ’ ਤੇ ਭਗਤ ਸਿੰਘ ਬਾਰੇ ‘ਮੈਂ ਸਤਲੁਜ ਬੋਲਦਾ’ ਬਹੁਤ ਖੂਬਸੂਰਤ ਰਚਨਾਵਾਂ ਸੁਣਾਈਆਂ।ਹਰਮਿੰਦਰ ਚੁੱਘ ਨੇ ਨਾਰੀ ਦਿਵਸ ‘ਤੇ ‘ਸੁਲਗਦੇ ਸੂਰਜ ਕੋਲੋਂ’ ਅਤੇ ‘ਟੱਪੇ’ ਪੇਸ਼ ਕਰਕੇ ਵਾਹ ਵਾਹ ਖੱਟੀ।ਸਰਬਜੀਤ ਉੱਪਲ ਨੇ ਕਿਸਾਨੀ ਨਾਲ ਸਬੰਧਿਤ ‘ਸਾਥ ਕਿਸਾਨਾਂ ਦਾ’ ਗੀਤ ਤਰੰਨੁਮ ਵਿੱਚ ਗਾਇਆ।ਹਰੀਪਾਲ ਨੇ ਬਰਤਾ ਕ੍ਰਿਸਿਸ ਬਾਰੇ ਡੂੰਘੀ ਤੇ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਕਾਰਪੋਰੇਸ਼ਨਾਂ ਦੇ ਵਧਦੇ ਪਸਾਰੇ ਤੇ ਘਾਤਕ ਨਤੀਜਿਆਂ ਤੋਂ ਜਾਣੂ ਕਰਾਇਆ।ਡਾ ਮਨਮੋਹਨ ਕੌਰ ਜੋ ਅੱਜ ਪਹਿਲੀ ਵਾਰ ਸਭਾ ਦੀ ਮੀਟਿੰਗ ਵਿੱਚ ਹਾਜ਼ਰ ਹੋਏ,ਉਨ੍ਹਾਂ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਬਹੁਤ ਹੀ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ,ਇਸ ਮੌਕੇ ਰਣਜੀਤ ਸਿੰਘ ਵੀ ਹਾਜ਼ਰ ਸਨ।ਅਖੀਰ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਆਏ ਹੋਏ ਹਾਜ਼ਰੀਨ ਦਾ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਦੀ ਅਗਲੀ ਮੀਟਿੰਗ ਜੋ18 ਅਪ੍ਰੈਲ ਨੂੰ ਹੈ,ਵਿੱਚ ਸ਼ਾਮਲ ਹੋਣ ਲਈ ਸਭ ਨੂੰ ਸੱਦਾ ਦਿੱਤਾ।ਸਭਾ ਬਾਰੇ ਹੋਰ ਕਿਸੇ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403-993-2201 ਅਤੇ ਜ਼ੋਰਾਵਰ ਬਾਂਸਲ 587-437-7805 ਨੂੰ ਸੰਪਰਕ ਕੀਤਾ ਜਾ ਸਕਦਾ ਹੈ।