ਸ਼ਾਂਤਮਈ ਕਿਸਾਨ ਸੰਘਰਸ਼ —ਦੇਖਨਾ ਹੈ ਜ਼ੋਰ ਕਿਤਨਾ
ਸੁਰਿੰਦਰ ਗੀਤ :- ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਫ਼ਰਵਰੀ ਮਹੀਨੇ ਦੀ ਇਕੱਤਰਤਾ 14 ਫਰਵਰੀ ਦਿਨ ਐਤਵਾਰ ਬਾਦ ਦੁਪਹਿਰ ਤਿੰਨ ਵਜੇ ਜੂਮ ਰਾਹੀਂ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸ. ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਅਤੇ ਪ੍ਰਭਾਵਵਸ਼ਾਲੀ ਢੰਗ ਨਾਲ ਨਿਭਾਈ ।
ਅਰੰਭ ਵਿੱਚ ਪੁਲਵਾਮਾ ਅਤੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ।
ਪੰਜਾਬੀ ਸਾਹਿਤ ਸਭਾ ਦੇ ਸਾਬਕਾ ਜਨਰਲ ਸਕੱਤਰ ਰਾਜ ਕੈਲਗਰੀ ਨੇ ਇਸ ਮੀਟਿੰਗ ਵਿੱਚ ਬਹੁਤ ਦੇਰ ਬਾਦ ਆਪਣੀ ਹਾਜ਼ਰੀ ਲਗਵਾਈ । ਉਹਨਾਂ ਨੇ ਕਿਹਾ ਕਿ ਕੈਨੇਡਾ ਸਾਡਾ ਦੇਸ਼ ਹੈ । ਸਾਡੇ ਬੱਚਿਆਂ ਨੇ ਇਥੇ ਜਨਮ ਲਿਆ ਹੈ ਤੇ ਇਹ ਗੱਲ ਵੀ ਪੱਕੀ ਹੈ ਕਿ ਸਾਡੇ ਬੱਚਿਆਂ ਨੇ ਹੁਣ ਭਾਰਤ ਜਾ ਕੇ ਨਹੀਂ ਰਹਿਣਾ । ਸੋ ਸਾਨੂੰ ਇਸ ਖੂਬਸੂਰਤ ਦੇਸ਼ ਦੇ ਕਾਇਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਇਸ ਦੇਸ਼ ਵਿੱਚ ਬਹੁਤ ਕੁਝ ਚੰਗਾ ਹੈ ਅਤੇ ਜੋ ਕੁਝ ਮਾੜਾ ਹੈ ਉਸ ਲਈ ਆਵਾਜ਼ ਉਠਾਉਣੀ ਸਾਡਾ ਫਰਜ਼ ਬਣਦਾ ਹੈ । ਸਾਡੀ ਦਿਲੀ ਤਮੰਨਾ ਹੈ ਕਿ ਕੇਨੇਡਾ ਮਾਨਵੀ ਹੱਕਾਂ ਅਤੇ ਅਧਿਕਾਰਾਂ ਨੂੰ ਲੈਕੇ ਦੁਨੀਆਂ ਦਾ ਸਭ ਤੋਂ ਬੇਹਤਰੀਨ ਦੇਸ਼ ਹੋਵੇ । ਉਹਨਾਂ ਨੇ ਕੈਲਗਰੀ ਟਰਾਂਜਿਟ ਦੇ ਮਸਲੇ ਤੇ ਬੋਲਦਿਆਂ ਕਿਹਾ ਕਿ ਟਰਾਂਜਿਟ ਸਥਾਨਿਕ ਸਰਕਾਰ ਦਾ ਬਹੁਤ ਅਹਿਮ ਮਹਿਕਮਾ ਹੈ ਕੈਲਗਰੀ ਨਿਵਾਸੀਆਂ ਨੂੰ ਲੋਕਲ ਬੱਸਾਂ ਅਤੇ ਟਰੇਨਾਂ ਦੀਆਂ ਚੰਗੀਆਂ ਸਹੂਲਤਾਂ ਪ੍ਰਦਾਨ ਕਰਨਾ ਸਥਾਨਿਕ ਸਰਕਾਰ ਦਾ ਫਰਜ਼ ਬਣਦਾ ਹੈ । ਕੈਲਗਰੀ ਸ਼ਹਿਰ ਦੀ ਸਥਾਨਿਕ ਸਰਕਾਰ ਹੁਣ ਕੈਲਗਰੀ ਟ੍ਰਾਂਜਿਟ ਮਹਿਕਮੇ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਵੱਲ ਵੱਧ ਰਹੀ ਹੈ ਅਤੇ ਇਸ ਵਰਤਾਰੇ ਦੀ ਨਿਖੇਧੀ ਕਰਨਾ ਸਾਡਾ ਫਰਜ਼ ਬਣਦਾ ਹੈ ਤਾਂ ਜੋ ਨਾਗਰਿਕਾਂ ਅਤੇ ਕਾਮਿਆਂ ਦੇ ਹੱਕ ਬਰਕਰਾਰ ਰਹਿ ਸਕਣ । ਵਰਨਣ ਯੋਗ ਹੈ ਕਿ ਰਾਜ ਕੈਲਗਰੀ, ਵਰਕਰਾਂ ਦੀ ਯੂਨੀਅਨ ਦੇ ਬੜੇ ਸਰਗਰਮ ਮੈਂਬਰ ਹਨ । ਉਹਨਾਂ ਨੇ ਅੱਗੇ ਤੋਂ ਵੀ ਪੰਜਾਬੀ ਸਾਹਿਤ ਸਭਾ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ।
ਇਸ ਤੋਂ ਇਲਾਵਾ ਵਿਚਾਰ ਵਿਟਾਂਦਰੇ ਦਾ ਮੁੱਖ ਕੇਂਦਰ ਬਿੰਦੂ ਭਾਰਤ ਵਿੱਚ ਚਲ ਰਿਹਾ ਕਿਸਾਨ ਅੰਦੋਲਨ ਰਿਹਾ । ਸਭਾ ਦੇ ਸਰਗਰਮ ਮੈਂਬਰ ਸ. ਜਗਦੇਵ ਸਿੰਘ ਸਿੱਧੂ ਹੋਰਾਂ ਨੇ ਕਿਸਾਨ ਅੰਦੋਲਨ ਸੰਬੰਧੀ ਆਪਣੇ ਲੇਖ ‘ ਦੇਖਨਾ ਹੈ ਜ਼ੋਰ ਕਿਤਨਾ… ’ ਦੇ ਹਵਾਲੇ ਨਾਲ ਕਿਹਾ ਕਿ ਇਹ ਕਿਸਾਨੀ ਅੰਦੋਲਨ ਪੂਰੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣ ਚੁੱਕ ਹੈ । ਦੁਨੀਆਂ ਦੇ ਇਤਿਹਾਸ ਵਿੱਚ ਕਈ ਪੱਖਾਂ ਤੋਂ ਨਿਵੇਕਲਾ, ਅਦੁੱਤੀ ਤੇ ਵਿਲੱਖਣ ਅੰਦੋਲਨ ਹੈ । ਸਾਰੇ ਧਰਮ, ਸਭ ਜਾਤੀਆਂ ਤੇ ਸਭ ਵਰਗਾਂ ਦੇ ਲੋਕ ਆਪਸ ਵਿੱਚ ਇਕ – ਜੁੱਟ ਹੋ ਗਏ ਹਨ । ਇਸ ਅੰਦੋਲਨ ਵਿੱਚ ਸੰਜਮ , ਸਹਿਨਸ਼ੀਲਤਾ , ਅਨੁਸਾਸ਼ਨ ਅਤੇ ਅਹਿੰਸਾ ਪੂਰਨ ਰੂਪ ਵਿੱਚ ਵਿਦਮਾਨ ਹਨ । ਕਿਸਾਨ ਆਗੂ ਹੈਰਾਨੀਜਨਕ ਸੂਝ ਬੂਝ ਨਾਲ ਸੁਚੱਜੀ ਅਗਵਾਈ ਕਰ ਰਹੇ ਹਨ । ਅੰਦੋਲਨਕਾਰੀਆਂ ਦੇ ਦ੍ਰਿੜ ਇਰਾਦੇ ਸਾਡੇ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਤਹੱਈਆ ਹਨ ਅਤੇ ਸਾਂਤਮਈ ਤਰੀਕੇ ਨਾਲ ਅੱਗੇ ਵੱਧਦੇ ਹੋਏ ਆਖ ਰਹੇ ਹਨ ‘ ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੈਂ ਹੈ’
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਜਰਨੈਲ ਸਿੰਘ ਤੱਗੜ ਹੋਰਾਂ ਨੇ ਪ੍ਰਸਿੱਧ ਗ਼ਜ਼ਲਗੋ ਪਾਲ ਢਿੱਲੋਂ ਦੀ ਲਿਖੀ ਗ਼ਜ਼ਲ ਨਾਲ ਆਪਣੀ ਹਾਜ਼ਰੀ ਲਗਵਾਈ । ਜੋਗਾ ਸਿੰਘ ਸਹੋਤਾ ਨੇ ਸੁਰਿੰਦਰ ਗੀਤ ਦੀ ਰਚਨਾ ‘ ਨਵਾਂ ਸੈਲਾਬ ਆਇਆ ਹੈ’ ਆਪਣੀ ਸੁਰੀਲੀ ਆਵਾਜ਼ ਵਿੱਚ ਹਰਮੋਨੀਅਮ ਤੇ ਗਾ ਕੇ ਸੁਣਾਈ । ਜੋਗਾ ਸਿੰਘ ਸਹੋਤਾ ਗਾਇਕੀ ਦੀਆਂ ਬਾਰੀਕੀਆਂ ਅਤੇ ਰਾਗ ਵਿਦਿਆ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਸਮੇਂ ਸਮੇਂ ਸਿਰ ਆਪਣੀ ਆਵਾਜ਼ ਦਾ ਜਾਦੂ ਬਿਖੇਰਦੇ ਰਹਿੰਦੇ ਹਨ ।
ਸ. ਜਗਜੀਤ ਸਿੰਘ ਰੈਹਸ਼ੀ ਨੇ ਉਰਦੂ ਦੇ ਬਹੁਤ ਹੀ ਬੇਹਤਰੀਂਨ ਸ਼ਿਅਰ ਸਾਂਝੇ ਕੀਤੇ । ਸੁਰਿੰਦਰ ਢਿੱਲੋਂ ਹੋਰਾਂ ਨੇ ਲਹਿੰਦੇ ਪੰਜਾਬ ਦੇ ਸ਼ਾਇਰ ਬਾਬਾ ਨਜਮੀ ਦੇ ਕੁਝ ਚੋਣਵੇਂ ਸ਼ਿਅਰ ਪੇਸ਼ ਕੀਤੇ ।
ਡਾ. ਰਾਜਵੰਤ ਕੌਰ ਮਾਨ ਹੋਰਾਂ ਕਿਸਾਨ ਅੰਦੋਲਨ ਬਾਰੇ ਲਿਖੀ ਆਪਣੀ ਇਕ ਨਜ਼ਮ ਸੁਣਾਈ । ਜਸਵੀਰ ਸਿੰਘ ਸਹੋਤਾ ਨੇ ਆਪਣੀ ਇਕ ਰਚਨਾ ਅਤੇ ਕਿਸਾਨ ਅੰਦੋਲਨ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ । ਸਰਬਜੀਤ ਕੌਰ ਉੱਪਲ ਨੇ ‘ ਪੁੱਠਾ ਪੰਗਾ ਲੈ ਲਿਆ ਮੋਦੀਆ ’ ਗੀਤ ਸੁਣਾਇਆ । ਸ. ਸੁਖਮਿੰਦਰ ਸਿੰਘ ਤੂਰ ਹੋਰਾਂ ਸਾਡੇ ਸਿਰਮੌਰ ਸ਼ਾਇਰ ਡ. ਸੁਰਜੀਤ ਪਾਤਰ ਦੀ ਨਜ਼ਮ ‘ ਇਹ ਗੱਲ ਨਿਰੀ ਏਨੀ ਹੀ ਨਹੀਂ ’ ਆਪਣੇ ਅੰਦਾਜ਼ ਵਿੱਚ ਗਾ ਕੇ ਸੁਣਾਈ ਤੇ ਚੰਗਾ ਰੰਗ ਬੰਨ੍ਹਿਆ ।
ਪੈਰੀ ਮਾਹਲ ਅਤੇ ਸ. ਦਿਲਾਵਰ ਸਿੰਘ ਸਮਰਾ ਨੇ ਵਿਚਾਰ ਵਿਟਾਂਦਰੇ ਵਿੱਚ ਹਿੱਸਾ ਲਿਆ ਅਤੇ ਸਭਾ ਦੀ ਕਾਰਜਕਰਨੀ ਕਮੇਟੀ ਦਾ ਜ਼ੂਮ ਮੀਟਿੰਗ ਅਯੋਜਿਤ ਕਰਨ ਲਈ ਧੰਨਵਾਦ ਕੀਤਾ । ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਇਕ ਗ਼ਜ਼ਲ ਰਾਹੀਂ ਹਾਜਰੀ ਲਗਵਾਈ । ਭਾਵੇਂ ਉਹਨਾਂ ਦੀ ਸਿਹਤ ਕੁਝ ਠੀਕ ਨਹੀਂ ਸੀ ਪਰ ਫਿਰ ਵੀ ਇਸ ਇਕੱਤਰਤਾ ਦਾ ਹਿੱਸਾ ਬਣਨ ਲਈ ਉਹਨਾਂ ਦਾ ਸਭਾ ਵਲੋਂ ਸ਼ੁਕਰਾਨਾ ਕੀਤਾ ਜਾਂਦਾ ਹੈ ।
ਅੰਤ ਵਿੱਚ ਸਭਾ ਦੇ ਮੈਂਬਰਾਂ ਤੋਂ ਮੀਟਿੰਗ ਦੇ ਸਮੇਂ ਸੰਬੰਧੀ ਰਾਇ ਲਈ ਗਈ ।
ਸੁਰਿੰਦਰ ਗੀਤ ਨੇ ਸਭ ਦਾ ਧੰਨਵਾਦ ਕੀਤਾ ਅਤੇ ਅਗਾਂਹ ਨੂੰ ਵੀ ਸਹਿਯੋਗ ਲਈ ਆਸ ਪ੍ਰਗਟ ਕੀਤੀ ਤਾਂ ਜੋ ਪੰਜਾਬੀ ਮਾਂ ਬੋਲੀੱ ਅਤੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕੇ । ਪੰਜਾਬੀ ਬੋਲੀ ਅਤੇ ਸਾਹਿਤ ਦਾ ਵਿਕਾਸ ਹੀ ਪੰਜਾਬੀ ਸਾਹਿਤ ਸਭਾ ਦਾ ਮੁੱਖ ਮਨੋਰਥ ਹੈ ।
ਪੰਜਾਬੀ ਸਾਹਿਤ ਸਭਾ ਦੀ ਅੱਗਲੀ ਮੀਟਿੰਗ 14 ਮਾਰਚ ਨੂੰ ਦੁਪਹਿਰ ਤਿੰਨ ਵਜੇ ਜ਼ੂਮ ਰਹੀਂ ਹੋਵੇਗੀ । ਜਾਣਕਾਰੀ ਲਈ ਸਭਾ ਦੇ ਜਨਰਲ ਸਕੱਤਰ ਸ. ਗੁਰਦਿਆਲ ਸਿੰਘ ਖਹਿਰਾ ਨੂੰ 403 – 968 – 2880 ਤੇ ਜਾਂ ਪ੍ਰਧਾਨ ਸੁਰਿੰਦਰ ਗੀਤ ਨੂੰ 403 – 605 – 3734 ਤੇ ਸੰਪਰਕ ਕੀਤਾ ਜਾ ਸਕਦਾ ਹੈ । ਸਮਾਪਤ-