ਕਿਸਾਨੀ ਅੰਦੋਲਨ ਨਾਲ ਸਬੰਧਤ ਰਚਨਾਵਾਂ ਸਹਿਤ ਹੋਈ ਵਿਚਾਰ ਚਰਚਾ!
ਜ਼ੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਆਪਣੀ ਮਹੀਨਾਵਾਰ ਮੀਟਿੰਗ ਜ਼ੂਮ ਦੇ ਮਾਧਿਅਮ ਰਾਹੀਂ ਨਿਰਵਿਘਨ ਕਰਦੀ ਆ ਰਹੀ ਹੈ.ਫਰਵਰੀ ਮਹੀਨੇ ਦੀ ਮੀਟਿੰਗ ਵਿਚ ਭਾਗ ਲੈਣ ਵਾਲੇ ਬੁਲਾਰਿਆਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਦੇਖਣ ਨੂੰ ਮਿਲਿਆ.ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ਜੀ ਆਇਆਂ ਆਖਿਆ.ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਅਗਲੀ ਕਾਰਵਾਈ ਸ਼ੁਰੂ ਕਰਦਿਆਂ ਭਾਵੁਕ ਸ਼ਬਦਾਂ ਵਿਚ ਸ਼ੋਕ ਮਤੇ ਸਾਂਝੇ ਕੀਤੇ ਜਿਨ੍ਹਾਂ ਵਿਚ ਪਹਿਲਾਂ ਜ਼ਿਕਰ ਲੇਖਕ ਤੇ ਫ਼ਿਲਮ ਨਿਰਦੇਸ਼ਕ ਦਰਵੇਸ਼ ਦਰਸ਼ਨ,ਥੀਏਟਰ ਨਾਲ ਸਬੰਧਤ ਬਹੁਪੱਖੀ ਸ਼ਖ਼ਸੀਅਤ ਡਾ ਦਰਸ਼ਨ ਬੜੀ ਦੇ ਇਲਾਵਾ ਚਰਨਪਾਲ ਗਿੱਲ ਜਿਨ੍ਹਾਂ ‘ਫਾਰਮਰਸ ਫਾਰਮ ਵਰਕਰ ਯੂਨੀਅਨ’ ਬਣਾ ਕੇ ਵਰਕਰਾਂ ਦੇ ਹੱਕਾਂ ਲਈ ਸੰਘਰਸ਼ ਕੀਤਾ, ਨਸਲਵਾਦ ਵਿਰੋਧੀ ਸੰਘਰਸ਼ ਕਮੇਟੀ ਦੀ ਅਗਵਾਈ ਕੀਤੀ, ਬਜ਼ੁਰਗਾਂ ਦੀ ਸਹੂਲਤ ਲਈ ‘ਨਾਨ ਪ੍ਰਾਫਿਟ ਗੁਰੂ ਨਾਨਕ’ ਸੀਨੀਅਰ ਹੋਮ ਬਣਾਇਆ,ਉਹ ਦੋ ਫਰਵਰੀ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ.ਪੰਜਾਬੀ ਲਿਖਾਰੀ ਸਭਾ ਦੀ ਪੂਰੀ ਕਮੇਟੀ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਰਧਾ ਦੇ ਅਕੀਦੇ ਭੇਟ ਕੀਤੇ ਗਏ.ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਅੰਦੋਲਨਕਾਰੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ.ਨੌਦੀਪ ਕੌਰ ਤੇ ਦਿਸ਼ਾ ਰਵੀ ਪ੍ਰਤੀ ਸਰਕਾਰ ਦੀ ਵਧੀਕੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ.ਬਲਜਿੰਦਰ ਸੰਘਾ ਨੇ ਚਰਨਪਾਲ ਗਿੱਲ ਬਾਰੇ ਹੋਰ ਵਿਸਥਾਰ ਚ ਜਾਣਕਾਰੀ ਸਾਝੀ ਕੀਤੀ ਤੇ ‘ਦੋਸਤ ਲਈ ਦੁਆ’ ਤੇ ‘ਮੀਡੀਆ’ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ.ਗੁਰਚਰਨ ਕੌਰ ਥਿੰਦ ਨੇ ਪੰਜਾਬੀ ਭਾਸ਼ਾ ਦਾ ਇਤਿਹਾਸ ਤੇ ‘ਨਜ਼ਾਰਾ’ ਕਵਿਤਾ,ਹਰੀਪਾਲ ਨੇ ਇਤਿਹਾਸ ਬਿਆਨ ਕਰਦੀ ਪੰਜਾਬੀ ਬੋਲੀ ਨੂੰ ਸਮਰਪਤ ‘ਮੇਰੀ ਜ਼ੁਬਾਨ’ ਕਵਿਤਾ,ਸੁਖਵਿੰਦਰ ਤੂਰ ਨੇ ਤਰੰਨਮ ਚ ‘ਹੂਰਪਰੀ, ਗੀਤ, ਪਰਮਿੰਦਰ ਰਮਨ ਨੇ ‘ਮਾਂ ਬੋਲੀ’,ਸੁਖਜੀਤ ਨੇ ‘ਚੀਂ-ਚੀਂ ਕਰਦੀਆਂ ਚਿੜੀਆਂ’ ਤੇ ‘ਮੇਰੇ ਰੱਬ ਲਈ’, ਹਰਕੰਵਲ ਸਾਹਿਲ ਨੇ ‘ਖਿੜੇ ਬੋਲ’, ਸ਼ਿਵ ਕੁਮਾਰ ਸ਼ਰਮਾ ਨੇ ‘ਵਾਹ ਨੀ ਪੰਜਾਬੀਏ’, ਜਸਵੀਰ ਸਹੋਤਾ ਨੇ ‘ਬਸੰਤ ਪੰਚਮੀ’, ਮਹਿੰਦਰਪਾਲ ਐਸ ਪਾਲ ਨੇ ‘ਰੁਬਾਈ’ ਤੇ ਬਹੁਤ ਖ਼ੂਬਸੂਰਤ ਕਵਿਤਾ ‘ਮਾਂ ਬੋਲੀ ਪੰਜਾਬੀ’, ਹਰਮਿੰਦਰ ਚੁੱਘ ਨੇ ਨੰਦ ਲਾਲ ਨੂਰਪੁਰੀ ਦੀ ਕਵਿਤਾ ‘ਮੈਂ ਵਤਨ ਦਾ ਸ਼ਹੀਦ ਹਾਂ’ ਗਾ ਕੇ ਸੁਣਾਈ ਜੋ ਕਿਸਾਨੀ ਅੰਦੋਲਨ ਚ ਸ਼ਹੀਦ ਹੋਏ ਸੰਘਰਸ਼ਕਾਰੀਆਂ ਦੇ ਨਾਮ ਸੀ.ਕਿਸਾਨੀ ਅੰਦੋਲਨ ਤੇ ਮਾਂ ਬੋਲੀ ਨੂੰ ਸਮਰਪਤ ਅਗਲੀਆਂ ਰਚਨਾਵਾਂ ਵਿਚ ਸਰਬਜੀਤ ਉੱਪਲ ਨੇ ‘ਮਾਂ ਧੀ ਰੋਟੀ’,ਗੁਰਦੀਸ਼ ਗਰੇਵਾਲ ਨੇ ‘ਮਾਂ ਮੇਰੀ’ ਤੇ ਕਿਸਾਨੀ ਸੰਘਰਸ਼ ਬਾਰੇ ‘ਮੈਂ ਤੇਰੇ ਲਈ ਅੰਨ ਉਗਾਵਾਂ’, ਮੰਗਲ ਚੱਠਾ ਨੇ ਚੀਨ ਬਾਰਡਰ ਤੇ ਦਿੱਲੀ ਬਾਰਡਰ ਤੇ ਬੈਠੇ ਪਿਓ ਪੁੱਤ ਦਾ ਵਾਰਤਾਲਾਪ ਬੜੇ ਹੀ ਖ਼ੂਬਸੂਰਤ ਢੰਗ ਨਾਲ ਕਵਿਤਾ ਰਾਹੀਂ ਸੁਣਾਇਆ.ਸਰਵਣ ਸਿੰਘ ਸੰਧੂ ਨੇ ‘ਪੰਜਾਬੀਆਂ ਦੇ ਨਾਂ’ ਤੇ ‘ਕੰਮ ਸਾਂਭ ਲਓ ਸਾਰੇ’ਰਚਨਾਵਾਂ,ਜੋਰਾਵਰ ਬਾਂਸਲ ਨੇ ਜਗਤਾਰ ਸਾਲਮ ਦੀ ਗਜ਼ਲ ‘ਨਾ ਮੈ ਤਲਵਾਰ ਦਿਆ’ ਅਤੇ ਮੀਤ ਪ੍ਰਧਾਨ ਬਲਬੀਰ ਗੋਰਾ ਨੇ ‘ਮਹਾਂਪੰਚਾਇਤਾਂ ਵਿਚ ਗੱਲਾਂ ਹੁੰਦੀਆਂ’ ਕਿਸਾਨੀ ਸੰਘਰਸ਼ ਨਾਲ ਸਬੰਧਤ ਗੀਤ ਸੁਣਾਇਆ.ਜਗਦੀਪ ਸਿੱਧੂ ਨੇ ਰਜਬ ਅਲੀ ਖ਼ਾਨ ਦੀਆਂ ਨਜ਼ਮਾਂ ਸੁਣਾਈਆਂ ਤੇ ਸ਼ਾਹਮੁਖੀ ਨੂੰ ਸਿੱਖਣ ਦੀ ਗੱਲ ਵੀ ਕੀਤੀ,ਲਾਇਬਰੇਰੀ ਤੇ ਪਾਠਕਾਂ ਦਾ ਚਿੰਤਨ ਕਰਦਿਆਂ ਇਸ ਨੂੰ ਪ੍ਰਫੁੱਲਤ ਕਰਨ ਲਈ ਉਪਰਾਲਾ ਕਰਨ ਲਈ ਵੀ ਕਿਹਾ ਜਿਸ ਚ ਸਹਿਯੋਗ ਦੇਣ ਲਈ ਸਾਰੇ ਹਾਜ਼ਰੀਨ ਨੇ ਹਾਮੀ ਭਰੀ.ਸਾਰੀ ਮੀਟਿੰਗ ਹੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਹੀ ਤੇ ਕਿਸਾਨੀ ਸੰਘਰਸ਼ ਉੱਤੇ ਡੂੰਘੀਆਂ ਵਿਚਾਰਾਂ ਹੋਈਆਂ.ਅਖੀਰ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਹਾਜ਼ਰ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ ਜੋ ਇੱਕੀ ਮਾਰਚ ਨੂੰ ਜ਼ੂਮ ਦੇ ਮਾਧਿਅਮ ਰਾਹੀਂ ਹੋਏਗੀ.ਉਸ ਵਿਚ ਹਾਜ਼ਰ ਹੋਣ ਲਈ ਅਪੀਲ ਕੀਤੀ.ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 4039932201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ 5874377805 ਨੂੰ ਸੰਪਰਕ ਕੀਤਾ ਜਾ ਸਕਦਾ ਹੈ!