ਇਹ ਪਰੇਡ ਕੈਲਗਰੀ ਨਾਰਥ ਈਸਟ ਵਿੱਚ ਨੈਲਸਨ ਮੰਡੇਲਾ ਹਾਈ ਸਕੂਲ ਦੇ ਸਾਹਮਣੇ ਮੇਨ ਰੋਡ ਤੇ ਕੀਤੀ ਗਈ।
ਹਰਚਰਨ ਸਿੰਘ ਪਰਹਾਰ ਕੈਲਗਰੀ: ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਮਾਰਚ ਲਈ ਦਿੱਤੇ ਸੱਦੇ ਦੇ ਮੱਦੇਨਜ਼ਰ ਕੈਲਗਰੀ ਦੀਆਂ ਦੋ ਸੰਸਥਾਵਾਂ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ‘ਕਿਸਾਨ ਸੁਪਪੋਰਟ ਪਰੇਡ’ ਦੇ ਦਿੱਤੇ ਸੱਦੇ ਅਨੁਸਾਰ ਅੱਜ 26 ਜਨਵਰੀ ਨੂੰ -18 ਡਿਗਰੀ ਤਾਪਮਾਨ ਵਿੱਚ ਕਿਸਾਨ ਹਿਤੈਸ਼ੀ ਬੱਚੇ, ਨੌਜਵਾਨ, ਬਜ਼ੁਰਗ, ਔਰਤਾਂ ਨੇ ਬੜੇ ਉਤਸ਼ਾਹ ਨਾਲ਼ ਪਰੇਡ ਵਿੱਚ ਹਿੱਸਾ ਲਿਆ। ਇਹ ਪਰੇਡ ਕੈਲਗਰੀ ਨਾਰਥ ਈਸਟ ਵਿੱਚ ਨੈਲਸਨ ਮੰਡੇਲਾ ਹਾਈ ਸਕੂਲ ਦੇ ਸਾਹਮਣੇ ਮੇਨ ਰੋਡ ਤੇ ਕੀਤੀ ਗਈ। ਪਰੇਡ ਵਿੱਚ ਸ਼ਾਮਿਲ ਸਾਰੇ ਵਿਅਕਤੀਆਂ ਨੇ ਆਪਣੇ ਹੱਥਾਂ ਵਿੱਚ ਕਿਸਾਨ ਪੱਖੀ ਤੇ ਸਰਕਾਰ ਵਿਰੋਧੀ ਨਾਹਰਿਆਂ ਵਾਲ਼ੇ ਪਲੈਕ ਕਾਰਡ ਚੁੱਕੇ ਹੋਏ ਸਨ। ਇਸ ਮੌਕੇ ਤੇ ਮੁੱਖ ਪ੍ਰਬੰਧਕ ਮਾਸਟਰ ਭਜਨ ਸਿੰਘ ਨੇ ਸੰਬੋਧਨ ਕਰਦਿਆਂ ਜਿਥੇ ਕਿਸਾਨਾਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ, ਉਥੇ ਭਾਰਤ ਸਰਕਾਰ ਵਲੋਂ ਮੰਗਾਂ ਨਾ ਮੰਨਣ ਦੀ ਜਿਦ ਦੀ ਸਖਤ ਨਿਖੇਧੀ ਕੀਤੀ।ਪ੍ਰਬੰਧਕਾਂ ਵਲੋਂ ਮੀਡੀਆ ਸਮੇਤ ਸਭ ਦਾ ਆਉਣ ਲਈ ਧੰਨਵਾਦ ਕੀਤਾ।ਇਸ ਮੌਕੇ ਤੇ ਕੈਲਗਰੀ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਿਰ ਸਨ। ਸਾਰੀ ਪਰੇਡ ਦੌਰਾਨ ਕਿਸਾਨਾਂ ਦੇ ਹੱਕ ਤੇ ਮੋਦੀ ਸਰਕਾਰ ਵਿਰੁੱਧ ਨਾਹਰੇ ਲਗਾਤਾਰ ਗੂੰਜਦੇ ਰਹੇ।