ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਕਵੀਆਂ ਨੇ ਰਚਨਾਵਾਂ ਰਾਹੀਂ ਬਿਆਨ ਕੀਤਾ ਕਿਸਾਨੀ ਦਰਦ।
ਜੋਰਾਵਰ ਬਾਂਸਲ:– ਪੰਜਬੀ ਲਿਖਾਰੀ ਸਭਾ ਕੈਲਗਰੀ ਨੇ ਸਾਲ 2021 ਦੀ ਪਹਿਲੀ (ਜਨਵਰੀ ਮਹੀਨੇ ਦੀ) ਮੀਟਿੰਗ ਨੂੰ ਇੱਕ ਵੱਖਰਾ ਸਾਹਿਤਕ ਰੂਪ ਦਿੰਦਿਆ ‘ਨੈਸ਼ਨਲ ਕਵੀ ਦਰਬਾਰ 2021’ ਦਾ ਆਯੋਜਨ ਆਧੁਨਿਕ ਤਕਨੀਕੀ ਮਾਧਿਅਮ ਜੂਮ ਰਾਹੀ ਕੀਤਾ। ਜਿਸ ਵਿੱਚ ਐਡਮਿੰਟਨ, ਵੈਨਕੂਵਰ, ਵਿੰਨੀਪੈਗ ਤੇ ਕੈਲਗਰੀ ਦੇ ਲੇਖਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸਾਰੇ ਹੀ ਬੁਲਾਰਿਆ ਦੀਆਂ ਰਚਨਾਵਾਂ ਵਿੱਚ ਕਿਸਾਨੀ,ਫਸਲਾਂ, ਸੰਘਰਸ਼ ਦੀਆਂ ਔਕੜਾਂ, ਅੰਦੋਲਨਕਾਰੀਆ ਦੇ ਸਿਦਕ ਤੇ ਦਾਨੀ ਸੱਜਣਾਂ ਦੀ ਦਰਿਆਦਿਲੀ ਦੀਆਂ ਬਾਤਾਂ ਪਾਈਆਂ ਗਈਆਂ। ਉਥੇ ਹੀ ਸਰਕਾਰ ਦੀਆਂ ਤਲਖੀਆਂ,ਅਣਮਨੁੱਖੀ ਰਵੱਈਏ ਤੇ ਖੇਤੀ ਬਿੱਲਾਂ ਨੂੰ ਵਾਪਸ ਨਾ ਲੈਣ ਉੱਤੇ ਸਖਤ ਪਰ ਸਭਿਅਕ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਤਿਹਾਸਕ ਘਟਨਾਵਾਂ ਦਾ ਵੇਰਵਾ ਦੇ ਕੇ ਅੰਦੋਲਨਕਾਰੀਆ ਦੀ ਤੁਲਨਾ ਯੋਧਿਆ ਨਾਲ ਕੀਤੀ। ਉੱਥੇ ਹੀ ਇਸ ਸੰਘਰਸ਼ ਦੇ ਸ਼ਾਂਤਮਈ ਚੱਲਣ ਤੇ ਜਲਦੀ ਹੀ ਕਿਸੇ ਸਿੱਟੇ ( ਕਾਮਯਾਬੀ) ਤੇ ਪਹੁੰਚਣ ਦੀ ਕਾਮਨਾ ਵੀ ਕੀਤੀ ਗਈ। ਇਸ ਕਵੀ ਦਰਬਾਰ ਵਿੱਚ ਤਰੁੰਨਮ ਵਿੱਚ ਗਾਏ ਗੀਤਾਂ ਦੇ ਇਲਾਵਾ ਰੁਬਾਈਆਂ, ਕਵਿਤਾਵਾਂ, ਗਜ਼ਲਾਂ, ਖੁੱਲੀਆਂ ਕਵਿਤਾਵਾਂ , ਸ਼ੇਅਰਾਂ ਆਦਿ ਜਾਣੀ ਹਰ ਰੰਗ ਦੇਖਣ ਤੇ ਸੁਣਨ ਨੂੰ ਮਿਲਿਆ। ਵਿਦੇਸ਼ਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਹਰ ਹੀਲੇ ਇਸ ਸੰਘਰਸ਼ ਨਾਲ ਜੁੜਨ ਦੀ ਕੋਸਿ਼ਸ਼ ਲਗਾਤਾਰ ਜਾਰੀ ਹੈ। ‘ਨੈਸ਼ਨਲ ਕਵੀ ਦਰਬਾਰ’ ਰਾਹੀਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਵੀ ਇਹ ਉੱਤਮ ਉਪਰਾਲਾ ਕੀਤਾ ਹੈ। ਜਿਸ ਦੀ ਸਾਰੇ ਬੁਲਾਰਿਆ ਨੇ ਸ਼ਲਾਘਾ ਕੀਤੀ। ਪਿਛਲੇ ਸਾਲ ਦੀਆਂ ਮੀਟਿੰਗਾਂ ਜੋ ਇਸ ‘ ਨੈਸ਼ਨਲ ਕਵੀ ਦਰਬਾਰ’ ਦੀ ਤਰ੍ਹਾਂ ਜੂਮ ਦੇ ਮਾਧਿਅਮ ਰਾਹੀ ਹੋਈਆਂ ਹਰ ਮੀਟਿੰਗ ਵਿੱਚ ਹੀ ਕਿਸਾਨੀ ਮੁੱਦਾ(ਕਿਸਾਨੀ ਸੰਘਰਸ਼ ਅੰਦੋਲਨ) ਚਰਚਾ ਦਾ ਵਿਸ਼ਾ ਬਣਿਆ ਰਿਹਾ।ਇਹ ‘ਨੈਸ਼ਨਲ ਕਵੀ ਦਰਬਾਰ ‘ਪ੍ਰਧਾਨ ਦਵਿੰਦਰ ਮਲਹਾਂਸ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਦਾ ਮੰਚ ਸੰਚਾਲਨ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਕੀਤਾ ਤੇ ਜੂਮ ਮਾਧਿਅਮ ਦੀ ਜਿੰਮੇਵਾਰੀ ਮਹਿੰਦਰਪਾਲ ਐਸ ਪਾਲ ਨੇ ਬਾਖੂਬੀ ਨਿਭਾਈ। ਇਸ ‘ਨੈਸ਼ਨਲ ਕਵੀ ਦਰਬਾਰ’ ਵਿੱਚ ਸਿਰਮੌਰ ਕਵੀ ਕ੍ਰਿਸ਼ਨ ਭਨੌਟ,ਰਾਜ ਰਾਜਵੰਤ, ਜਸਵੀਰ ਮੰਗੂਵਾਲ,ਪ੍ਰੀਤ ਮਨਪ੍ਰੀਤ, ਬਖਸ਼ ਸੰਘਾ,ਮੋਹਨ ਗਿੱਲ, ਗੁਰਚਰਨ ਕੌਰ ਥਿੰਦ, ਮਹਿੰਦਰਪਾਲ ਐਸ ਪਾਲ, ਬਲਜਿੰਦਰ ਸੰਘਾ, ਨਵਪ੍ਰੀਤ ਰੰਧਾਵਾ, ਜਗਦੇਵ ਸਿੱਧੂ, ਮੰਗਲ ਚੱਠਾ, ਤਰਲੋਚਨ ਸੈਂਭੀ, ਬਲਵੀਰ ਗੋਰਾ,ਗੁਰਦੀਸ਼ ਕੌਰ ਗਰੇਵਾਲ, ਗੁਰਲਾਲ ਰੂਪਾਲੋ, ਸੁਖਪਾਲ ਪਰਮਾਰ,ਪਰਮਿੰਦਰ ਰਮਨ, ਸੁਖਵਿੰਦਰ ਤੂਰ, ਹਰਮਿੰਦਰ ਚੁੱਘ, ਸਰਬਜੀਤ ਉੱਪਲ,ਰਣਜੀਤ ਸਿੰਘ, ਹਰੀਪਾਲ ਆਦਿ ਸ਼ਾਮਲ ਹੋਏ ਤੇ ਆਪਣੀਆਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਰਚਨਾਵਾਂ ਰਾਹੀ ਹਾਜਰੀ ਲਵਾਈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਪੂਰੀ ਕਾਰਜਕਾਰੀ ਕਮੇਟੀ ਵਲੋਂ ਬਾਹਰੋਂ ਹਾਜਿ਼ਰ ਸਾਰੇ ਬੁਲਾਰਿਆ ਦਾ ਇਸ ਕਵੀ ਦਰਬਾਰ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ ਗਿਆ। ਸਭਾ ਦੀ ਅਗਲੀ ਮੀਟਿੰਗ 21 ਫਰਵਰੀ 2021 ਦਿਨ ਐਤਵਾਰ ਬਾਅਦ ਦੁਪਿਹਰ 2ਵਜੇ ਜੂਮ ਦੇ ਮਾਧਿਅਮ ਰਾਹੀਂ ਹੋਏਗੀ ਜਿਸ ਵਿੱਚ ਭਾਗ ਲੈਣ ਜਾਂ ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 4039932201 ਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 5874377805 ਤੇ ਸੰਪਰਕ ਕੀਤਾ ਜਾ ਸਕਦਾ ਹੈ। ਧੰਨਵਾਦ।