ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲ਼ੇ ਕਨੂੰਨਾਂ ਦੀਆਂ ਕਾਪੀਆਂ ਲੋਹੜੀ ਦੀ ਧੂਣੀ ਵਿੱਚ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ
ਮਾਸਟਰ ਭਜਨ ਸਿੰਘ ਕੈਲਗਰੀ: ਅੱਜ ਲੋਹੜੀ ਦੇ ਤਿਉਹਾਰ ਮੌਕੇ ਕੈਲਗਰੀ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਅਦਾਰਾ ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ, ਅਦਾਰਾ ਸਰੋਕਾਰਾਂ ਦੀ ਆਵਾਜ਼ ਟਰਾਂਟੋ, ਅਦਾਰਾ ਹਰਜੀ ਟੀ ਵੀ
ਕੈਲਗਰੀ ਤੇ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੇ ਸੱਦੇ ਤੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਲ਼ੇ ਕਨੂੰਨਾਂ ਦੀਆਂ ਕਾਪੀਆਂ ਲੋਹੜੀ ਦੀ ਧੂਣੀ ਵਿੱਚ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਯਾਦ ਰਹੇ ਪਿਛਲੇ 7 ਹਫਤਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਪੰਜਾਬ, ਹਰਿਆਣਾ ਸਮੇਤ ਭਾਰਤ ਭਰ ਦੇ ਕਿਸਾਨ ਤੇ ਹਰ ਵਰਗ ਦੇ ਲੋਕ ਕਿਸਾਨ ਵਿਰੋਧੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਲੜਾਈ ਲੜ ਰਹੇ ਹਨ।ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਵਲੋਂ ਦੇਸ਼-ਵਿਦੇਸ਼ ਵਿੱਚ ਵਸਦੇ ਕਿਸਾਨ ਹਿਤੈਸ਼ੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਹਰ ਥਾਂ ਲੋਹੜੀ ਦਾ ਤਿਉਹਾਰ ਤਿੰਨ ਕਾਲ਼ੇ ਕਨੂੰਨਾਂ ਨੂੰ ਲੋਹੜੀ ਦੀ ਧੂਣੀ ਵਿੱਚ ਸਾੜ ਕੇ ਮਨਾਉ।ਇਸਦੇ ਮੱਦੇਨਜ਼ਰ ਕੈਲਗਰੀ ਵਿੱਚ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ, ਛੋਟੇ ਪਰ ਪ੍ਰਭਾਵਸ਼ਾਲੀ ਰੋਸ ਪਰਦਰਸ਼ਨ ਵਿੱਚ ਪ੍ਰੌਗਰੈਸਿਵ ਕਲਾ ਮੰਚ ਦੀਆਂ ਕਲਾਕਾਰਾਂ ਕਮਲਪ੍ਰੀਤ ਪੰਧੇਰ, ਨਵਕਿਰਨ ਢੁਡੀਕੇ, ਨਵ ਗਿੱਲ, ਸੰਦੀਪ ਗਿੱਲ ਨੇ ਕਿਸਾਨਾਂ ਦੇ ਹੱਕ ਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਖੂਬਸੂਰਤ ਲੋਹੜੀ ਦੀਆਂ ਨਵੀਆਂ ਬੋਲੀਆਂ ਪੇਸ਼ ਕੀਤੀਆਂ।ਮਾਸਟਰ ਭਜਨ ਸਿੰਘ ਵਲੋਂ ਜਿਥੇ ਸਭ ਦਾ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ, ਉਥੇ ਭਾਰਤ ਸਰਕਾਰ ਦੀ ਨਿਖੇਧੀ ਕੀਤੀ ਤੇ ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਵਚਨਬੱਧਤਾ ਦੁਹਰਾਈ।ਹਰਚਰਨ ਸਿੰਘ ਪਰਹਾਰ, ਹਰੀਪਾਲ, ਪ੍ਰੋ ਗੋਪਾਲ ਜੱਸਲ, ਮੈਡਮ ਗੁਰਚਰਨ ਕੌਰ ਥਿੰਦ ਨੇ ਲੋਹੜੀ ਦੀ ਧੂਣੀ ਵਿੱਚ ਕਾਲੇ ਕਨੂੰਨ ਸਾੜ ਕੇ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਹਾਜ਼ਰ ਸਾਰਿਆਂ ਨੇ ਇੱਕ ਇੱਕ ਕਾਪੀ ਸਾੜ ਕੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਵਿਰੋਧੀ ਤੇ ਕਿਸਾਨ ਪੱਖੀ ਤਖਤੀਆਂ ਹੱਥਾਂ ਵਿੱਚ ਫੜ ਕੇ ਨਾਹਰੇ ਵੀ ਲਗਾਏ।