Get Adobe Flash player

ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਕੋਵਿਡ 19 ਦੇ ਚਲਦਿਆ ਆਪਣੀ ਮਹੀਨਾਂਵਾਰ ਮੀਟਿੰਗ ਸਿਹਤ ਤੇ ਸਰਕਾਰੀ ਹਿਦਾਇਤਾ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਖੁੱਲੀ ਗਰਾਊਂਡ ਵਿੱਚ ਕਰਦੀ ਆ ਰਹੀ ਹੈ। ਇਹਨਾਂ ਹਿਦਾਇਤਾਂ ਦੇ ਮੁਤਾਬਕ ਸਤੰਬਰ ਮਹੀਨੇ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਾਹਿਤਕ ਤੇ ਸਮਾਜਿਕ ਵਿਛੜੀਆਂ ਰੂਹਾਂ ਨੂੰ ਸ਼ਰਧਾਜ਼ਲੀ ਦਿੱਤੀ। ਜਿਸ ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਦਰਿਆ ਜੀ ਦੇ ਸਦੀਵੀ ਵਿਛੋੜੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸਮਾਜਿਕ ਕਾਰਕੁੰਨ ਇਬਰੂ ਫਾਤਮਾ ਤੇ ਬਲੋ ਚਿਸਤਾਨ ਮੈਗਜੀਨ ਸੰਪਾਦਿਕਾ ਸ਼ਹੀਨ ਬਲੋਚ ਦੀ ਮੌਤ ਤੇ ਡਾਢੇ ਦੁੱਖ ਦਾ ਇਜ਼ਹਾਰ ਕੀਤਾ। ਕਿਸਾਨੀ ਬਿੱਲ(ਆਰਡੀਨੈਂਸ) ਦਾ ਵਿਸਥਾਰ ਸਾਂਝਾਂ ਕਰਦਿਆ ਇਸ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਫਾਇਦੇ , ਮਨਸੂਬੇ ਤੇ ਕਿਸਾਨ ਦੇ ਹੋਣ ਵਾਲੇ ਸ਼ੋਸ਼ਣ ਤੇ ਗੰਭੀਰ ਚਰਚਾ ਹੋਈ। ਇਸ ਉੱਤੇ ਸਭਾ ਦੇ ਸਾਰੇ ਮੈਂਬਰਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਰਣਜੀਤ ਸਿੰਘ ਨੇ ਕਿਹਾ ਕਿ ਇਸ ਨਾਲ ਸਿਰਫ ਕਿਸਾਨ ਹੀ ਨਹੀਂ ਬਲਕਿ ਮੰਡੀਆਂ, ਮਜ਼ਦੂਰ ਤੇ ਆਮ ਜਨ-ਜੀਵਨ ਵੀ ਪ੍ਰਭਾਵਿਤ ਹੋਏਗਾ। ਉਹਨਾਂ ਉਲਫਤ ਬਾਜਵਾ ਦੀ ਨਜ਼ਮ ‘ਲਹੂ ਹੈ ਬੇ-ਗੁਨਾਹਾਂ ਦਾ’ ਵੀ ਸਾਂਝੀ ਕੀਤੀ। ਮੰਗਲ ਚੱਠਾ ਨੇ ਆਪਣੀ ਜੁਝਾਰੂ ਰਚਨਾ ‘ਹੱਥ ਅਕਲ ਨੂੰ ਮਾਰ’ ਸੁਣਾਈ ਤੇ ਇਤਿਹਾਸ ਦੀ ਗੱਲ ਕੀਤੀ ਕਿ ਪੰਜਾਬ ਹਮੇਸ਼ਾ ਲਹਿਰਾਂ ਤੇ ਮੋਰਚਿਆਂ ਵਿੱਚ ਮੋਹਰੀ ਰਿਹਾ ਹੈ ਤੇ ਇਸ ਦੇ ਹਿੱਸੇ ਸੰਘਰਸ਼ ਹੀ ਆਇਆ ਹੈ। ਬਲਵੀਰ ਗੋਰਾ ਨੇ ਡੁੱਬਦੀ ਕਿਸਾਨੀ ਦੀ ਗੱਲ ਕੀਤੀ ਤੇ ‘ਜੱਟ ਖੁਦਕੁਸ਼ੀਆਂ ਕਰਦੇ ਆਂ’ ਤਰਾਸਦੀ ਭਰਿਆ ਗੀਤ ਸੁਣਾਇਆ। ਮਹਿੰਦਰਪਾਲ ਸਿੰਘ ਪਾਲ ਨੇ ਕਿਸਾਨ ਦੇ ਹਾਲਾਤ ਦੀ ਗੱਲ ਕਰਦਿਆ ਆਪਣੀ ਰਚਨਾ ਸਾਂਝੀ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਲਈ ਚਿੰਤਾ ਜਾਹਿਰ ਕੀਤੀ। ਪ੍ਰਧਾਨ ਦਵਿੰਦਰ ਮਲਹਾਂਸ ਨੇ ਜਿੱਥੇ ਇਸ ਵਿਸ਼ੇ ਤੇ ਆਪਣੇ ਵਿਚਾਰ ਦਿੱਤੇ ਉਥੇ ਹੀ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਉੱਤੇ ਅਫਸੋਸ ਜ਼ਾਹਿਰ ਕੀਤਾ। ਉਹਨਾਂ ਪੰਜਾਬੀ ਦੇ ਪਿਛੋਕੜ ਨੂੰ ਇਤਿਹਾਸਿਕ ਘਟਨਾਵਾਂ ਨਾਲ ਜੋੜ ਕੇ ਵੇਰਵਾ ਦਿੱਤਾ ਤੇ ਇਸਦੇ ਅੱਜ ਆਉਣ ਵਾਲੇ ਕੱਲ੍ਹ ਲਈ ਚਿੰਤਾ ਦਾ ਪ੍ਰਗਟਾਵਾ ਕੀਤਾ ਕਿਉਂ ਕਿ ਸਰਕਾਰ ਦੀਆਂ ਨੀਤੀਆਂ ਪੰਜਾਬ ਪ੍ਰਤੀ ਵਿਤਕਰੇ ਵਾਲੀਆਂ ਰਹੀਆਂ। ਜਿਸਦਾ ਸਬੂਤ ਆਰਡੀਨੈਸ ਬਿੱਲ ਹਨ। ਜਿਹਨਾਂ ਦੀ ਸਾਰੇ ਮੈਬਰਾਂ ਨੇ ਜ਼ੋਰਦਾਰ ਨਿਖੇਧੀ ਕੀਤੀ। ਇੱਥੇ ਹੀ ਹੋਰ ਸਮਾਜਿਕ ਤੇ ਸਾਹਿਤਕ ਵਿਚਾਰ-ਚਰਚਾ ਹੋਈ। ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਸਭ ਮੈਬਰਾਂ ਦਾ ਧੰਨਵਾਦ ਕੀਤਾ। ਸਭਾ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 4039932201 , ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 5874377805 ਤੇ ਸੰਪਰਕ ਕੀਤਾ ਜਾ ਸਕਦਾ ਹੈ।