ਮਾਸਟਰ ਭਜਨ ਸਿੰਘ ਕੈਲਗਰੀ: 25 ਸਤੰਬਰ 2020 ਨੂੰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ ਦੇ ਸੱਦੇ ਤੇ ਪ੍ਰੇਰੀਵਿੰਡਜ਼ ਪਾਰਕ ਨਾਰਥ ਈਸਟ ਕੈਲਗਰੀ ਦੇ ਬਾਹਰ ਭਾਰਤ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਖਿਲਾਫ ਇੱਕ ਭਰਵੀਂ ਰੈਲੀ ਕੀਤੀ ਗਈ। ਇਹ ਰੈਲੀ ਭਾਰਤ ਤੇ ਖਾਸਕਰ ਪੰਜਾਬ ਵਿੱਚ ਕਿਸਾਨ, ਮਜਦੂਰ ਤੇ ਲੋਕ ਪੱਖੀ ਇਨਕਲਾਬੀ ਜਥੇਬੰਦੀਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਤੇ ਆਰਡੀਨੈਂਸਾਂ ਦੇ ਵਿਰੋਧ ਵਿੱਚ 25 ਸਤੰਬਰ ਨੂੰ ਦਿੱਤੇ ਗਏ, ਪੰਜਾਬ ਬੰਦ ਤੇ ਰੇਲ ਰੋਕੋ ਦੇ ਸੱਦੇ ਦਾ ਸਮਰਥਨ ਕਰਨ ਲਈ ਸੀ।ਬੇਸ਼ਕ ਕੋਵਿਡ ਕਾਰਨ ਬਹੁਤੇ ਇਕੱਠ ਦੀ ਆਸ ਨਹੀਂ ਸੀ, ਪਰ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੀ ਸ਼ਮੂਲੀਅਤ ਦੱਸਦੀ ਸੀ ਕਿ ਲੋਕਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਹਮਦਰਦੀ ਤੇ ਸਰਕਾਰ ਪ੍ਰਤੀ ਪੂਰਾ ਰੋਹ ਸੀ। ਇਸ ਮੌਕੇ ਤੇ ਰੈਲੀ ਦੇ ਮੁੱਖ ਪ੍ਰਬੰਧਕ ਮਾਸਟਰ ਭਜਨ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਆਰਡੀਨੈਂਸਾਂ ਦੇ ਲਾਗੂ ਹੋਣ ਨਾਲ ਖੇਤੀ ਸੈਕਟਰ ਤੇ ਵੀ ਵੱਡੀਆਂ ਕਾਰਪੋਰੇਸ਼ਨਾਂ ਦਾ ਕਬਜਾ ਹੋ ਜਾਵੇਗਾ। ਸਰਕਾਰ ਵਲੋਂ ਫਸਲਾਂ ਦਾ ਤਹਿ ਕੀਤਾ ਜਾਂਦਾ ਘੱਟੋ-ਘੱਟ ਸਮਰਥਨ ਮੁੱਲ ਵੀ ਹੌਲੀ-ਹੌਲੀ ਖਤਮ ਹੋ ਜਾਵੇਗਾ। ਛੋਟੇ ਤੇ ਮੱਧ ਵਰਗੀ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਹੋਣਾ ਪਵੇਗਾ ਤੇ ਜਮੀਨਾਂ ਦੀ ਮਾਲਕੀ ਵੀ ਵੱਡੇ ਘਰਾਣਿਆਂ ਕੋਲ ਚਲੀ ਜਾਵੇਗੀ। ਕੈਲਗਰੀ ਦੀ ਉਘੀ ਕਵਿਤਰੀ ਤੇ ਕਈ ਕਿਤਾਬਾਂ ਦੀ ਲੇਖਿਕਾ ਸੁਰਿੰਦਰ ਗੀਤ ਵਲੋਂ ਕਿਸਾਨਾਂ ਤੇ ਮਜਦੂਰਾਂ ਦੇ ਹੱਕ ਵਿੱਚ ਇੱਕ ਕਵਿਤਾ ਪੜ੍ਹੀ। ਇਸ ਮੌਕੇ ਤੇ ਨੌਜਵਾਨ ਪ੍ਰਭਰੂਪ ਸਿੰਘ ਮਾਂਗਟ ਵਲੋਂ ‘ਪਗੜੀ ਸੰਭਾਲ ਜੱਟਾ ….’ ਗੀਤ ਪੇਸ਼ ਕੀਤਾ। ਕਮਲਪ੍ਰੀਤ ਪੰਧੇਰ ਦੀ ਅਗਵਾਈ ਵਿੱਚ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਵਲੋਂ ਗਿੱਲ ਹਰਦੀਪ ਦੇ ਗਾਏ ਤੇ ਸੁੱਖ ਬਰਾੜ ਦੇ ਲਿਖੇ ਗੀਤ ‘ਉਠ ਜਾਗ ਪੰਜਾਬ ਸਿਆਂ, ਸੁੱਤਿਆਂ ਚੋਰ ਘਰਾਂ ਵਿੱਚ ਵੜ ਗਏ …’ ਤੇ ਕੋਰੀਓਗਰਾਫੀ ਪੇਸ਼ ਕੀਤੀ, ਜਿਸਨੂੰ ਲੋਕ ਨੇ ਖੂਬ ਸਰਾਹਿਆ। ਪ੍ਰਬੰਧਕਾਂ ਵਲੋਂ ਦਿੱਤੇ ਸੱਦੇ ਅਨੁਸਾਰ ਮੁਜ਼ਾਹਰਾਕਾਰੀ ਕਿਸਾਨੀ ਦੇ ਪ੍ਰਤੀਕ ਹਰੇ ਤੇ ਪੀਲੇ ਰੰਗ ਦੇ ਕੱਪੜੇ, ਦਸਤਾਰਾਂ ਜਾਂ ਚੁੰਨੀਆਂ ਪਾ ਕੇ ਆਏ ਹੋਏ ਸਨ। ਸਾਰੇ ਮੁਜ਼ਾਹਰੇ ਦੌਰਾਨ ਲੋਕਾਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਰੋਹ ਭਰੇ ਨਾਹਰੇ ਲਗਦੇ। ਗੁਰਦਿਆਲ ਸਿੰਘ ਖੈਹਰਾ ਵਲੋਂ ਸੰਬੋਧਨ ਕਰਦਿਆਂ ਲੋਕਾਂ ਨੂੰ ਲੀਡਰਾਂ ਤੋਂ ਸੁਚੇਤ ਕੀਤਾ ਕਿ ਇਹ ਹੀ ਤੁਹਾਡੇ ਮੋਰਚੇ ਫੇਲ਼੍ਹ ਕਰਦੇ ਹਨ, ਇਨ੍ਹਾਂ ਤੋਂ ਬਚ ਕੇ ਰਹੋ।ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਵਲੋਂ ਡਾ. ਬਲਵਿੰਦਰ ਕੌਰ ਬਰਾੜ ਨੇ ਕਿਸਾਨ ਬਿੱਲਾਂ ਦੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਮੈਡਮ ਬਰਾੜ ਤੇ ਮੈਡਮ ਗੁਰਚਰਨ ਕੌਰ ਥਿੰਦ ਆਪਣੀ ਜਥੇਬੰਦੀ ਦੀਆਂ ਔਰਤਾਂ ਨਾਲ ਮੁਜਾਹਰੇ ਵਿੱਚ ਸ਼ਾਮਿਲ ਸਨ। ਸਿੱਖ ਵਿਰਸਾ ਇੰਟਰਨੈਸ਼ਨਲ ਤੋਂ ਹਰਚਰਨ ਸਿੰਘ ਪ੍ਰਹਾਰ ਵਲੋਂ ਆਏ ਹੋਏ ਲੋਕਾਂ, ਮੀਡੀਆ, ਜਥੇਬੰਦੀਆਂ ਦਾ ਧੰਨਵਾਦ ਕੀਤਾ, ਜੋ ਬਹੁਤ ਘੱਟ ਸਮੇਂ ਦੇ ਨੋਟਿਸ ਤੇ ਵੱਡੀ ਗਿਣਤੀ ਵਿੱਚ ਪਹੁੰਚੇ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਲੀਡਰ ਹੀ ਸਾਡੀ ਬੇੜੀ ਡੋਬਦੇ ਹਨ, ਇਨ੍ਹਾਂ ਦੀਆਂ ਚਾਲਾਂ ਤੋਂ ਸਾਵਧਾਨ ਰਹੋ।ਉਨ੍ਹਾਂ ਲੋਕਲ ਦੇਸੀ ਲੀਡਰਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਲੀਡਰ ਲੋਕ ਮਸਲਿਆਂ ਤੇ ਨਾ ਕਦੇ ਬੋਲਦੇ ਹਨ ਤੇ ਨਾ ਹੀ ਲੋਕਾਂ ਨਾਲ ਖੜਦੇ ਹਨ। ਅੱਜ ਵੀ ਜਦੋਂ ਲੋਕ ਇਤਨੀ ਵੱਡੀ ਗਿਣਤੀ ਵਿੱਚ ਆਏ ਹਨ ਤਾਂ ਕਿਸੇ ਵੀ ਐਮ ਐਲ ਏ, ਐਮ ਪੀ, ਕੌਂਸਲਰ, ਕਿਸੇ ਗੁਰਦੁਆਰੇ ਦੇ ਪ੍ਰਧਾਨ, ਕਿਸੇ ਜਥੇਬੰਦੀ ਦੇ ਕਿਸੇ ਲੀਡਰ ਦਾ ਸ਼ਾਮਿਲ ਨਾ ਹੋਣਾ ਦੱਸਦਾ ਹੈ ਕਿ ਇਹ ਲੋਕਾਂ ਤੋਂ ਟੁੱਟੇ ਹੋਏ ਹਨ, ਸਿਰਫ ਤੁਹਾਡੀ ਵੋਟਾਂ ਲਈ ਹੀ ਤੁਹਾਨੂੰ ਵਰਤਦੇ ਹਨ। ਯਾਦ ਰਹੇ ਕੈਲਗਰੀ ਨਾਰਥ ਈਸਟ ਦੇ ਪ੍ਰੇਰੀਵਿੰਡਜ਼ ਪਾਰਕ ਵਿੱਚ ਇਸ ਮੁਜ਼ਾਹਰੇ ਦੇ ਅਖੀਰ ਵਿੱਚ ਕਿਸਾਨਾਂ ਦੇ ਹੱਕ ਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਚੁੱਕੇ ਹੋਏ ਬੈਨਰਾਂ ਤੇ ਤਖਤੀਆਂ ਨਾਲ ਪ੍ਰਦਰਸ਼ਨਕਾਰੀਆਂ ਨੇ ਪ੍ਰੇਰੀਵਿੰਡ ਦੇ ਬਾਹਰ ਰੋਡ ਦੇ ਨਾਲ-ਨਾਲ ਨਾਹਰੇਬਾਜੀ ਕਰਦੇ ਹੋਏ ਰੋਸ ਮਾਰਚ ਵੀ ਕੀਤਾ। ਪ੍ਰਬੰਧਕਾਂ ਵਲੋਂ ਮੀਡੀਆ ਕਵਰੇਜ ਲਈ ਆਏ ਰਿਸ਼ੀ ਨਾਗਰ (ਰੈਡ ਐੈਫ ਐਮ ਰੇਡੀਉ), ਅਵਨੀਤ ਤੇਜਾ ਤੇ ਸ਼ਵੀ ਸਿੰਘ (ਪ੍ਰਾਈਮ ਏਸ਼ੀਆ ਟੀਵੀ), ਜਸਜੀਤ ਧਾਮੀ (ਅਜੀਤ ਅਖਬਾਰ), ਬਲਜਿੰਦਰ ਸੰਘਾ (ਮੈਪਲ ਮੀਡੀਆ), ਡੈਨ ਸਿੱਧੁ (ਲੋਕ ਸੱਥ) ਦਾ ਖਾਸਕਰ ਧੰਨਵਾਦ ਕੀਤਾ।