ਜੋਰਾਵਰ ਬਾਂਸਲ:- ਭਾਸ਼ਾ ਕਿਸੇ ਵੀ ਕੌਮ ਜਾਂ ਸੂਬੇ ਦੀ ਪਛਾਣ ,ਸ਼ਨਾਖਤ ਤੇ ਆਵਾਜ਼ ਹੁੰਦੀ ਹੈ। ਜਿੱਥੇ ਪੰਜਾਬੀ ਭਾਸ਼ਾ ਦਾ ਵਿਦੇਸ਼ਾ ਵਿੱਚ ਰੇਡੀਓ, ਟੀ.ਵੀ , ਅਖਬਾਰ ,ਮੈਗਜੀਨ ,ਸਾਹਿਤਕ ਸੰਸਥਾਵਾਂ ਤੇ ਪੰਜਾਬੀਆਂ ਦੀਆਂ ਅਨੇਕਾਂ ਕੋਸ਼ਿਸ਼ਾ ਸਦਕਾ ਪਸਾਰ ਵਧਿਆ ਹੈ ਉਥੇ ਹੀ ਆਪਣੇ ਦੇਸ਼ ਅੰਦਰ ਇਸ ਨੂੰ ਖਤਮ ਕਰਨ ਦੀਆਂ ਨਿੱਤ ਨਵੀਆਂ ਕੋਸ਼ਿਸ਼ਾ ਹੋ ਰਹੀਆਂ ਹਨ।ਪੰਜਾਬ ਦੇ ਨਿੱਜੀ ਸਕੂਲਾਂ ਅੰਦਰ ਪੰਜਾਬੀ ਬੋਲਣ ਤੇ ਜ਼ੁਰਾਮਨੇ ਲਗਾਏ ਜਾ ਰਹੇ ਹਨ। ਸ਼ਹਿਰਾਂ ਵਿੱਚ ਇਸ ਨੂੰ ਪਿੰਡਾਂ ਦੀ ਬੋਲੀ ਕਹਿ ਕੇ ਨਿਕਾਰਿਆ ਜਾ ਰਿਹਾ ਹੈ।ਸਾਈਨ ਬੋਰਡਾਂ ਉੱਤੇ ਇਸ ਨੂੰ ਤੀਸਰੇ ਦਰਜੇ ਤੇ ਲਿਖਿਆ ਜਾਂਦਾਂ ਹੈ। ਇਸੇ ਲੜੀ ਵਿੱਚ ਹੀ ਹੁਣ ਜੰਮੂ ਕਸ਼ਮੀਰ ਦੀ ਨਵੀਂ ਸਿੱਖਿਆ ਨੀਤੀ 2020 ਤਹਿਤ ਕਸ਼ਮੀਰੀ ਡੋਗਰੀ ਤੇ ਹਿੰਦੀ ਨੂੰ ਸਰਕਾਰੀ ਭਾਸ਼ਾ ਵਿੱਚ ਸ਼ੁਮਾਰ ਕਰਕੇ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਹੈ। ਜਦਕਿ ਦੇਸ਼ ਦੀ ਵੰਡ ਦੇ ਬਾਅਦ ਪੰਜਾਬੀ ਉੱਥੇ ਦੀ ਪਹਿਲੇ ਦਰਜੇ ਦੀ ਭਾਸ਼ਾ ਸੀ।ਜਿਸਨੂੰ ਹੌਲੀ ਹੌਲੀ ਪਿਛੇ ਧੱਕਦਿਆ ਹੁਣ ਬਿੱਲਕੁਲ ਬਾਹਰ ਕਰ ਦਿੱਤਾ ਗਿਆ। ਪੰਜਾਬੀ ਦੇ ਲੇਖਕਾਂ , ਪੰਜਾਬੀ ਬੋਲਣ ਵਾਲਿਆਂ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਵਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਵੱਖ-ਵੱਖ ਖੇਤਰਾਂ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਤੇ ਵਿਦੇਸ਼ਾ ਵਿੱਚ ਵਸਦੇ ਪੰਜਾਬੀਆਂ ਨੇ ਇਸ ਤੇ ਬਹੁਤ ਦੁੱਖ ਮਹਿਸੂਸ ਕੀਤਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਦਵਿੰਦਰ ਮਲਹਾਂਸ, ਮੀਤ ਪ੍ਰਧਾਨ ਬਲਵੀਰ ਗੋਰਾ, ਜਨਰਲ ਸਕੱਤਰ ਜੋਰਾਵਰ ਬਾਂਸਲ, ਸਕੱਤਰ ਮੰਗਲ ਚੱਠਾ, ਖਜਾਨਚੀ ਗੁਰਲਾਲ ਰੁਪਾਲੋਂ, ਸਹਿ ਖਜਾਨਚੀ ਮਹਿੰਦਰਪਾਲ ਸਿੰਘ ਪਾਲ, ਬਲਜਿੰਦਰ ਸੰਘਾ, ਤਰਲੋਚਨ ਸੈਂਭੀ , ਰਣਜੀਤ ਸਿੰਘ ਤੇ ਹਰੀਪਾਲ ਨੇ ਬਹੁਤ ਹੀਸਖਤ ਸ਼ਬਦਾਂ ਵਿੱਚ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਸਰਕਾਰੀ ਭਾਸ਼ਾ ਬਿੱਲ 2020 ਦੀ ਨਿਖੇਧੀ ਕੀਤੀ ਤੇ ਇਹ ਵੀ ਫੈਸਲਾ ਲਿਆ ਗਿਆਕਿ ਪੰਜਾਬੀ ਲਿਖਾਰੀ ਸਭਾ ਕੈਲਗਰੀ ਪੰਜਾਬੀ ਮਾਂ ਬੋਲੀ ਨਾਲ ਕੀਤੇ ਜਾਣ ਵਾਲੇ ਇਸ ਵਿਤਕਰੇ ਲਈ ਕੇਂਦਰ ਸਰਕਾਰ ਨੂੰ ਪੰਜਾਬੀ ਭਾਸ਼ਾ ਨੂੰ ਬਹਾਲ ਰੱਖਣ ਲਈ ਮੰਗ ਪੱਤਰ ਵੀ ਭੇਜ ਰਹੀ ਹੈ।