Get Adobe Flash player

ਜਿਸ ਦਿਨ ਦੇਸ਼ ਦੀ ਨਵੀਂ ਸਿੱਖਿਆ ਨੀਤੀ ਦਾ ਡਰਾਫਟ ਆਇਆ ਸੀ ਤਾਂ ਕੁਝ ਕੁ ਮਿੱਤਰ ਪਿਆਰਿਆਂ ਨੇ ਉਸ ਦੀ ਸ਼ਲਾਘਾ ਕਰਦਿਆਂ ਬਹੁਤ ਖੁਸ਼ੀਆਂ ਮਨਾਈਆਂ ਕੁਝ ਨੇ ਸ਼ੰਕੇ ਪ੍ਰਗਟਾਏ ਪਰ ਸੱਚ ਪੁੱਛੋ ਤਾਂ ਮੇਰਾ ਮਨ ਅੰਦਰੋਂ ਕੰਬਦਾ ਸੀ।
p gurbhajan gill sep10,20ਮੈਨੂੰ  ਲੱਗਦਾ ਸੀ ਕਿ ਇਸ  ਦੇ ਅੰਦਰੋਂ ਕੁਝ ਨਾ ਕੁਝ ਲਾਜ਼ਮੀ ਐਸਾ ਨਿਕਲੇਗਾ ਜਿਹੜਾ ਖੇਤਰੀ ਜ਼ਬਾਨਾਂ ਦੀ ਖੂਬਸੂਰਤੀ ਨੂੰ ਖਾਏਗਾ। ਉਨ੍ਹਾਂ ਨੂੰ ਜੀਉਣ ਨਹੀਂ ਦਵੇਗਾ ,ਉਨ੍ਹਾਂ ਦਾ ਕਤਲੇਆਮ ਕਰੇਗਾ।
ਦੋ ਸੂਬਿਆਂ ਦੇ ਮਨਸੂਬਿਆਂ ਵਿੱਚ ਤੇ ਇਸ ਦੇ ਨਿਸ਼ਾਨ ਆਉਣੇ ਸ਼ੁਰੂ ਹੋ ਗਏ ਨੇ।
ਯੂਨਿਅਨ ਟੈਰੇਟਰੀ ਜੰਮੂ ਕਸ਼ਮੀਰ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ। ਕੱਲ੍ਹ ਤੋਂ ਲੈ ਕੇ ਹੁਣ ਤੱਕ ਕਈਨ ਮਿੱਤਰਾਂ ਪਿਆਰਿਆਂ ਦੇ ਟੈਲੀਫ਼ੋਨ ਆਏ ਹਨ ਕਿ ਇਹ ਜੋ ਨਵਾਂ ਦ੍ਰਿਸ਼ ਵਿਕਸਿਤ ਹੋ ਰਿਹਾ ਹੈ ਇਹ ਦੋਹਾਂ ਖਿੱਤਿਆਂ ਵਿੱਚ ਪੰਜਾਬੀ ਜ਼ਬਾਨ ਦੇ ਖਾਤਮੇ ਵੱਲ ਨੂੰ ਬੜਾ ਭਿਆਨਕ  ਕਿਸਮ ਦਾ ਕਦਮ ਹੋਵੇਗਾ।
ਜਿਸ ਜੰਮੂ ਕਸ਼ਮੀਰ ਦੇ ਵਿੱਚ ਦੋ ਸਦੀਆਂ ਤੋਂ ਪੰਜਾਬੀ ਜ਼ਬਾਨ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਜਿੱਥੇ ਸਿਰਜਕਾਂ ਨੇ ਆਪਣੀ ਸਿਰਜਣਾ ਦੇ ਨਾਲ ਆਪਣੀ ਕਲਮਕਾਰੀ ਨਾਲ ਪੰਜਾਬੀ ਜ਼ਬਾਨ ਦਾ ਵਿਹੜਾ ਭਰਿਆ ਉਹ ਸੂਬੇ ਵਿੱਚ ਬੇਗ਼ਾਨਗੀ ਦਾ ਅਹਿਸਾਸ ਦੇਣਾ ਜਾਂ ਉਸ ਨੂੰ ਖ਼ਾਰਜ ਕਰ ਦੇਣਾ ਕਿਸੇ ਤਰ੍ਹਾਂ ਨਾਲ ਵੀ ਸਿਹਤਮੰਦ ਰੁਝਾਨ ਨਹੀਂ ਕਿਹਾ ਜਾ ਸਕਦਾ ਜਦੋਂ ਵੀ ਅਸੀਂ ਪੁਰਾਤਨ ਗ੍ਰੰਥਾਂ ਨੂੰ ਫੋਲਦੇ ਹਾਂ ਤਾਂ ਉਨ੍ਹਾਂ ਚ ਅਕਾਲੀ ਕੌਰ ਸਿੰਘ ਹੋਣ ਜਾਂ ਬਾਬਾ ਬੁੱਧ ਸਿੰਘ ਹੋਣ ,ਗਿਆਨੀ ਸ਼ੇਰ ਸਿੰਘ ਹੋਣ ਜਾਂ ਸਾਡੇ ਪੁਰਾਤਨ ਵਿਦਵਾਨਾਂ ਦੇ ਨਾਲ ਨਾਲ ਹੋਰ ਸਿਰਜਕਾਂ ਵਿੱਚੋਂ ਪਹਿਲੀ ਪੰਜਾਬੀ ਸ਼ਾਇਰਾ ਪੀਰੋ ਹੋਵੇ ,ਉਨ੍ਹਾਂ ਦੀ ਅਜ਼ਮਤ ਤੋਂ ਕਿਸੇ ਵਿਸ਼ੇਸ਼ ਜਾਣਕਾਰੀ ਦੀ ਲੋੜ ਨਹੀਂ।
ਉਹ ਆਪਣੇ ਆਪ ਦੇ ਵਿੱਚ ਹੀ ਪੰਜਾਬੀ ਭਾਸ਼ਾ  ਤਾਰਾ ਮੰਡਲ ਦੇ ਲਿਸ਼ਕਵੇਂ ਸਿਤਾਰੇ ਨੇ। ਪੰਜਾਬੀ ਜ਼ੁਬਾਨ ਉਨ੍ਹਾਂ ਦੇ ਹਵਾਲਿਆਂ ਨਾਲ ਬਹੁਤ ਸਾਰੇ ਵਿਕਾਸ ਦੇ ਮੌਕੇ ਅਗਾਂਹ ਤੋਂ  ਅਗਾਂਹ ਤੋਰਦੀ ਹੈ।
ਜੇ ਅਸੀਂ ਸਿਰਫ਼ ਵੀਹਵੀਂ ਸਦੀ ਦੇ ਲੇਖਕਾਂ ਦੀ ਹੀ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਨੇ ਜਿਹੜੇ ਵੱਡੇ ਲਿਖਾਰੀ ਤੇ ਪੰਜਾਬੀ ਵਿਦਵਾਨ ਪੈਦਾ ਕੀਤੇ ਹਨ , ਉਨ੍ਹਾਂ ਵਿੱਚ ਡਾ. ਗੁਰਚਰਨ ਸਿੰਘ ਗੁਲਸ਼ਨ ਜਿਨ੍ਹਾਂ ਨੇ ਭੁਪਿੰਦਰ ਸਿੰਘ ਸੂਦਨ ਨੂੰ ਰਲ ਕੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਸਾਹਿਤ ਦਾ ਇਤਿਹਾਸ ਸਿਰਜਣਾ ਆਰੰਭਿਆ।
ਇਹ ਗਲ ਵੱਖਰੀ ਹੈ ਕਿ ਭੁਪਿੰਦਰ ਸਿੰਘ ਸੂਦਨ ਪਹਿਲਾ ਹਿੱਸਾ ਲਿਖਣ ਤੋਂ ਬਾਅਦ ਚ ਕੈਂਸਰ ਕਾਰਨ ਸੁਰਗਵਾਸ  ਹੋ ਗਏ। ਤਿੰਨ ਹਿੱਸਿਆਂ ਦੇ ਵਿੱਚ ਜੰਮੂ ਕਸ਼ਮੀਰ ਦੇ ਪੰਜਾਬੀ ਸਾਹਿਤ ਦਾ ਇਤਿਹਾਸ ਡਾ:,ਗੁਰਚਰਨ ਸਿੰਘ ਗੁਲਸ਼ਨ ਨੇ ਸੰਪੂਰਨ ਕੀਤਾ।
ਉਹ ਨਿਸ਼ਾਨਦੇਹੀ ਕਰਦਾ ਹੈ ਕਿ ਕਿਸ ਕਿਸਮ ਦਾ ਅਦਬ ਤੇ ਲਿਆਕਤ ਇਸ ਸੂਬੇ ਚ ਪੰਜਾਬੀ ਦ਼ਬਾਨ ਨੇ ਵਿਕਸਤ ਕੀਤੀ ਹੈ।
ਆਪਾਂ ਕਹਾਣੀ ਦੇ ਖੇਤਰ ਚੋਂ ਖਾਲਿਦ ਹੁਸੈਨ ਨੂੰ ਕਿਵੇਂ ਖਾਰਜ ਕਰਾਂਗੇ ਕੰਵਲ ਕਸ਼ਮੀਰੀ ਹੋਣ,ਮਾਨ ਸਿੰਘ ਭਾਰਗਵ ਹੋਣ ,ਰਿਸ਼ਪਾਲ ਸਿੰਘ ਬਾਲੀ ਹੋਣ ,ਪ੍ਰੋ. ਸੇਵਾ ਸਿੰਘ ਹੋਣ ,ਉਜਾਗਰ ਸਿੰਘ ਮਹਿਕ ਹੋਣ ਜਾਂ ਡਾ. ਕੀਰਤ ਸਿੰਘ ਇਨਕਲਾਬੀ ਸੰਪਾਦਕ ਜੇਹਲਮ ਹੋਣ ,ਸੁਮੇਰ ਸਿੰਘ ਮਸਤਾਨਾ ਹੋਣ ਜਸਬੀਰ ਸਿੰਘ ਸਰਨਾ ਹੋਵੇ ਜਾਂ ਬਲਜੀਤ ਸਿੰਘ ਰੈਣਾ ਸੰਪਾਦਕ ਆਬਰੂ ਹੋਵੇ। ਉੱਘੀ ਕਵਿੱਤਰੀ ਸ੍ਵ: ਸਪਨ ਮਾਲਾ ਹੋਵੇ ਜਾਂ ਸੁਰਜੀਤ ਸਖੀ ਹੋਵੇ, ਨਾਵਲਕਾਰ ਸੁਰਿੰਦਰ ਕੌਰ ਨੀਰ ਹੋਵੇ ਜਾਂ ਸੁਖਬੀਰ ਕੌਰ ਹੋਵੇ ਆਤਮਜੀਤ , ਸੁਰਿੰਦਰ ਸੀਰਤ ਜਾਂ ਸਵਾਮੀ ਅੰਤਰ ਨੀਰਵ ਚੋਂ ਕਿਸ ਨੂੰ ਛੱਡੋਗੇ। ਤੁਸੀਂ ਕਿੱਥੋਂ ਖਾਰਜ ਕਰਕੇ ਪੋਪਿੰਦਰ  ਸਿੰਘ ਪਾਰਸ ਸੰਪਾਦਕ ਸ਼ੀਰਾਜ਼ਾ ਦੀਆਂ ਸੇਵਾਵਾਂ ਨੂੰ ਜਾਂ ਪਿਰਤਪਾਲ ਸਿੰਘ ਬੇਤਾਬ ਦੀਆਂ ਸੇਵਾਵਾਂ ਨੂੰ ਕੀ ਤੁਸੀਂ ਨਿਖੇੜ ਸਕਦੇ ਹੋ ਜੁਗਿੰਦਰ ਸਿੰਘ ਸ਼ਾਨ ਨੂੰ ,ਪੰਜਾਬੀ ਸਾਹਿਤ ਨਾਲੋਂ ਜਾਂ ਅਜੀਤ ਸਿੰਘ ਮਸਤਾਨਾ ਨੂੰ ,ਜੋਗਿੰਦਰ ਸਿੰਘ ਪਾਂਧੀ ਨੂੰ ਕੱਢੋਗੇ ਜਾਂ ਡਾ. ਮੋਨੋਜੀਤ ਨੂੰ ਛੱਡੋਗੇ। ਕਿਰਪਾਲ ਸਿੰਘ ਕਸਾਲੀ ਨੂੰ ਕੱਢੋਗੇ ਜਾਂ ਰਤਨ ਸਿੰਘ ਕੰਵਲ ਨੂੰ ਛੱਡੋਗੇ।
ਦਵਿੰਦਰ ਸਿੰਘ ਵਿਸ਼ਵ ਨਾਗਰਿਕ ਦੇ ਨਾਟਕਾਂ ਨੂੰ ਛੱਡੋਗੇ ਜਾਂ ਜਤਿੰਦਰ ਉਧਮਪੁਰੀ ਦੀ ਸ਼ਾਇਰੀ ਨੂੰ ਨਿੱਕਾ ਆਖੋਗੇ ਡਾ. ਨਿਰਮਲ ਵਿਨੋਦ ਨੂੰ ਛੱਡੋਗੇ ਜਾ ਕਰਤਾਰ ਸਿੰਘ ਕੋਮਲ ਹੋਰਾਂ ਨੂੰ ਨਖੇੜੋਗੇ।
2
ਜਿਹੜੀ ਧਰਤੀ ਤੇ ਲਿਆਕਤ ਦਾ ਅਜਿਹਾ ਲੰਬਾ ਕਾਫ਼ਲਾ ਤੁਰਦਾ ਹੈ ਜਿਸ ਚ ਪੁਰਾਣੇ ਕਸ਼ਮੀਰ ਦੇ ਖਿੱਤੇ ਮੀਰਪੁਰ ਦੇ ਵਿੱਚ ਪੈਦਾ ਹੋਇਆ ਜ਼ਿਲੇ ਚ ਪੈਦਾ ਹੋਏ  ਮੀਆਂ ਮੁਹੰਮਦ ਬਖਸ਼ ਸਾਹਿਬ ਸਾਨੂੰ ਕਹਿੰਦੇ ਨੇ
ਮਾਲੀ ਦਾ ਕੰਮ ਪਾਣੀ ਪਾਉਣਾ ਭਰ ਭਰ ਮਸ਼ਕਾਂ ਪਾਵੇ।
ਮਾਲਕ ਦਾ ਕੰਮ ਫ਼ਲ ਲਾਉਣਾ ਲਾਵੇ ਯਾ ਨਾ ਲਾਵੇ।
ਹਾਲਾਤ ਦੀ ਸਿਤਮ ਜ਼ਰੀਫ਼ੀ ਵੇਖੋ!
1675 ਚ ਕਸ਼ਮੀਰੀ ਪੰਡਿਤ ਆਨੰਦਪੁਰ ਸਾਹਿਬ ਆ ਕੇ ਜਨੇਊ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਆਏ ਸਨ ਪਰ ਉਸੇ ਗੁਰੂ ਦੇ 400 ਸਾਲਾ ਜਨਮ ਸ਼ਤਾਬਦੀ ਸਾਲ ਚ ਉਨ੍ਹਾਂ ਗੁਰੂ  ਸਾਹਿਬ ਦੀ ਜ਼ਬਾਨ ਨੂੰ ਕਸ਼ਮੀਰ ਨਿਕਾਲਾ ਦਿੱਤਾ ਜਾ ਰਿਹਾ ਹੈ।
ਹੁਣ ਮਾਲੀ ਹੀ ਜ਼ਬਾਨ ਦੁਆਲੇ ਆਰੀ ਚੁੱਕੀ ਫਿਰਦੇ ਨੇ। ਲੋਕਰੰਗ ਵਿੱਚ ਮੀਆਂ ਮੁਹੰਮਦ ਬਖ਼ਸ਼ ਸਾਹਿਬ ਨੇ ਜਿੰਨ੍ਹਾਂ ਖੂਬਸੂਰਤ ਅੰਦਾਜ਼ ਦੇ ਵਿੱਚ ਸਾਨੂੰ ਦੁਨਿਆਵੀ ਤੇ ਮਾਰਫ਼ਤ ਦੀ ਸਿੱਖਿਆ ਦਿੱਤੀ ਹੈ ਉਹ ਕਸ਼ਮੀਰ ਚ ਪੰਜਾਬੀ ਜ਼ਬਾਨ ਦੀਆਂ ਡੂੰਘੀਆਂ ਜੜ੍ਹਾਂ ਦੀ ਗਵਾਹੀ ਹੈ।
ਕਸ਼ਮੀਰ ਦੇ ਪੁਰਾਤਨ ਲੇਖਕਾਂ ਨੇ ਜੋ ਕੁਝ ਗਰੰਥ ਸਾਨੂੰ ਦਿੱਤੇ ਹਨ, ਉਹਦੇ ਅਧਾਰ ਉੱਤੇ ਹੀ ਤਾਂ ਅਸੀਂ ਅੱਜ ਆਪਣੀ ਜ਼ਬਾਨ ਨੂੰ ਵਿਕਾਸ ਦੇ ਮਾਰਗ ਤੋਰ ਰਹੇ ਹਾਂ।
ਇਹ ਜਿਹੜੀ ਅੱਜ ਡੋਗਰੀ ਦੀ ਗੱਲ ਹੁੰਦੀ ਹੈ ਪਹਾੜੀ ਦੀ ਗੱਲ ਹੁੰਦੀ ਹੈ ਇਹ ਸਾਡੀਆਂ ਪੰਜਾਬੀ ਦੀਆਂ ਹੀ ਉਪ ਭਸ਼ਾਵਾਂ ਸਨ 1947 ਤੋਂ ਪਹਿਲਾਂ। ਜਿਸਨੂੰ ਲਹਿੰਦੀ ਜ਼ਬਾਨ ਆਖਿਆ ਜਾਂਦਾ ਸੀ ਦੇਸ਼ ਦੀ ਵੰਡ ਤੋਂ ਪਹਿਲਾਂ ਇਸਨੂੰ ਲਗ ਪਗ ਪੰਜ ਲੱਖ ਲੋਕ ਬੋਲਦੇ ਸੀ। ਦੱਰਾ ਖੈਬਰ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦਾ ਖਿੱਤਾ ਲਹਿੰਦੀ ਬੋਲਦਾ ਸੀ। ਇਹ ਸਾਡੀ ਬੜੀ ਅਮੀਰ ਪੰਜਾਬੀ ਜ਼ਬਾਨ ਦਾ ਖਿੱਤਾ ਹੈ।
2011 ਮਰਦਮਸ਼ੁਮਾਰੀ ਦੇ ਵਿੱਚ ਜਿਸ ਜੰਮੂ ਕਸ਼ਮੀਰ ਦੇ 22 ਜ਼ਿਲ੍ਹਿਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਲਿਖਾਈ ਹੋਵੇ। ਜਿੱਥੇ ਬਹੁ ਗਿਣਤੀ ਨੇ 1981  ਦੇ ਵਿਚ  ਵੀ ਪੰਜਾਬੀ ਮਾਂ ਬੋਲੀ ਦੱਸੀ ਹੋਵੇ, ਜਿਥੇ ਪੰਜਾਬੀ ਉਰਦੂ ਵਾਂਗੂ ਲਾਜ਼ਮੀ ਵਿਸ਼ੇ ਤੌਰ ਤੇ ਪੜ੍ਹਾਈ ਜਾਂਦੀ ਹੋਵੇ।
ਜਿੱਥੋਂ ਦੀ ਜੰਮੂ ਯੂਨੀਵਰਸਿਟੀ ਵਿੱਚ ਲਗ ਪਗ ਅੱਧੀ ਸਦੀ ਤੋਂ ਪੰਜਾਬੀ ਦਾ ਪੋਸਟ ਗ੍ਰੈਜੂਏਟ  ਵਿਭਾਗ  ਹੋਵੇ ਜਿੱਥੇ ਪੀਐਚਡੀ ਦੇ ਪੱਧਰ ਦੀ ਪੜ੍ਹਾਈ ਕਰਾਈ ਜਾਂਦੀ ਹੋਵੇ।
ਹੁਣ ਤੁਸੀਂ ਆਪ ਸੋਚੋ!
ਪੀ ਐੱਚ ਡੀ ਦੀ ਪੜ੍ਹਾਈ ਤਾਂ ਕਰੀ ਕਰਾਈ ਜਾਓ ਪਰ ਥੱਲਿਓਂ ਸਕੂਲਾਂ ਕਾਲਜਾਂ ਚ ਤੁਸੀਂ ਪੜ੍ਹਾਈ ਦਾ ਪ੍ਰਬੰਧ ਖਾਰਜ ਕਰ ਦਿਓ ਤਾਂ ਉਹ ਜ਼ਬਾਨ ਕਿਵੇਂ  ਵਿਕਾਸ ਕਰੇਗੀ।
ਦੋਸਤੋ ਜੰਮ ਜੰਮ ਕਰੋ ਡੋਗਰੀ ,ਪਹਾੜੀ ਤੇ  ਗੋਜਰੀ ਦਾ ਵਿਕਾਸ ਪਰ ਇਹ ਕਦੇ ਨਾ ਭੁੱਲਿਓ ਕਿ ਇਨ੍ਹਾਂ ਤਿੰਨਾਂ ਦੀ ਹੀ ਜਿਹੜੀ ਲਿਪੀ ਹੈ ਉਹ ਦੇਵਨਾਗਰੀ, ਟਾਕਰੀ ਦੇ ਨਾਲ ਦੀ ਨਾਲ ਗੁਰਮੁਖੀ ਵੀ ਹੈ।
ਅਸੀਂ ਸਾਰੇ ਗੱਲ ਕਿਉਂ ਵਿਸਾਰਦੇ ਹਾਂ ਕਿ ਖੇਤਰੀ ਭਾਸ਼ਾਵਾਂ ਦੀ ਇਤਿਹਾਸਕਾਰੀ ਵੇਖਦਿਆਂ ਉਹਦਾ ਇਤਹਾਸ ਗਿਆਰਵੀ ਸਦੀ ਤੋਂ ਵੀ ਪਿੱਛੇ ਤੱਕ ਜਾਂਦਾ ਹੈ ਜਿਸ ਚ ਪੰਜਾਬੀ ਪਰਮੁੱਖ ਹੈ।
ਪਰ ਅੱਜ ਜਦੋਂ  ਅਸੀਂ ਉਸ ਖੇਤਰੀ ਭਾਸ਼ਾਵਾਂ ਦੇ ਵਿਕਾਸ ਦੀ ਥਾਂ ਤੇ ਉਸ ਦੇ ਵਿਨਾਸ਼ ਦਾ ਕਾਰਨ ਬਣ ਰਹੇ ਹਾਂ ਤਾਂ ਸਾਨੂੰ ਪੁਨਰ ਵਿਚਾਰ ਕਰਾ ਚਾਹੀਦਾ ਹੈ।
ਸਾਨੂੰ ਪੰਜਾਬੀ ਹਿਤੈਸ਼ੀਆਂ ਨੂੰ ਵੀ ਫ਼ਿਕਰਮੰਦੀ ਦੇ ਨਾਲ ਨਾਲ ਲੋਕ ਚੇਤਨਾ ਦਾ ਕੋਈ ਨਾ ਕੋਈ ਪੁਲ /ਪੜੁੱਲ ਸਥਾਪਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਧਿਰਾਂ ਨੂੰ ਜਗਾਉਣਾ ਪਏਗਾ ਜਿਹੜੀਆਂ ਧਿਰਾਂ ਇਸ ਫੈਸਲੇ ਨੂੰ ਰੋਕਣ ਦੇ ਸਮਰੱਥ ਨੇ। ਦੇਸ਼ ਦੇ ਵਿਚ ਸਾਰੇ ਲੋਕਾਂ ਤਾਂ ਜਿਹੜੇ ਨੇ ਤਾਂ ਕੰਨਾਂ ਚ ਰੂੰ ਨਹੀਂ ਦਿੱਤੇ ਹੋਏ ਤੇ ਨਾ ਅੱਖਾਂ ਤੇ ਕਾਲੀ ਪੱਟੀ ਬੰਨੀ ਹੋਈ ਹੈ। ਸਰਕਾਰ ਦੇ ਵਿੱਚ ਵੀ ਕੁਝ ਲੋਕ ਐਸੇ ਨੇ ਜਿਹੜੇ ਅਕਲ ਦੀ ਭਾਸ਼ਾ ਜਾਣਦੇ ਨੇ।
ਕੱਲ੍ਹ ਹੀ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਬੜੇ ਉੱਘੇ ਕਾਰਕੁਨ ਰਾਜਿੰਦਰ ਮੇਹਨ ਸਿੰਘ ਛੀਨਾ ਨੇ ਇਸ ਗੱਲ ਦੇ ਹੱਕ ਚ ਹਾਅ ਦਾ ਨਾਹਰਾ ਮਾਰਿਆ ਹੈ। ਕਸ਼ਮੀਰੀ ਆਗੂ ਸ. ਸੁਦਰਸ਼ਨ ਸਿੰਘ ਵਜ਼ੀਰ ਜਿਹੜੇ ਨੇ ਜੰਮੂ ਕਸ਼ਮੀਰ ਦੇ ਵਿਧਾਨ ਪਰਿਸ਼ਦ ਦੇ ਮੈਂਬਰ ਹਨ ਉਨ੍ਹਾਂ ਨੇ ਵੀ ਲੋਕ ਅਗਵਾਈ ਕਰਕੇ  ਵਿਰੋਧ ਕੀਤਾ ਹੈ।
ਪਰ ਉਸ ਵਿਰੋਧ  ਦੇ ਨਾਲ ਨਾਲ ਸਾਨੂੰ ਦੇਸ਼ ਦੀ ਪਾਰਲੀਮੈਂਟ ਚ ਬੈਠੇ ਮਿੱਤਰ ਪਿਆਰਿਆਂ ਨੂੰ ਖਾਸ ਕਰਕੇ ਜੋ ਅਪੋਜ਼ੀਸ਼ਨ ਦੇ ਨੇ ਜਾਂ ਹਕੂਮਤ ਕਰਦੀ ਧਿਰ ਦੇ ਨੇ ,ਉਨ੍ਹਾਂ ਸਾਰੇ ਜਾਗਦੀ ਜ਼ਮੀਰ ਵਾਲੇ ਦੋਸਤਾਂ ਨੂੰ ਅਪੀਲ ਕਰਨੀ ਪਏਗੀ।ਇਹ ਕਹਿਣਾ ਪਵੇਗਾ ਕਿ ਪੰਜਾਬੀ ਜ਼ੁਬਾਨ ਦੇ ਵਿਕਾਸ ਦੇ ਖੰਭ ਕੱਟਿਆ ਅਸੀਂ ਲੋਕਾਂ ਦੇ ਮਨ ਚ ਬੇਗਾਨਗੀ ਦਾ ਅਹਿਸਾਸ ਨਾ ਪੈਦਾ ਕਰੀਏ। ਅਸੀਂ ਉਸ ਵਿਕਾਸ ਦੀ ਗੱਲ ਕਰੀਏ ਜਿਸ ਵਿੱਚ ਸਰਬ ਸੰਪੰਨ ਵਿਕਾਸ ਹਰ ਮਨੁੱਖ ਵਾਸਤੇ ਬਰਾਬਰ ਦਾ ਹੋਵੇ। ਪੰਜਾਬੀ ਜ਼ੁਬਾਨ ਹੋਵੇ ,ਹਿੰਦੀ ਹੋਵੇ ਜਾਂ ਕੋਈ ਹੋਰ ਜ਼ੁਬਾਨ ਹੋਵੇ ਉਸ ਦੇ ਵਿਕਾਸ ਤੋਂ ਕਿਸੇ ਵੀ ਖਿੱਤੇ ਨੂੰ ਵਿਰਵਾ ਨਾ ਕੀਤਾ ਜਾਵੇ।
ਇਹੀ ਸੁਨੇਹਾ ਰਾਜਸਥਾਨ ਦੇ ਭਰਾਵਾਂ ਨੂੰ ਵੀ ਪੁਚਾਇਆ ਜਾਵੇ ਕਿ ਤੁਸੀਂ ਸਿੰਧੀ ਤੇ ਪੰਜਾਬੀ ਨੂੰ ਕੱਟ ਕੇ ਲੋਕ ਮਨਾਂ ਵਿੱਚ ਬੇਗਾਨਗੀ ਦੇ ਬੀਜ ਨਾ ਬੀਜੋ।  ਰਾਜਸਥਾਨ ਚ ਵੱਸਦੇ ਪੰਜਾਬੀ ਭਰਾ ਨੇ ਚਾਹੇ ਉਹ ਹਿੰਦੂ ਤੇ ਮੁਸਲਮਾਨ ਨੇ ,ਸਿੱਖ ਨੇ ਉਨ੍ਹਾਂ ਸਾਰਿਆਂ ਦੇ ਬੱਚਿਆਂ ਵਾਸਤੇ ਸਿੱਖਿਆ ਤੇ ਭਾਸ਼ਾ ਰਾਹੀਂ ਵਿਕਾਸ ਦੇ ਮੌਕੇ ਬਣਾਓ।
ਰਾਜਿਸਥਾਨ ਚ ਇੱਕ ਪਾਸੇ ਤਾਂ ਤੁਸੀਂ ਪੰਜਾਬੀ ਸਾਹਿਤ ਅਕਾਡਮੀ ਬਣਾ ਰਹੇ ਹੋ। ਇਹ ਦਾਵੇ ਕਰ ਰਹੇ ਹੋ ਕਿ ਅਸੀਂ ਬਰਾਬਰ ਦੇ ਮੌਕੇ ਦਿੰਦੇ ਹਾਂ, ਦੂਜੇ ਪਾਸੇ ਜ਼ਬਾਨ ਨੂੰ ਦਾਤਰੀ ਫੇਰ ਰਹੇ ਹੋ। ਚੋਣਾਂ ਚ ਕੀਤੇ ਗਏ ਵਾਅਦੇ ਹੁਣ ਵੀ ਯਾਦ ਰੱਖੋ।
ਆਪਣੇ ਉਹ ਅਧਿਕਾਰੀ ਵੀਰ ਨੂੰ ਆਖੋ ਜਿਸ ਨੇ ਆਦੇਸ਼ ਕੱਲ੍ਹ ਹੀ ਜਾਰੀ ਕੀਤਾ ਕਿ ਅਸੀਂ ਸਿੰਧੀ ਔਰ ਪੰਜਾਬੀ ਨੂੰ ਸਕੂਲਾਂ ਚੋਂ ਹਟਾ ਰਹੇ ਹਾਂ। ਇਸ ਕਿਸਮ ਦੇ ਫੈਸਲੇ ਸ਼ੰਕੇ ਪੈਦਾ ਕਰਦੇ ਨੇ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਖੇਤਰੀ ਪਛਾਣ ਮਿਟਾਉਣ ਲਈ ਸਭ ਇੱਕੋ ਜਹੇ ਨੇ।
ਪਛਾਨਣਾ ਤੇ ਜਾਨਣਾ ਪਵੇਗਾ ਕਿ ਸਾਡੀ ਜ਼ਬਾਨ ਦਾ ਦੁਸ਼ਮਣ ਕਿੱਥੇ ਕਿੱਥੇ ,ਕਿਵੇਂ ਕਿਵੇਂ ਇਸ ਕਿਸਮ ਦਾ ਵਤੀਰਾ ਧਾਰਨ ਕਰ ਰਿਹਾ ਹੈ।
ਭੁੱਲਿਉ ਨਾ! ਧਰਤੀ ਤੇ ਜ਼ੁਬਾਨ ਕਿਸੇ ਦੇ ਬਾਪ ਦੀ ਜਗੀਰ ਨਹੀਂ। ਨਾ ਹੀ ਮੇਰੇ ਬਾਪ ਦੀ। ਮੈਂ ਇਸ ਵਾਸਤੇ ਪੰਜਾਬੀ ਬੋਲਦਾਂ ਕਿਉਂਕਿ ਮੈਂ ਪੰਜਾਬ ਚ ਪੈਦਾ ਹੋਇਆ ,ਮੈਂ ਇਸ ਕਰਕੇ ਪੰਜਾਬੀ ਬੋਲਦਾਂ ਕਿ ਮੈਨੂੰ ਮੇਰੀ ਮਾਂ ਨੇ ,ਮੇਰੇ ਮਾਹੌਲ ਨੇ ਮੈਨੂੰ ਪੰਜਾਬੀ ਜ਼ੁਬਾਨ ਦੇ ਲੜ ਲਾਇਆ।
ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਕਿ ਵਿਕਾਸ ਦੇ ਮੌਕੇ ਆਪਣੇ ਬੱਚਿਆਂ ਦੇ ਮੂੰਹੋਂ ਨਾ ਖੁੱਸਣ ਦੇਈਏ।
ਸਮਝ ਲਉ ਕਿ ਤੁਸੀਂ ਸਾਡੇ ਬੱਚਿਆਂ ਕੋਲੋਂ ਲੋਰੀਆਂ ਖੋਹ ਰਹੇ ਹੋ ,ਸੁਹਾਗ ਖੋਹ ਰਹੇ ਹੋ ,ਘੋੜੀਆਂ ਖੋਹ ਰਹੇ ਹੋ।
ਉਨ੍ਹਾਂ ਬੱਚਿਆਂ ਦੇ ਮੂੰਹੋਂ ,ਜਿਹੜੇ ਬੱਚਿਆਂ ਨੇ ਇਸ ਵਿਰਾਸਤ ਨਾਲ ਜ਼ਿੰਦਗੀ ਦੇ ਸ਼ਾਹ ਅਸਵਾਰ ਬਣਨਾ ਹੈ।
ਇਸ ਵਿਰਾਸਤ ਦੇ ਸਿਰ ਦੇ ਉੱਤੇ ਬਾਕੀ ਜ਼ਬਾਨਾਂ ਸਿੱਖਣੀਆਂ ਨੇ ਜੰਮ ਜੰਮ ਕਸ਼ਮੀਰੀ ਪੜ੍ਹਾਓ ,ਉਰਦੂ ਪੜ੍ਹਾਓ ,ਹਿੰਦੀ ਪੜ੍ਹਾਓ ,ਡੋਗਰੀ ਪੜ੍ਹਾਓ ,ਅੰਗਰੇਜ਼ੀ ਪੜ੍ਹਾਓ ਪਰ ਪੰਜਾਬੀ ਨੂੰ  ਤਿਆਗ ਕੇ ਉਸ ਖਿੱਤੇ ਦੇ ਲੋਕਾਂ ਦੀ ਉਸ ਮਰਿਆਦਾ ਨੂੰ ਠੇਸ ਨਾ ਪਹੁੰਚਾਉ।
ਮਰਿਆਦਾ ਦੇ ਸਹਾਰੇ ਹੀ ਉਨ੍ਹਾਂ ਦੇ ਅੰਦਰ ਇਹ ਵਤਨ ਸਾਡਾ ਹੈ, ਇਹਨੂੰ ਮੁਹੱਬਤ ਕਰਨਾ ਸਾਡਾ ਧਰਮ ਹੈ। ਇਹ ਗੱਲ ਪੱਕੀ ਮਨ ਚਿੱਤ ਚ ਪੱਕੀ ਬਹੇਗੀ।
ਇੱਥੇ ਮਸਲਾ ਮੁਸਲਮਾਨ ਦਾ ਨਹੀਂ ,ਸਿੱਖ ਦਾ ਨਹੀਂ ,ਹਿੰਦੂ ਦਾ ਨਹੀਂ ,ਇਸਾਈ ਦਾ ਨਹੀਂ ਨਾ ਕਿਸੇ ਬੋਧੀ ਪਾਰਸੀ ਦਾ ਹੈ,ਇੱਥੇ ਮਸਲਾ ਸਿਰਫ ਜ਼ੁਬਾਨ ਦਾ ਹੈ।
ਭਰਾਓ !ਜਾਗੋ !ਉੱਠੋ!
ਜੇਕਰ ਕੱਲ੍ਹ ਨੂੰ ਪਾਰਲੀਮੈਂਟ ਚ ਇਹ ਬਿੱਲ ਪਾਸ ਕਰ ਦਿੱਤਾ ਤਾਂ ਇਸ ਨੇ ਕਾਨੂੰਨ ਬਣ ਕੇ ਲਾਗੂ ਹੋਣਾ ਹੀ ਹੋਣਾ ਹੈ।
ਉਹ ਲਾਗੂ ਹੋਣ ਤੋਂ ਬਾਅਦ ਚ ਰੋਣ ਪਿੱਟਣ ਤੇ ਵਿਰੋਧ ਦਾ ਕੋਈ ਮਤਲਬ ਨਹੀਂ ਹੋਵੇਗਾ।
ਸਮੇਂ ਸਿਰ ਤੋਂ ਸੁਚੇਤ ਕਰਨ ਲਈ ਮੈਂ ਇਹ ਸ਼ਬਦ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ।      ਮਿੱਤਰ ਪਿਆਰਿਓ!
ਸਰਕਾਰਾਂ ਚਲਾਉਂਦੇ ਦੋਸਤੋ ,ਕਦੇ ਵੀ ਨਾ ਭੁੱਲੋ ਕਿ ਜ਼ਬਾਨ  ਖੋਹ ਲਵੇਗੇ ਤਾਂ ਵਿਧਾਨ ਤੁਹਾਨੂੰ ਤਾਕਤ ਤਾਂ ਦੇ ਸਕਦਾ ਪਰ ਅਸਲ ਤਾਕਤ ਤੇ ਸਨਮਾਨ ਤੁਹਾਨੂੰ ਲੋਕ ਸ਼ਕਤੀ ਨੇ ਦੇਣਾ ਹੈ। ਇਸੇ ਲੋਕ ਸ਼ਕਤੀ ਦੀ ਅੱਖ ਵਿਚ ਅੱਖ  ਪਾਓ। ਵਕਤ ਦੀ ਨਜ਼ਰ ਪਹਿਚਾਣੋ ਤੇ ਜ਼ਬਾਨ ਦੇ ਵਿਕਾਸ ਦੇ ਮੌਕੇ ਨਾ ਖੋਹੋ।
ਇਹ ਧਰਤੀ ਵਿਕਾਸ ਦੇ ਬਰਾਬਰ ਮੌਕੇ ਦੇਣ ਵਾਲੀ ਸਾਰਿਆਂ ਦੀ ਸਰਬਸਾਂਝੀ ਬਣ ਸਕੇਗੀ।

                                                                                                                                                                                                                                                  ਗੁਰਭਜਨ ਸਿੰਘ ਗਿੱਲ (ਪ੍ਰੋ.)
                                                                                                                                                                                                                                                  ਸਾਬਕਾ ਪ੍ਰਧਾਨ-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ