‘ਡਿਗਰੀ ਨਾ ਆਈ ਤੇ ਸਕਿੱਲ ਕੰਮ ਆ ਗਿਆ”
ਬਲਜਿੰਦਰ ਸੰਘਾ-ਕੈਲਗਰੀ ਵੱਸਦੇ ਗਾਇਕ ਦਲਜੀਤ ਸੰਧੂ ਦਾ ਨਵਾਂ ਗੀਤ ‘ਲਾਇਸੰਸ’ ਪੰਜਾਬੀ ਟਰੱਕ ਡਰਾਈਵਰਾਂ ਦੀ ਮਿਹਨਤ ਨੂੰ ਮੁੱਖ ਰੱਖਕੇ ਲਿਖਿਆ,ਗਾਇਆ ਤੇ ਫਿਲਮਾਇਆ ਗੀਤ ਹੈ। ਪਰ ਅਸਲ ਵਿਚ ਇਹ ਗੀਤ ਪਰਵਾਸੀ ਪੰਜਾਬੀਆਂ ਦੀ ਹਰ ਹਲਾਤਾਂ ਵਿਚ ਮਿਹਨਤ ਨਾਲ ਕੀਤੀ ਤਰੱਕੀ ਦਾ ਗੀਤ ਹੈ। ਕੈਨੇਡਾ ਵਰਗੇ ਦੇਸ਼ਾਂ ਵਿਚ ਪੀ ਐਚ ਡੀ, ਐਮ ਐਸ ਸੀ ਤੇ ਇੰਜਨੀਅਰਿੰਗ ਕਰਕੇ ਆਏ ਪੰਜਾਬੀ ਵੀ ਹਲਾਤਾਂ ਨਾਲ ਸਮਝੌਤਾ ਕਰਕੇ ਆਮ ਲੇਬਰ ਤੇ ਟਰੱਕ, ਟੈਕਸੀ ਡਰਾਈਵਰ ਬਣਕੇ ਕਈ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਹਨ, ਕਿਉਂਕਿ ਪਿਛਲਿਆਂ ਨੂੰ ਮੰਗਵਾਉਣ ਨੂੰ ਪਰਿਵਾਰ ਭਲਾਈ ਦੀ ਜ਼ਿੰਮੇਵਾਰੀ ਸਮਝ ਆਮਦਨ ਬਣਾਉਣੀ ਤੇ ਜੋ ਵੀ ਕੰਮ ਮਿਲਿਆ ਦੋ-ਦੋ ਜਾਂ ਤਿੰਨ-ਤਿੰਨ ਸ਼ਿਫਟਾਂ ਲਾਉਣੀਆਂ। ਇਹ ਸਮਾਂ ਹੀ ਨਹੀਂ ਮਿਲਿਆ ਜਾਂ ਕੱਢ ਪਾਏ ਕਿ ਇਥੋਂ ਦੇ ਕਾਨੂੰਨ ਅਧੀਨ ਦੁਬਾਰਾ ਡਿਗਰੀ ਨਵਿਆਉਣ, ਬੰਦਾ ਲੇਬਰ ਕਰੇ ਜਾਂ ਪੜ੍ਹੇ। ਬੇਸ਼ਕ ਹੁਣ ਪੰਜਾਬ ਦੇ ਬਹੁਤੇ ਬੱਚੇ ਬਾਰ੍ਹਵੀਂ ਕਰਕੇ ਹੀ ਆ ਰਹੇ ਹਨ ਪਰ ਪਹਿਲਾ ਆਏ ਬਹੁਤੇ ਪੰਜਬੀਆਂ ਕੋਲ ਬੈਚਲਰ ਡਿਗਰੀ ਹੈ। ਗੀਤ ਦੇ ਬੋਲ ਵੀ ਇਹੋ ਕਹਿੰਦੇ ਹਨ ‘ਡਿਗਰੀ ਨਾ ਆਈ ਤੇ ਸਕਿੱਲ ਕੰਮ ਆ ਗਿਆ’। ਇਹ ਗੀਤ ਰੁਪਿੰਦਰ ਸੰਧੂ ਦਾ ਲਿਖਿਆ ਹੈ, ਸੰਗੀਤ ਸਾਉਂਡ ਕਲੀਨਿੱਕ ਦਾ ਹੈ ਤੇ ਵੀਡੀਓ ਡਾਇਰੈਕਟਰ ਜੋਧ ਜਸਵਾਲ ਹੈ। ਪੇਸ਼ਕਸ ਜੈਸ ਰਿਕਾਰਡਸ ਅਤੇ ਜੀ ਆਰ ਐਚ ਟਰਾਨਸਪੋਰਟ ਦੀ ਹੈ।ਜ਼ਿਕਰਯੋਗ ਹੈ ਕਿ ਬਹੁਤੇ ਗਾਇਕ ਦਸ-ਬਾਰਾਂ ਭੜਕਾਊ ਗਾਣੇ ਗਾ ਕੇ ਫਿਰ ਇਕ-ਅੱਧਾ ਧਾਰਮਿਕ ਗੀਤ ਗਾ ਕੇ ਫਿਰ ਸੱਚੇ-ਸੁੱਚੇ ਤੇ ਸੱਭਿਅਕ ਹੋਣ ਦਾ ਲੇਬਲ ਲਵਾ ਲੈਂਦੇ ਹਨ, ਪਰ ਗਾਇਕ ਦਲਜੀਤ ਸੰਧੂ ਵਰਗੇ ਸਿਰਫ਼ ਗਿਣਤੀ ਦੇ ਗਾਇਕ ਹਨ ਜੋ ਸਮਾਜ ਦੇ ਸਰੋਕਾਰਾਂ ਨੂੰ ਹਮੇਸ਼ਾ ਧਿਆਨ ਵਿਚ ਰੱਖ ਕੇ ਗਾਉਂਦੇ ਹਨ। ਬਦਨਾਮ ਹੋਕੇ ਜਾਂ ਸਮਾਜ ਨੂੰ ਗੰਧਲਾ ਕਰਕੇ ਖੱਟੇ ਨਾਮਣੇ ਨੂੰ ਤਰਜੀਹ ਨਹੀਂ ਦਿੰਦੇ। ਪਰ ਨਾਲ ਸੱਚ ਇਹ ਵੀ ਹੈ ਕਿ ਅਜਿਹੇ ਗਾਇਕਾ, ਲੇਖਕਾ ਦਾ ਮੁੱਲ ਸੱਭਿਅਕ ਸਮਾਜ ਵਿਚ ਹਮੇਸ਼ਾ ਭਾਰੂ ਰਿਹਾ ਹੈ ਪਰ ਸਮਾਂ ਪਾਕੇ। ਅਸੱਭਿਅਕ ਗਾਉਣ ਤੇ ਫਿਲਮਾਉਣ ਵਾਲੇ ਅਜੋਕੇ ਸਮੇਂ ਵਿਚ ਲੁਕਦੇ ਜਾਂ ਝੂਠੀਆਂ ਸਫਾਈਆਂ ਦਿੰਦੇ ਚੈਨਲਾਂ ਤੇ ਆਮ ਦੇਖੇ ਜਾ ਸਕਦੇ ਹਨ। ਇਸ ਗੀਤ ਸਬੰਧੀ ਗੱਲ ਕਰਦਿਆਂ ਗਾਇਕ ਦਲਜੀਤ ਸੰਧੂ ਵੱਲੋਂ ਸਹਿਯੋਗ ਦੇਣ ਵਾਲੇ ਹੈਰੀ ਸਿੰਘ,ਜੋਤੀ ਪੁਰਬਾ,ਗਗਨ ਸੰਧੂ,ਰਾਜੂ ਸੱਗੂ,ਬਲਕਰਨ ਸਿੱਧੂ,ਐਡੀਟਰ ਵਰੁਨ ਅਰੋੜਾ ਤੋਂ ਇਲਾਵਾ ਰੋਮੀ ਗਿੱਲ ਘੋਲੀਆ,ਗੁਰਜੀਤ ਘੋਲੀਆ,ਪ੍ਰੀਤ ਭਾਊ,ਜੱਸੀ ਢੱਡੀਆਂ ਸੰਧੂ,ਸਿੰਘ ਸ਼ੰਮੀ,ਜਸਵੀਰਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਦਲਜੀਤ ਸੰਧੂ ਦਾ ਇਹ ਨਵਾਂ ਗੀਤ ‘ਲਾਇਸੰਸ’ ਤੁਸੀਂ ਯੁਟਿਉਬ ਤੇ ਸੁਣ ਤੇ ਦੇਖ ਸਕਦੇ ਹੋ।