ਕੈਲਗਰੀ, (ਜੋਰਾਵਰ ਸਿੰਘ) – ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਕਾਰਜਕਾਰੀ ਕਮੇਟੀ ਦੇ ਮੈਬਰਾਂ ਨੇ ਸਿਹਤ ਤੇ ਸਰਕਾਰੀ ਹਿਦਾਇਤਾਂ ਦਾ ਪੂਰਾ ਪਾਲਣ ਕਰਦਿਆਂ(ਮਾਸਕ,ਸੈਨੇਟਾਈਜ਼ਰ, ਸੋਸ਼ਲ ਡਿਸਟੈਂਸ)ਆਦਿ ਨਾਲ ਮੀਟਿੰਗ ਕੀਤੀ। ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਮੀਟਿੰਗ ਸ਼ੁਰੂ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਸਭਾ ਵਲੋਂ “ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ” ਸਲਾਨਾ ਸਮਾਗਮ ਰੱਦ ਕਰਨ ਦੇ ਨਾਲ ਨਾਲ ਮਹੀਨਾਵਾਰ ਮੀਟਿੰਗ ਵੀ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤੀ ਗਈ ਸੀ। ਹੁਣ ਇਹ ਜੂਨ ਮਹੀਨੇ ਵਿੱਚ ਇਹ ਨਿਵੇਕਲੀ ਤਰ੍ਹਾਂ ਦੀ ਮੀਟਿੰਗ ਪਾਰਕ ਵਿੱਚ ਕੀਤੀ ਗਈ। ਜਿੱਥੇ ਸਾਹਿਤਕ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਗਿਆ।ਉਥੇ ਹੀ ਗਲਵਨ ਘਾਟੀ ਵਿੱਚ ਦੇਸ਼ ਦੀ ਰਾਖੀ ਕਰਦੇ 20 ਸੈਨਿਕਾਂ ਦੀ ਸ਼ਹੀਦੀ ਤੇ ਉਹਨਾਂ ਨੂੰ ਸ਼ਰਧਾਜਲੀ ਭੇਟ ਕੀਤੀ। ਜੂਨ 84 ਦਾ ਸਾਕਾ ਤੇ ਅੱਜ ਕੱਲ ਹੋ ਰਹੇ ਨਸਲੀ ਵਿਤਕਰੇ ਦੀ ਗੱਲ ਵੀ ਕੀਤੀ ਗਈ। ਫਾਦਰ ਡੇਅ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਸਾਹਿਤਕ ਰਚਨਾਵਾਂ ਵਿੱਚ ਮਹਿੰਦਰ ਪਾਲ ਐਸ ਪਾਲ ਨੇ ਤਰੁਨੰਮ ਵਿੱਚ ਗਜ਼ਲ ਸੁਣਾਈ ਤੇ “ਕਰਮਾਂ ਵਾਲੀ” ਕਹਾਣੀ ਰਾਹੀਂ ਮੁੰਡੇ-ਕੁੜੀ ਵਿੱਚ ਫਰਕ ਦੀ ਵਿਅੰਗਮਈ ਬਾਤ ਪਾਈ। ਬਲਵੀਰ ਗੋਰਾ ਨੇ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕਰਦਿਆਂ “ਮਾਸ਼ੂਕ” ਨਾਂ ਦੇ ਹੇਠ ਗੀਤ ਸੁਣਾਇਆ। ਮੰਗਲ ਚੱਠਾ ਨੇ “ਉਹ ਦੱਸ ਕਿੱਥੇ ਮਰਦੇ ਨੇ” ਸੂਰਮਿਆਂ ਦੀ ਰਚਨਾ ਸੁਣਾਈ। ਰਣਜੀਤ ਸਿੰਘ ਨੇ ਫਾਦਰ ਡੇਅ ਅਤੇ ਕਰੋਨਾ ਮਹਾਂਮਾਰੀ ਦੇ ਸੰਬੰਧ ਵਿੱਚ ਕਵਿਤਾ ਸੁਣਾਈਆਂ ਤੇ ਇੱਕ ਰਸ਼ੀਅਨ ਕਹਾਣੀ ਦਾ ਅਨੁਵਾਦ “ਕਮਜੋਰ” ਬਹੁਤ ਖੂਬਸੂਰਤ ਕਹਾਣੀ ਸੁਣਾਈ। ਪ੍ਰਧਾਨ ਦਵਿੰਦਰ ਮਲਹਾਂਸ ਨੇ ਇੱਕ ਸ਼ੇਅਰ ਨਾਲ ਸ਼ੁਰੂਆਤ ਕੀਤੀ ਤੇ “ਟੈਕਸੀ” ਨਾਮਕ ਬਹੁਤ ਰੌਚਕ ਕਹਾਣੀ ਸੁਣਾਈ, ਜਿਸ ਦੇ ਕਿਰਦਾਰਾਂ ਦੇ ਸੰਵਾਦ ਬਹੁਤ ਹੀ ਦਿਲਚਸਪ ਸਨ। ਬਲਜਿੰਦਰ ਸੰਘਾ ਨੇ ਕਰੋਨਾ ਮਹਾਂਮਾਰੀ ਦੀ ਗੱਲ ਕੀਤੀ। ਇਹ ਇੱਕ ਨਿਵੇਕਲੀ ਤਰ੍ਹਾਂ ਦੀ ਮੀਟਿੰਗ ਵਿੱਚ ਸਭ ਦੇ ਵਿਚਾਰ ਬਹੁਤ ਗਿਆਨ ਭਰਪੂਰ ਸਾਬਿਤ ਹੋਏ ਤੇ ਅਖੀਰ ਵਿੱਚ ਚੰਗੇ ਹਾਲਾਤ ਹੋਣ ਲਈ ਦੁਆ ਕੀਤੀ ਗਈ।