ਮੇਪਲ ਪੰਜਾਬੀ ਮੀਡੀਆ-ਪਰਮੀਤ ਸਿੰਘ ਨੂੰ ਅਲਬਰਟਾ ਐਨ.ਡੀ.ਪੀ. ਪਾਰਟੀ ਵੱਲੋਂ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਲੀਡਰ ਰਿਚਰਲ ਨਾਟਲੇ ਦੀ ਅਗਵਾਈ ਵਿਚ ਅਲਬਰਟਾ ਐਨ.ਡੀ.ਪੀ. ਪਾਰਟੀ ਇਸ ਸਮੇਂ ਸੂਬਾ ਸਰਕਾਰ ਦੀ ਮੁੱਖ ਵਿਰੋਧੀ ਪਾਰਟੀ ਹੈ ਅਤੇ ਸਾਲ 2015 ਤੋ ਚਾਰ ਸਾਲ ਲਈ ਇਸ ਪਾਰਟੀ ਦੀ ਸਰਕਾਰ ਸੀ। ਕੋ-ਅਪਰੇਟਿਵ ਕਾਮਨਵੈਸਥ ਫ਼ਾਊਡੇਸ਼ਨ ਦੇ ਰੂਪ ਵਿਚ 1932 ਵਿਚ ਬਣੀ ਸੰਸਥਾਂ ਤੇ ਫਿਰ ਕਨੇਡੀਅਨ ਲੇਬਰ ਪਾਰਟੀ ਦੇ ਅਲਬਰਟਾ ਵਿੰਗ ਦੀ ਭੂਮਿਕਾ ਨਿਭਾਉਂਦਿਆ ਇਸਨੇ ਖੱਬੇ ਵਿੰਗ ਦੀ ਅਲਬਰਟਾ ਐਨ.ਡੀ.ਪੀ. ਪਾਰਟੀ ਦਾ ਰੂਪ ਲਿਆ। ਸਿੱਖੀ ਦਿੱਖ ਵਾਲੇ ਸਰਦਾਰ ਪਰਮੀਤ ਸਿੰਘ ਬੋਪਾਰਾਏ ਕਮਿਊਨਟੀ ਵਿਚ ਵਧੀਆ ਪ੍ਰਭਾਵ ਰੱਖਦੇ ਹਨ ਅਤੇ ਪਿਛਲੀਆਂ ਚੋਣਾਂ ਵਿਚ ਪਰਮੀਤ ਸਿੰਘ ਸਿੰਘ ਨੇ ਐਨ.ਡੀ.ਪੀ. ਪਾਰਟੀ ਵੱਲੋਂ ਕੈਲਗਰੀ ਫਾਲਕਿਨਰਿੱਜ ਤੋਂ ਐਮ ਐਲ ਦੀ ਚੋਣ ਲੜੀ ਸੀ ਤੇ ਆਪਣੇ ਵਿਰੋਧੀ ਯੁਨਾਈਟਿਡ ਕਾਨਜ਼ਰਵੇਟਿਵ ਪਾਰਟੀ ਦੇ ਉਮਦੀਵਾਰ ਨੂੰ ਬਰਾਬਰ ਦੀ ਟੱਕਰ ਦੇ ਕੇ ਬਹੁਤ ਥੋੜੇ ਫ਼ਰਕ ਨਾਲ ਚੋਣ ਹਾਰੇ ਸਨ। ਇਹ ਉਹਨਾਂ ਦੀ ਪਾਰਟੀ ਅਤੇ ਲੋਕਾਂ ਪ੍ਰਤੀ ਇਮਨਾਦਾਰ ਪਹੁੰਚ ਅਤੇ ਪ੍ਰਤੀਬੱਧਤਾ ਦਾ ਹੀ ਨਤੀਜਾ ਹੈ ਕਿ ਪਾਰਟੀ ਵੱਲੋਂ ਉਹਨਾਂ ਨੂੰ ਇਨਟਰਮ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਪੰਜਾਬੀ ਮੀਡੀਆ ਕਲੱਬ ਕੈਲਗਰੀ ਨਾਲ ਇਕ ਰਸਮੀ ਇਕੱਤਰਤਾ ਵਿਚ ਦੱਸਿਆ ਕਿ ਉਹਨਾਂ ਦੀ ਇਸ ਨਿਯੁਕਤੀ ਤੋਂ ਬਾਅਦ ਕੋਸ਼ਿਸ਼ ਰਹੇਗੀ ਕਿ ਅਲਬਰਟਾ ਐਨ.ਡੀ.ਪੀ. ਪਾਰਟੀ ਦੇ ਗਰਾਫ਼ ਨੂੰ ਹੋਰ ਉੱਚਾ ਚੁੱਕਿਆ ਜਾਵੇ ਅਤੇ ਉਹ ਕਮਿਊਨਟੀ ਅਤੇ ਪਾਰਟੀ ਵਿਚ ਇਕ ਪੁਲ ਦੀ ਤਰ੍ਹਾਂ ਕੰਮ ਕਰਨਗੇ।