ਮਾਸਟਰ ਭਜਨ ਸਿੰਘ :-ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਅਤੇ ਅਦਾਰਾ ਸਰੋਕਾਰਾਂ ਦੀ ਆਵਾਜ ਵਲੋਂ ਸਾਂਝੇ ਤੌਰ ਤੇ ‘ਕੋਸੋ’ ਦੇ ਦਰਸ਼ਕਾਂ ਨਾਲ ਭਰੇ ਹਾਲ ਵਿੱਚ ਕਰਵਾਏ ਗਏ ਇੱਕ ਪ੍ਰਭਾਸ਼ਾਲੀ ਸਮਾਗਮ ਵਿੱਚ ਜਿਥੇ 23 ਮਾਰਚ ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ, ਉਥੇ 8 ਮਾਰਚ ਦੇ ਅੰਤਰ ਰਾਸ਼ਟਰੀ ਔਰਤ ਦਿਵਸ ਨੂੰ ਮੁੱਖ ਰੱਖ ਕੇ ਔਰਤਾਂ ਦੇ ਹੱਕਾਂ ਤੇ ਮਸਲਿਆਂ ਬਾਰੇ ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਪੇਸ਼ ਕੀਤੇ। ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਵਲੋਂ ਦੁਨੀਆਂ ਭਰ ਦੀਆਂ ਔਰਤਾਂ ਨਾਲ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿੱਚ ਵੱਖ-ਵੱਖ ਸਮਾਜਾਂ ਤੇ ਕੌਮਾਂ, ਧਰਮਾਂ ਵਲੋਂ ਕੀਤੇ ਗਏ ਵਿਤਕਰਿਆਂ, ਧੱਕਿਆਂ ਤੇ ਔਰਤਾਂ ਨੂੰ ਗੁਲਾਮ ਬਣਾਉਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਵਕੀਲ ਤਰਨਜੀਤ ਔਜਲਾ ਵਲੋਂ ਕਨੂੰਨੀ ਤੇ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਔਰਤਾਂ ਦੀ ਅਜ਼ਾਦੀ ਦੀ ਗੱਲ ਕਰਦਿਆ ਕਿਹਾ ਕਿ ਬੇਸ਼ਕ ਕਨੇਡਾ ਵਿੱਚ ਔਰਤ ਨੂੰ ਕਨੂੰਨੀ ਤੌਰ ਤੇ ਇੱਕ ਵਿਅਕਤੀ ਮੰਨਣ ਅਤੇ ਵੋਟ ਪਾਉਣ ਦਾ ਅਧਾਕਰ ਅਜੇ 100 ਕੁ ਸਾਲ ਪਹਿਲਾਂ ਹੀ ਮਿਲਿਆ ਸੀ। ਪਰ ਅੱਜ ਕਨੂੰਨੀ ਤੌਰ ਕਨੇਡਾ ਵਿੱਚ ਔਰਤਾਂ ਕੋਲ ਪੂਰਨ ਆਜ਼ਾਦੀ ਹੈ, ਭਾਵੇਂ ਸਮਾਜਿਕ ਤੇ ਹੋਰ ਖੇਤਰਾਂ ਵਿੱਚ ਬਰਾਬਰਤਾ ਲਈ ਯਤਨ ਕੀਤੇ ਜਾਣ ਦੀ ਲੋੜ ਹੈ। ਮਾਸਟਰ ਭਜਨ ਸਿੰਘ ਨੇ ਸਟੇਜ ਦੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਤੇ ਬੁਲਾਰਿਆਂ ਨਾਲ ਜਾਣ ਪਛਾਣ ਕਰਾਈ। ਲੇਖਿਕਾ ਗੁਰਚਰਨ ਕੌਰ ਥਿੰਦ ਵਲੋਂ ਭਾਰਤੀ ਸਮਾਜ ਵਿੱਚ ਔਰਤ ਦੀ ਦਸ਼ਾ ਦੀ ਗੱਲ ਕਰਦਿਆਂ ਦੱਸਿਆ ਕਿ ਕਨੇਡਾ ਵਿੱਚ ਵੀ ਔਰਤਾਂ ਕੋਲ ਬੇਸ਼ਕ ਵੱਧ ਅਧਿਕਾਰ ਤੇ ਆਜ਼ਾਦੀ ਹੈ, ਪਰ ਉਨ੍ਹਾਂ ਨੂੰ ਬਾਹਰ ਕੰਮ ਦੇ ਨਾਲ-ਨਾਲ ਘਰਾਂ ਵਿੱਚ ਪੂਰਾ ਕੰਮ ਕਰਨਾ ਪੈਂਦਾ ਹੈ। ਲੇਖਕ ਜਗਦੇਵ ਸਿੱਧੂ ਵਲੋਂ ਇਤਿਹਾਸ ਦੀਆਂ ਮਹਾਨ ਨਾਇਕ ਔਰਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੌਗਰਾਮ ਦੇ ਦੂਜੇ ਹਿੱਸੇ ਵਿੱਚ ਕਾਮਰੇਡ ਬੀਰਬਲ ਸਿੰਘ, ਕਰਮ ਸਿੰਘ, ਬਹਾਦਰ ਡਾਲਵੀ ਵਲੋਂ ਸ਼ਹੀਦ ਭਗਤ, ਰਾਜਗੁਰੂ ਤੇ ਸੁਖਦੇਵ ਦੇ ਜੀਵਨ ਸੰਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਨ੍ਹਾਂ ਦੀ ਸੋਚ ਵਾਲੇ ਸਮਾਜ ਦੀ ਸਿਰਜਣਾ ਲਈ ਸਾਨੂੰ ਨਿਰੰਤਰ ਯਤਨ ਕਰਦੇ ਰਹਿਣਾ ਪੈਣਾ ਹੈ। ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਕਲਾਕਾਰ ਅਮਰੀਤ ਗਿੱਲ ਵਲੋਂ ਔਰਤ ਦਿਵਸ ਤੇ ਖੂਬਸੂਰਤ ਵਿਚਾਰ ਪੇਸ਼ ਕੀਤੇ ਕਿ ਸਮਾਜ ਨੂੰ ਔਰਤ ਨੂੰ ਬਰਾਬਰ ਦੇ ਅਧਿਕਾਰ ਦੇਣੇ ਚਾਹੀਦੇ ਹਨ ਕਿਉਂਕਿ ਔਰਤ ਬਿਨਾਂ ਸਮਾਜ ਚੱਲ ਹੀ ਨਹੀਂ ਸਕਦਾ। ਇਸ ਮੌਕੇ ਅਮਰੀਤ ਗਿੱਲ ਨੂੰ ਕਿਤਾਬਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਯੰਗਸਤਾਨ ਸਪੋਰਟਸ ਕਲੱਬ ਵਲੋਂ ਸੁੱਖਵੀਰ ਗਰੇਵਾਲ ਨੇ ਔਰਤ ਦਿਵਸ ਤੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੀਆਂ ਬੱਚੀਆਂ ਨੂੰ ਸਪੋਰਟਸ ਵਿੱਚ ਪਾਉਣਾ ਚਾਹੀਦਾ ਹੈ ਕਿਉਂਕਿ ਸਰੀਰਕ ਤੇ ਮਾਨਸਿਕ ਮਜਬੂਤ ਲੜਕੀਆਂ ਹੀ ਮਜਬੂਤ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ। ਇਸ ਮੌਕੇ ਤੇ ਕੈਲਗਰੀ ਤੋਂ ਲੇਖਕ ਹਰਨੇਕ ਬਧਨੀ ਦੀ ਅਚਾਨਕ ਮੌਤ ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਅਮੋਲਕ ਸਿੰਘ ਦੀ ਲਿਖੀ ਨਵੀਂ ਕਿਤਾਬ ‘ਜਲਿਆਂਵਾਲਾ ਬਾਗ ਤੋਂ ਸ਼ਾਹੀਨ ਬਾਗ’ ਸਾਰੇ ਬੁਲਾਰਿਆਂ ਤੇ ਤਿੰਨੋਂ ਸੰਸਥਾਵਾਂ ਦੇ ਅਹੁਦੇਦਾਰਾਂ ਵਲੋਂ ਸਾਂਝੇ ਤੌਰ ਤੇ ਰਿਲੀਜ ਕੀਤੀ ਗਈ।ਹਰਚਰਨ ਸਿੰਘ ਪਰਹਾਰ ਵਲੋਂ ਕਨੇਡਾ ਤੇ ਭਾਰਤ ਦੇ ਮੌਜੂਦਾ ਹਾਲਾਤਾਂ ਨਾਲ ਸਬੰਧਤ ਤਿੰਨ ਮਤੇ ਪੜ੍ਹੇ ਗਏ, ਜਿਨ੍ਹਾਂ ਨੂੰ ਹਾਜਿਰ ਦਰਸ਼ਕਾਂ ਨੇ ਦੋਵੇਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ।ਅੱਜ ਦਾ ਇਹ ਇਕੱਠ ਸਭ ਦੀ ਸਹਿਮਤੀ ਨਾਲ ਹੇਠ ਲਿਖੇ ਮਤੇ ਪਾਸ ਕਰਦਾ ਹੈ:
- ਪਿਛਲੇ ਦਿਨੀਂ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਤੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਖਿਲਾਫ ਭੜਕਾਈ ਹਿੰਸਾ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਜਿਸ ਵਿੱਚ 50 ਦੇ ਕਰੀਬ ਬੇਗੁਨਾਹ ਮਾਰੇ ਗਏ ਸਨ ਅਤੇ ਅਰਬਾਂ ਰੁਪਾਏ ਦੀਆਂ ਜਾਇਦਾਦਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਅਸੀਂ ਭਾਰਤ ਦੇ ਸਭ ਲੋਕ ਪੱਖੀ ਤੇ ਸ਼ਾਂਤੀ ਪਾਸੰਦ ਲੋਕਾਂ ਨੂੰ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕਰਦੇ ਹਾਂ।
- ਪਿਛਲ਼ੇ ਦਿਨੀਂ ਅਲਬਰਟਾ ਦੀ ਕੈਨੀ ਸਰਕਾਰ ਵਲੋਂ ਅਲਬਰਟਾ ਅਸੰਬਲੀ ਵਿੱਚ ਪੇਸ਼ ਕੀਤੇ ਗਏ ਨਵੇਂ ‘ਬਿੱਲ ੧: ਕਰੀਟੀਕਲ ਇਨਫਰਾਸਟੱਕਚਰ ਡੀਫੈਂਸ ਐਕਟ’ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਇਸ ਬਿੱਲ ਦੇ ਕਨੂੰਨ ਬਣਨ ਨਾਲ ਲੋਕ ਹੱਕਾਂ ਤੇ ਸਰਕਾਰ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਮੁਜ਼ਾਹਰਾਕਾਰੀਆਂ ਨੂੰ ਸੜਕਾਂ, ਰੇਲ ਗੱਡੀਆਂ, ਸਰਕਾਰੀ ਜਾਂ ਕਾਰਪੋਰੇਟ ਬਿਲਡਿੰਗਾਂ ਰੋਕਣ ਜਾਂ ਬੰਦ ਕਰਨ ਲਈ ਭਾਰੀ ਜ਼ੁਰਮਾਨੇ ਤੇ ਜ਼ੇਲ੍ਹ ਸਜ਼ਾਵਾਂ ਦਿੱਤੀਆਂ ਜਾ ਸਕਣਗੀਆਂ। ਅਸੀਂ ਸਮਝਦੇ ਹਾਂ ਕਿ ਇਹ ਕਨੂੰਨ ਆਪਣੇ ਹੱਕਾਂ ਲਈ ਲੜਨ ਵਾਲਿਆਂ ਵਿਰੁੱਧ ਹਥਿਆਰ ਵਾਂਗ ਵਰਤਿਆ ਜਾ ਸਕਦਾ ਹੈ ਤਾਂ ਕਿ ਲੋਕ ਲਈ ਹਿੱਤਾਂ ਲੜ ਰਹੇ ਲੋਕਾਂ ਦੀ ਅਵਾਜ ਦਬਾਈ ਜਾ ਸਕੇ। ਇਹ ਕਨੂੰਨ ਕਨੇਡਾ ਦੇ ਚਾਰਟਰ ਆਫ ਰਾਈਟਸ ਦੀ ਸਿੱਧੀ ਉਲੰਘਣਾ ਹੈ, ਜਿਸ ਤਹਿਤ ਲੋਕਾਂ ਨੂੰ ਆਪਣੇ ਹੱਕਾਂ ਲਈ ਬੋਲਣ, ਲਿਖਣ ਤੇ ਪ੍ਰੋਟੈਸਟ ਕਰਨ ਦੀ ਪੂਰਨ ਆਜ਼ਾਦੀ ਹੈ।
- ਪਿਛਲੇ ਦਿਨੀਂ ਸਰੀ (ਬੀ ਸੀ) ਤੋਂ ਉਘੇ ਪੱਤਰਕਾਰ, ਲੇਖਕ ਤੇ ਰੇਡੀਉ ਹੋਸਟ ਗੁਰਪ੍ਰੀਤ ਸਿੰਘ ਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕਲੰਬੀਆ ਵਿੱਚ ਭਾਰਤ ਸਰਕਾਰ ਦੇ ਕਾਲੇ ਕਨੂੰਨਾਂ ‘ਸੀ ਏ ਏ ਅਤੇ ਐਨ ਆਰ ਸੀ’ ਬਾਰੇ ਹੋਰ ਰਹੇ ਸੈਮੀਨਾਰ ਦੌਰਾਨ ਕੱਟੜਵਾਦੀ ਭਗਵਾਂ ਬ੍ਰਿਗੇਡ ਦੇ ਗੁੰਡਿਆਂ ਵਲੋਂ ਹਮਲਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਕਨੇਡਾ ਵਰਗੇ ਦੇਸ਼ ਵਿੱਚ ਅਜਿਹੀਆਂ ਹਰਕਤਾਂ ਅਮਨ ਕਨੂੰਨ ਲਈ ਖਤਰਾ ਹਨ।ਅਸੀਂ ਸਰਕਾਰ ਤੋਂ ਅਜਿਹੇ ਅਨਸਰਾਂ ਦੀ ਨਿਸ਼ਾਨਦੇਹੀ ਕਰਕੇ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।