‘ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,ਦੀਵਾ ਬਾਲ਼ ਪੰਜਾਬੀ ਦਾ’
ਸੁਖਵੀਰ ਗਰੇਵਾਲ ਕੈਲਗਰੀ:ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕੈਲਗਰੀ ਦੇ ਫਾਲਕਿੰਨਰਿੱਜ-ਕੈਸਲਰਿੱਜ ਕਮਿਊਨਿਟੀ ਹਾਲ ਵਿੱਚ ਕਰਵਾਇਆ ਗਿਆ।ਦੱਸਣਯੋਗ ਹੈ ਕਿ ਯੂਐਨਸਕੋ ਵਲੋਂ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਘੋਸ਼ਿਤ ਕੀਤਾ ਹੋਇਆ ਹੈ ਤੇ ਦੁਨੀਆਂ ਭਰ ਦੇ ਲੋਕ ਇਸ ਦਿਨ ਆਪਣੀ-ਆਪਣੀ ਮਾਂ ਬੋਲੀ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੇ ਹਨ।
ਢਾਈ ਕੁ ਸੌ ਦੇ ਕਰੀਬ ਦੀ ਹਾਜ਼ਰੀ ਵਾਲ਼ੇ ਇਸ ਸਮਾਗਮ ਵਿੱਚ 40 ਦੇ ਕਰੀਬ ਬੱਚਿਆਂ ਨੇ ਮਿਆਰੀ ਕਵਿਤਾਵਾਂ ਤੇ ਗੀਤ ਪੇਸ਼ ਕਰਕੇ ਪੰਜਾਬੀ ਬੋਲੀ ਨਾਲ਼ ਪਿਆਰ ਦਾ ਇਜ਼ਹਾਰ ਕੀਤਾ।ਯੰਗਸਿਤਾਨ ਦੇ ਕੋਆਰਡੀਨੇਟਰ ਸੁਖਵੀਰ ਗਰੇਵਾਲ ਨੇ ਦੱਸਿਆ ਕਿ ਜੈਨਸਿਸ ਸੈਂਟਰ ਵਿੱਚ ਪੰਜਾਬੀ ਦੀਆਂ ਕਲਾਸਾਂ ਪਿਛਲੇ ਚਾਰ ਸਾਲਾਂ ਤੋਂ ਲਗਾਈਆਂ ਜਾ ਰਹੀਆਂ ਹਨ ਲਗਾਈਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਹਰ ਸਾਲ ਦੇ ਸ਼ੁਰੂ ਵਿੱਚ ਬੱਚਿਆਂ ਲਈ ਇੱਕ ਕਵਿਤਾ ਦੀ ਵਰਕਸ਼ਾਪ ਲਗਾਈ ਜਾਂਦੀ ਹੈ ਜਿਸ ਵਿੱਚ ਬੱਚਿਆਂ ਨੂੰ ਮਿਆਰੀ ਕਵਿਤਾਵਾਂ ਸਟੇਜ ਤੋਂ ਬੋਲਣ ਦੀ ਤਿਆਰੀ ਕਰਵਾਈ ਜਾਂਦੀ ਹੈ।ਇਹਨਾਂ ਕਲਾਸਾਂ ਲਈ ਬਲਵਿੰਦਰ ਕੌਰ ਬਰਾੜ,ਗੁਰਚਰਨ ਕੌਰ ਥਿੰਦ,ਸਤਵਿੰਦਰ ਕੌਰ,ਜੱਸ ਲੰਮ੍ਹੇ,ਕਿਰਨ ਪੁਰਬਾ, ਰਾਜਵੰਤ ਕੌਰ,ਬਨਦੀਪ ਕੌਰ ਤੇ ਕਮਲਜੀਤ ਕੌਰ ਆਪਣੀਆਂ ਵਲੰਟੀਅਰ ਸੇਵਾਵਾਂ ਦੇ ਰਹੇ ਹਨ।
ਗੁਰਚਰਨ ਕੌਰ ਥਿੰਦ ਦੁਆਰਾ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਬੱਚਿਆਂ ਨੇ ਕਾਵਿ ਛਹਿਬਰ ਲਗਾਈ।ਬੱਚਿਆਂ ਦੁਆਰਾ ਬੋਲੀਆਂ ਕਵਿਤਾਵਾਂ ਦੇ ਗੰਭੀਰ ਵਿਸ਼ਿਆਂ ਨੇ ਸਭ ਨੂੰ ਮੋਹ ਲਿਆ।ਬੱਚਿਆਂ ਲਈ ਕਰਵਾਏ ਗਏ ਪੰਜਾਬੀ ਗਿਆਨ ਮੁਕਾਬਲੇ ਨੂੰ ਭਰਵਾਂ ਹੁੰਗਾਰਾ ਮਿਲਿਆ।ਇਸ ਮੁਕਾਬਲੇ ਵਿੱਚ 12 ਟੀਮਾਂ ਨੇ ਭਾਗ ਲਿਆ।ਇਸ ਮੁਕਾਬਲੇ ਵਿੱਚ ਸਾਹਿਤਿਕ,ਸੱਭਿਆਚਾਰਕ ਤੇ ਇਤਿਹਾਸਕ ਵਿਸ਼ਿਆਂ ਤੋਂ ਇਲਾਵਾ ਪੰਜਾਬ ਦੇ ਪੁਰਾਤਨ ਪੇਂਡੂ ਜੀਵਨ ਨਾਲ਼ ਸੰਬਧਿਤ ਸਵਾਲ ਪੁੱਛੇ ਗਏ।ਇਸ ਰੌਚਿਕ ਮੁਕਾਬਲੇ ਨੂੰ ਦਰਸ਼ਕਾਂ ਨੇ ਵੀ ਸਾਹ ਰੋਕ ਕੇ ਦੇਖਿਆ।ਇਸ ਮੁਕਾਬਲੇ ਦੇ ਪਹਿਲੇ ਤਿੰਨ ਜੇਤੂਆਂ ਨੂੰ ਨਕਦ ਇਨਾਮਾਂ ਤੇ ਟਰਾਫੀਆਂ ਨਾਲ਼ ਸਨਮਾਨਿਤ ਕੀਤਾ ਗਿਆ।ਨਵਰੀਤ ਕੌਰ ਤੇ ਪ੍ਰਭਲੀਨ ਕੌਰ ਨੇ ਪਹਿਲਾ ਸਥਾਨ,ਸਫਲ ਮਾਲਵਾ ਤੇ ਕੀਰਤ ਧਾਰਨੀ ਨੇ ਦੂਜਾ ਸਥਾਨ,ਪੁਨੀਤ ਸਿੱਧੂ ਤੇ ਤ੍ਰਿਪਤਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਭੰਗੜਾ ਫਲੇਮਜ਼ ਵਲੋਂ ਪੇਸ਼ ਕੀਤੇ ਭੰਗੜੇ ਨੇ ਸਮਾਗਮ ਨੂੰ ਵੱਖਰਾ ਰੰਗ ਪੇਸ਼ ਕੀਤਾ। ਸਮਾਗਮ ਦੇ ਅੰਤ ਵਿੱਚ ਹਰਭਜਨ ਮਾਨ ਦੇ ਗੀਤ ‘ਵੇ ਮੈਂ ਤੇਰੀ ਮਾਂ ਦੀ ਬੋਲੀ ਆਂ’ਤੇ ਕੋਰੀਓਗਰਾਫੀ ਪੇਸ਼ ਕੀਤੀ ਗਈ ਜਿਸ ਦਾ ਨਿਰਦੇਸ਼ਨ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ ਕਮਲਪ੍ਰੀਤ ਪੰਧੇਰ ਨੇ ਦਿੱਤਾ।ਬਲਵਿੰਦਰ ਕੌਰ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ।ਸਮਾਗਮ ਲਈ ਸੈਂਡੀ ਡੀਜੇ(ਫੋਨ ਨੰਬਰ 403-383-0785) ਨੇ ਸਾਊਂਡ ਦੀਆਂ ਫਰੀ ਸੇਵਾਵਾਂ ਦਿੱਤੀਆਂ।ਸਪਾਂਸਰਸ਼ਿਪ ਲਈ ਪਲਾਹਾ ਇੰਸ਼ੋਰੈਂਸ਼,ਮਨਦੀਪ ਦੁੱਗਲ(ਪ੍ਰੋਟੈਕਸ ਬਲਾਕ) ਰਵਿੰਦਰ ਸਿੰਘ(ਬਲਿਊ ਲਾਈਨ ਕੰਸਟਰਕੰਸ਼ਨ) ਤੇ ਡੈਨ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਮਾਸਟਰ ਭਜਨ,ਕੁਲਬੀਰ ਸਿੰਘ ਸ਼ੇਰਗਿੱਲ ,ਸੁਰਜੀਤ ਸਿੰਘ ਹੇਅਰ,ਜਗਦੇਵ ਸਿੰਘ ਸਿੱਧੂ ਤੇ ਜਸਵੀਰ ਸਿੰਘ ਸਹੋਤਾ ਬੱਚਿਆਂ ਨੂੰ ਪੰਜਾਬੀ ਪੜਾਉਣ ਲਈ ਸੁਖਵੀਰ ਗਰੇਵਾਲ ਨਾਲ਼ ਫੋਨ ਨੰਬਰ 403-402-0770 ਤੇ ਸੰਪਰਕ ਕੀਤਾ ਜਾ ਸਕਦਾ ਹੈ।