ਮੇਪਲ ਪੰਜਾਬੀ ਮੀਡੀਆ- ਗਾਇਕ ਹਰਜੀਤ ਗਿੱਲ ਦਾ ਗੀਤ ਨੈਣ ਪਿਆਰ ਦੇ ਦਿਨ ਵੈਲਨਟਾਇਨ ਡੇਅ ਤੇ 14 ਫਰਵਰੀ 2020 ਨੂੰ ਕੈਲਗਰੀ ਕੈਨੇਡਾ ਦੇ ਬੀਕਾਨੇਰ ਰੀਸਟੋਰੈਟ ਤੇ ਪੰਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਸਤਨਾਮ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਸਮੇਂ ਬੋਲਦਿਆਂ ਮਨਜੋਤ ਗਿੱਲ ਨੇ ਕਿਹਾ ਕਿ ਲੰਬੀ ਚੁੱਪ ਮਗਰੋਂ ਹਰਜੀਤ ਗਿੱਲ ਨੇ ਦੁਬਾਰਾ ਗਾਇਕੀ ਵਿੱਚ ਹਾਜ਼ਰੀ ਲਵਾਈ ਹੈ ਕਿਉਂਕਿ ਉਹਨਾਂ ਦੀ ਪਹਿਲੀ ਕੈਸਿਟ 1998 ਵਿਚ ਆਈ ਸੀ। ਉਹਨਾਂ ਕਿਹਾ ਕਿ ਨਿੱਜੀ ਤੌਰ ਤੇ ਉਹਨਾਂ ਨੂੰ ਖੁਸ਼ੀ ਹੈ ਕਿ ਹਰਜੀਤ ਗਿੱਲ ਨੇ ਸੱਭਿਆਚਾਰਕ ਨਿੱਗਰਤਾ ਦਾ ਪੱਲਾ ਨਹੀਂ ਛੱਡਿਆ।ਡੈਨ ਸਿੱਧੂ ਨੇ ਕਿਹਾ ਕਿ ਸਾਡੇ ਬਠਿੰਡੇ ਵਾਲਿਆਂ ਨੂੰ ਗਾਇਕ ਰਫਲਾਂ ਰੱਖਣ ਦੇ ਸ਼ੌਕੀ ਹੀ ਦੱਸਦੇ ਹਨ ਪਰ ਬਠਿੰਡੇ ਨਾਲ ਸਬੰਧ ਰੱਖਦੇ ਹਰਜੀਤ ਗਿੱਲ ਦਾ ਗੀਤ ਨੈਣ ਸਾਫ਼ ਸੁਥਰੀ ਤੇ ਸੱਭਿਆਅਕ ਗਾਇਕੀ ਦਾ ਪ੍ਰਤੀਕ ਹੈ। ਅਲੋਚਕ ਬਲਜਿੰਦਰ ਸੰਘਾ ਨੇ ਆਖਿਆ ਕਿ ਰੁਮਾਂਸ ਵੱਲ ਸਾਨੂੰ ਅੰਗਰੇਜ਼ਾਂ ਦੇ ਰਾਜ ਵੇਲੇ ਸੂਝ ਨਾਲ ਧੱਕਿਆ ਗਿਆ ਤਾਂ ਕਿ ਬਹਾਦਰ ਪੰਜਾਬੀ ਕੌਮ ਸਿੱਖ ਰਾਜ ਨੂੰ ਤੇ ਉਸ ਸ਼ਹੀਦੀ ਦੇ ਜ਼ਜ਼ਬੇ ਨੁੰ ਭੁੱਲ ਜਾਵੇ ਜਿਸ ਕਰਕੇ ਅੰਗਰੇਜ਼ਾਂ ਨੂੰ ਪੰਜਾਬ ਤੇ ਕਬਜ਼ਾ ਕਰਨ ਲਈ ਬਹੁਤ ਘਾਲਣਾ ਘਾਲਣੀ ਪਈ। ਉਹਨਾਂ ਕਿਹਾ ਕਿ ਬੇਸ਼ਕ ਹੀਰ ਵਾਰਿਸ ਸ਼ਾਹ ਤੇ ਹੋਰ ਕਿੱਸੇ ਪੰਜਾਬੀ ਸਾਹਿਤ ਨੂੰ ਮਾਲਾਮਾਲ ਕਰਦੇ ਹਨ ਪਰ ਇਹਨਾਂ ਨੇ ਰਾਜ ਕਰਨ ਵਾਲੇ ਪੰਜਾਬੀਆਂ ਨੂੰ ਨਚਾਰ ਬਣਾ ਦਿੱਤਾ। ਹਰਜੀਤ ਗਿੱਲ ਵਰਗੇ ਸੰਜੀਦਾ ਨੌਜਵਾਨ ਗਾਇਕਾਂ ਤੇ ਇਹ ਭਾਰ ਹੈ ਕਿ ਉਹਨਾਂ ਨੇ ਲੱਚਰਤਾ ਤੇ ਹਿੰਸਾ ਦੇ ਧੱਬੇ ਨੂੰ ਵੀ ਧੋਣਾ ਹੈ ਤੇ ਨਿੱਗਰ ਸ਼ਬਦਾਵਲੀ ਵਾਲੀ ਗਾਇਕੀ ਵੀ ਦੇਣੀ ਹੈ। ਖੁਸ਼ੀ ਦੀ ਗੱਲ ਹੈ ਕਿ ਹਰਜੀਤ ਗਿੱਲ ਵਰਗੇ ਨੌਜਵਾਨ ਨਿੱਗਰ ਸ਼ਬਦਵਲੀ ਦੀ ਗਾਇਕੀ ਨੂੰ ਪਰਮੋਟ ਕਰ ਰਹੇ ਹਨ। ਡਾ.ਹਰਭਜਨ ਢਿੱਲੋਂ ਨੇ ਗਾਇਕ ਹਰਜੀਤ ਗਿੱਲ ਨਾਲ ਨਿੱਜੀ ਸਾਂਝ ਤੇ ਹੀਰ ਵਾਰਿਸ ਸ਼ਾਹ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਗੱਲ ਕੀਤੀ। ਹਰਚਰਨ ਪਰਹਾਰ ਨੇ ਹਰਜੀਤ ਗਿੱਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜੋਕੇ ਲੱਚਰ ਤੇ ਹਿੰਸਕ ਗਾਇਕੀ ਦੇ ਸਮੇਂ ਸੰਜੀਦਾ ਗੀਤ ਲੈਕੇ ਆਉਣ ਲਈ ਹਰਜੀਤ ਗਿੱਲ ਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ਮਨਪ੍ਰੀਤ ਟਿਵਾਣਾ ਦਾ ਲਿਖਿਆ ਹੋਇਆ ਹੈ। ਹੋਰ ਸਨਮਾਨਯੋਗ ਹਸਤੀਆਂ ਤੋਂ ਇਲਾਵਾ ਸਤਵਿੰਦਰ ਸਿੰਘ (ਜੱਗ ਪੰਜਾਬੀ ਟੀ.ਵੀ.) ਤੇ ਸਬਰੰਗ ਰੇਡੀਓ ਤੋਂ ਰੰਜੇਸ਼ ਅੰਗਰਾਲ ਨੇ ਵੀ ਵਿਸ਼ੇਸ਼ ਹਾਜ਼ਾਰੀ ਲੁਆਈ।