ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਲੁੱਟ ਬੰਦ ਕੀਤੀ ਜਾਵੇ!
ਭਾਰਤ ਸਰਕਾਰ ਨਾਗਰਿਕਤਾ ਸੋਧ ਵਾਲੇ ਲੋਕ ਵਿਰੋਧੀ ਕਾਲੇ ਕਨੂੰਨ ਵਾਪਿਸ ਲਵੇ!
ਅਮਰੀਕਾ ਵਲੋਂ ਇਰਾਨ ਨੂੰ ਜੰਗ ਦੀਆਂ ਧਮਕੀਆਂ ਹਥਿਆਰ ਵੇਚਣ ਦੀ ਸਾਜ਼ਿਸ਼!
ਮਾਸਟਰ ਭਜਨ ਸਿੰਘ ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ 2 ਫਰਵਰੀ ਨੂੰ ਕੋਸੋ ਹਾਲ ਵਿੱਚ ਵੱਖ-ਵੱਖ ਵਿਸ਼ਿਆਂ ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਦਰਸ਼ਕਾਂ ਦੇ ਭਰਵੇਂ ਇਕੱਠ ਵਿੱਚ ਵੱਖ-ਵੱਖ ਬੁਲਾਰਿਆਂ ਨੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਤੇ ਵਰਕ ਪਰਮਿਟ ਹੋਲਡਰਾਂ ਦੀ ਹੋ ਰਹੀ ਸਰੀਰਕ ਤੇ ਆਰਥਿਕ ਲੁੱਟ ਦੀ ਨਿਖੇਧੀ ਕੀਤੀ ਗਈ, ਭਾਰਤ ਸਰਕਾਰ ਵਲੋਂ ਕੁਝ ਮਹੀਨੇ ਪਹਿਲਾਂ ਪਾਸ ਕੀਤੇ ਗਏ ਲੋਕ ਵਿਰੋਧੀ ਨਾਗਰਿਕਤਾ ਸੋਧ ਬਿੱਲਾਂ ਦੀ ਨਿਖੇਧੀ ਕੀਤੀ ਤੇ ਇਨ੍ਹਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ, ਇਰਾਨ ਦੇ ਫੌਜੀ ਜਨਰਲ ਦੀ ਅਮਰੀਕਾ ਵਲੋਂ ਇਰਾਕ ਵਿੱਚ ਹੱਤਿਆ ਤੋਂ ਬਾਅਦ ਜੰਗ ਦੀਆਂ ਧਮਕੀਆਂ ਦੀ ਨਿਖੇਧੀ ਕੀਤੀ ਗਈ। ਅੰਤਰ ਰਾਸ਼ਟਰੀ ਵਿਦਿਆਰਥੀਆਂ ਤੇ ਵਰਕ ਪਰਮਿਟ ਹੋਲਡਰਾਂ ਦੇ ਮਸਲਿਆਂ ਤੇ ਬੋਲਦਿਆਂ ਸਿੱਖ ਵਿਰਸਾ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਅਤੇ ਵਕੀਲ ਤਰਨਜੀਤ ਸਿੰਘ ਔਜਲਾ ਵਲੋਂ ਵਿਦਿਆਰਥੀਆਂ ਤੇ ਵਰਕ ਪਰਮਿਟ ਹੋਲਡਰਾਂ ਦੀ ਲੁੱਟ ਬਾਰੇ ਵਿਸਥਾਰ ਵਿੱਚ ਦੱਸਿਆ ਤੇ ਕਨੇਡਾ ਸਰਕਾਰ ਨੂੰ ਭੇਜੀ ਜਾ ਰਹੀ ਪਟੀਸ਼ਨ ਬਾਰੇ ਜਾਣਕਾਰੀ ਦਿੱਤੀ। ਦੋਨਾਂ ਬੁਲਾਰਿਆਂ ਵਲੋਂ ਪਬਲਿਕ ਨੂੰ ਅਪੀਲ ਕੀਤੀ ਕਿ ਆਪਣੇ ਭਾਈਚਾਰੇ ਦੇ ਜਿਹੜੇ ਲੋਕ ਸੋਸ਼ਣ ਕਰ ਰਹੇ, ਪੱਕੇ ਕਰਾਉਣ ਦੇ ਨਾਮ ਤੇ ਵੱਡੀਆਂ ਰਕਮਾਂ ਮੰਗ ਰਹੇ ਹਨ, ਉਨ੍ਹਾਂ ਨੂੰ ਕਮਿਉਨਿਟੀ ਵਿੱਚ ਨੰਗਾ ਕੀਤਾ ਜਾਵੇ ਤਾਂ ਕਿ ਅਜਿਹੇ ਲੋਕ ਕਨੇਡਾ ਦੇ ਵਧੀਆ ਤੇ ਸਾਫ ਸੁਥਰੇ ਸਿਸਟਮ ਨੂੰ ਕਰੱਪਟ ਨਾ ਕਰ ਸਕਣ। ਰੇਡੀਉ ਰੈਡ ਐਫ ਐਮ ਦੇ ਨਿਊਜ਼ ਹੋਸਟ ਰਮਨਜੀਤ ਸਿੱਧੂ ਨੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਲੋਕ ਵਿਰੋਧੀ ਕਾਲੇ ਕਨੂੰਨਾਂ ਦੇ ਕਾਰਨਾਂ ਬਾਰੇ ਵਿਅੰਗਮਈ ਢੰਗ ਨਾਲ ਚਰਚਾ ਕੀਤੀ ਤੇ ਕਿਹਾ ਕਿ ਜਦੋਂ ਤੱਕ ਲੋਕ ਜਾਗਰੂਕ ਨਹੀਂ ਹੁੰਦੇ, ਲੋਕ ਵਿਰੋਧੀ ਹਾਕਮ ਅਜਿਹੇ ਕਾਰੇ ਕਰਦੇ ਰਹਿਣਗੇ। ਇਰਾਨ ਦੇ ਫੌਜੀ ਜਨਰਲ ਨੂੰ ਇਰਾਕ ਵਿੱਚ ਮਿਜ਼ਾਈਲਾਂ ਰਾਹੀਂ ਮਾਰ ਮੁਕਾਉਣ ਤੋਂ ਬਾਅਦ ਅਮਰੀਕਾ ਵਲੋਂ ਜੰਗ ਦੇ ਬਣਾਏ ਜਾ ਰਹੇ ਮਾਹੌਲ ਤੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜਸਵਿੰਦਰ ਸੱਲ ਨੇ ਦੱਸਿਆ ਕਿ ਕਿਵੇਂ ਅਮਰੀਕਨ ਸਰਕਾਰ ਮਿਡਲ ਈਸਟ ਵਿੱਚ ਹਥਿਆਰਾਂ ਦੀ ਦੌੜ ਵਧਾ ਰਹੀ ਹੈ ਤਾਂ ਕਿ ਉਨ੍ਹਾਂ ਦੀਆਂ ਕੰਪਨੀਆਂ ਹਥਿਆਰ ਵੇਚ ਕੇ ਪੈਸਾ ਬਣਾ ਸਕਣ। ਉਨ੍ਹਾਂ ਇਹ ਵੀ ਇੰਕਸ਼ਾਫ ਕੀਤਾ ਕਿ ਟਰੰਪ ਤੇ ਦਬਾਅ ਪਾਉਣ ਲਈ ਹੀ ਇਰਾਨੀ ਜਨਰਲ ਨੂੰ ਮਾਰਿਆ ਗਿਆ ਸੀ। ਸਟੇਜ ਸਕੱਤਰ ਦੀਆਂ ਸੇਵਾਵਾਂ ਨਿਭਾਉਂਦਿਆਂ ਮਾਸਟਰ ਭਜਨ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਸਮਝ ਕੇ ਕੁਝ ਕਰਨ ਲਈ ਅੱਗੇ ਨਹੀਂ ਆਉਂਦੇ ਤਾਂ ਲੋਕ ਵਿਰੋਧੀ ਜਮਾਤਾਂ ਇਹ ਸਭ ਕਰਦੀਆਂ ਰਹਿਣਗੀਆਂ। ਉਨ੍ਹਾਂ ਦੋਨਾਂ ਸੰਸਥਾਵਾਂ ਵਲੋਂ ਰਲ਼ ਕੇ ਕੀਤੇ ਜਾ ਰਹੇ ਕਮਿਉਨਿਟੀ ਪ੍ਰੋਗਰਾਮਾਂ ਲਈ ਮਿਲ ਰਹੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਪੰਜਾਬ ਤੋਂ ਆਏ ਹੋਏ ਟੀਚਰ ਯੂਨੀਅਨ ਡੀ ਟੀ ਐਫ ਦੇ ਆਗੂ ਬਲਦੇਵ ਹੇਅਰ (ਅੰਮ੍ਰਿਤਸਰ) ਵਲੋਂ ਵੀ ਪੰਜਾਬ ਤੇ ਭਾਰਤ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਪੇਸ਼ ਕੀਤੇ ਗਏ।ਉਨ੍ਹਾਂ ਦੋਨਾਂ ਸੰਸਥਾਵਾਂ ਦੀ ਇਸ ਗੱਲ ਲਈ ਸ਼ਲਾਘਾ ਕੀਤੀ ਕਿ ਵਿਦੇਸ਼ਾਂ ਵਿੱਚ ਆ ਕੇ ਵੀ ਤੁਸੀਂ ਲੋਕ ਮਸਲਿਆਂ ਦੀ ਗੱਲ ਕਰਦੇ ਹੋ ਤੇ ਉਨ੍ਹਾਂ ਨੂੰ ਹੱਲ ਕਰਨ ਲਈ ਵੀ ਯਤਨਸ਼ੀਲ ਹੋ।ਇਸ ਮੌਕੇ ਤੇ ਕਮਲਪ੍ਰੀਤ ਪੰਧੇਰ ਵਲੋਂ 11 ਜੁਲਾਈ ਨੂੰ ਕਰਵਾਏ ਜਾ ਰਹੇ ਸਲਾਨਾ ਨਾਟਕ ਸਮਾਗਮ ਦੀ ਜਾਣਕਾਰੀ ਦਿੱਤੀ ਤੇ ਆਪਣੇ ਬੱਚਿਆਂ ਨੂੰ ਨਾਟਕਾਂ ਤੇ ਕੋਰੀਉਗਰਾਫੀ ਵਿੱਚ ਸ਼ਾਮਿਲ ਕਰਨ ਲਈ ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਸਲਾਨਾ ਨਾਟਕ ਸਮਾਗਮ ਕੈਲਗਰੀ ਦੀ ਪਬਲਿਕ ਲਾਇਬ੍ਰੇਰੀ ਦੇ ਨਵੇਂ ਥੀਏਟਰ ਵਿੱਚ ਹੋਵੇਗਾ। ਯੰਗਸਤਾਨ ਸਪੋਰਟਸ ਤੇ ਕਲਚਰਲ ਐਸੋਸੀਏਸ਼ਨ ਵਲੋਂ ਸੁੱਖਬੀਰ ਗਰੇਵਾਲ ਨੇ ਪੰਜਾਬੀ ਕਲਾਸਾਂ ਤੇ ਮਾਰਚ ਵਿੱਚ ਮਾਂ ਬੋਲੀ ਦਿਵਸ ਮਨਾਏ ਜਾਣ ਬਾਰੇ ਜਾਣਕਾਰੀ ਦਿੱਤੀ। ਲੇਖਿਕਾ ਗੁਰਚਰਨ ਕੌਰ ਥਿੰਦ ਨੇ ਲੇਖਿਕਾ ਦਲੀਪ ਕੌਰ ਟਿਵਾਣਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਉਨ੍ਹਾਂ ਦੀਆਂ ਲਿਖਤਾਂ ਤੇ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।ਲੇਖਕ ਬਹਾਦਰ ਸਿੰਘ ਡਾਲਵੀ ਵਲੋਂ ਲੇਖਕ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਜਲੀ ਭੇਟ ਕੀਤੀ ਤੇ ਉਨ੍ਹਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਲੇਖਣੀਆਂ ਦੀ ਚਰਚਾ ਕੀਤੀ। ਲੇਖਿਕਾ ਸੁਰਿੰਦਰ ਗੀਤ ਵਲੋਂ ਆਪਣੀ ਜੁਝਾਰੂ ਕਵਿਤਾ ‘ਸਾਡੇ ਤੋਂ ਆਸ ਨਾ ਰੱਖੋ ਕਿ ਅਸੀਂ ਤੁਹਾਡੇ ਝੂਠ ਦੀ ਹਾਮੀ ਭਰਾਂਗੇ’ ਸੁਣਾਈ ਅਤੇ ਸੁਖਵਿੰਦਰ ਸਿੰਘ ਤੂਰ ਵਲੋਂ ਸ਼ਹੀਦਾਂ ਨੂੰ ਸਮਰਪਿਤ ਗੀਤ ‘ਚੌਕਾਂ ਵਿੱਚ ਰਾਹੀਆਂ ਨੂੰ ਬੁੱਤ ਪੁੱਛਣ ਸ਼ਹੀਦਾਂ ਦੇ…’ ਪੇਸ਼ ਕੀਤਾ। ਇਸ ਮੌਕੇ ਕੈਲਗਰੀ ਦੀਆਂ 13 ਜਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦਾ ਸੋਸ਼ਣ ਰੋਕਣ ਲਈ ਤਿਆਰ ਕੀਤੀ ਪਟੀਸ਼ਨ ਮੀਡੀਆ ਲਈ ਰਿਲੀਜ਼ ਕੀਤੀ, ਜਿਸਨੂੰ ਇਸ ਹਫਤੇ ਮੀਡੀਆ ਤੇ ਸਾਰੇ ਕਨੇਡੀਅਨ ਐਮ ਪੀਜ਼ ਨੂੰ ਭੇਜਿਆ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਕਨੇਡਾ ਦੇ ਬਾਕੀ ਸ਼ਹਿਰਾਂ ਦੀਆਂ ਲੋਕ ਪੱਖੀ ਸੰਸਥਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਕਿ ਸਰਕਾਰ ਤੇ ਦਬਾਅ ਪਾਇਆ ਜਾ ਸਕੇ ਕਿ ਉਹ ਉਨ੍ਹਾਂ ਚੋਰ ਮੋਰੀਆਂ ਨੂੰ ਬੰਦ ਕਰੇ, ਜਿਨ੍ਹਾਂ ਰਾਹੀਂ ਲੋਕ ਦੀ ਲੁੱਟ ਤੇ ਸੋਸ਼ਣ ਹੋ ਰਿਹਾ ਹੈ। ਇਸ ਦੌਰਾਨ ਹਾਜ਼ਿਰ ਦਰਸ਼ਕਾਂ ਵਲੋਂ ਕੋਸੋ ਹਾਲ ਦੇ ਬਾਹਰ ਜਾ ਕੇ ਕੁਝ ਮਿੰਟਾਂ ਲਈ ਕਾਲੇ ਕਨੂੰਨਾਂ ਸੀ ਏ ਏ ਅਤੇ ਐਨ ਆਰ ਸੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਭਾਰਤ ਸਰਕਾਰ ਤੋਂ ਇਨ੍ਹਾਂ ਕਾਲੇ ਕਨੂੰਨਾਂ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।