ਨਵਪ੍ਰੀਤ ਰੰਧਾਵਾ :-ਕੈਲਸਾ (ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ)ਦੀ ਮਹੀਨਾਵਾਰ ਮਿਲਣੀ 17ਅਗਸਤ, 2019 ਨੂੰ ਕੋਸੋ ਹਾਲ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਯੋਜਿਤ ਕੀਤੀ ਗਈ । ਇਸ ਮਿਲਣੀ ਵਿੱਚ ਗੀਤ,ਗਜ਼ਲ ਤੋਂ ਇਲਾਵਾ ਮਿਲਣੀ ਦਾ ਖਾਸ ਆਕਰਸ਼ਣ ਇਹ ਸੀ ਕਿ ਰਾਜਵੰਤ ਰਾਜ ਦਾ ਨਾਵਲ ‘ ਪਿਉਂਦ ‘ ਲੋਕ ਅਰਪਣ ਕੀਤਾ ਗਿਆ ।
ਮੀਟਿੰਗ ਦੀ ਸ਼ੁਰੂਆਤ ਕੈਲਸਾ ਦੀ ਕਨਵੀਨਰ ਨਵਪ੍ਰੀਤ ਰੰਧਾਵਾ ਨੇ ਸਭ ਦਾ ਸਵਾਗਤ ਕਰਦਿਆਂ ਹੋਇਆਂ ਕੀਤੀ ।ਨਵਪ੍ਰੀਤ ਨੇ ਕੈਲਸਾ ਦੇ ਪ੍ਰਧਾਨ ਜਸਬੀਰ ਚਾਹਲ ਜੀ ਨੂੰ ਅਤੇ ਉਹਨਾਂ ਦੇ ਨਾਲ ਡਾ ਸੁਰਜੀਤ ਸਿੰਘ ਭੱਟੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰੋਫੈਸਰ ਰਹਿ ਚੁੱਕੇ ਹਨ ਅਤੇ ਹੁਣ ਪੱਕੇ ਤੌਰ ਤੇ ਕਨੇਡਾ ਅਪਣੇ ਬੱਚਿਆਂ ਕੋਲ ਆ ਗਏ ਹਨ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ ।
ਇਸ ਤੋਂ ਬਾਅਦ ਨਵਪ੍ਰੀਤ ਨੇ ਡਾ ਸਰਬਜੀਤ ਜਵੰਦਾ ਜੀ ਨੂੰ ਮਹਿਫਲ ਅੱਗੇ ਤੋਰਨ ਦਾ ਜ਼ਿੰਮਾ ਦੇ ਦਿੱਤਾ ।ਸਰਬਜੀਤ ਨੇ ਡਾਈਸ ਸੰਭਾਲਦਿਆਂ ਸਭ ਦਾ ਸਵਾਗਤ ਕੀਤਾ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ ਅਤੇ ਸਭ ਨੂੰ ਦੱਸਿਆ ਕਿ ਅੱਜ ਦੀ ਮਹਿਫਿਲ ਦੀ ਚਰਚਾ ਦਾ ਵਿਸ਼ਾ ਖਾਸ ਤੌਰ ਤੇ ਡਾ ਸੁਰਜੀਤ ਸਿੰਘ ਭੱਟੀ ਨਾਲ ਗੱਲਬਾਤ ਤੇ ਰਾਜਵੰਤ ਰਾਜ ਦਾ ਨਾਵਲ ਹੀ ਰਹੇਗਾ ਪਰ ਉਸ ਨਾਲ ਗੀਤ ,ਗਜ਼ਲ ਦਾ ਵੀ ਆਨੰਦ ਮਾਣਿਆ ਜਾਵੇਗਾ । ਸਰਬਜੀਤ ਨੇ ਸਭ ਤੋਂ ਪਹਿਲਾਂ ਹਰਭਜਨ ਸਿੰਘ ਜੀ ਨੂੰ ਸੱਦਾ ਦਿੱਤਾ ਤੇ ਸਰੋਤਿਆਂ ਨਾਲ ਸਾਂਝ ਪਾਉਣ ਲਈ ਕਿਹਾ ।ਹਰਭਜਨ ਢਿੱਲੋਂ ਜੀ ਨੇ ਆਮ ਜ਼ਿੰਦਗੀ ਬਾਰੇ ਗੱਲਬਾਤ ਕਰਦਿਆਂ ‘ਪਿਉਂਦ ‘ ਦਾ ਵੀ ਜ਼ਿਕਰ ਕੀਤਾ ।ਹਾਲਾਂਕਿ ਉਹਨਾਂ ਦੱਸਿਆ ਕਿ ਉਹਨਾਂ ਓਥੇ ਬੈਠਿਆਂ ਹੀ ਨਾਵਲ ਦਾ ਇਕ ਪੇਜ ਪੜਿਆ ਹੈ ਅਤੇ ਨਾਵਲ ਦੀ ਸ਼ੁਰੂਆਤ ਨੇ ਹੀ ਓਹਨਾਂ ਦੇ ਦਿਲ ਨੂੰ ਏਨੀ ਧੂਹ ਪਾਈ ਹੈ ਕਿ ਉਹਨਾਂ ਦੀ ਇੱਛਾ ਹੈ ਕਿ ਉਹ ਪੂਰਾ ਨਾਵਲ ਜਲਦੀ ਹੀ ਪੜ ਲੈਣ।
ਇਸ ਤੋਂ ਬਾਅਦ ਮਹੌਲ ਦੀ ਰਫਤਾਰ ਜ਼ਰਾ ਹੋਰ ਤੇਜ਼ ਕਰਨ ਲਈ ਜ਼ਾਹਿਦ ਕੁਰੈਸ਼ੀ ਜੀ ਨੂੰ ਇਕ ਪਿਆਰੇ ਜਿਹੇ ਗੀਤ ਲਈ ਸੱਦਾ ਦਿੱਤਾ ਗਿਆ ।ਕੁਰੈਸ਼ੀ ਜੀ ਨੇ ਅਪਣੀ ਮਧੁਰ ਆਵਾਜ਼ ਵਿੱਚ ਇਕ ਖੂਬਸੂਰਤ ਹਿੰਦੀ ਗੀਤ ਸੁਣਾ ਕੇ ਹਾਜ਼ਰੀ ਲਵਾਈ।ਇਸ ਤੋਂ ਬਾਅਦ ਬਕਾਇਦਾ ‘ਪਿਉਂਦ ‘ ਬਾਰੇ ਵਿਸਥਾਰ ਵਿੱਚ ਚਰਚਾ ਕਰਨ ਲਈ ਕੈਲਗਰੀ ਦੇ ਨਾਮਵਰ ਕਹਾਣੀਕਾਰ ਜੋਰਾਵਰ ਬਾਂਸਲ ਜੀ ਨੂੰ ਪਰਚਾ ਪੜ੍ਹਨ ਦਾ ਸੱਦਾ ਦਿੱਤਾ ਗਿਆ ।ਜੋਰਾਵਰ ਜੀ ਨੇ ਬਹੁਤ ਸੋਹਣੇ ਢੰਗ ਨਾਲ ‘ਪਿਉਂਦ ‘ਦਾ ਤਾਰੁਫ ਸਰੋਤਿਆਂ ਨਾਲ ਕਰਵਾਇਆ ।ਉਹਨਾਂ ਦੱਸਿਆ ਕਿ ਕਿੰਝ ਲੇਖਕ ਦਾ ਅੰਦਾਜ਼-ਏ-ਬਿਆਨ ਪਾਠਕ ਨੂੰ ਮੋਹਿਤ ਕਰਦਾ ਹੈ ਤੇ ਅੱਗੇ ਅੱਗੇ ਹੋਰ ਪੜਨ ਦੀ ਲਾਲਸਾ ਪੈਦਾ ਕਰਦਾ ਹੈ।ਉਹਨਾਂ ਦੱਸਿਆ ਕਿ ਲੇਖਕ ਨੇ ਨਾਵਲ ਦੇ ਹਰ ਕਿਰਦਾਰ ਨਾਲ ਇਨਸਾਫ ਕੀਤਾ ਹੈ।ਅਖੀਰ ਉਹਨਾਂ ਰਾਜਵੰਤ ਰਾਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਕ ਵਧੀਆ ਨਾਵਲਕਾਰ ਦੀ ਸਫ਼ ਵਿੱਚ ਆਣ ਖਲੋਤੇ ਹਨ।
ਇਸ ਤੋਂ ਬਾਅਦ ਸਰਬਜੀਤ ਨੇ ਜੋਰਾਵਰ ਜੀ ਦਾ ਧੰਨਵਾਦ ਕੀਤਾ ਅਤੇ ਕੈਲਗਰੀ ਦੇ ਇਕ ਹੋਰ ਨਾਮਵਰ ਕਹਾਣੀਕਾਰ ਦਵਿੰਦਰ ਮਲਹਾਂਸ ਜੀ ਨੂੰ ‘ਪਿਉਂਦ ‘ ਤੇ ਅਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ ।ਦਵਿੰਦਰ ਮਲਹਾਂਸ ਜੀ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਪਿਉਂਦ ਬਾਰੇ ਗੱਲ ਕੀਤੀ ।ਉਹਨਾਂ ਕਿਹਾ ਕਿ ਲੇਖਕ ਨੇ ਢੁੱਕਵੀਂ ਜਗ੍ਹਾ ਤੇ ਸ਼ੇਅਰ ਸ਼ਾਮਿਲ ਕਰ ਕੇ ਨਾਵਲ ਨੂੰ ਰੋਚਕ ਬਣਾਇਆ ਹੈ।ਦਵਿੰਦਰ ਜੀ ਨੇ ਕਿਹਾ ਇਹ ਨਾਵਲ ਮਾਂਹ ਦੀ ਦਾਲ ਵਾਂਗ ਲੇਖਕ ਨੇ ਹੌਲੀ ਹੌਲੀ ਰਿੰਨਿਆ ਹੈ ਤੇ ਜਦ ਸ਼ਿਅਰਾਂ ਦੀ ਮੱਖਣੀ ਪਾ ਕੇ ਪਾਠਕ ਦੇ ਹੱਥ ਆਉਂਦਾ ਹੈ ਤਾਂ ਫਿਰ ਦਾਲ ਹੋਰ ਵੀ ਸਵਾਦ ਲੱਗਦੀ ਹੈ ।
[08-19, 10:11 PM] Nav: ਇਸ ਤੋਂ ਬਾਅਦ ਦਵਿੰਦਰ ਮਲਹਾਂਸ ਦਾ ਸ਼ੁਕਰੀਆ ਕਰਦਿਆਂ ਸਰਬਜੀਤ ਨੇ ਜੋਰਾਵਰ ਬਾਂਸਲ ਜੀ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਨਾਵਲ ਕੈਲਸਾ ਨੂੰ ਭੇਂਟ ਕਰਨ ਅਤੇ ਦਵਿੰਦਰ ਜੀ ਨੂੰ ਵੀ ਸੱਦਾ ਦਿੱਤਾ ਕਿ ਆਉਣ ਅਤੇ ਇਸ ਤਰ੍ਹਾਂ ਰਾਜਵੰਤ ਰਾਜ ਦਾ ਨਾਵਲ ‘ਪਿਓਂਦ’ ਰਸਮੀ ਤੌਰ ਤੇ ਕੈਲਸਾ ਵਲੋਂ ਲੋਕ ਅਰਪਣ ਕੀਤਾ ਗਿਆ ।ਮਹਿਫਲ ਨੂੰ ਅੱਗੇ ਤੋਰਦਿਆਂ ਸਰਬਜੀਤ ਨੇ ਮਹਿੰਦਰਪਾਲ ਜੀ ਨੂੰ ਸ੍ਦਾ ਦਿੱਤਾ ।ਮਹਿੰਦਰਪਾਲ ਪਾਲ ਜੀ ਨੇ ਅਪਣੀ ਇਕ ਖੂਬਸੂਰਤ ਗਜ਼ਲ ਸਭ ਨਾਲ ਸਾਂਝੀ ਕੀਤੀ ਅਤੇ ਮਹਿਫਿਲ ਵਿੱਚ ਇਕ ਨਵਾਂ ਰੰਗ ਭਰਿਆ ।ਚੜਦੇ ਪੰਜਾਬ ਨੂੰ ਸੁਣਨ ਤੋਂ ਬਾਅਦ ਲੰਹਿਦੇ ਪੰਜਾਬ ਦੇ ਸ਼ਾਇਰ ਸ਼ਕੀਲ ਚੁਗਤਈ ਜੀ ਨੂੰ ਸੱਦਾ ਦਿੱਤਾਗਿਆ ।ਸ਼ਕੀਲ ਸਾਹਬ ਨੇ ਕੁਝ ਉਰਦੂ ਦੇ ਸ਼ਿਅਰ ਕਹੇ ਅਤੇ ਇਕ ਪੰਜਾਬੀ ਦੀ ਮਜ਼ਾਹੀਆ ਗਜ਼ਲ ਨਾਲ ਮਹਿਫਿਲ ਵਿੱਚ ਹਾਸੇ ਬਿਖਰ ਗਏ। ਇਸ ਤੋਂ ਬਾਅਦ ਸਰਬਜੀਤ ਨੇ ਬਹੁਤ ਵਧੀਆ ਬੁਲਾਰੇ ਤੇ ਅਲੋਚਕ ਹਰੀਪਾਲ ਜੀ ਨੂੰ ਸਰੋਤਿਆਂ ਨਾਲ ਸਾਂਝ ਪਾਉਣ ਲਈ ਕਿਹਾ ।ਹਰੀਪਾਲ ਜੀ ਨੇ ਨਾਵਲ ਲਈ ਲੇਖਕ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਨੂੰ ਇਹ ਖੁਸ਼ੀ ਹੈ ਕਿ ਇਹ ਨਾਵਲ ਕਨੇਡਾ ਦੀ ਜ਼ਿੰਦਗੀ ਤੇ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਸਮੇਂ ਦੇ ਨਾਲ ਬਦਲਣ ਦੀ ਜ਼ਰੂਰਤ ਹੈ ਅਤੇ ਇਸ ਧਰਤੀ ਨੂੰ ਤੇ ਏਥੋਂ ਦੀਆਂ ਕਦਰਾਂ ਕੀਮਤਾਂ ਅਪਨਾਉਣ ਦੀ ਲੋੜ ਹੈ।
ਇਸ ਤੋਂ ਉਪਰੰਤ ਅੱਜ ਦੇ ਖਾਸ ਮਹਿਮਾਨ ਡਾ ਸੁਰਜੀਤ ਸਿੰਘ ਭੱਟੀ ਜੀ ਨੂੰ ਸੱਦਾ ਦਿੱਤਾ ਗਿਆ । ਡਾ.ਸਾਹਬ ਨੇ ਲੇਖਕ ਨੂੰ ਨਾਵਲ ਦੀ ਵਧਾਈ ਦਿੱਤੀ ਅਤੇ ਅਪਣੇ ਜੀਵਨ ਅਤ ਯੂਨੀਵਰਸਿਟੀ ਵਿੱਚ ਅਪਣੇ ਕਾਰਜਕਾਲ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਸੇਵਾਵਾਂ ਨਿਭਾਈਆਂ ਹਨ। ਉਹਨਾਂ ਦੱਸਿਆ ਕਿ ਕਿਵੇਂ ਸਾਇੰਸ ਦਾ ਅਧਿਐਨ ਕਰਨ ਵਾਲੇ ਵੀ ਸਾਹਿਤ ਵਿੱਚ ਰੁਚੀ ਰੱਖਦੇ ਹਨ ਅਤੇ ਕਵਿਤਾ ਕਹਿੰਦੇ ਹਨ । ਉਹਨਾਂ ਅਪਣੀਆਂ ਲਿਖੀਆਂ ਕਿਤਾਬਾਂ ਬਾਰੇ ਗੱਲਬਾਤ ਕੀਤੀ ਅਤੇ ਆਉਣ ਵਾਲੀਆਂ ਕਿਤਾਬਾਂ ਤੇ ਰਿਸਰਚ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਸਰਬਜੀਤ ਨੇ ਅਮਰੀਕ ਸਿੰਘ ਚੀਮਾ ਜੀ ਨੂੰ ਸੱਦਾ ਦਿੱਤਾ ।ਚੀਮਾ ਸਾਹਿਬ ਨੇ ਸ਼ਿਵ ਕੁਮਾਰ ਬਟਾਲਵੀ ਦੀ ਗਜ਼ਲ ਸਰੋਤਿਆਂ ਨਾਲ ਸਾਂਝ ਕੀਤੀ । ਇਸ ਤੋਂ ਬਾਅਦ ਸਰਬਜੀਤ ਨੇ ਮਹਿਫਿਲ ਦੀ ਬਾਗ ਡੋਰ ਨਵਪ੍ਰੀਤ ਰੰਧਾਵਾ ਨੂੰ ਸੌਂਪੀ ਤੇ ਇਸ ਦੇ ਨਾਲ ਹੀ ਨਵਪ੍ਰੀਤ ਰੰਧਾਵਾ ਨੇ ਕਾਰਵਾਈ ਅੱਗੇ ਤੋਰਦਿਆਂ ਗੁਰਦੀਸ਼ ਗਰੇਵਾਲ ਨੂੰ ਸੱਦਾ ਦਿੱਤਾ ।ਗੁਰਦੀਸ਼ ਜੀ ਨੇ ਬਹੁਤ ਹੀ ਖੂਬਸੂਰਤ ਗਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ ।
ਇਸ ਤੋਂ ਬਾਅਦ ਤੂਰ ਸਾਹਬ ਨੇ ਇਕ ਖੂਬਸੂਰਤ ਗੀਤ ਨਾਲ ਸਰੋਤਿਆਂ ਨੂੰ ਕੀਲ ਲਿਆ । ਅਗਲਾ ਸੱਦਾ ਨਵਪ੍ਰੀਤ ਨੇ ਜਗਜੀਤ ਸਿੰਘ ਰਾਸੀ ਜੀ ਨੂੰ ਦਿੱਤਾ ।ਉਹਨਾਂ ਨੇ ਅਪਣੇ ਖੂਬਸੂਰਤ ਅੰਦਾਜ਼ ਵਿੱਚ ਵੱਖ ਵੱਖ ਸ਼ਾਇਰਾਂ ਦੇ ਸ਼ਿਅਰ ਕਹਿ ਕਿ ਮਹਿਫਿਲ ਨੂੰ ਇਕ ਨਵਾਂ ਰੰਗ ਦਿੱਤਾ । ਇਸ ਤੋਂ ਬਾਅਦ ਇੰਡੀਆ ਤੋਂ ਆਏ ਨੌਜਵਾਨ ਵਕੀਲ ਪਰਮਪਾਲ ਸਰੋਤਿਆਂ ਦੇ ਰੂਬਰੂ ਹੋਏ ਤੇ ਡਾ ਸੁਰਜੀਤ ਸਿੰਘ ਭੱਟੀ ਤੋਂ ਪ੍ਰਭਾਵਿਤ ਹੋਣ ਦੀ ਗੱਲ ਕੀਤੀ ਤੇ ਕਿਹਾ ਕਿ ਉਹ ਕੈਲਸਾ ਦੀ ਮਿਲਣੀ ਵਿੱਚ ਸ਼ਾਮਿਲ ਹੋ ਕੇ ਅਤੇ ਸਭ ਨੂੰ ਮਿਲ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਮਹਿਫਿਲ ਨੂੰ ਆਖਰੀ ਪਲਾਂ ਵੱਲ ਮੋੜਦਿਆਂ ਨਵਪ੍ਰੀਤ ਨੇ ਨੌਜਵਾਨ ਸ਼ਾਇਰ ਜਨਮਜੀਤ ਨੂੰ ਅਪਣੀ ਰਚਨਾ ਸਭ ਨਾਲ ਸਾਂਝੀ ਕਰਨ ਦਾ ਸੱਦਾ ਦਿੱਤਾ ।ਜਨਮਜੀਤ ਨੇ ਹਿੰਦੀ ਵਿੱਚ ਲਿਖੀ ਇਕ ਬਹੁਤ ਹੀ ਖੂਬਸੂਰਤ ਨਜ਼ਮ ਸਭ ਨਾਲ ਸਾਂਝੀ ਕੀਤੀ ।
ਇਸ ਤੋਂ ਬਾਅਦ ਭੋਲਾ ਸਿੰਘ ਚੌਹਾਨ ਨੇ ਇਕ ਗੀਤ ਮਹਿਫਿਲ ਵਿੱਚ ਪੇਸ਼ ਕੀਤਾ । ਅਖੀਰ ਵਿੱਚ ਨਵਪ੍ਰੀਤ ਰੰਧਾਵਾ ਨੇ ਕੈਲਸਾ ਦੇ ਪ੍ਰਧਾਨ ਜਸਬੀਰ ਚਾਹਲ ਜੀ ਨੂੰ ਸਰੋਤਿਆਂ ਨਾਲ ਸਾਂਝ ਪਾਉਣ ਲਈ ਕਿਹਾ ।ਚਾਹਲ ਸਾਹਬ ਨੇ ਅਪਣੀ ਗਜ਼ਲ ਦੇ ਕੁਝ ਸ਼ਿਅਰ ਸਾਂਝੇ ਕੀਤੇ ।ਰਾਜਵੰਤ ਰਾਜ ਨੂੰ ਨਾਵਲ ਲਈ ਮੁਬਾਰਕਬਾਦ ਦਿੱਤੀ ਅਤੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ।
ਅਖੀਰ ਵਿੱਚ ਨਵਪ੍ਰੀਤ ਰੰਧਾਵਾ ਨੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਜੋਰਾਵਰ ਬਾਂਸਲ ਜੀ ਅਤੇ ਦਵਿੰਦਰ ਮਲਹਾਂਸ ਦਾ ਖਾਸ ਧੰਨਵਾਦ ਕੀਤਾ ਜਿਹਨਾਂ ਨੇ ‘ਪਿਓਂਦ ‘ਦੀ ਜਾਣ ਪਹਿਚਾਣ ਸਭ ਨਾਲ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈ ।ਅੱਜ ਦੀ ਮਹਿਫਿਲ ਦੇ ਖਾਸ ਮਹਿਮਾਨ ਡਾ ਸੁਰਜੀਤ ਸਿੰਘ ਭੱਟੀ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੇ ਪਰਿਵਾਰ ਦਾ ਵੀ ਕੈਲਸਾ ਦੀ ਮਿਲਣੀ ਵਿੱਚ ਪਹਿਲੀ ਵਾਰ ਸ਼ਾਮਿਲ ਹੌਣ ਲਈ ਬਹੁਤ ਬਹੁਤ ਸ਼ੁਕਰੀਆ ਕੀਤਾ ।
ਇਸ ਤਰ੍ਹਾਂ ਕੈਲਸਾ ਦੀ ਅਗਸਤ ਮਹੀਨੇ ਦੀ ਮੀਟਿੰਗ ਅਪਣੇ ਵਿੱਚ ਹਰ ਸਾਹਿਤਕ ਰੰਗ ਸਮੇਟ ਕੇ ਫਿਰ ਜਲਦੀ ਹੀ ਮਿਲਣ ਦਾ ਵਾਅਦਾ ਕਰਕੇ ਅਲਵਿਦਾ ਕਹਿ ਗਈ।
ਹੋਰ ਜਾਣਕਾਰੀ ਲਈ ।ਸੰਪਰਕ
ਜਸਬੀਰ ਚਾਹਲ 4036670128