ਗੁਰਦੀਸ਼ ਕੌਰ ਗਰੇਵਾਲ :-ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ, ਆਪਣੀ ਮਾਸਿਕ ਇਕੱਤਰਤਾ ਵਿੱਚ, ਜਿੱਥੇ ਦਿਨ ਤਿਉਹਾਰਾਂ ਦੇ ਨਾਲ ਨਾਲ, ਭਖਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਦੀ ਹੈ- ਉਥੇ ਆਪਣੇ ਮੈਂਬਰਾਂ ਨੂੰ ਸਿਹਤ ਸਬੰਧੀ ਵੀ ਸਮੇਂ ਸਮੇਂ ਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਅਗਸਤ ਮਹੀਨੇ ਦੀ ਮਾਸਿਕ ਮਿਲਣੀ, ਮਹੀਨੇ ਦੇ ਤੀਜੇ ਸ਼ਚਿਰਨਵਾਰ, ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ, ਜੈਂਸਿਸ ਸੈਂਟਰ ਵਿਖੇ ਹੋਈ- ਜਿਸ ਵਿੱਚ ਯੋਗਾ ਇੰਸਟਰੱਕਟਰ ਰਛਪਾਲ ਕੌਰ ਉਚੇਚੇ ਤੌਰ ਤੇ ਹਾਜ਼ਰ ਹੋਏ।
ਸਟੇਜ ਦੀ ਸੇਵਾ ਨਿਭਾਉਂਦਿਆਂ, ਗੁਰਦੀਸ਼ ਕੌਰ ਗਰੇਵਾਲ ਨੇ, ਪ੍ਰਧਾਨ ਡਾ.ਬਲਵਿੰਦਰ ਕੌਰ ਬਰਾੜ ਤੇ ਗੁਰਚਰਨ ਥਿੰਦ ਨਾਲ, ਸੁਚੇਤ ਲੇਖਿਕਾ ਰਜਿੰਦਰ ਕੌਰ ਚੋਹਕਾ ਨੂੰ ਵੀ, ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਸ਼ੋਕ ਮਤੇ ਪੇਸ਼ ਕਰਦਿਆਂ ਉਹਨਾਂ ਨੇ ਦੱਸਿਆ ਕਿ- ਹਾਲ ਹੀ ਵਿੱਚ ਕੁੱਝ ਸਨਮਾਨਯੋਗ ਸ਼ਖ਼ਸੀਅਤਾਂ ਸਾਨੂੰ ਸਦੀਵੀ ਵਿਛੋੜਾ ਦੇ ਗਈਆਂ ਹਨ- ਜਿਨ੍ਹਾਂ ਵਿੱਚ ਸਾਕਾ ਸੰਸਥਾ ਦੇ ਫਾਊਂਡਰ ਤੇ ਪ੍ਰਧਾਨ ਰਹੇ ਹਰਮੋਹਿੰਦਰ ਪਲਾਹਾ, ਉੱਘੇ ਲੇਖਕ ਤੇ ਨਾਵਲਿਸਟ ਪ੍ਰੋਫੈਸਰ ਨਰਿੰਜਨ ਤਸਨੀਮ ਅਤੇ ਸਭਾ ਦੀ ਮੈਂਬਰ ਡਾ. ਪੂਨਮ ਚੌਹਾਨ ਦੇ ਮਾਤਾ ਜੀ ਸ਼ਾਮਲ ਹਨ। ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ, ਇੱਕ ਮਿੰਟ ਦਾ ਮੌਨ ਧਾਰ ਕੇ ਅਰਦਾਸ ਕੀਤੀ ਗਈ।
ਬਰਾੜ ਮੈਡਮ ਨੇ ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਪਿਛਲੀ ਗੈਰਹਾਜ਼ਰੀ ਦੀ, ਸਭਾ ਤੋਂ ਮੁਆਫੀ ਮੰਗੀ ਅਤੇ ਨਵੇਂ ਆਏ ਮੈਂਬਰਾਂ ਦਾ ਸਭਾ ਵਲੋਂ ਸੁਆਗਤ ਕੀਤਾ। ਰਜਿੰਦਰ ਕੌਰ ਚੋਹਕਾ ਨੇ ਇਸ ਮੁਲਕ ਵਿੱਚ ਸੀਨੀਅਰਜ਼ ਦੇ ਹਿੱਤਾਂ ਦੀ ਰਾਖੀ ਲਈ ਕੁੱਝ ਮਤੇ ਪੇਸ਼ ਕੀਤੇ- ਜੋ ਸਰਬ ਸੰਮਤੀ ਨਾਲ ਪਾਸ ਕਰ ਦਿੱਤੇ ਗਏ। ਇਹਨਾਂ ਵਿੱਚ- ਸੀਨੀਅਰਜ਼ ਦੀ ਸਿਟੀਜ਼ਨਸ਼ਿਪ ਲਈ ਵਧਾਈ ਫੀਸ ਨੂੰ ਘਟਾਉਣਾ, ਬੱਸ ਟਰੇਨ ਪਾਸ ਸਸਤੇ ਕਰਨੇ, ਪਾਰਕਾਂ ਵਿੱਚ ਬੈਂਚਾਂ ਦੀ ਗਿਣਤੀ ਵਧਾਉਣ ਦੇ ਨਾਲ, ਵਾਸ਼ਰੂਮ ਤੇ ਸ਼ੈੱਡਾਂ ਦਾ ਪ੍ਰਬੰਧ ਕਰਨਾ ਵੀ- ਸ਼ਾਮਲ ਸਨ। ਉਹਨਾਂ ਅਜੋਕੀ ਅਜ਼ਾਦੀ ਤੇ ਕਟਾਖਸ਼ ਕਰਦੀ ਹੋਈ ਇੱਕ ਕਵਿਤਾ ਵੀ ਸਾਂਝੀ ਕੀਤੀ।
ਗੁਰਚਰਨ ਥਿੰਦ ਨੇ ਮੀਡੀਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ- ਸਾਡੀਆਂ ਰਿਪੋਰਟਸ ਪੜ੍ਹ ਕੇ, ਦੂਜੇ ਪ੍ਰੋਵਿੰਸ ਦੀਆਂ ਔਰਤਾਂ ਵੀ ਸਾਡੇ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਕੇ ਸਕੂਨ ਮਹਿਸੂਸ ਕਰਦੀਆਂ ਹਨ। ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਉਲੀਕੇ ਪ੍ਰੋਗਰਾਮ ਤੇ ਕੁੱਝ ਸੂਚਨਾਵਾਂ ਸਾਂਝੀਆਂ ਕਰਦੇ ਹੋਏ, 3 ਨਵੰਬਰ ਨੂੰ ਹੋਣ ਵਾਲੇ ਸਭਾ ਦੇ ਸਾਲਾਨਾ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਲਈ, ਸਭਿਆਚਾਰ ਕਮੇਟੀ ਨੂੰ ਬੇਨਤੀ ਕੀਤੀ। ਉਹਨਾਂ ਗਦਰੀ ਬਾਬਿਆਂ ਨੂੰ ਸਮਰਪਿਤ ਬਹੁਤ ਹੀ ਭਾਵਪੂਰਤ ਕਵਿਤਾ- ‘ਇਹ ਰਾਹ ਦਿਸੇਰੇ ਨੇ, ਇਹ ਸਾਡੇ ਬਾਬੇ ਨੇ’ ਸੁਣਾ ਕੇ- ਆਜ਼ਾਦੀ ਦੇ ਸ਼ਹੀਦਾਂ ਦੀ ਬਾਤ ਵੀ ਪਾਈ। ਸੀਨੀਅਰ ਮੈਂਬਰ ਡਾ. ਰਾਜਵੰਤ ਮਾਨ ਨੇ, ਗਦਰੀ ਬਾਬਿਆਂ ਦੇ ਮੇਲੇ ਵਿੱਚ, ਸਭਾ ਦੀ ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੂੰ, ਭਾਈ ਵੀਰ ਸਿੰਘ ਅਵਾਰਡ ਮਿਲਣ ਤੇ ਵਧਾਈ ਦਿੱਤੀ- ਜਿਸ ਦਾ ਸਮਰਥਨ ਸਮੂਹ ਮੈਂਬਰਾਂ ਨੇ ਭਰਪੂਰ ਤਾੜੀਆਂ ਨਾਲ ਕੀਤਾ। ਉਹਨਾਂ ਆਜ਼ਾਦੀ ਦੀ ਗੱਲ ਕਰਦਿਆਂ ਦੱਸਿਆ ਕਿ- ਉਸ ਵੇਲੇ ਉਹ 12 ਕੁ ਸਾਲ ਦੇ ਸਨ ਤੇ ਪੰਜਾਬ ਦਾ ਖੂਨੀ ਮੰਜ਼ਰ ਉਹਨਾਂ ਅੱਖੀਂ ਡਿੱਠਾ ਸੀ। ਗਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਨੇੜਿਉਂ ਤੱਕਿਆ ਹੋਣ ਕਾਰਨ, ਉਹਨਾਂ ਨੇ ਔਰਤਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੀ ਦਲੇਰੀ ਦਾ ਵੀ ਜ਼ਿਕਰ ਕੀਤਾ। ਉਹਨਾਂ ਦੀ ਹਾਲ ਵਿੱਚ ਹੀ ਛਪੀ ਪੁਸਤਕ-‘ਇਪਟਾ ਤੇ ਅਮਨ ਲਹਿਰ ਦਾ ਇਤਿਹਾਸ’ ਵੀ ਗਦਰੀ ਬਾਬਿਆਂ ਦੇ ਪਰਿਵਾਰਾਂ ਦੇ ਇਤਿਹਾਸ ਦਾ ਇੱਕ ਅਹਿਮ ਦਸਤਾਵੇਜ਼ ਹੈ। ਗੁਰਚਰਨ ਥਿੰਦ ਨੇ ਵੀ ਇਸ ਪੁਸਤਕ ਦੀ ਸ਼ਲਾਘਾ ਕੀਤੀ। ਗੁਰਦੀਸ਼ ਗਰੇਵਾਲ ਨੇ ਵੀ ਕਿਹਾ ਕਿ- ਗਦਰੀ ਬਾਬਿਆਂ ਦੀ ਬਦੌਲਤ ਹੀ, ਅਸੀਂ ਇਹਨਾਂ ਮੁਲਕਾਂ ਵਿੱਚ ਸਿਰ ਉੱਚਾ ਕਰਕੇ ਜੀਅ ਰਹੇ ਹਾਂ। ਜਸਮਿੰਦਰ ਕੌਰ ਬਰਾੜ ਨੇ ਤਾਂ-‘ਕਾਲੀ ਕਾਲੀ ਘਟਾ ਕਾਲੇ ਬੱਦਲਾਂ ਤੇ ਛਾਈ ਏ, ਕਿੰਨੇ ਕੁ ਸ਼ਹੀਦਾਂ ਦੀ ਇਹ ਰਾਖ ਉਡ ਆਈ ਏ’- ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ।
ਗੁਰਦੀਸ਼ ਕੌਰ ਨੇ ਨਵੇਂ ਆਏ ਮੈਂਬਰਾਂ- ਰਮੇਸ਼ ਕੌਰ ਪੰਨੂੰ, ਕੁਲਵੰਤ ਕੌਰ, ਅਮਰਜੀਤ ਕੌਰ ਤੇ ਮਲਕੀਤ ਕੌਰ ਨੂੰ- ਜਦ ਮੰਚ ਤੇ ਸੱਦਾ ਦਿੱਤਾ ਤਾਂ- ਕੁਲਵੰਤ ਕੌਰ ਨੇ ਬੋਲੀਆਂ ਤੇ ਮਲਕੀਤ ਕੌਰ ਨੇ ਲੋਕ ਗੀਤ ਨਾਲ ਹਾਜ਼ਰੀ ਲਗਵਾਈ। ਰਮੇਸ਼ ਪੰਨੂੰ ਨੇ ਆਪਣੀ ਜਾਣ ਪਛਾਣ ਵਿੱਚ ਦੱਸਿਆ ਕਿ- ਉਹ ਘਨੱਈਆ ਮਿਸਲ ਦੀ ਬੇਟੀ ਹਨ ਤੇ ਰੈਡ.ਐਫ.ਐਮ. ਦੇ ਨਿਊਜ਼ ਰੀਡਰ ਅਮਨਜੋਤ ਸਿੰਘ ਪੰਨੂੰ ਦੇ ਮਾਤਾ ਜੀ ਹਨ। ਗੁਰਜੀਤ ਵੈਦਵਾਨ ਨੇ ‘ਬੇਬੇ ਦਾ ਸੰਦੂਕ’ ਤੇ ‘..ਪੈਸਾ ਜੁੜਿਆ ਈ ਨਾ’ ਗੀਤ, ਸਰਬਜੀਤ ਉੱਪਲ ਨੇ ਅਜੋਕੀ ਪੀੜ੍ਹੀ ਦਾ ਗੀਤ-‘ਔਨ ਲਾਈਨ ਹੋ ਜਾ ਨੈੱਟ ਤੇ’, ਅਮਰਜੀਤ ਵਿਰਦੀ ਨੇ ਵਿਆਹਾਂ ਤੇ ਖਰਚੇ ਘਟਾਉਣ ਦੀ ਗੱਲ ਕੀਤੀ, ਜਦ ਕਿ ਸਭਾ ਦੇ ਫਾਊਂਡਰ ਮੈਂਬਰ ਜੋਗਿੰਦਰ ਪੁਰਬਾ ਨੇ ਪਿਛਲੇ ਮਹੀਨੇ ਵਿਛੜੇ ਜੀਵਨ ਸਾਥੀ ਦਾ ਦੁੱਖ ਸਾਂਝਾ ਕੀਤਾ।
ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀ ਗੱਲ ਵੀ ਹੋਈ। ਇਸ ਸਬੰਧ ਵਿੱਚ ਅਮਰਜੀਤ ਸੱਗੂ ਨੇ ਰੱਖੜੀ ਦਾ ਗੀਤ, ਸੁਰਿੰਦਰ ਸੰਧੂ ਨੇ ਅਮਰੀਕ ਪਲਾਹੀ ਦੀ ਕਵਿਤਾ-‘ਮੇਰੇ ਹੱਥ ਬੰਨ੍ਹ ਰੱਖੜੀ’- ਸੁਣਾ ਕੇ ਤਸਵੀਰ ਦਾ ਦੂਜਾ ਪਾਸਾ ਪੇਸ਼ ਕੀਤਾ ਕਿ- ਹੁਣ ਕੁੜੀਆਂ ਮੁੰਡਿਆਂ ਦੀ ਰਾਖੀ ਕਰਦੀਆਂ ਹਨ। ਗੁਰਦੀਸ਼ ਗਰੇਵਾਲ ਨੇ ਵੀ ਆਪਣਾ ਲਿਖਿਆ ਰੱਖੜੀ ਦਾ ਗੀਤ-‘ਬਿਨ ਰੱਖੜੀ ਤੋਂ ਦੀਸ਼ ਦੇ ਵੀਰਾਂ ਇੱਜ਼ਤਾਂ ਲੱਖ ਬਚਾਈਆਂ’ ਸਾਂਝਾ ਕੀਤਾ।
ਸਿਹਤ ਸੰਭਾਲ ਦੀ ਗੱਲ ਕਰਦਿਆਂ, ਯੋਗਾ ਮਾਹਿਰ ਰਛਪਾਲ ਕੌਰ ਨੇ ਦੱਸਿਆ ਕਿ ਆਯੁਰਵੈਦ ਅਨੁਸਾਰ ਬਹੁਤੇ ਰੋਗ ‘ਵਾਯੂ ਰੋਗ’ ਹਨ ਜੋ ਪੇਟ ਵਿੱਚ ਗੈਸ ਵਧਣ ਕਾਰਨ ਉਤਪਨ ਹੁੰਦੇ ਹਨ। ਅਜੇਹੇ ਰੋਗ, ਯੋਗ ਰਾਹੀਂ ਕੰਟਰੋਲ ਕੀਤੇ ਜਾ ਸਕਦੇ ਹਨ। ਉਹਨਾਂ ਵਾਯੂ ਮੁਦਰਾ, ਪ੍ਰਿਥਵੀ ਮੁਦਰਾ ਤੇ ਗਿਆਨ ਮੁਦਰਾ ਲਾਉਣ ਦੀ ਪ੍ਰੈਕਟਿਸ ਕਰਵਾਉਣ ਤੋਂ ਇਲਾਵਾ, ਇਹਨਾਂ ਦੇ ਲਾਭ ਵੀ ਦੱਸੇ। ਉਹਨਾਂ ਸਰੀਰ ਤੇ ਧੱਪੇ ਮਾਰ ਕੇ, ਸੈਰ ਕਰਕੇ, ਯੋਗਾ ਕਰਕੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ‘ਗੁਆਸ਼ਾ ਥੈਰੇਪੀ’ ਦੀ ਡੈਮੋ, ਅਤੇ ਇਸ ਦੇ ਫਾਇਦੇ ਵੀ ਦਰਸਾਏ। ਉਸ ਕਿਹਾ ਕਿ- ਸਾਡੇ ਸਰੀਰ ਨੂੰ, ਪੌਸ਼ਟਿਕ ਖੁਰਾਕ ਦੇ ਨਾਲ ਨਾਲ, ਕਸਰਤ ਦੀ ਵੀ ਬੇਹੱਦ ਲੋੜ ਹੁੰਦੀ ਹੈ।
ਅੰਤ ਵਿੱਚ ਮੈਡਮ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਬਰੇਕ ਦੌਰਾਨ, ਸਭ ਨੇ ਗੁਰਚਰਨ ਥਿੰਦ ਵਲੋਂ ਲਿਆਂਦੇ ਸਨੈਕਸ ਦਾ ਕੋਲਡ ਡਰਿੰਕ ਨਾਲ ਆਨੰਦ ਮਾਣਿਆਂ। ਸੋ ਇਸ ਤਰ੍ਹਾਂ ਇਹ ਮੀਟਿੰਗ ਸਾਰਥਿਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਡਾ.ਬਲਵਿੰਦਰ ਬਰਾੜ 403-590-9229, ਗੁਰਚਰਨ ਥਿੰਦ 403-402-9635 ਗੁਰਦੀਸ਼ ਕੌਰ ਨਾਲ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।