ਉੱਘੀ ਰੰਗਕਰਮੀ ਅਨੀਤਾ ਸਬਦੀਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰੇਗੀ।
ਜੋਰਾਵਰ ਬਾਂਸਲ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਬਲਜਿੰਦਰ ਸੰਘਾ ਤੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਰੰਗਮੰਚ ਦੀ ਦੁਨੀਆ ਦੇ ਸੂਹੇ ਸੂਰਜ ਤੇ ਪਿਤਾਮਾ ਵਜੋਂ ਜਾਣੇ ਜਾਂਦੇ ਭਾਜੀ ਗੁਰਸ਼ਰਨ ਸਿੰਘ ਜੀ ਜਿੰਨ੍ਹਾ ਦਾ ਜਨਮ 16 ਸਤੰਬਰ ਨੂੰ ਹੋਇਆ ਤੇ ਉਹਨਾਂ ਦਾ ਅਕਾਲ ਚਲਾਣਾ ਦਿਹਾੜਾ ਵੀ ਸਤੰਬਰ ਮਹੀਨੇ ਵਿੱਚ ਆਉਦਾਂ ਹੈ। ਪਰ ਸੱਤ ਸਤੰਬਰ ਨੂੰ ਸਭਾ ਦੇ 20ਵਾਂ ਸਲਾਨਾ ਸਮਾਗਮ ਹੋ ਰਿਹਾ ਹੈ ਇਸ ਲਈ 18 ਅਗਸਤ ਦੀ ਮਾਸਿਕ ਇਕੱਤਰਤਾ ਗੁਰਸ਼ਰਨ ਸਿੰਘ ਜੀ( ਭਾਈ ਮੰਨਾ ਸਿੰਘ ਟੀ ਵੀ ਨਾਟਕ )ਨੂੰ ਸਮਰਪਿਤ ਰਹੇਗੀ।ਇਸ ਮੌਕੇ ਥੀਏਟਰ ਦੀ ਨਾਮਵਰ ਹਸਤੀ ਤੇ ਫਿਲਮ ਅਦਾਕਾਰਾ ਅਨੀਤਾ ਸਬਦੀਸ਼ ਉਚੇਚੇ ਤੌਰ ਤੇ ਸ਼ਾਮਿਲ ਹੋਏਗੀ। ਜਿਹਨਾਂ ਗੁਰਸ਼ਰਨ ਭਾਜੀ ਦੀ ਲੰਬਾ ਸਮਾਂ ਸੰਗਤ ਕੀਤੀ। ਅਣਗਿਣਤ ਨਾਟਕਾਂ ਵਿੱਚ ਕੰਮ ਕੀਤਾ, 40 ਦੇ ਕਰੀਬ ਨਾਟਕਾਂ ਦਾ ਨਿਰਦੇਸ਼ਨ ਅਤੇ ਇਸ ਤੋਂ ਵੀ ਜਿਆਦਾ ਗਿਣਤੀ ਵਿੱਚ ਫਿਲਮਾਂ ਜਿਵੇਂ ਉੜਤਾ ਪੰਜਾਬ, ਮੰਨਤ, ਏਕਮ,ਮੁਕਲਾਵਾ, ਦੀ ਲੈਜਡ ਆਫ ਭਗਤ ਸਿੰਘ(ਅਜੇ ਦੇਵਗਨ) ਆਦਿ ਫਿਲਮਾਂ ਵਿੱਚ ਕੰਮ ਕੀਤਾ। ਸੰਗੀਤ ਨਾਟਕ ਅਕੈਡਮੀ ਵਲੋਂ ਸਾਲ 2011 ਵਿੱਚ ਨੈਸ਼ਨਲ ਅਵਾਰਡ ਵੀ ਹਾਸਿਲ ਕੀਤਾ। ਉਹ ਵੀ ਗੁਰਸ਼ਰਨ ਭਾਜੀ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਨਗੇ।ਕਵੀ ਹਰਕੰਵਲ ਸਾਹਿਲ 1983 ਤੋਂ ਗੁਰਸ਼ਰਨ ਭਾਜੀ ਨਾਲ ਬਿਤਾਏ ਪਲ ਤੇ ਕੈਲਗਰੀ ਵਿੱਚ ਆਪਣੇ ਰੰਗਮੰਚ ਦੇ ਸਫਰ ਬਾਰੇ ਚਾਨਣਾ ਪਾਉਣਗੇ।ਮਿਆਰੀ ਗੀਤ ਗਜ਼ਲ ,ਕਵਿਤਾਵਾਂ ਇਸ ਮੌਕੇ ਦੀ ਰੌਣਕ ਵਿੱਚ ਵਾਧਾ ਕਰਨਗੀਆਂ। ਚਾਹ ਪਾਣੀ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਰਹੇਗਾ। ਸਾਰੇ ਸਾਹਿਤਕ ਪ੍ਰੇਮੀਆਂ ਨੂੰ ਸ਼ਿਰਕਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 403-680-3212 ਅਤੇ 403-714-6848 ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।