ਬਲਜਿੰਦਰ ਸੰਘਾ- ਸਿੱਖ ਹੈਰੀਟੇਜ ਸੁਸਾਇਟੀ ਆਫ ਅਲਬਰਟਾ ਵੱਲੋਂ ਕੈਲਗਰੀ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ 20ਵੀਂ ਸਲਾਨਾ ਕਾਨਫਰੰਸ ਦਾ ਆਯੋਜਨ ਗੁਰੂਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਵਿਖੇ ਕੀਤਾ ਗਿਆ। ਇਸ ਕਾਨਫਰੰਸ ਦੇ ਮੁੱਖ ਬੁਲਾਰੇ ਬੀ.ਸੀ. ਤੋਂ ਡਾ.ਗੁਰਵਿੰਦਰ ਸਿੰਘ ਸਨ। ਉਹਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਰਾਜ ਦੇ ਸਕੰਲਪ ਦੀ ਗੱਲ ਦੀ ਭੂਮਿਕਾ ਦਸਾਂ ਸਿੱਖ ਗੁਰੂਆਂ ਦੀ ਸਮੁੱਚੀ ਸਿੱਖਿਆ, ਸ੍ਰੀ ਗੁਰੂ ਗਰੰਥ ਸਾਹਿਬ ਤੋਂ ਸ਼ੁਰੂ ਕਰਕੇ ਤਰਕ ਰਾਹੀਂ ਗੱਲ ਕਰਦਿਆਂ ਕਿਹਾ ਕਿ ਉਸ ਰਾਜਿਆਂ ਦੇ ਰਾਜ ਦੇ ਦੌਰ ਦੀ ਗੱਲ ਕਰੀਏ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਅਜਿਹਾ ਰਾਜ ਸੀ ਜਿਸ ਵਿਚ ਹਿੰਦੂ,ਸਿੱਖ, ਮੁਸਲਮਾਨ ਰਲਕੇ ਰਹਿੰਦੇ ਸਨ। ਉਹਨਾਂ ਦੇ ਰਾਜ ਸਮੇਂ ਕਿਸੇ ਨੂੰ ਵੀ ਫਾਂਸੀ ਦੀ ਸਜਾ ਨਹੀਂ ਹੋਈ। ਸ਼ਾਹ ਮੁਹੰਮਦ ਤੋਂ ਲੈ ਕੇ ਬਹੁਤ ਸਾਰੇ ਹਿਸਟੋਰੀਅਨਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸ਼ਕਤੀਸ਼ਾਲੀ ਅਤੇ ਮਹਾਰਾਜੇ ਦੀ ਪਦਵੀ ਹੋਣ ਦੇ ਬਾਵਜੂਦ ਅਕਾਲੀ ਫੂਲਾ ਸਿੰਘ ਦੇ ਕੋੜਿਆਂ ਦੀ ਸਜਾ ਸਵਿਕਾਰ ਕੀਤੀ। ਉਹਨਾਂ ਕਿਹਾ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਰਾਜ ਸੰਭਾਲਿਆਂ ਨਹੀਂ ਗਿਆ ਪਰ ਸੱਚਾਈ ਇਹ ਕਿ ਫਰੰਗੀਆਂ ਦੀਆਂ ਕੂਟਨੀਤਕ ਚਾਲਾਂ ਤੇ ਪਾਵਰ ਹੋਣ ਦੇ ਬਾਵਜੂਦ ਵੀ 1849 ਤੱਕ ਲੱਗਭੱਗ ਗਿਆਰਾਂ ਸਾਲ ਪੰਜਾਬ ਅੰਗਰੇਜ਼ਾਂ ਦੇ ਅਧੀਨ ਨਹੀਂ ਹੋਇਆ, 1857 ਦੇ ਵਿਦਰੋਹ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਫਰੰਗੀਆਂ ਦਾ ਸਾਥ ਦਿੱਤਾ ਦਾ ਹਲਾਵਾ ਦਿੰਦਿਆਂ ਦੱਸਿਆ ਕਿ ਮਹਾਰਾਜੇ ਰਣਜੀਤ ਸਿੰਘ ਨੇ ਤਾਂ ਪੰਜਾਬ ਦੇ ਖਾਲਸਾ ਰਾਜ ਦਾ ਦੇਸ਼ ਹੁੰਦਿਆਂ ਭਾਰਤ ਦੇ ਰਾਜਿਆਂ ਨੂੰ ਚਿੱਠੀਆਂ ਰਾਹੀਂ ਆਪਣੇ-ਆਪ ਨੂੰ ਇੱਕਠੇ ਹੋਕੇ ਫਰੰਗੀਆਂ ਤੋਂ ਅਜ਼ਾਦ ਕਰਾਉਣ ਅਤੇ ਮਦਦ ਕਰਨ ਤੱਕ ਕਿਹਾ ਸੀ। ਪਰ ਬਹੁਤੇ ਭਾਰਤੀ ਰਾਜੇ ਅੰਗਰੇਜ਼ਾਂ ਦੇ ਪਿੱਠੂ ਬਣੇ ਰਹੇ। ਉਹਨਾਂ ਬਲਦੇਵ ਸਿੰਘ ਦੇ ਨਾਵਲ ‘ਸੂਰਜ ਦੀ ਅੱਖ’ ਨੂੰ ਕਰੜੇ ਹੱਥੀ ਲੈਦਿਆਂ ਕਿਹਾ ਕਿ ਨਾਵਲ ਦੇ ਸ਼ੁਰੂ ਵਿਚ ਸਲੈਸ਼ ਪਾਕੇ ਫਿਕਸ਼ਨ, ਨਾਵਲ, ਹਿਸਟੋਰੀਕਲ ਨਾਵਲ, ਸਿੱਖ ਹਿਸਟਰੀ ਲਿਖਣ ਦਾ ਕੀ ਮਤਲਬ ਹੋਇਆ। ਜੇਕਰ ਸਹੀ ਹਿਸਟਰੀ ਹੈ ਤਾਂ ਹਵਾਲੇ ਕਿਉਂ ਨਹੀਂ ਦਿੱਤੇ ਗਏ। ਉਹਨਾਂ ਨੇ ਨਾਵਲ ਦੇ ਪੇਜ ਨੰਬਰ ਤਿੰਨ ਤੋਂ ਗੱਲ ਸ਼ੁਰੂ ਕਰਕੇ ਪੂਰੇ ਨਾਵਲ ਵਿਚੋਂ ਤਰਕ ਰਾਹੀਂ ਸਿੱਧ ਕੀਤਾ ਕਿ ਇਹ ਨਾਵਲ ਸਿੱਖ ਕੌਮ ਦੇ ਸ਼ਾਨ ਮੱਤੇ ਰਾਜ ਅਤੇ ਮਹਾਰਾਜੇ ਬਾਰੇ ਗਲਤ ਧਾਰਨਾ ਪੈਦਾ ਕਰਦਾ ਹੈ। ਕਿਸੇ ਦਾ ਨਾਮ ਨਾ ਦੇਕੇ ਸਿਰਫ ‘ਕਹਿੰਦੇ ਹਨ’ ‘ਗੱਲਾਂ ਕਰਦੇ ਸਨ’ ਆਦਿ ਰਾਹੀਂ ਅਜਿਹੀਆਂ ਗੱਲਾਂ ਆਖੀਆਂ ਗਈਆਂ ਹਨ ਜੋ ਅਧਾਰਹੀਣ ਹਨ। ਉਹਨਾਂ ਕਿਹਾ ਕਿ ਨਾਵਲਕਾਰ ਲਿਖਦਾ ਹੈ ਕਿ ਸਿੱਖ ਸਰਦਾਰ ਤਾਂ ਜਗੀਰਾਂ ਮਾਰੇ ਕੁੱਤਿਆ, ਬਿੱਲਿਆ ਨਾਲ ਧੀਆਂ ਵਿਆਹ ਦਿੰਦੇ ਹਨ, ਪਰ ਨਾਵਲਕਾਰ ਇਤਿਹਾਸ ਵਿਚੋਂ ਇੱਕ ਵੀ ਹਵਾਲਾ ਦੇਵੇ ਜਦੋਂ ਅਜਿਹਾ ਹੋਇਆ ਹੋਵੇ। ਕੁੱਲ ਮਿਲਾ ਕੇ ਉਹਨਾਂ ਸਭ ਗੱਲ ਤਰਕ ਦੇ ਹਿਸਾਬ ਨਾਲ ਸਿੱਧ ਕੀਤੀਆਂ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਪ੍ਰਧਾਨ ਰਣਬੀਰ ਸਿੰਘ ਪਰਮਾਰ ਦੀ ਅਗਵਾਈ ਵਿਚ ਡਾ.ਗੁਰਵਿੰਦਰ ਸਿੰਘ ਜੀ ਦਾ ਸਿਰੋਪਾ ਪਾਕੇ ਸਨਮਾਨ ਕੀਤਾ ਗਿਆ। ਉਹਨਾਂ ਦੀ ਇਕ ਘੰਟੇ ਦੀ ਗੱਲਬਾਤ ਨੂੰ ਹਾਜ਼ਰ ਸੰਗਤ ਨੇ ਗੰਭੀਰਤਾ ਨਾਲ ਸੁਣਿਆ। ਪੰਜਾਬੀ ਮੀਡੀਆ ਕਲੱਬ ਕੈਲਗਰੀ ਵੱਲੋਂ ਡਾ ਹਰਭਜਨ ਸਿੰਘ ਢਿੱਲੋਂ, ਰਿਸ਼ੀ ਨਾਗਰ, ਪ੍ਰੋ ਮਨਜੀਤ ਸਿੰਘ ਪਿਆਸਾ ਅਤੇ ਬਲਜਿੰਦਰ ਸੰਘਾ ਹਾਜ਼ਰ ਸਨ।