ਬੀ.ਸੀ. ਨਿਵਾਸੀ ਅਗਾਂਹਵਧੂ ਵਿਚਾਰਾਂ ਦੀ ਧਾਰਨੀ ਉੱਘੀ ਨਾਟਕਕਾਰ ਅਤੇ ਲੇਖਿਕਾ ਪਰਮਿੰਦਰ ਕੌਰ ਸਵੈਚ ਨੂੰ ਦਿੱਤਾ ਜਾਵੇਗਾ ਸਭਾ ਦਾ 20ਵਾਂ ਪੁਰਸਕਾਰ
20ਵਾਂ ਸਲਾਨਾ ਸਮਾਗਮ 31 ਅਗਸਤ 2019 ਨੂੰ ਕੈਲਗਰੀ ਵਿਚ ਹੋਵੇਗਾ
ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਪ੍ਰਧਾਨ ਬਲਜਿੰਦਰ ਸੰਘਾ, ਹਰਮਿੰਦਰ ਚੁੱਘ, ਲੇਖਕ ਚਿੰਤਕ ਜਗਦੀਸ਼ ਸਿੰਘ ਚੋਹਕਾ ਤੇ ਉਹਨਾਂ ਦੀ ਪਤਨੀ ਬਹੁਪੱਖੀ ਸਖਸ਼ੀਅਤ ਸਾਹਿਤਕ ਸਮਾਜਿਕ ਚਿੰਤਕ ਲੇਖਕਾਂ ਰਜਿੰਦਰ ਕੌਰ ਚੋਹਕਾ ਨੂੰ ਮੰਚ ਉੱਤੇ ਸੱਦਾ ਦਿੱਤਾ। ਬੁਲੰਦ ਆਵਾਜ ਦੇ ਮਾਲਿਕ ਤਰਲੋਚਨ ਸੈਂਭੀ ਨੇ ਮਈ ਦਿਵਸ ਨੂੰ ਮੁੱਖ ਰੱਖਦਿਆ ਪਾਸ਼ ਦੀ ਕਵਿਤਾ ‘ਕਿਰਤੀ ਦੀਏ ਕੁੱਲੀਏ’ ਨਾਲ ਰਚਨਾਵਾਂ ਦੇ ਦੌਰ ਦਾ ਆਗਾਜ਼ ਕੀਤਾ। ਸਾਹਿਤ ਤੇ ਸਭਾ ਨਾਲ ਲੰਬੇ ਸਮੇ ਤੋਂ ਜੁੜੀ ਸੁਖਜੀਤ ਕੌਰ ਲਿੱਟ ਸਟੇਜ ਤੋਂ ਪਹਿਲੀ ਵਾਰ ਸੰਤ ਰਾਮ ਉਦਾਸੀ ਦੀ ਅਮਰ ਲਿਖਤ ‘ਮੇਰੀ ਸੋਚ ਨੂੰ ਬਚਾਇਓ’ ਤਰੰਨਮ ਵਿੱਚ ਗਾਈ। ਸਰੂਪ ਸਿੰਘ ਮੰਡੇਰ ਨੇ ‘ਵਿਰਸਾ ਅਮੀਰ ਹੈ’ ਮਹਿੰਦਰਪਾਲ ਐਸ ਪਾਲ ਨੇ ਆਪਣੀ ਗਜ਼ਲ ‘ਕਿਤਾਬ ਲਈ ਫਿਰਦਾ ਹੈ’ ਨਾਲ ਗੂੜ੍ਹੀ ਹਾਜਰੀ ਲਵਾਈ। ਇਸ ਮੀਟਿੰਗ ਦੀ ਖਾਸ ਖਿੱਚ ਦਾ ਕੇਂਦਰ ਕਿਤਾਬ ‘ਸੰਗਰਾਮਣਾਂ’ ਉੱਤੇ ਪਰਚਾ ਪੜ੍ਹਦਿਆਂ ਸਾਬਕਾ ਪ੍ਰਧਾਨ ਹਰੀਪਾਲ ਨੇ ਕਿਹਾ ਕਿ ਅਸਲ ਲੇਖਕ (ਸਾਹਿਤਕਾਰ)ਉਹ ਹੈ ਜੋ ਲੋਕਾਂ ਦੇ ਹਿਤੱ ਦੀ ਗੱਲ ਹੀ ਨਹੀਂ ਕਰਦਾ ਸਗੋਂ ਉਹਨਾ ਦੇ ਹੱਕ ਵਿੱਚ ਖੜ੍ਹਦਾ ਵੀ ਹੈ। ਰਜਿੰਦਰ ਕੌਰ ਚੋਹਕਾ ਉਹੀ ਲੇਖਕਾਂ ਹੈ ਜੋ ਕਹਿਣੀ ਤੇ ਕਥਨੀ ਦੀ ਪੂਰੀ ਹੈ। ਉਹਨਾਂ ਦੀ ਇਸ ਪੁਸਤਕ ਵਿੱਚ ਵਿਸ਼ਵ ਭਰ ਦੀਆਂ 21 ਔਰਤਾਂ ਦੇ ਸਘੰਰਸ਼ ਤੇ ਜਾਲਮ ਸਰਕਾਰਾਂ ਵਲੋਂ ਦਿੱਤੇ ਤਸੀਹਿਆ ਦਾ ਵਿਸਥਾਰ ਹੈ। ਜੀਵਨ ਮਾਰਗ ਦਰਸ਼ਕ ਕਰਦੀਆਂ ਅਜਿਹੀਆਂ ਕਿਤਾਬਾਂ ਪਾਠਕਾਂ ਨੂੰ ਜਰੂਰ ਪੜ੍ਹਨੀਆਂ ਚਾਹੀਦੀਆਂ ਹਨ। ਵਿਦਵਾਨ ਨਰਿੰਦਰ ਢਿੱਲੋਂ ਨੇ ਕਿਹਾ ਕਿ ਇੰਨੀ ਮਿਹਨਤ ਤੇ ਕੋਸ਼ਿਸ਼ ਨਾਲ ਲਿਖੀਆਂ ਕਿਤਾਬਾਂ ਨੂੰ ਪਾਠਕਾਂ ਦੀ ਬਹੁਤ ਘਾਟ ਹੈ। ਇਸ ਕਿਤਾਬ ਵਿੱਚ ਔਰਤ ਦੀ ਬੰਦਖਲਾਸੀ ਤੇ ਸਘੰਰਸ਼ ਦਾ ਇਤਿਹਾਸ ਭਰਿਆ ਹੈ। ਗੁਰਚਰਨ ਕੌਰ ਥਿੰਦ ਨੇ ‘ਸੰਗਰਾਮਣਾਂ’ ਦੀ ਲੇਖਕਾਂ ਨੂੰ ਵਧਾਈ ਦਿੱਤੀ ਤੇ ਆਪਣੀ ਲਿਖੀ ‘ ਉੱਠੋ ਅਮਨਾਂ ਵਾਲਿਓ’ ਗੰਧਲੇ ਹੋਏ ਲੋਕਤੰਤਰ ਦੀ ਗੱਲ ਕਰਦੀ ਰਚਨਾ ਸਾਂਝੀ ਕੀਤੀ। ਲੇਖਿਕਾਂ ਰਜਿੰਦਰ ਕੌਰ ਚੋਹਕਾ ਨੇ ਖੁਦ ਇਸ ਕਿਤਾਬ ਅਤੇ ਲਿਖਣ ਕਲਾ ਦੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਜਨ ਸੰਸਥਾਵਾਂ ਨਾਲ ਅਜਿਹੀਆਂ ਥਾਵਾਂ ਤੇ ਕੰਮ ਕੀਤਾ। ਫਿਰ ਸਭਾ ਦੀ ਕਾਰਜਕਾਰੀ ਕਮੇਟੀ ਤੇ ਹੋਰ ਹਸਤੀਆਂ ਦੀ ਹਾਜ਼ਰੀ ਵਿੱਚ ‘ਸੰਗਰਾਮਣਾਂ’ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਇਸ ਕਿਤਾਬ ਬਾਰੇ ਗੱਲ ਕਰਦਿਆ ਕਿਹਾ ਕਿ ਜਿੱਥੇ ਅਜਿਹੀਆਂ ਸਘੰਰਸ਼ਮਈ ਇਸਤਰੀਆ ਨੇ ਇਤਿਹਾਸ ਰਚੇ ਹਨ ਉਥੇ 21ਵੀਂ ਸਦੀ ਦੀ ਔਰਤ ਫੈਸ਼ਨ ਸ਼ੋਆਂ, ਫੇਸਬੁੱਕ ਆਦਿ ਤੇ ਸ਼ੋਹਰਤ ਤੇ ਮੰਨੋਰੰਜਨ ਦਾ ਸਮਾਨ ਬਣ ਕੇ ਰਹਿ ਗਈ ਹੈ। ਪੰਜਾਬੀ ਲਿਖਾਰੀ ਸਭਾ ਦੀ ਅਗਲੀ ਪ੍ਰਾਪਤੀ ਦਾ ਜਿਕਰ ਕਰਦਿਆ ਉਹਨਾਂ ਮਾਣ ਨਾਲ ਦੱਸਿਆ ਕਿ ਇਸ ਵਾਰ ਸਭਾ ਦਾ 20ਵਾਂ ਸਾਲਾਨਾ ਸਮਾਗਮ 31 ਅਗਸਤ ਦਿਨ ਸ਼ਨੀਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿੱਚ 1 ਤੋਂ 4 ਵਜੇ ਤੱਕ ਹੋਏਗਾ। ਜਿਸ ਵਿੱਚ ਲੇਖ, ਨਾਟਕ ਤੇ ਲੇਖਿਕਾ ਪਰਮਿੰਦਰ ਕੌਰ ਸਵੈਚ ਨੂੰ ਸਨਮਾਨ ਚਿੰਨ੍ਹ ਤੇ ਇੱਕ ਹਜ਼ਾਰ ਡਾਲਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਏਗਾ। ਸਮਾਗਮ ਬਾਰੇ ਹੋਰ ਜਾਣਕਾਰੀ ਅਗਲੇ ਦਿਨਾਂ ਵਿੱਚ ਸਾਂਝੀ ਕੀਤੀ ਜਾਏਗੀ। ਉੱਘੇ ਵਿਦਵਾਨ ਚਿੰਤਕ ਜਗਦੀਸ਼ ਸਿੰਘ ਚੋਹਕਾ ਨੇ ਸਾਹਿਤ ਤੇ ਕਿਤਾਬਾਂ ਦੀ ਅਹਿਮੀਅਤ ਦੀ ਗੱਲ ਕੀਤੀ। ਰਚਨਾਵਾਂ ਦੇ ਅਗਲੇ ਦੌਰ ਵਿੱਚ ਸਭਾ ਵਿੱਚ ਪਹਿਲੀ ਵਾਰ ਸ਼ਿਰਕਤ ਕਰਨ ਵਾਲੇ ਹਰਪਰੀਤ ਸਿੰਘ ਗਿੱਲ ਨੇ ਇੱਕ ਖੂਬਸੂਰਤ ਕਹਾਣੀ ‘ਫਰਕ’ ਸੁਣਾਈ ਤੇ ਸਾਹਿਤਕ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਸਭਾ ਦੀ ਸ਼ਲਾਘਾਂ ਕੀਤੀ। ਪ੍ਰਭਰੂਪ ਸਿੰਘ ਮਾਂਗਟ ਨੇ ਧਾਰਮਿਕ ਗੀਤ ‘ਧਰਤੀ ਧੰਨ ਹੋਈ’ , ਹਰਮਿੰਦਰ ਚੁੱਘ ਨੇ ਸ਼ਿਵ ਬਟਾਲਵੀ ਦੀ ਰਚਨਾ ‘ਇੱਕ ਕੁੜੀ’ , ਗੁਰਲਾਲ ਰੂਪਾਲੋ(ਲਾਲੀ) ਨੇ ਬਾਬਾ ਨਜ਼ਮੀ ਦੀ ਲਿਖਤ ‘ ਸ਼ੀਸ਼ੇ ਉੱਤੇ ਧੂੜ੍ਹਾ ਜੰਮੀਆ’ , ਲਖਵਿੰਦਰ ਸਿੰਘ ਜੌਹਲ ਨੇ ‘ ਜੰਗ ਵੱਲ ਨਾ ਜਾਈਓ’ , ਗੁਰਚਰਨ ਸਿੰਘ ਹੇਅਰ ਨੇ ‘ਆਪਣੇ ਹੀ ਦੇਸ਼ ਵਿੱਚ’ , ਸਰਬਜੀਤ ਕੌਰ ਉੱਪਲ ਨੇ ‘ ਦੁਨੀਆਂ ਮੇ ਕਿਤਨਾ ਗਮ ਹੈ’ , ਜਰਨੈਲ ਤੱਗੜ ਨੇ ‘ ਸਹਾਰੇ ਮਿਲਦੇ ਨੇ’ , ਜਗਦੇਵ ਸਿੱਧੂ ਨੇ ਮਾਂ ਦਿਵਸ ਨੂੰ ਸਮਰਪਿਤ ਖੂਬਸੂਰਤ ਕਵਿਤਾ ਸੁਣਾਈ। ਗੁਰਤੇਜ ਸਿੰਘ ਨੇ ਇਸੇ ਵਿਸ਼ੇ ਨਾਲ ਸਬੰਧਿਤ ਗੀਤ ਸੁਣਾਇਆ। ਜੱਸ ਚਾਹਲ ਨੇ ਆਪਣੇ ਰੇਡੀਓ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਕੁਝ ਸ਼ੇਅਰ ਵੀ ਸੁਣਾਏ। ਜਸਵੀਰ ਸਿੰਘ ਸਹੋਤਾ ਨੇ ਖੂਬਸੁਰਤ ਰਚਨਾ ਸੁਣਾਈ।ਇਸ ਮੌਕੇ ਤਜਿੰਦਰ ਸਿੰਘ, ਜਸਲੀਨ ਲਿੱਟ, ਸੁਖਦਰਸ਼ਨ ਸਿੰਘ ਜੱਸਲ, ਬਲਜਿੰਦਰ ਸਿੰਘ ਜੌਹਲ, ਸੁਖਜੀਤ ਕੌਰ ਗਰੇਵਾਲ, ਗੁਰਨਾਮ ਬਰਾੜ, ਪ੍ਰਸ਼ੋਤਮ ਦਾਸ ਭਾਰਦਵਾਜ, ਦਿਲਾਵਰ ਸਿੰਘ ਸਮਰਾ, ਪ੍ਰਿਤਪਾਲ ਸਿੰਘ, ਅਮਰੀਕ ਸਿੰਘ ਚੀਮਾ, ਜਸਰਾਜ ਸਿੰਘ, ਗੁਰਲੀਨ ਕੌਰ ,ਜੋਗਾ ਸਿੰਘ ਸਹੋਤਾ, ਪਰਮਜੀਤ, ਮੰਗਲ ਚੱਠਾ, ਬਲਬੀਰ ਸਿੰਘ, ਜੁਗਰਾਜ ਸਿੰਘ ਤੇ ਜੋਰਾਵਰ ਬਾਂਸਲ ਹਾਜ਼ਰ ਸਨ। ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਸਾਰੇ ਸੂਝਵਾਨ ਹਾਜਰੀਨ ਦਾ ਧੰਨਵਾਦ ਕੀਤਾ ਤੇ ਸਭਾ ਦੀ ਅਗਲੀ ਮੀਟਿੰਗ 16 ਜੂਨ ਨੂੰ ਹੈ ਉਸ ਵਿੱਚ ਸਭ ਨੂੰ ਪਹੁੰਚਣ ਲਈ ਬੇਨਤੀ ਕੀਤੀ। ਹੋਰ ਵਧੇਰੇ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਅਤੇ ਜਨਰਨ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।