ਮੇਪਲ ਪੰਜਾਬੀ ਮੀਡੀਆ:- 5 ਮਈ, 2019 ਨੂੰ ਜੈਨੇਸਿਜ਼ ਸੈਂਟਰ ਵਿੱਚ ਮੰਨੀ ਪ੍ਰਮੰਨੀ ਸੰਸਥਾ ਸ਼ਬਦ-ਸਾਂਝ, ਕੈਲਗਰੀ ਵਲੋਂ ਗੁਰਚਰਨ ਕੌਰ ਥਿੰਦ ਦਾ ਚੌਥਾ ਕਹਾਣੀ ਸੰਗ੍ਰਹਿ ‘ਕਨੇਡੀਅਨ ਕੂੰਜਾਂ’ ਸਾਹਿਤ ਪ੍ਰੇਮੀਆਂ ਦੇ ਭਰਵੇਂ ਇੱਕਠ ਵਿੱਚ ਰੀਲੀਜ਼ ਕੀਤਾ ਗਿਆ। ਕਿਤਾਬ ਸਬੰਧੀ ਡਾ: ਲਖਵੀਰ ਸਿੰਘ ਰਿਆੜ ਅਤੇ ਸਭਾ ਦੇ ਪ੍ਰਧਾਨ ਡਾ: ਬਲਵਿੰਦਰ ਬਰਾੜ ਵਲੋਂ ਪੇਪਰ ਪੜ੍ਹੇ ਗਏ ਅਤੇ ਬਹੁਤ ਵਿਸਤਾਰਤ ਤੇ ਭਾਵਪੂਰਤ ਵਿਚਾਰ ਚਰਚਾ ਕੀਤੀ ਗਈ। ਸਮਾਜਿਕ ਵਿਸ਼ਿਆਂ ਤੇ ਅਧਾਰਤ ਇਹਨਾਂ ਕਹਾਣੀਆਂ ਵਿੱਚ ਪੇਸ਼ ਬਦਲਦੀਆਂ ਸਮਾਜਿਕ ਕਦਰਾਂ ਕੀਮਤਾਂ ਅਤੇ ਮਰਦ ਔਰਤ ਦੇ ਰਿਸ਼ਤੇ ਦਰਮਿਆਨ ਉਪਜ ਰਹੀਆਂ ਝੋਲਾਂ ਨੂੰ ਆਲੋਚਕਾਂ ਨੇ ਬਾਖ਼ੂਬੀ ਵਿਚਾਰਿਆ ਅਤੇ ਲਿਖਤ ਦੇ ਰਚਨਾਤਮਿਕ ਪੱਖ ਦੀ ਵੀ ਲੋੜੀਂਦੀ ਚੀਰ-ਫਾੜ ਕੀਤੀ।ਕਹਾਣੀਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਮਰਦ ਤੇ ਔਰਤ ਇੱਕ ਦੂਜੇ ਦੇ ਪੂਰਕ ਹਨ, ਸਿਹਤਮੰਦ ਸਮਾਜ ਲਈ ਦੋਵਾਂ ਦਾ ਯੋਗਦਾਨ ਅਤੀ ਮਹੱਤਵਪੂਰਨ ਹੈ। ਪ੍ਰੰਤੂ ਬਦਲਦੇ ਸਮਾਜਿਕ ਸਰੋਕਾਰਾਂ ਹਿੱਤ ਪੁਰਾਣੀਆਂ ਦਕੀਆਨੂਸੀ ਸੋਚਾਂ ਤੇ ਰਹੁਰੀਤਾਂ ਨੂੰ ਬਦਲਣਾ ਜ਼ਰੂਰੀ ਹੈ ਅਤੇ ਅਸੀਂ ਬਦਲ ਸਕਦੇ ਹਾਂ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਜੀ ਨੇ ਵੀ ਕਿਤਾਬ ਸਬੰਧੀ ਆਪਣਾ ਨਜ਼ਰੀਆ ਪੇਸ਼ ਕੀਤਾ। ਗੁਰਚਰਨ ਕੌਰ ਥਿੰਦ ਦੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਿਹ, ਤਿੰਨ ਨਾਵਲ, ਇੱਕ ਲੇਖ ਸੰਗ੍ਰਿਹ ਅਤੇ ਇੱਕ ਅੰਗਰੇਜ਼ੀ ਵਿੱਚ ਅਨੁਵਾਦਤ ਨਾਵਲ ਛੱਪ ਚੁੱਕਾ ਹੈ।
ਪ੍ਰਧਾਨਗੀ ਮੰਡਲ ਵਿੱਚ ਡਾ: ਬਲਵਿੰਦਰ ਬਰਾੜ, ਪੰਜਾਬ ਤੋਂ ਆਏ ਡਾ: ਭਾਟੀਆ, ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪਿੰਰਸੀਪਲ ਡਾ:ਗੁਰਪਿੰਦਰ ਸਿੰਘ ਸਮਰਾ ਅਤੇ ਗੁਰਚਰਨ ਕੌਰ ਥਿੰਦ ਸ਼ਾਮਲ ਸਨ। ਸਮਾਗਮ ਦੀ ਕਾਰਵਾਈ ਸਭਾ ਦੇ ਸਕੱਤਰ ਡਾ:ਮੁਖਿਤਿਆਰ ਸਿੰਘ ਬਡੂਵਾਲੀਆ ਜੀ ਨੇ ਬਹੁਤ ਸੁਚਜੱਤਾ ਨਾਲ ਨਿਭਾਈ। ਡਾ: ਹਰਭਜਨ ਢਿਲੋਂ ਨੇ ਸਭਾ ਦੇ ਉਦੇਸ਼ ਬਿਆਨ ਕੀਤੇ ਅਤੇ ਡਾ: ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਬੋਧਨ ਵਿੱਚ ਵਿਦੇਸ਼ਾਂ ਵਿੱਚ ਮਾਂ-ਬੋਲੀ ਪੰਜਾਬੀ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਪੰਜਾਬ ਵਿੱਚ ਰੋਗੀਆਂ ਦਾ ਇਲਾਜ ਕਰਨ ਵਾਲੇ ਡਾ: ਭਾਟੀਆ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾ ਵਾਹ ਵਾਹ ਖੱਟੀ। ਸ਼ਬਦ-ਸਾਂਝ ਵਲੋਂ ਉਹਨਾਂ ਨੂੰ ਪਲੇਕ ਦੇ ਕੇ ਸਨਮਾਨਿਆ ਗਿਆ। ਸੁਰਿੰਦਰ ਗੀਤ ਅਤੇ ਕੇਸਰ ਸਿੰਘ ਨੀਰ ਹੁਰਾਂ ਆਪਣੀਆਂ ਖੂਬਸਰਤ ਗ਼ਜ਼ਲਾਂ ਨਾਲ ਸਾਂਝ ਪਾਈ ਅਤੇ ਬਚਿੱਤਰ ਸਿੰਘ ਜੀ ਨੇ ਪਾਰਸ ਦੀ ਰਚਨਾ ਆਪਣੀ ਬੁਲੰਦ ਅਵਾਜ਼ ਵਿੱਚ ਪੇਸ਼ ਕੀਤੀ। ਜਰਨੈਲ ਐਲੋਂ ਨੇ ਮਾਂ-ਬੋਲੀ ਪੰਜਾਬੀ ਨੂੰ ਸਮਰਪਤ ਗੀਤ ਸੁਰੀਲੀ ਅਵਾਜ਼ ਵਿੱਚ ਗਾਇਆ।
ਗੁਰਚਰਨ ਕੌਰ ਥਿੰਦ ਨੇ ਸਭਾ ਦਾ ਅਤੇ ਹਾਜ਼ਰ ਸ੍ਰੋਤਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਕਿਤਾਬ ਵਿੱਚ ਉਹਨਾਂ ਦੇ 2006 ਵਿੱਚ ਪਹਿਲੀ ਵਾਰ ਕਨੇਡਾ ਆਉਣ ਤੋਂ ਲੈ ਕੇ 2019 ਤੱਕ ਦੀਆਂ 17 ਕਹਾਣੀਆਂ ਸ਼ਾਮਲ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਉਸਦੇ ਉਹ ਆਪਣੇ ਹਨ ਜਿਹੜੇ ਪੰਜਾਬ ਵਸਦੇ ਉਥੋਂ ਦੇ ਬਦਲਦੇ ਹਾਲਾਤਾਂ ਸੰਗ ਜੂਝਦੇ ਨਵੇਂ ਸਮਾਜਿਕ ਮੁੱਲ ਸਥਾਪਤ ਕਰ ਰਹੇ ਹਨ। ਉਹ ਸਾਰੇ ਲੋਕ ਜੋ ਪੰਜਾਬ ਤੋਂ ਹਿਜਰਤ ਕਰ ਬਾਹਰ ਆ ਵਸੇ ਹਨ ਅਤੇ ਇਥੋਂ ਦੇ ਮੂਲੋਂ ਹੀ ਬਦਲੇ ਹਾਲਾਤਾਂ ਸੰਗ ਜੂਝ ਰਹੇ ਹਨ। ਇਥੋਂ ਦੇ ਸੁੱਖ ਅਰਾਮ ਮਾਣਦੇ ਉਪਜੀਆਂ ਮਾਨਸਿਕ, ਸਮਾਜਿਕ ਤੇ ਆਰਥਿਕ ਉਲਝਣਾਂ ਹੰਢਾ ਰਹੇ ਹਨ ਜਾਂ ਸਮਰਥਾ ਅਨੁਸਾਰ ਸੁਲਝਾਉਣ ਦੇ ਆਹਰ ਵਿੱਚ ਹਨ।
ਰੇਡੀਓ ਰੈਡ ਐਫ ਐਮ ਤੋਂ ਰਿਸ਼ੀ ਨਾਗਰ ਅਤੇ ਪੰਜਾਬੀ ਅਖਬਾਰ ਦੇ ਸੰਪਾਦਕ ਹਰਬੰਸ ਬੁੱਟਰ ਜੀ ਇਸ ਸਮਾਗਮ ਵਿੱਚ ਉਚੇਚੇ ਸ਼ਾਮਲ ਹੋਏ।ਇਸ ਦੌਰਾਨ ਲੇਖਿਕਾ ਦੀ ਰਿਲੀਜ਼ ਕੀਤੀ ਕਿਤਾਬ ਦੇ ਨਾਲ ਉਸਦੀਆਂ ਦੂਸਰੀਆਂ ਕਿਤਾਬਾਂ ਵੀ ਰਖੀਆਂ ਗਈਆਂ ਸਨ। ਇਨ੍ਹਾਂ ਦੀ ਖਰੀਦਾਰੀ ਹਾਜ਼ਰੀਨ ਵਲੋਂ ਬੜੇ ਚਾਅ ਨਾਲ ਕੀਤੀ ਗਈ ਜੋ ਕਿ ਪੰਜਾਬੀ ਪ੍ਰੇਮੀਆਂ ਲਈ ਸਕੂਨ ਵਾਲੀ ਗੱਲ ਹੈ। ਉਪਰੰਤ ਪ੍ਰੋਸੇ ਗਏ ਚਾਹ ਪਾਣੀ ਦਾ ਸਭ ਨੇ ਆਨੰਦ ਮਾਣਿਆ।