ਮੇਪਲ ਪੰਜਾਬੀ ਮੀਡੀਆ- ਉੱਘੀ ਲੇਖਿਕਾ ਗੁਰਚਰਨ ਕੌਰ ਥਿੰਦ ਦਾ ਨਵਾਂ ਕਹਾਣੀ ਸੰਗ੍ਰਹਿ ‘ਕਨੇਡੀਅਨ ਕੂੰਜਾਂ’ 5 ਮਈ ਦਿਨ ਐਤਵਾਰ ਨੂੰ ਕੈਲਗਰੀ, ਕਨੇਡਾ ਦੇ ਜੈਨਸਿਸ ਸੈਂਟਰ ਦੇ ਕਮਰਾ ਨੰਬਰ 105 ਵਿਚ ਸਵੇਰ ਦੇ ਦਸ ਵਜੇ ਤੋਂ ਸਾਢੇ ਬਾਰਾਂ ਵਜੇ ਤੱਕ ਉਲੀਕੇ ਸਮਾਗਮ ਵਿਚ ਲੋਕ ਅਰਪਣ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਲੇਖਿਕਾ ਤਿੰਨ ਕਹਾਣੀ ਸੰਗ੍ਰਹਿ, ਤਿੰਨ ਨਾਵਲ ਅਤੇ ਇਕ ਨਿਬੰਧ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਹੈ। ਜਿੱਥੇ ਉਹਨਾਂ ਦਾ ਨਾਵਲ ‘ਜਗਦੇ ਬੁਝਦੇ ਜੁਗਨੂੰ’ ਵਿਚ ਉਹਨਾਂ ਨੇ ਪਰਵਾਸ ਵਿਚ ਪੰਜਾਬੀਆਂ ਦੇ ਟੁੱਟਦੇ-ਭੱਜਦੇ ਰਿਸ਼ਤਿਆਂ ਦੀ ਤਸਵੀਰ ਖਿੱਚੀ ਸੀ, ਉਸੇ ਤਰ੍ਹਾਂ ਉਹਨਾਂ ਦਾ ਇਹ ਕਹਾਣੀ ਸੰਗ੍ਰਹਿ ਵੀ ਜਨਮ ਭੂਮੀ ਤੋਂ ਲੈ ਕੇ ਵਿਦੇਸ਼ ਪਰਵਾਸ ਤੱਕ ਪੰਜਾਬੀ ਸਰੋਕਾਰਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ।ਇਸ ਵਿਚ ‘ਕਨੇਡੀਅਨ ਕੂੰਜਾਂ’ ਤੋਂ ਲੈ ਕੇ ‘ਵਜੂਦ ਦੀ ਤਲਾਸ’ ਤੱਕ ਕੁੱਲ 17 ਕਹਾਣੀਆਂ ਦਰਜ਼ ਹਨ। ਲੇਖਿਕਾ ਵੱਲੋਂ ਸਭ ਸਾਹਿਤਕ ਰਸੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦੀ ਬੇਨਤੀ ਹੈ।