ਹਰਚਰਨ ਪ੍ਰਹਾਰ ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ‘ਅਦਾਰਾ ਸਿੱਖ ਵਿਰਸਾ’ ਤੇ ‘ਅਦਾਰਾ ਸਰੋਕਾਰਾਂ ਦੀ ਆਵਾਜ’ ਦੇ ਸਹਿਯੋਗ ਨਾਲ ਜ਼ਲਿਆਂਵਾਲਾ ਬਾਗ ਕਾਂਡ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਇੱਕ ਪ੍ਰਭਾਵਾਸ਼ਾਲੀ ਸੈਮੀਨਾਰ ਕੋਸੋ ਹਾਲ ਵਿੱਚ ਕਰਵਾਇਆ ਗਿਆ।ਸਮਾਗਮ ਦਾ ਮੰਚ ਸੰਚਾਲਨ ਮਾਸਟਰ ਭਜਨ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਿੱਖ ਵਿਰਸਾ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਵਲੋਂ 100 ਸਾਲ ਪਹਿਲਾਂ 13 ਅਪਰੈਲ, 1919 ਨੂੰ ਅੰਮ੍ਰਿਤਸਰ ਵਿੱਚ ਹੋਏ ਜ਼ਲਿਆਂਵਾਲਾ ਬਾਗ ਕਤਲੇਆਮ ਦੇ ਹਲਾਤਾਂ ਨੂੰ ਅੱਜ ਦੇ ਸੰਦਰਭ ਵਿੱਚ ਪੇਸ਼ ਕਰਦੇ ਹੋਏ ਕਿਹਾ ਕਿ ਬਸਤੀਵਾਦੀ ਹਾਕਮਾਂ ਵਿਰੁੱਧ ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਕੁਚਲਣ ਲਈ ਬਣਾਏ ‘ਰੌਲ਼ਟ ਐਕਟ’ ਦਾ ਵਿਰੋਧ ਕਰ ਰਹੇ ਸ਼ਾਂਤਮਈ ਲੋਕਾਂ ਤੇ ਹਮਲਾ ਕਰਕੇ ਸੈਂਕੜੇ ਲੋਕਾਂ ਦਾ ਕਤਲੇਆਮ ਕਰਨ ਵਾਲੇ ਹਕਾਮਾਂ ਤੇ ਅੱਜ ਦੇ ਹਾਕਮਾਂ ਵਿੱਚ ਕੋਈ ਬਹੁਤਾ ਫਰਕ ਨਹੀਂ। ਇਸ ਕਤਲੇਆਮ ਦੇ 100 ਸਾਲ ਬਾਅਦ ਅੱਜ ਦੇ ਹਾਕਮਾਂ ਨੇ ‘ਰੌਲਟ ਐਕਟ’ ਤੋਂ ਕਈ ਗੁਣਾਂ ਵੱਧ ਖਤਰਨਾਕ ‘ਐਨ ਐਸ ਏ’, ‘ਟਾਡਾ’, ‘ਪੋਟਾ’, ਔਆਪਾ’ ਵਰਗੇ ਕਨੂੰਨ ਬਣਾਏ ਹੋਏ, ਜਿਨ੍ਹਾਂ ਨਾਲ ਲੋਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਬਿਨਾਂ ਕਿਸੇ ਦਲੀਲ, ਵਕੀਲ, ਅਪੀਲ ਦੇ ਜ਼ੇਲ੍ਹਾਂ ਵਿੱਚ ਸੁੱਟਿਆ ਜਾਂਦਾ ਹੈ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਰੇਡੀਉ ਰੈਡ ਐਫ ਐਮ ਦੇ ਨਿਊਜ ਹੋਸਟ ਰਮਨਜੀਤ ਸਿੱਧੂ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਤਕਰੀਰ ਦਿੱਤੀ। ਉਨ੍ਹਾਂ ਜਿਥੇ ਉਸ ਵਕਤ ਦੇ ਬਸਤਵਾਦੀ ਹਾਕਮਾਂ ਤੇ ਅੱਜ ਦੇ ਦੇਸੀ ਹਾਕਮਾਂ ਦੀ ਤੁਲਨਾ ਕਰਦੇ ਹੋਏ ਕਿਹਾ ਗਿਆ ਕਿ ਹਾਕਮ ਤਾਂ ਹਾਕਮ ਹਨ, ਇਨ੍ਹਾਂ ਦੀਆਂ ਸ਼ਕਲਾਂ, ਨਸਲਾਂ, ਧਰਮ, ਕੌਮ ਆਦਿ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਉਸ ਸਮੇਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਯੋਧਿਆਂ ਦੀ ਗੱਲ ਕਰਦੇ ਹੋਏ ਲੋਕਾਂ ਲਈ ਸਵਾਲ ਖੜਾ ਕੀਤਾ ਕਿ ਅੱਜ ਅਸੀਂ ਉਨ੍ਹਾਂ ਦੇ ਮੁਕਾਬਲੇ ਕਿਥੇ ਖੜ੍ਹੇ ਹਾਂ? ਜਦੋਂ ਕਿ ਹਾਲਾਤ ਅੱਜ ਵੀ 100 ਸਾਲ ਪਹਿਲਾਂ ਨਾਲੋਂ ਕੋਈ ਜ਼ਿਆਦਾ ਵਧੀਆ ਨਹੀਂ ਹਨ। ਉਨ੍ਹਾਂ ਇਹ ਮੁੱਦਾ ਵੀ ਉਠਾਇਆ ਕਿ ਸਾਨੂੰ ਇਤਿਹਾਸ ਦਾ ਮੁਲਾਂਕਣ ਕਰਨ ਲਈ ਆਵਾਜ ਉਠਾਉਣੀ ਚਾਹੀਦੀ ਹੈ ਕਿ ਇਤਿਹਾਸ ਵਿੱਚ ਕੌਣ ਕਿਥੇ ਖੜਾ ਸੀ? ਤਾਂ ਕਿ ਅੱਜ ਦੀ ਜਨਰੇਸ਼ਨ ਨੂੰ ਹਾਕਮਾਂ ਦਾ ਰੋਲ ਸਹੀ ਸੰਧਰਭ ਵਿੱਚ ਪਤਾ ਲੱਗੇ? ਇਸ ਮੌਕੇ ਤੇ ਥੀਏਟਰ ਕਲਾਕਾਰ ਅਤੇ ਉਘੇ ਪੰਜਾਬੀ ਫਿਲਮੀ ਐਕਟਰ ਮਲਕੀਤ ਰੌਲ਼ੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਗਿਆ ਕਿ ਅੱਜ ਅਸੀਂ ਸਭ ਪੰਜਾਬੀ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਾਂ, ਪਰ ਸਾਨੂੰ ਉਨ੍ਹਾਂ ਗਦਰੀ ਬਾਬਿਆਂ, ਕਰਤਾਰ ਸਿੰਘ ਸਰਾਭਾ ਵਰਗੇ ਯੋਧਿਆਂ ਦਾ ਇਤਿਹਾਸ ਨਹੀਂ ਪਤਾ ਕਿ ਕਿਵੇਂ ਉਹ 100 ਸਾਲ ਪਹਿਲਾਂ ਇਨ੍ਹਾਂ ਦੇਸ਼ਾਂ ਤੋਂ ਜਾ ਕੇ ਆਪਣੇ ਦੇਸ਼ ਲਈ ਕੁਰਬਾਨੀਆਂ ਕਰ ਰਹੇ ਸਨ। ਤਕਰੀਬਨ ਤਿੰਨ ਘੰਟੇ ਚੱਲੇ ਇਸ ਸੈਮੀਨਾਰ ਵਿੱਚ ਸੋਸ਼ਲ ਵਰਕਰ ਸਿਲਵੀਆ, ਲੇਖਕ ਰਾਜਵੰਤ ਕੌਰ ਮਾਨ, ਕਮਲਪ੍ਰੀਤ ਪੰਧੇਰ, ਲੇਖਕ ਗੁਰਚਰਨ ਕੌਰ ਥਿੰਦ, ਸੁੱਖਵਿੰਦਰ ਬਰਾੜ, ਕਾਮਰੇਡ ਨਿਰਮਲ ਸਿੰਘ ਨੇ ਆਪਣੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਹਰੀਪਲ, ਪਰਮਿੰਦਰ ਰਮਨ, ਸੁੱਖਵਿੰਦਰ ਤੂਰ, ਗੁਰਚਰਨ ਕੌਰ ਥਿੰਦ ਨੇ ਆਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਸੈਮੀਨਾਰ ਦੌਰਾਨ ਪ੍ਰੌਗਰੈਵਿਸ ਕਲਚਰਲ ਐਸੋਸੀਏਸ਼ਨ ਵਲੋਂ ਜ਼ਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਕੈਲੰਡਰ ਵੀ ਜਾਰੀ ਕੀਤਾ ਗਿਆ ਅਤੇ ਸ਼ਹੀਦ ਊਧਮ ਸਿੰਘ ਦੀ ਜੀਵਨੀ ਅਧਾਰਿਤ ਨਵਤੇਜ ਸਿੰਘ ਦੀ ਲਿਖੀ ਪੁਸਤਕ ‘ਸ਼ਹੀਦ ਊਧਮ ਸਿੰਘ ਜੀਵਨ-ਗਾਥਾ’ ਪ੍ਰਮੁੱਖ ਬੁਲਾਰਿਆਂ ਰਮਨਜੀਤ ਸਿੱਧੂ, ਹਰਚਰਨ ਪ੍ਰਹਾਰ, ਮਲਕੀਤ ਰੌਲ਼ੀ ਨੂੰ ਭੇਟ ਕੀਤੀ ਗਈ। ਮਾਸਟਰ ਭਜਨ ਸਿੰਘ ਨੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਤੇ ਆਦਾਰਾ ਸਿੱਖ ਵਿਰਸਾ ਵਲੋਂ ਲੱਚਰ ਗਾਇਕੀ ਤੇ ਜੋਤਸ਼ੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ।