ਪੰਜਾਬੀ ਲਿਖਾਰੀ ਸਭਾ ਨੇ ਮਾਂ ਬੋਲੀ ਦੀ ਸੇਵਾ ਦੇ 20ਸਾਲ ਪੂਰੇ ਕੀਤੇ।
ਜੋਰਾਵਰ ਬਾਂਸਲ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਜੋਰਦਾਰ ਸਰਦੀ ਦੇ ਬਾਵਜੂਦ ਦਰਸ਼ਕਾਂ ਦੀ ਭਰਪੂਰ ਹਾਜ਼ਰੀ ਵਿੱਚ ਬਾਅਦ ਦੁਪਿਹਰ ਦੋ ਵਜੇ ਕੋਸੋ ਦੇ ਹਾਲ ਵਿੱਚ ਸ਼ੁਰੂ ਹੋਈ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਬਲਜਿੰਦਰ ਸੰਘਾ, ਸਰਬਜੀਤ ਕੌਰ ਉਪਲ, ਤੇ ਮੰਗਲ ਚੱਠਾ ਨੂੰ ਸੱਦਾ ਦਿੱਤਾ। ਸ਼ੋਕ ਸਮਾਚਾਰ ਸਾਂਝੇ ਕਰਦਿਆ ਉਹਨਾਂ ਕ੍ਰਿਸ਼ਨਾ ਸੋਬਤੀ(ਅਣਗਿਣਤ ਕਿਤਾਬਾਂ ਲਈ ਸਾਹਿਤ ਅਕੈਡਮੀ ਪੁਰਸਕਾਰ ਸਮੇਤ ਹੋਰ ਕਈ ਸਨਮਾਨ ਹਾਸਿਲ ਕੀਤੇ) ਦਾ ਜਿਕਰ ਕੀਤਾ ਤੇ ਚਮਨ ਲਾਲ ਚਮਨ ਤੇ ਗੁਲਸ਼ਨ ਖੰਨਾ ਦੇ ਸਦੀਵੀ ਵਿਛੋੜੇ ਤੇ ਦੁੱਖ ਸਾਂਝਾ ਕੀਤਾ। ਪੁਲਵਾਮਾ ਵਿੱਚ ਸ਼ਹੀਦ ਫੌਜੀ ਵੀਰਾਂ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਭਾਵੁਕ ਸ਼ਬਦਾਂ ਨਾਲ ਉਹਨਾਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਦਾ ਸਭਾ ਵਲੋਂ ਪ੍ਰਗਟਾਵਾ ਕੀਤਾ ਗਿਆ। ਮਹਿੰਦਰ ਪਾਲ ਐਸ ਪਾਲ ਨੇ ਚਮਨ ਲਾਲ ਚਮਨ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਉਹਨਾਂ ਨਾਲ ਬਿਤਾਏ ਪਲਾਂ ਦਾ ਜ਼ਿਕਰ ਕੀਤਾ ਤੇ ਆਪਣੀ ਇੱਕ ਗਜ਼ਲ ਸਾਂਝੀ ਕੀਤੀ। ਅੱਜ ਦੀ ਇੱਕਤਰਤਾ ਮਾਂ-ਬੋਲੀ ਨੂੰ ਸਮਰਪਿਤ ਰਹੀ। ਅੰਤਰਰਾਸ਼ਟਰੀ ਭਾਸ਼ਾ ਦਿਨ ਬੰਗਲਾ ਦੇਸ਼ ਢਾਕਾ ਤੋਂ ਸ਼ੁਰੂ ਹੋ ਕੇ ਸੰਨ 2000 ਤੋਂ ਸੰਸਾਰ ਪੱਧਰ ਤੇ ਮਨਾਇਆ ਜਾ ਰਿਹਾ ਹੈ। ਹਰੀਪਾਲ ਨੇ ਇਸੇ ਸੰਬੰਧ ਵਿੱਚ ‘ਪੰਜਾਬੀ ਬੋਲੀ ਦਾ ਭਵਿੱਖ ਤੇ ਦਰਪੇਸ਼ ਮੁਸ਼ਕਲਾਂ’ ਲੇਖ ਰਾਹੀ ਭਾਸ਼ਾ ਬਾਰੇ ਬਹੁਤ ਖਾਸ ਤੇ ਜਾਣਕਾਰੀ ਭਰਪੂਰ ਤੱਥ ਪੇਸ਼ ਕੀਤੇ। ਬਲਬੀਰ ਗੋਰਾ ਨੇ ਆਪਣੀ ਪੰਜਾਬ ਫੇਰੀ ਦੀ ਜਾਣਕਾਰੀ ਦਿਤੱੀ ਤੇ ਉੱਥੋ ਦੇ ਮਾਹੌਲ ਬਾਰੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਇੱਕ ਗੀਤ ਨਾਲ ਸਾਂਝ ਪਾਈ। ਪ੍ਰਧਾਨ ਬਲਜਿੰਦਰ ਸੰਘਾ ਨੇ ਸਭਾ ਦੇ ਵੀਹ ਸਾਲਾਂ ਦੇ ਸਫਰ ਤੇ ਗਤੀਵਿਧੀਆ ਬਾਰੇ ਜ਼ਿਕਰ ਕਰਦਿਆ ਕਿਹਾ ਕਿ ਪੂਰੇ ਨੌਰਥ ਅਮਰੀਕਾ ਵਿੱਚ ਪੰਜਾਬੀ ਲਿਖਾਰੀ ਸਭਾ ਪਹਿਲੇ ਨੰਬਰ ਦੇ ਗਿਣੀ ਜਾ ਰਹੀ ਹੈ। ਸਾਲ ਦੀਆਂ ਦਸ ਮੀਟਿੰਗਾਂ ਤੇ ਦੋ ਸਾਲਾਨਾ ਸਮਾਗਮ ਜਿੰਨ੍ਹਾ ਵਿੱਚ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾਦਾਂ ਹੈ ਤੇ ਸਮੇਂ ਸਮੇ ਤੇ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਤੇ ਹੋਰ ਉਸਾਰੂ ਉਪਰਾਲੇ ਵੀ ਕੀਤੇ ਜਾਂਦੇ ਹਨ।ਸਭਾ ਦੀ ਕਾਰਜਕਾਰੀ ਕਮੇਟੀ ਹਰ ਦੋ ਸਾਲ ਬਾਅਦ ਨਵੇਂ ਅਹੁਦੇਦਾਰਾ ਨਾਲ ਚੁਣੀ ਜਾਂਦੀ ਹੈ। ਇਸ ਤੋਂ ਅੱਗੇ ਜਿਕਰ ਕਰਦਿਆ ਉਹਨਾਂ ਕਿਹਾ, ‘ਅਗਲੇ ਮਹੀਨੇ 23 ਮਾਰਚ ਦਿਨ ਸ਼ਨੀਵਾਰ ਨੂੰ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਅੱਠਵਾਂ ਸਮਾਗਮ ਜਿਸ ਵਿੱਚ 2 ਤੋਂ 10 ਗਰੇਡ ਦੇ ਬੱਚੇ ਭਾਗ ਲੈਣਗੇ। ਇੱਕ ਤੋਂ ਚਾਰ ਵਜੇ ਤੱਕ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਸਮਾਗਮ ਲਈ ਬੱਚਿਆਂ ਦੇ ਨਾਮ ਦਰਜ ਕਰਵਾਉਣ ਲਈ ਦਾਖਲੇ ਸ਼ੁਰੂ ਹਨ। ਪ੍ਰੋਗਰਾਮ ਵਿੱਚ ਦੋ ਬੱਚਿਆ ਦਾ ਸਨਮਾਨ ਤੇ ਇੱਕ ਬਾਲ ਲੇਖਕਾਂ ਦੀ ਕਿਤਾਬ ਰਿਲੀਜ਼ ਕੀਤੀ ਜਾਵੇਗੀ’। ਇਸ ਮੌਕੇ ਸਭਾ ਦੇ ਵੀਹ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ।ਦਵਿੰਦਰ ਮਲਹਾਂਸ ਨੇ ਪੰਜਾਬੀ ਦੇ ਇਤਿਹਾਸ, ਵਰਤਮਾਨ ਤੇ ਭਵਿੱਖ ਬਾਰੇ ਸਿਖਿੱਆ ਭਰਪੂਰ ਲੇਖ ਪੜ੍ਹਿਆ। ਨਛੱਤਰ ਸਿੰਘ ਪੁਰਬਾ ਨੇ ਲੇਖ ‘ਸਰਕਾਰ’ ਵਿੱਚ ਸਰਕਾਰਾਂ ਦਾ ਇਤਿਹਾਸ ਕਦੋਂ ਤੇ ਕਿਵੇਂ ਸ਼ੁਰੂ ਹੋਇਆ ਤੇ ਵਰਤਮਾਨ ਸਰਕਾਰ ਦੀਆਂ ਨੀਤੀਆਂ ਦੀ ਗੱਲ ਕੀਤੀ। ਕਵਿਤਾਵਾਂ ਦੇ ਦੌਰ ਵਿੱਚ ਰਣਜੀਤ ਸਿੰਘ ਨੇ ਪਰਮਿੰਦਰ ਰਮਨ ਦੀ ਪੰਜਾਬੀ ਮਾਂ-ਬੋਲੀ ਬਾਰੇ ਕਵਿਤਾ , ਗੁਰਦੀਸ਼ ਕੌਰ ਗਰੇਵਾਲ ਨੇ ਮਾਂ-ਬੋਲੀ ਤੇ ਬੋਲੀਆ ਸੁਣਾਈਆਂ, ਮੰਗਲ ਚੱਠਾ ਨੇ ਵਿਅੰਗਮਈ ਕਵਿਤਾ, ਹਰਮਿੰਦਰ ਕੌਰ ਚੁੱਘ ਨੇ ਕਸ਼ਮੀਰ ਬਾਰੇ, ਸਰਬਜੀਤ ਕੌਰ ਉੱਪਲ ਨੇ ਪੰਜਾਬੀ ਬਾਰੇ ਕਵਿਤਾ, ਸੁਖਵਿੰਦਰ ਸਿੰਘ ਤੂਰ ਨੇ ਸਰਿੰਦਰ ਗੀਤ ਦਾ ਲਿਖਿਆ ਗੀਤ ‘ਅਸੀਂ ਪੰਜਾਬੀ’ ਸਤਵਿੰਦਰ ਸਿੰਘ(ਜੱਗ ਪੰਜਾਬੀ ਟੀ ਵੀ)ਨੇ ‘ਸਰਕਾਰ ਬਦਲ ਗਈ’ ਖੂਬਸੂਰਤ ਕਵਿਤਾ ਸੁਣਾਈ । ਗੁਰਚਰਨ ਸਿੰਘ ਹੇਅਰ , ਹਰਕੀਰਤ ਧਾਲੀਵਾਲ, ਲਖਵਿੰਦਰ ਸਿੰਘ ਜੌਹਲ, ਗੁਰਲਾਲ ਰੂਪਾਲੋ ਨੇ ਵੀ ਪੰਜਾਬੀ ਨਾਲ ਸੰਬੰਧਿਤ ਆਪਣੀਆਂ ਖੂਬਸੂਰਤ ਕਵਿਤਾਵਾਂ ਨਾਲ ਸਟੇਜ ਤੋਂ ਹਾਜ਼ਰੀ ਲਵਾਈ।ਇਸ ਮੌਕੇ ਸਰਵਣ ਸਿੰਘ ਤੇ ਸੁਰਿੰਦਰ ਕੌਰ ਵੀ ਹਾਜ਼ਿਰ ਸਨ। ਕਰਨਵੀਰ ਸਿੰਘ ਨੇ ਅਖੀਰ ਵਿੱਚ ਬਹੁਤ ਹੀ ਖੂਬਸੂਰਤ ਗੀਤ ਸੁਣਾਇਆ।। ਜਿਸ ਉਪਰੰਤ ਪ੍ਰਧਾਨ ਬਲਜਿੰਦਰ ਸੰਘਾ ਨੇ ਇਸ ਕੜਾਕੇ ਦੀ ਸਰਦੀ ਵਿੱਚ ਸਾਹਿਤ ਪ੍ਰੇਮੀਆ ਦਾ ਸਭਾ ਦੀ ਅੱਜ ਦੀ ਮੀਟਿੰਗ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਤੇ ਅਗਲੀ ਮਿਲਣੀ ਜੋ ਕੋਸੋ ਦੇ ਹਾਲ ਵਿੱਚ ਨਹੀਂ ਸਗੋਂ 23 ਮਾਰਚ ਦਿਨ ਸ਼ਨੀਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਇੱਕ ਵਜੇ ਤੋਂ ਚਾਰ ਵਜੇ ਤੱਕ ਹੋਏਗੀ ਵਿੱਚ ਪਹੁੰਚਣ ਲਈ ਸੱਦਾ ਦਿੱਤਾ। ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਅਤੇ ਬੱਚਿਆਂ ਦੇ ਨਾਮ ਦਰਜ ਕਰਾਉਣ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸੰਪਰਕ ਕੀਤਾ ਜਾ ਸਕਦਾ ਹੈ।