‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਅੱਠਵਾਂ ਸਮਾਗਮ 23 ਮਾਰਚ 2019 ਨੂੰ ਕਰਵਾਉਣ ਲਈ ਸਭਾ ਵਲੋਂ ਐਲਾਨ
ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਸ ਸਾਲ ਦੀ ਆਖਰੀ ਮੀਟਿੰਗ ਸ਼ੁਰੂ ਕਰਦਿਆ ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਸਿਮਰ ਚੀਮਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਐਸ ਪਾਲ ਅਤੇ ਸਰੂਪ ਸਿੰਘ ਮੰਡੇਰ ਨੂੰ ਹਾਜ਼ਰੀਨ ਦੀਆਂ ਭਰਪੂਰ ਤਾੜ੍ਹੀਆਂ ਵਿੱਚ ਸੱਦਾ ਦਿੱਤਾ। ਇਸ ਮਹੀਨੇ ਦੀਆਂ ਗਤੀਵਿਧੀਆਂ ਦੀ ਸਾਂਝ ਨਾਲ ਸ਼ੌਕ ਸਮਾਚਾਰ ਸਾਂਝਾਂ ਕਰਦਿਆ ਉਹਨਾ ਦੱਸਿਆ ਕਿ ਪਾਕਿਸਤਾਨ ਦੀ ਮਸ਼ਹੂਰ ਲੇਖਿਕਾ ਫੈਹਿਮੀਦਾ ਰਿਆਜ਼ ਜਿੰਨ੍ਹਾਂ ਪੰਦਰਾਂ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਉਹ ਸਦੀਵੀ ਵਿਛੋੜਾ ਦੇ ਗਏ ।ਸਭਾ ਵਲੋਂ ਉਹਨਾਂ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪ੍ਰਧਾਨ ਬਲਜਿੰਦਰ ਸੰਘਾ ਨੇ ਬਹੁਤ ਹੀ ਖਾਸ ਮਾਣਮੱਤੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸਭਾ ਵਲੋਂ 2012 ਵਿੱਚ ਸ਼ੁਰੂ ਕੀਤੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਦਾ ਅੱਠਵਾਂ ਸਮਾਗਮ 23 ਮਾਰਚ 2019 ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਦਿਨ ਸ਼ਨੀਵਾਰ 1 ਤੋਂ 4 ਵਜੇ ਤੱਕ ਹੋਏਗਾ। ਇਸ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਸਾਂਝੀ ਕੀਤੀ ਜਾਵੇਗੀ।ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਸਹਿਯੋਗ ਦੀ ਅਪੀਲ ਕੀਤੀ। ਸਭਾ ਦੇ ਸਾਬਕਾ ਪ੍ਰਧਾਨ ਮਹਿੰਦਰ ਐਸ ਪਾਲ ਜੋ ਪੰਜਾਬੀ ਲੇਖਕਾਂ ਤੇ ਸਾਹਿਤ ਜਗਤ ਵਿੱਚ ਜਾਣਿਆਂ ਪਛਾਣਿਆਂ ਨਾਮ ਹੈ, ਉਹਨਾਂ ਦੀ ਇੰਗਲੈਂਡ ਵਸਨੀਕ ਭੈਣ ਮਨਜੀਤ ਕੌਰ ਪੱਡਾ ਦਾ ਪਲੇਠਾ ਕਵਿ ਸੰਗ੍ਰਹਿ ‘ਸੰਦਲੀ ਮਹਿਕ’ ਮੌਕੇ ਜਿੱਥੋ ਉਹਨਾਂ ਸਟੇਜ ਤੋਂ ਆਪਣੇ ਪਰਿਵਾਰ ਦੇ ਸਹਿਤਕ ਮਾਹੌਲ ਦੀ ਗੱਲ ਕੀਤੀ ਉਥੇ ਹੀ ਇਸ ਕਿਤਾਬ ਉੱਤੇ ਸਾਥੀ ਲੁਧਿਆਣਵੀ( ਪ੍ਰਧਾਨ ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ)ਤੇ ਕੁਲਵੰਤ ਕੌਰ ਵਲੋਂ ਲਿਖਿਆ ਪਰਚਾ ਪੜ੍ਹਿਆ। ਸਾਰੇ ਬੁਲਾਰਿਆ ਆਪਣੀ ਸਟੇਜ ਹਾਜ਼ਰੀ ਸਮੇਂ ਮਹਿੰਦਰ ਪਾਲ ਤੇ ‘ਸੰਦਲੀ ਮਹਿਕ’ ਦੀ ਲੇਖਿਕਾ ਨੂੰ ਵਧਾਈ ਦਿੱਤੀ। ਸਭਾਂ ਦੀ ਕਾਰਜਕਾਰੀ ਕਮੇਟੀ ਤੇ ਲੇਖਿਕਾਂ ਦੇ ਪਰਿਵਾਰਿਕ ਮੈਂਬਰਾਂ ਵਲੋਂ ‘ਸੰਦਲੀ ਮਹਿਕ’ ਲੋਕ ਅਰਪਣ ਕੀਤੀ ਗਈ। ਸਾਬਕਾ ਪ੍ਰਧਾਨ ਹਰੀਪਾਲ ਨੇ ਪਿਛਲੇ ਦਿਨੀਂ ਰਿਲੀਜ਼ ਹੋਏ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਦੇ ਤੀਸਰੇ ਕਹਾਣੀ ਸੰਗ੍ਰਹਿ ‘ਜਿਊਣਾ ਸੱਚ ਬਾਕੀ ਝੂਠ’ ਪ੍ਰਥਮ ਕਹਾਣੀ ‘ਝ ਖਾਲੀ ਨਹੀਂ ਹੁੰਦਾ’ ਤੇ ਪਰਚਾ ਪੜ੍ਹਿਆ, ਕਹਾਣੀ ਜਿੱਥੇ ਸਰਕਾਰੀ ਤੇ ਪ੍ਰਾਈਵੇਟ ਸਕੁਲਾਂ ਦੇ ਪਾੜ੍ਹੇ ਦੀ ਗੱਲ ਦੇ ਨਾਲ ਨਾਲ ਅਸਲੀ ਹੱਕਦਾਰ ਅਧਿਆਪਕਾ ਦੇ ਸ਼ੋਸ਼ਣ ਤੇ ਕੋਟੇ ਵਿੱਚ ਭਰਤੀ ਟੀਚਰਾਂ ਵਲੋਂ ਕੀਤੇ ਧੱਕੇ ਦੀ ਗੱਲ ਕਰਦੀ ਹੈ ਉਥੇ ਹੀ ਹਰੀਪਾਲ ਨੇ ਕਹਾਣੀ ਦੇ ਕਿਰਦਾਰਾਂ ਤੇ ਸਿਸਟਮ ਵਿੱਚ ਪਿਸੱਦੇ ਲੋਖਾਂ ਦੀ ਵੀ ਗੱਲ ਕੀਤੀ। ਇਹ ਪਰਚਾ ਇਸ ਕਹਾਣੀ ਦਾ ਵਿਸਥਾਰ ਕਰਦਿਆ ਸਮਾਜਿਕ ਤੇ ਆਰਥਿਕ ਤਾਣੇ ਬਾਣੇ ਤੇ ਕਰਾਰੀ ਚੋਟ ਕਰ ਗਿਆ।ਰਚਨਾਵਾਂ ਦੇ ਦੌਰ ਵਿੱਚ ਸਭਾ ਦੇ ਖਜਾਨਚੀ ਮੰਗਲ ਚੱਠਾ ਨੇ ‘ਉਹ ਦੱਸ ਕਿੱਥੇ ਮਰਦੇ ਨੇ’, ਜਾਂਬਾਜ਼ ਯੋਧਿਆਂ ਬਾਰੇ ਜੋਸ਼ੀਲਾ ਗੀਤ ਤੇ ਪੰਚਾਇਤੀ ਚੋਣਾਂ ਉੱਤੇ ਵਿਅੰਗਮਈ ਕਵਿਤਾ ‘ਸਰਪੰਚੀ’ ਪੇਸ਼ ਕੀਤੀ।ਲਖਵਿੰਦਰ ਜੌਹਲ ਨੇ ਭਾਵੁਕ ਕਵਿਤਾ ‘ਮਾਂ’, ਜਸਵੰਤ ਸਿੰਘ ਸੇਖੋਂ ਨੇ ਧਾਰਮਿਕ ਕਲੀ ‘ਬਾਬਾ ਅਜੀਤ ਸਿੰਘ’ ਤੇ ਆਪਣੀ ਦੂਸਰੀ ਸਟੇਜ ਹਾਜਰੀ ਵਿੱਚ ‘ਗੈਰਤ ਦੀ ਜਿੰਦਗੀ’ ਤੇ ਸਰੂਪ ਸਿੰਘ ਮੰਡੇਰ ਦੀ ਜੁਗਲਬੰਦੀ ਨਾਲ ਜੋਸ਼ੀਲੀ ਕਵੀਸ਼ਰੀ ‘ਜਿੰਦਾਂ ਨਿੱਕੀਆ ਨੇ ਕੀਤੇ ਵੱਡੇ ਸਾਕੇ’ ਬੁਲੰਦ ਅਵਾਜ ਵਿੱਚ ਪੇਸ਼ ਕੀਤੀ। ਹਰਨੇਕ ਬੱਧਣੀ ਨੇ ‘ ਮੈਂ ਗੀਤਾਂ ਦਾ ਵਣਜਾਰਾ’, ਸੁਰਿੰਦਰ ਗੀਤ ਨੇ ਖੂਬਸੂਰਤ ਕਵਿਤਾ ‘ਹਨੇਰਾ ਘੂਰਦਾ ਮੈਨੂੰ’, ਸ਼ਿਵ ਕੁਮਾਰ ਸ਼ਰਮਾਂ ਨੇ ਦੋ ਚੁਟਕਲਿਆ ਨਾਲ ਹਾਸਰਸ ਕਵਿਤਾ ‘ ਕਰਦੇ ਗੱਲਾਂ ਮੁਰਗਾ ਤੇ ਬੱਕਰਾ’ ਸੁਣਾ ਕੇ ਮਹੌਲ ਖੁਸ਼ਗਵਾਰ ਕੀਤਾ। ਜਸ ਚਾਹਲ( ਕਲਸਾ ਪ੍ਰਧਾਨ) ਨੇ ਕੁਝ ਸ਼ੇਅਰ ਪੇਸ਼ ਕੀਤੇ। ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਬਹੁਤੇ ਬੁਲਾਰਿਆ ਨੇ ਧਾਰਮਿਕ ਰਚਨਾਵਾਂ ਨਾਲ ਹਾਜ਼ਰੀ ਲਵਾਈ ਜਿੰਨ੍ਹਾਂ ਵਿੱਚ ਸੇਵਾ ਸਿੰਘ ਨੇ ਗੁਰਬਾਣੀ ਸ਼ਬਦ ‘ਪੀ੍ਰਤਮ ਜਾਣ ਲੀਓ’, ਸੁਖਵਿੰਦਰ ਸਿੰਘ ਤੂਰ ਨੇ ‘ਜੇ ਚੱਲੇ ਹੋ ਸਰਹੰਦ ਨੂੰ’, ਜੱਗ ਪੰਜਾਬੀ ਟੀ ਵੀ ਦੇ ਸਰਪ੍ਰਸਤ ਸਤਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਦੇਸ ਪ੍ਰਦੇਸ ਦੀ ਜਿੰਦਗੀ ਨਾਲ ਸਬੰਧਿਤ ਕਵਿਤਾ ‘ਮੈਂ ਤਾਂ ਬੱਸ ਵੰਡਿਆ ਪਿਆ ਹਾਂ’ ਸੁਣਾਈ। ਦਵਿੰਦਰ ਮਲਹਾਂਸ ਨੇ ਜਫ਼ਰ ਸਾਹਿਬ ਦੀ ਕਵਿਤਾ ‘ਸ਼ਹੀਦੀ’ , ਜਸਵੀਰ ਸਹੋਤਾ ਨੇ ਪੰਜਾਬ ਦੀ ਸਿਆਸਤ ਉੱਤੇ ‘ਪੰਜਾਬ ਪਿਆਰਾ ਗਿਰਵੀ ਕੀਤਾ’ , ਬਲਵੀਰ ਗੋਰਾ ਨੇ ਮੁੱਦੇ ਦੀ ਗੱਲ ‘ਖੁੱਲ ਗਿਆ ਕਰਤਾਰਪੁਰ ਦਾ ਲਾਂਘਾ’ ਬਹੁਤ ਖੂਬਸੂਰਤ ਗੀਤ ਸੁਰ ਵਿੱਚ ਸੁਣਾਇਆ ਜੋ ਸਿੱਖਿਆ ਸੁਨੇਹੇ ਦੇ ਨਾਲ ਸਵਾਲ ਵੀ ਖੜ੍ਹੇ ਕਰ ਗਿਆਤੇ ਨਾਲ ਹੀ ਉਹਨਾਂ ‘ਬੱਚੇ ਘਰਾਂ ਦੀਆਂ ਰੌਣਕਾਂ’ ਗੀਤ ਸੁਣਾਇਆ।ਜਨਰਲ ਸਕੱਤਰ ਰਣਜੀਤ ਸਿੰਘ ਨੇ ਨਵੇਂ ਸਾਲ ਨੂੰ ਮੁੱਖ ਰੱਖਦਿਆ ਜਗਤਾਰ ਜੀ ਦੀ ਕਵਿਤਾ ਨਾਲ ਹਾਜ਼ਰੀ ਲਵਾਈ। ਇਸ ਮੌਕੇ ਰਾਜਵਿੰਦਰ ਸਿੰਘ , ਜੋਰਾਵਰ ਬਾਂਸਲ, ਸਰਬਜੀਤ ਕੌਰ ਪਾਲ,ਰਜਿੰਦਰ ਸਿੰਘ ਗਿੱਲ, ਪ੍ਰਿਤਪਾਲ ਸਿੰਘ ਪਾਲ, ਮਨਜਿੰਦਰ ਸਿੰਘ ਚੱਠਾ, ਨਛੱਤਰ ਪੁਰਬਾ,ਸੁਰਿੰਦਰ ਚੀਮਾ, ਸੁਖਦਰਸ਼ਨ ਸਿੰਘ ਜੱਸਲ, ਫਤਿਹ ਸਿੰਘ ਤੇ ਜਸਵੰਤ ਸਿੰਘ ਹਾਜ਼ਰ ਸਨ।ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦੇ ਨਾਲ ਸੰਨ 2019 ਦੀ ਪਹਿਲੀ ਮੀਟਿੰਗ 20 ਜਨਵਰੀ ਨੂੰ ਕੋਸੋਦੇ ਹਾਲ ਵਿੱਚ ਬਾਅਦ ਦੁਪਿਹਰ ਦੋ ਵਜੇ ਪਹੁੰਚਣ ਲਈ ਸਭ ਨੂੰ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।