ਪੰਜਾਬੀ ਸਾਹਿਤ ਸਭਾ ਦੀ ਨਵੰਬਰ ਮਹੀਨੇ ਦੀ ਇਕੱਤਰਤਾ ਗਿਆਰਾਂ ਨਵੰਬਰ ਦਿਨ ਐਤਵਾਰ ਬਾਦ ਦੁਪਹਿਰ ਦੋ ਵਜੇ ਕੋਸੋ ਹਾਲ ਵਿਚ ਸੁਰਿੰਦਰ ਗੀਤ , ਲਿਖਾਰੀ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਅਤੇ ਭਾਰਤ ਤੋਂ ਆਏ ਵਿਸ਼ੇਸ਼ ਮਹਿਮਾਨ ਸ੍ਰੀ ਰਾਜਿੰਦਰ ਪੁੰਜ਼ ਦੀ ਅਗਵਾਈ ਵਿੱਚ ਹੋਈ । ਮੌਸਮ ਦੀ ਖਰਾਬੀ ਕਾਰਣ ਘੱਟ ਹਾਜਰੀ ਦੇ ਬਾਵਜੂਦ ਵੀ ਬੜੇ ਭਖਵੇਂ ਵਿਸ਼ਿਆਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਰਚਨਾਵਾਂ ਦਾ ਦੌਰ ਚਲਿਆ ।ਸਭਾ ਦੇ ਆਰੰਭ ਵਿਚ ਵਿਸ਼ਵ ਯੁੱਧਾਂ ਵਿਚ ਸ਼ਹੀਂਦ ਹੋਏ ਫੌਜੀਆਂ ਨੂੰ ਅਤੇ ਕੈਲਗਰੀ ਦੇ ਬਹੁਤ ਹੀ ਹੱਸ-ਮੁੱਖ ਅਤੇ ਮਹੱਤਵ ਪੂਰਣ ਵਿਅਕਤੀ ਸ੍ਰੀ ਰਮੇਸ਼ ਅਨੰਦ ਲਈ ਇਕ ਮਿੰਟ ਦੀ ਚੁੱਪ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ । ਵਰਨਣ ਯੋਗ ਹੈ ਕਿ ਸ੍ਰੀ ਰਮੇਸ਼ ਆਨੰਦ 7 ਨਵੰਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦਿਆਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਹਨ । ਵਰਨਣ ਯੋਗ ਕਿ ਅੱਜ ਗਿਆਰਾਂ ਨਵੰਬਰ ਨੂੰ ਕੈਨੇਡਾ ਭਰ ਵਿਚ ਵੱਖ ਵੱਖ ਥਾਵਾਂ ਤੇ ਸਹੀਦਾਂ ਨੂੰ ਸ਼ਰਧਾਜਲੀ ਭੇਟਾ ਕਰਨ ਲਈ ਸਮਾਗਮ ਰਚਾਏ ਗਏ ।
ਸ: ਸੁਰਿੰਦਰ ਸਿੰਘ ਢਿਲੋਂ , ਸ: ਜਸਵੀਰ ਸਿੰਘ ਸਹੋਤਾ ਅਤੇ ਸਭਾ ਦੇ ਜਨਰਲ ਸਕੱਤਰ ਨੇ ਬੜੇ ਹੀ ਵਿਸਥਾਰ ਨਾਲ ਪਹਿਲੇ ਵਿਸ਼ਵ-ਯੁੱਧ ਬਾਰੇ ਜਾਣਕਾਰੀ ਦਿੱਤੀ । ਪਹਿਲਾ ਸੰਸਾਰ ਯੁੱਧ 1914 ਤੋਂ 1918 ਤੱਕ ਰਿਹਾ ਅਤੇ ਠੀਕ 11 ਨਵੰਬਰ 1918 ਨੂੰ ਯੁੱਧ ਦੇ ਖਾਤਮੇ ਦਾ ਐਲਾਨ ਕੀਤਾ ਗਿਆ । ਸ: ਗੁਰਦਿਆਲ ਸਿੰਘ ਖਹਿਰਾ ਨੇ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਅੱਜ ਸਭਾ ਦੀ ਮੀਟਿੰਗ ਦੇ ਦਿਨ , ਪਹਿਲੇ ਸੰਸਾਰ ਯੁੱਧ ਦੇ ਪੂਰੇ ਸੌ ਸਾਲ ਪੂਰੇ ਹੋ ਗਏ ਹਨ ।
ਸ: ਸੁਰਿੰਦਰ ਸਿੰਘ ਢਿਲੋਂ ਹੋਰਾਂ ਭਵਿੱਖ ਵਿਚ ਸੰਸਾਰ ਭਰ ਵਿਚ ਸਾਂਤੀ ਦੀ ਕਾਮਨਾ ਕਰਦਿਆਂ ਪਹਿਲੇ ਯੁੱਧ ਵਿਚ ਸ਼ਹੀਦ ਹੋਏ ਸਿੱਖ ਫੌਜ਼ੀਆਂ ਬਾਰੇ ਬੜੀ ਹੀ ਮਹੱਤਵ ਪੂਰਣ, ਰੌਚਕ ਅਤੇ ਕੀਮਤੀ ਜਾਣਕਾਰੀ ਦਿੱਤੀ ।
ਪੰਜਾਬੀ ਸਾਹਿਤ ਸਭਾ ਦੇ ਮੈਂਬਰ ਸ: ਨਰਿੰਦਰ ਸਿੰਘ ਢਿਲੋਂ ਹੋਰਾਂ ਸਾਹਿਤ ਬਾਰੇ ਗੱਲ-ਬਾਤ ਕਰਦਿਆਂ ਬੜੇ ਹੀ ਅਹਿਮ ਵਿਸ਼ੇ ਨੂੰ ਛੋਹਿਆ । ਉਹਨਾਂ ਕਿਹਾ ਕਿ ਸਾਡੇ ਸਮਾਜ ਵਿਚ ਪੁਰਾਨਤ ਸਮੇਂ ਤੋਂ ਵਹਿਮਾਂ ਭਰਮਾਂ ਦੇ ਅਧਾਰਿਤ ਤਰਕਹੀਣ ਕਹਾਣੀਆਂ ਪ੍ਰਚਲਤ ਸਨ । ਇਹਨਾਂ ਵਿਚ ਕਈ ਅਸੰਭਵ ਅਤੇ ਕਈ ਚਮਤਕਾਰੀ ਘਟਨਾਵਾਂ ਦਾ ਜ਼ਿਕਰ ਆਉਂਦਾ ਸੀ । ਓਦੋਂ ਲੋਕਾਂ ਵਿਚ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਪੱਖ ਤੋਂ ਜਾਗਰੂਕਤਾ ਨਹੀਂ ਸੀ । ਸਮਾਜ ਵਿਚ ਟੂਣੇ ਅਤੇ ਜਾਦੂ ਟੂਣੇ ਕਰਨ ਦਾ ਰੁਝਾਨ ਸੀ । ਪਰ ਹੁਣ ਸਥਿਤੀ ਕਾਫੀ ਬਦਲ ਚੁੱਕੀ ਹੈ ਪਰ ਫਿਰ ਵੀ ਬਹੁਤ ਸਾਰੇ ਭਰਮ ਵਹਿਮ ਅਜੇ ਵੀ ਪ੍ਰਚਲਤ ਹਨ । ਲੋਕ ਪਹਿਲਾਂ ਨਾਲੋਂ ਜਾਗਰੂਕ ਹੋ ਚੁੱਕੇ ਹਨ । ਕੈਲਗਰੀ ਸ਼ਹਿਰ ਵਿਚ ਵਧੀਆ ਕਵਿਤਾਵਾਂ, ਗ਼ਜ਼ਲਾਂ, ਕਹਾਣੀਆਂ ਅਤੇ ਲੇਖ ਲਿਖਣ ਵਾਲੇ ਲੇਖਕ ਹਨ । ਸਾਰੇ ਲੇਖਕਾਂ ਨੂੰ ਤਰਕਹੀਣ ਵਹਿਮਾਂ ਭਰਮਾਂ ਅਧੀਨ ਫੋਕੀਆਂ ਕਹਾਣੀਆਂ ਨੂੰ ਵਿਗਿਆਨਕ ਨਜ਼ਰੀਏ ਵਿਚ ਕੈਦ ਕਰਕੇ ਲੋਕਾਂ ਨੂੰ ਵਧੀਆ ਸਾਹਿਤ ਦੇਣਾ ਚਾਹੀਂਦਾ ਹੈ ਤਾਂ ਜੋ ਚੰਗੇ ਸਿਹਤਮੰਦ ਸਮਾਜ ਦੀ ਉਸਾਰੀ ਹੋ ਸਕੇ ।
ਰਚਨਾਵਾਂ ਦੇ ਦੌਰ ਵਿਚ ਹਰਮਿੰਦਰ ਕੌਰ, ਸ: ਦਿਲਾਵਰ ਸਿੰਘ ਸਮਰਾ, ਸ: ਜਸਵੀਰ ਸਿੰਘ ਸਹੋਤਾ, ਸ: ਲਖਵਿੰਦਰ ਸਿੰਘ ਜੌਹਲ, ਸਰਬਜੀਤ ਕੌਰ ਉੱਪਲ, ਸ: ਜਸਵੰਤ ਸਿੰਘ ਸੇਖੋਂ , ਸ੍ਰੀ ਰਜਿੰਦਰ ਪੁੰਜ਼, ਸੁਰਿੰਦਰ ਗੀਤ, ਬਲਜਿੰਦਰ ਸੰਘਾ ਅਤੇ ਪਰਮਿੰਦਰ ਰਮਨ ਨੇ ਹਿਸਾ ਲਿਆ । ਪਰਮਿੰਦਰ ਰਮਨ ਦੀ ਕਵਿਤਾ ‘ ਨਸਲਵਾਦੀ ਸੋਚਾਂ ‘ ਦੇ ਬੋਲ ਇਸ ਤਰ੍ਹਾਂ ਹਨ ।
ਜਿੱਤ ਦੇ ਦੀਵੇ ਲੱਖ ਬਾਲੋ
ਝੌਪੜੀਆਂ ਦੇ ਹਨੇਰੇ ਦਾ
ਵੀ ਖਿਆਲ ਰੱਖਿਓ
ਬੜਾ ਘਾਤਿਕ ਹੁੰਦਾ ਹੈ
ਭੁੱਖਾ ਹਨੇਰਾ
ਬੇਵੱਸ ਸਵੇਰਾ
ਭੁੱਖ ਦਾ ਦੁੱਖ
ਜ਼ਹਿਰ ਹੁੰਦਾ ਹੈ
ਗੁੱਸੇ ਦੀ ਤਪਸ਼
ਕਹਿਰ ਹੁੰਦਾ ਹੈ ।
ਅੰਤ ਵਿਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਖਰਾਬ ਮੌਸਮ ਦੇ ਬਾਵਜੂਦ ਵੀ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅਗਾਂਹ ਨੂੰ ਵੀ ਭਰਵੇਂ ਸਹਿਯੋਗ ਦੀ ਆਸ ਪ੍ਰਗਟਾਈ ।
ਮੰਚ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ: ਗੁਰਦਿਆਲ ਸਿੰਘ ਖਹਿਰਾ ਨੇ ਬਹੁਤ ਹੀ ਬਿਹਤਰ ਤਰੀਕੇ ਨਾਲ ਨਿਭਾਇਆ । ਅਗਲੀ ਇਕੱਤਰਤਾ 9 ਦਿਸੰਬਰ ਨੂੰ ਬਾਦ ਦੁਪਹਿਰ ਦੋ ਵਜੇ ਕੋਸੋ ਹਾਲ ਵਿਚ ਹੋਵੇਗੀ । ਹੋਰ ਜਾਣਕਾਰੀ ਲਈ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੂੰ 403 – 605 -3734 ਜਾਂ ਸਭਾ ਦੇ ਜਨਰਲ ਸਕੱਤਰ ਸ: ਗੁਰਦਿਆਲ ਸਿੰਘ ਖਹਿਰਾ ਨੂੰ 403 – 968 -2880 ਸੰਪਰਕ ਕੀਤਾ ਜਾ ਸਕਦਾ ਹੈ ।