ਗੁਰਦੀਸ਼ ਕੌਰ ਗਰੇਵਾਲ ਨੇ ਉੱਘੀ ਹਸਤੀ ਜਨਮੇਜਾ ਸਿੰਘ ਜੌਹਲ ਵੱਲੋਂ ਤਿਆਰ ਕੀਤੀ ‘ਰੰਗਲੀ ਪੰਜਾਬੀ ਸਲੇਟ’ ਸਭਾ ਨੂੰ ਭੇਂਟ ਕੀਤੀ।
ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਮਾਸਿਕ ਇਕੱਤਰਤਾ 21 ਅਕਤੂਬਰ ਨੂੰ ਬਾਅਦ ਦੁਪਹਿਰ ਦੋ ਵਜੇ ਕੋਸੋ ਦੇ ਹਾਲ ਵਿੱਚ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਸ਼ੁਰੂ ਹੋਈ। ਇਕੱਤਰਤਾ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਗੁਰਦੀਸ਼ ਕੌਰ ਗਰੇਵਾਲ, ਪਰਮਿੰਦਰ ਰਮਨ ਅਤੇ ਰਮਨ ਸ਼ਰਮਾਂ ਨੂੰ ਸੱਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆਂ ਰਣਜੀਤ ਸਿੰਘ ਨੇ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ ਪਿਛਲੇ ਦਿਨੀਂ ਗ਼ਜ਼ਲਗੋ ਧਨਵੰਤ ਗੁਰਾਇਆ (ਖੁੱਲ੍ਹੀ ਖਿੜ੍ਹਕੀ ਵਿੱਚੋਂ ਗ਼ਜ਼ਲ ਸੰਗ੍ਰਹਿ ਆਦਿ) ਸਤੰਬਰ ਦੇ ਆਖ਼ਰੀ ਹਫ਼ਤੇ ਅਤੇ ਇੱਕ ਹੋਰ ਚਰਚਿਤ ਗ਼ਜ਼ਲਗੋ ਆਰਿਫ਼ ਗੋਬਿੰਦਪੁਰੀ (ਮੇਰੇ ਤੁਰ ਜਾਣ ਮਗਰੋਂ ਗ਼ਜ਼ਲ ਸੰਗ੍ਰਹਿ ਆਦਿ) ਦੇ ਸਦੀਵੀਂ ਵਿਛੋੜੇ ਅਤੇ ਤੀਸਰੀ ਦੁੱਖਦਾਈ ਖ਼ਬਰ ਗੁਰਚਰਨ ਰਾਮਪੁਰੀ ਜੋ 1964 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਦੇ ਸਦੀਵੀਂ ਵਿਛੋੜੇ ਦੀ ਸਾਂਝੀ ਕੀਤੀ , ਉਹਨਾਂ ਕਈ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ( ਜਿਹਨਾਂ ਦੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਏ। ਉਹਨਾਂ ਨੇ ਨੰਦ ਲਾਲ ਨੂਰਪੂਰੀ ਅਵਾਰਡ ਤੇ ਹੋਰ ਅਣਗਿਣਤ ਸਨਮਾਨ ਹਾਸਿਲ ਕੀਤੇ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਵੀ 2003 ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ। ਅੰਮ੍ਰਿਤਸਰ (ਪੰਜਾਬ) ਵਿੱਚ ਦੁਸਿਹਰੇ ਵਾਲੇ ਦਿਨ ਹੋਏ ਰੇਲ ਹਾਦਸੇ ਵਿੱਚ 61 ਵਿਅਕਤੀਆਂ ਦੀ ਮੌਤ ਅਤੇ 72 ਜਖਮੀਆਂ ਲਈ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਇੱਕ ਮਿੰਟ ਦਾ ਮੌਨ ਰੱਖ ਕੇ ਜਾਣ ਵਾਲਿਆਂ ਨੂੰ ਸ਼ਰਧਾਜਲੀ ਦਿੱਤੀ ਗਈ। ਬਾਅਦ ਵਿੱਚ ਨਛੱਤਰ ਪੁਰਬਾ ਨੇ ਇਸੇ ਨਾਲ ਸਬੰਧਿਤ ਆਪਣਾ ਲੇਖ ‘ਸੁਰੱਖਿਆ’ ਪੜ੍ਹਿਆ। ਜਗਦੀਸ਼ ਸਿੰਘ ਚੋਹਕਾ ਨੇ ਬਾਬੇ ਨਾਨਕ ਦੀਆ ਤੁਕਾਂ ਦਾ ਵੇਰਵਾ ਦੇ ਕੇ ਪੰਜਾਬੀ ਦੇ ਵਿਕਾਸ ਦਾ ਜ਼ਿਕਰ ਕੀਤਾ। ਇਸੇ ਜਾਣਕਾਰੀ ਵਿੱਚ ਵਾਧਾ ਕਰਦਿਆਂ ਨਰਿੰਦਰ ਢਿੱਲੋਂ ਨੇ ਕਿਹਾ ਕਿ ਪੁਰਾਣੇ ਗ੍ਰੰਥ ਨਹੀਂ ਬਦਲੇ ਜਾ ਸਕਦੇ ਪਰ ਸੱਭਿਆਚਾਰ ਸਮੇਂ ਮੁਤਾਬਕ ਬਦਲਦਾ ਜਾ ਰਿਹਾ ਹੈ ਤੇ ਪੰਜਾਬੀ ਦਾ ਵਿਕਾਸ ਸਮੇਂ ਦੀ ਲੋੜ੍ਹ ਹੈ। ਲੜ੍ਹੀ ਨੂੰ ਅੱਗੇ ਤੋਰਦਿਆਂ ਰਜਿੰਦਰ ਚੋਹਕਾ ਨੇ ਪੰਜਾਬੀ ਪੜ੍ਹਾਉਣ ਵਾਲਿਆਂ ਦੀ ਦੁਰਦਸ਼ਾ ਤੇ ਪੰਜਾਬੀ ਦੇ ਸੰਘਰਸ਼ਮਈ ਭਵਿੱਖ਼ ਦੀ ਗੱਲ ਕੀਤੀ। ਗੁਰਦੀਸ਼ ਕੌਰ ਗਰੇਵਾਲ ਨੇ ਆਪਣੀ ਕਾਵਿਤਾ ਸਾਂਝੀ ਕਰਨ ਉਪਰੰਤ ਇੱਕ ‘ਰੰਗਲੀ ਪੰਜਾਬੀ ਸਲੇਟ’ ਦਾ ਜ਼ਿਕਰ ਕੀਤਾ ਜਿਸ ਨਾਲ ਬੱਚੇ ਪੰਜਾਬੀ ਦੀ ਪੈਂਤੀ ਬੜੀ ਅਸਾਨੀ ਨਾਲ ਸਿੱਖ ਸਕਦੇ ਹਨ। ਇਹ ਸਲੇਟ ਉਹਨਾਂ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੂੰ ਭੇਂਟ ਕੀਤੀ। ਡਾ. ਰਾਜਵੰਤ ਕੌਰ ਮਾਨ (ਸੱਤ ਕਿਤਾਬਾਂ ਦੀ ਰਚੇਤਾ) ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਅੰਮ੍ਰਿਤਸਰ ਪ੍ਰੀਤਮ ਦੀਆ ਲਿਖ਼ਤਾਂ ਦਾ ਜ਼ਿਕਰ ਕੀਤਾ। ਪਰਮਿੰਦਰ ਰਮਨ ‘ਢੁੱਡੀਕੇ’ ਦੇ ਪਲੇਠੇ ਕਾਵਿ-ਸੰਗ੍ਰਹਿ ‘ਆ…ਸਮੇਂ ਦੇ ਹਾਣ ਦੇ ਹੋਈਏ’ ਜਿਸ ਦੀ ਘੁੰਢ ਚੁਕਾਈ ਪੰਜਾਬੀ ਲਿਖਾਰੀ ਸਭਾ ਦੇ 19ਵੇਂ ਸਲਾਨਾ ਸਮਾਗਮ ਵਿੱਚ ਹੋਈ ਸੀ ,ਉਸ ਉੱਤੇ ਅੱਜ ਦੀ ਇਕੱਤਰਤਾ ਵਿੱਚ ਵਿਚਾਰ-ਚਰਚਾ ਹੋਈ। ਹਰੀਪਾਲ ਨੇ ਆਪਣੇ ਪਰਚੇ ਵਿੱਚ ਉਸਦੀਆਂ ਲਿਖਤਾਂ ਦਾ ਖੁਬਸੂਰਤ ਢੰਗ ਨਾਲ ਵਿਸ਼ਲੇਸ਼ਣ ਕੀਤਾ। ਜੋਰਾਵਰ ਬਾਂਸਲ ਨੇ ਕਿਸ਼ਨ ਸਿੰਘ (ਸੇਵਾ ਮੁਕਤ ਪ੍ਰਿੰਸੀਪਲ ਲੁਧਿਆਣਾ) ਦਾ ਲਿਖਿਆ ਪਰਚਾ ਪੜ੍ਹਿਆ ਤੇ ਪਰਮਿੰਦਰ ਰਮਨ ਦੀ ਇਕ ਨਜਮ ਸੁਣਾ ਕੇ ਕਿਹਾ ‘ਆ…ਸਮੇਂ ਦੇ ਹਾਣ ਦਾ ਹੋਈਏ’ ਕਾਵਿ-ਸੰਗ੍ਰਹਿ ਆਪਣੇ ਨਾਮ ਦੀ ਤਰ੍ਹਾਂ ਹੀ ਹਰ ਰਚਨਾ ਵਿੱਚ ਵਧੀਆ ਤੇ ਅਗਾਂਹ ਵਧੂ ਸੁਨੇਹਾ ਦੇ ਰਿਹਾ ਹੈ। ਹਰ ਬੁਲਾਰੇ ਨੇ ਆਪਣੀ ਹਾਜ਼ਰੀ ਦੌਰਾਨ ਪਰਮਿੰਦਰ ਰਮਨ ਨੂੰ ਸਟੇਜ ਤੋਂ ਵਧਾਈ ਦਿੱਤੀ। ਜਗਦੇਵ ਸਿੱਧੂ ਨੇ ਇੱਕ ਪਾਠਕ ਵਜੋਂ ਕਿਤਾਬਾਂ ਦੀਆਂ ਲਿਖਤਾਂ ਲਈ ਉਸਾਰੂ ਸੁਝਾਅ ਪੇਸ਼ ਕੀਤੇ। ਜਿਸ ਵਿੱਚ ਲੇਖਿਕਾ ਗੁਰਚਰਨ ਕੌਰ ਥਿੰਦ ਨੇ ਵਾਧਾ ਕੀਤਾ ਅਤੇ 18 ਨਵੰਬਰ ਨੂੰ ਹੋਣ ਵਾਲੇ ‘ਵੂਮੈਨ ਕਲਚਰਲ ਐਸੋਸੀਸ਼ਨ’ ਦੇ ਪਰੋਗਰਾਮ ਦੀ ਜਾਣਕਾਰੀ ਦਿੱਤੀ। ਗੁਰਮੀਤ ਕੌਰ ਸਰਪਾਲ ਨੇ ਮੈਡੀਟੇਸ਼ਨ ਬਾਰੇ ਵਡਮੁੱਲੇ ਵਿਚਾਰ ਪੇਸ਼ ਕੀਤੇ। ਮਹਿੰਦਰਪਾਲ ਸਿੰਘ ਪਾਲ ਨੇ ‘ਚੰਗੇ ਦਾ ਮੈਂ ਨਿਰਣਾ ਕਰ ਸਕਦਾ’ ਗ਼ਜ਼ਲ ਅਤੇ ਆਪਣੀ ਇੰਗਲੈਂਡ ਫੇਰੀ ਦੀ ਜਾਣਕਾਰੀ ਸਾਂਝੀ ਕੀਤੀ। ਸੁਰਿੰਦਰ ਗੀਤ ਨੇ ‘ਕਵਿਤਾ ਰੋ ਰਹੀ’ ,ਤਰਲੋਚਨ ਸੈਹਿੰਭੀ ਨੇ ‘ਦਿੱਲੀ ਦੀ ਹਕੂਮਤ’, ਬਲਬੀਰ ਗੋਰਾ ਨੇ ‘ਸਰਵਣ ਵਰਗੇ ਪੁੱਤ ਨਾ’, ਦਵਿੰਦਰ ਮਲਹਾਂਸ ਨੇ ‘ਯਾਰ ਜੁਲਾਹੇ’, ਗੁਰਚਰਨ ਹੇਅਰ ਨੇ ‘ਕੰਡਿਆਂ ਦੀ ਬਸਤੀ’, ਜਸਵੰਤ ਸੇਖੋਂ ਨੇ ‘ਰਜਨੀ ਦੀ ਗਾਥਾ’, ਹਰਨੇਕ ਬੱਧਣੀ ਨੇ ‘ਗੀਤਾਂ ਦਾ ਮੈਂ ਵਣਜਾਰਾ’, ਲਖਵਿੰਦਰ ਜੌਹਲ ਨੇ ਸ਼ਹਿਰ ਦੀ ਸਫ਼ਾਈ ਉੱਤੇ ‘ ਆਓ ਕਮਿਊਨਟੀ ਵਾਲਿਓ’, ਸਰੂਪ ਸਿੰਘ ਮੰਡੇਰ ਨੇ ‘ ਦੋਵੇਂ ਲੁੱਟਣ ਪੰਜਾਬ ਨੂੰ’, ਸਰਬਜੀਤ ਉੱਪਲ ਨੇ ‘ਮਾਏਂ ਨੀ’, ਜਰਨੈਲ ਤੱਗੜ ਨੇ ਨਸ਼ੇ ਦੇ ਵਿਉਪਾਰ ‘ਤੇ ਚਿੱਟੇ ਨਾਲ ਸਬੰਧਿਤ ‘ਟੀਕੇ ਲਾ-ਲਾ ਮਰਦੇ’, ਸ਼ਿਵ ਕੁਮਾਰ ਸ਼ਰਮਾ ਨੇ ‘ ਘਰਵਾਲੀ’, ਸੁਖਵਿੰਦਰ ਸਿੰਘ ਤੂਰ ਨੇ ‘ਬੇਕਾਬੂ ਹੋ ਗਏ’, ਸੁਰ ਵਿੱਚ ਗਾ ਕੇ ਹਾਜ਼ਰੀ ਲਵਾਈ। ਇਸ ਮੌਕੇ ਗੁਰਦੀਪ ਕੌਰ, ਐਨਥੌਨੀ ਸ਼ਰਮਾ, ਰਾਜਾ ਗਾਲਬ, ਸ਼ਮਿੰਦਰ, ਅਵਤਾਰ ਸਿੰਘ, ਆਸਿਫ਼ ਮਲਿਕ, ਸੁਖਦਰਸ਼ਨ ਜੱਸਲ, ਜੋਗਾ ਸਿੰਘ ਸਹੋਤਾ, ਸੁਰਿੰਦਰ ਚੀਮਾ, ਸਿਮਰ ਚੀਮਾ, ਰਛਪਾਲ ਚੀਮਾ, ਗੁਰਵੀਨ ਚੱਠਾ ਤੇ ਸਭਾ ਦੇ ਖ਼ਜਾਨਚੀ ਮੰਗਲ ਚੱਠਾ ਹਾਜਿਰ ਸਨ। ਅਖ਼ੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।