ਗੁਰਚਰਨ ਥਿੰਦ :- ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪੰਦਰਾਂ ਸਤੰਬਰ ਨੂੰ ਹਮੇਸ਼ਾਂ ਵਾਂਗ 1000-ਵਾਇਸਜ਼ ਵਿੱਚ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ ਸੰਪਨ ਹੋਈ। ਅੱਜ ਦੀ ਮੀਟਿੰਗ ਸਭਾ ਦੇ ਘਰੇਲੂ ਹਿੰਸਾ ਨਾਲ ਸਬੰਧਤ ਪ੍ਰਾਜੈਕਟ ‘ਪੀੜ੍ਹੀ ਪਾੜ੍ਹਾ ਪੂਰਨਾ’ਦੀ ਅਗਲੇਰੀ ਕੜੀ ਸੀ। ਇਸ ਵਿੱਚ ਵਿਸ਼ੇਸ਼ ਸੱਦੇ ਤੇ ਪਹੁੰਚੇ ਕਮਿਊਨਟੀ ਲੀਡਰ ਰਾਜਦੀਪ ਸਿੰਘ ਧਾਲੀਵਾਲ ਨੇ ਅਜੋਕੇ ਸਮੇਂ ਵਿੱਚ ਪਰਿਵਾਰਾਂ ਵਿੱਚ ਘਰ ਦੇ ਜੀਆਂ ਦਰਮਿਆਨ ਆਪਸੀ ਗਲਬਾਤ ਤੇ ਜ਼ਰੂਰੀ ਮਸਲਿਆਂ ਤੇ ਵਿਚਾਰ ਵਟਾਂਦਰੇ ਦੀ ਘਾਟ ਦੀ ਸਮੱਸਿਆਂ ਨੂੰ 40-45 ਮੈਂਬਰਾਂ ਦੇ ਰੂਬਰੂ ਵਿਚਾਰਿਆ। ਉਹਨਾਂ ਨੇ ਸਠਵੇਂ ਸਤਰਵੇਂ ਦਹਾਕੇ ਦੇ ਜੰਮਪਲ਼ ਪ੍ਰਵਾਰ ਦੇ ਮੋਹਰੀ ਮੈਂਬਰਾਂ ਤੋਂ ਲੈ ਕੇ ਇਕੀਵੀਂ ਸਦੀ ਦੇ ਜੰਮਪਲ਼ ਟੀਨਏਜ਼ ਬੱਚਿਆਂ ਤੱਕ ਦੇ ਵੱਖ ਵੱਖ ਉਮਰਾਂ ਦੇ ਪਰਿਵਾਰਕ ਜੀਆਂ ਦੀਆਂ ਧਾਰਨਾਵਾਂ, ਮਾਨਤਾਵਾਂ ਤੇ ਕਦਰਾਂ ਕੀਮਤਾਂ ਦੀ ਗੱਲ ਕਰਦਿਆਂ ਕਿਹਾ ਕਿ “ਕਦੇ ਆਪਣੇ ਤੋਂ ਵੱਡਿਆਂ ਦਾ ਆਦਰ ਸਤਿਕਾਰ ਕਰਨਾ, ਉਹਨਾਂ ਦਾ ਆਖਾ ਮੰਨਣਾ. ਉਹਨਾਂ ਦੇ ਗਿਆਨ ਨੂੰ ਸੁਣਨਾ, ਮੰਨਣਾ, ਕਦਰ ਤੇ ਪ੍ਰਸ਼ੰਸਾ ਕਰਨੀ ਸਾਡੀਆਂ ਪ੍ਰਵਾਰਕ ਮਾਨਤਾਵਾਂ ਦਾ ਮੂਲ ਅਧਾਰ ਸੀ। ਪ੍ਰੰਤੂ ਟੈਕਨੌਲੌਜੀ ਦੇ ਵਿਕਾਸ ਨਾਲ ਵਧੇ ਬਾਹਰੀ ਗਿਆਨ ਕਾਰਨ ਅਜੋਕੀ ਪੀੜ੍ਹੀ ਘਰ ਦੇ ਵਡੇਰਿਆਂ ਨਾਲੋਂ ਬਾਹਰੀ ਗਿਆਨ ਅਤੇ ਦੋਸਤਾਂ ਮਿੱਤਰਾਂ ਤੇ ਵੱਧ ਵਿਸ਼ਵਾਸ ਕਰਨ ਲਗ ਪਈ ਹੈ ਜਿਸ ਕਰਕੇ ਪ੍ਰਵਾਰ ਵਿੱਚ ਆਪਸੀ ਗਲਬਾਤ ਪ੍ਰਭਾਵਤ ਹੋ ਰਹੀ ਹੈ ਅਤੇ ਆਪਸੀ ਸਬੰਧਾਂ ਵਿੱਚ ਪਾੜ੍ਹਾ ਵੱਧ ਰਿਹਾ ਹੈ ਜੋ ਕਿ ਘਰੇਲੂ ਹਿੰਸਾ ਦੀ ਸਮੱਸਿਆ ਨੂੰ ਹੋਰ ਸੰਜੀਦਾ ਬਣਾ ਰਿਹਾ ਹੈ। ਇਸ ਨੂੰ ਸੁਲਝਾਉਣ ਲਈ ਜ਼ਰੂਰੀ ਹੈ ਕਿ ਪਰਿਵਾਰ ਦੇ ਸਾਰੇ ਜੀਅ ਕਿਸੇ ਵੀ ਮਸਲੇ ਨੂੰ ਅਣਗੌਲਿਆ ਤੇ ਅਣਵਿਚਾਰਿਆ ਛੱਡਣ ਦੀ ਬਜਾਏ ਉਸ ਤੇ ਮਿਲ ਬੈਠ ਕੇ ਤਰਕ-ਵਿਤਰਕ ਨਾਲ ਵਿਚਾਰ ਕਰਨ ਅਤੇ ਬਦਲਦੀਆਂ ਸਮਾਜਿਕ ਪ੍ਰਸਥਿਤੀਆਂ ਸਮਝਦੇ ਹੋਏ ਇੱਕ ਦੂਜੇ ਤੇ ਵਿਸ਼ਵਾਸ਼ ਬਣਾਈ ਰਖਣ।” ਇਨ੍ਹਾਂ ਵਿਚਾਰਾਂ ਉਪਰੰਤ ਉਮਰ ਹੰਢਾ ਚੁੱਕੀਆਂ ਸੀਨੀਅਰਜ਼ ਨੇ ਆਪਣੀਆਂ ਚਿੰਤਾਵਾਂ, ਹੇਰਵੇ ਅਤੇ ਜ਼ਿੰਦਗੀ ਭਰ ਦੇ ਭਰਪੂਰ ਤਜਰਬਿਆਂ ਦੀ ਸਾਂਝ ਪਾ ਗਲਬਾਤ ਨੂੰ ਸਾਰਥਕ ਤੇ ਰੌਚਕ ਬਣਾ ਘਰੇਲੂ ਹਿੰਸਾ ਦੀ ਅੱਜ ਦੀ ਈਵੈਂਟ ਨੂੰ ਅਰਥ-ਭਰਪੂਰ ਬਣਾਇਆ।
ਸਭਾ ਦੀ ਸਕੱਤਰ ਗੁਰਦੀਸ਼ ਗਰੇਵਾਲ ਦੀ ਗੈਰ ਹਾਜ਼ਰੀ ਵਿੱਚ ਸਾਬਕਾ ਸਕੱਤਰ ਗੁਰਮੀਤ ਮੱਲ੍ਹੀ ਨੇ ਮੀਟਿੰਗ ਦਾ ਸੰਚਾਲਨ ਕੀਤਾ। ਪ੍ਰਧਾਨ ਬਲਵਿੰਦਰ ਬਰਾੜ ਨੇ ਹਾਜ਼ਰ ਮੈਂਬਰਾਂ ਤੇ ਵਿਸ਼ੇਸ਼ ਬੁਲਾਰੇ ਨੂੰ ਜੀਅ ਆਇਆਂ ਕਿਹਾ ਅਤੇ ਉਹਨਾਂ ਦਾ ਹਾਜ਼ਰ ਹੋਣ ਲਈ ਧੰਨਵਾਦ ਕੀਤਾ। ਉਹਨਾਂ ਨੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈ ਬਦਲਦੀਆਂ ਪ੍ਰਵਾਰਕ ਮਾਨਤਾਵਾਂ ਤੇ ਕਦਰਾਂ ਕੀਮਤਾਂ ਦੀ ਗੱਲ ਸਾਂਝੀ ਕਰਦਿਆਂ ਪ੍ਰਵਾਰ ਦੇ ਵਡੇਰਿਆਂ ਦੀਆਂ ਚਿੰਤਾਵਾਂ ਦ੍ਰਿਸ਼ਟੀ ਗੋਚਰ ਕਰਵਾਈਆਂ। ਗੁਰਚਰਨ ਥਿੰਦ ਨੇ ਕਿਹਾ ਕਿ ਅੱਜ ਦੀ ਗੱਲਬਾਤ ਤਾਂ ਹੀ ਸਾਰਥਕ ਹੈ ਜੇਕਰ ਆਪਾਂ ਖ਼ੁਦ ਇਸ ਸਚਾਈ ਨੂੰ ਸਮਝੀਏ, ਉਸ ਤੇ ਅਮਲ ਕਰੀਏ ਅਤੇ ਪ੍ਰਵਾਰ ਦੇ ਸੂਝਵਾਨ ਮੈਂਬਰ ਵਜੋਂ ਵਿਚਰੀਏ।ਇਸ ਦੇ ਨਾਲ ਹੀ ਘਟੋ ਘੱਟ ਇਕ ਵਿਅਕਤੀ ਨਾਲ ਅੱਜ ਦੀ ਗਲਬਾਤ ਸਾਂਝੀ ਕਰ ਸੁਨੇਹਾ ਕਮਰੇ ਤੋਂ ਬਾਹਰ ਪੁਚਾਈਏ। ਬਲਜਿੰਦਰ ਗਿੱਲ ਨੇ, ਹਾਲ ਹੀ ਵਿੱਚ ਨੱਬੇ ਸਾਲ ਤੋਂ ਉਪਰ ਦੀ ਉਮਰ ਦੇ ਬਜ਼ੁਰਗਾਂ ਨਾਲ ਵਿਚਰ, ਉਹਨਾਂ ਦਾ ਲਚਾਰੀ ਤੇ ਬੇਵਸੀ ਛੱਡ ਆਪਸੀ ਮਿਲਵਰਤਣ ਦਾ ਅੱਖੀਂ ਡਿੱਠਾ ਉਤਸ਼ਾਹ-ਜਨਕ ਸੁਨੇਹਾ ਸਾਂਝਾ ਕੀਤਾ। ਰਾਜਿੰਦਰ ਚੋਹਕਾ ਨੇ ਸਮਾਜ ਵਿੱਚ ਔਰਤ ਦੀ ਦਸ਼ਾ ਤੇ ਕਈ ਥਾਵਾਂ ਤੇ ਸੰਗੀਨ ਦੁਰਦਸ਼ਾ ਦੀ ਗੱਲ ਕਰਦਿਆਂ ਸੰਸਾਰ ਭਰ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਘਟਦੀ ਗਿਣਤੀ ਤੇ ਚਿੰਤਾ ਜ਼ਾਹਿਰ ਕੀਤੀ। ਹਰਜੀਤ ਜੌਹਲ, ਗੁਰਜੀਤ ਬੈਦਵਾਨ, ਮੁਖਤਿਆਰ ਕੌਰ, ਸੁਰਜੀਤ ਧੁੰਨਾ, ਸਰਬਜੀਤ ਉੱਪਲ, ਸਤਵਿੰਦਰ ਫਰਵਾਹ ਹੁਰਾਂ ਕਵਿਤਾਵਾਂ, ਗੀਤਾਂ ਤੇ ਬੋਲੀਆਂ ਨਾਲ ਇਕੱਤਰਤਾ ਰਸਮਈ ਬਣਾਈ। ਕਮਲ ਪੰਧੇਰ ਅਤੇ ਬਲਵੀਰ ਗੋਰਾ ਜੀ ਨੇ ਉਹਨਾਂ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ (ਕ੍ਰਮਵਾਰ ੨੯ ਸਤੰਬਰ ਨੂੰ ਸੇਟ ਕਾਲਜ ਦੇ ਆਰਫੀਅਸ ਥੀਏਟਰ ਵਿੱਖੇ ਨਾਟਕ ਸਮਾਗਮ ਅਤੇ ੨੩ ਸਤੰਬਰ ਨੂੰ ਫਾਲਕਿਨ ਰਿੱਜ ਕਮਿਊਨਿਟੀ ਹਾਲ ਵਿੱਚ ਕੇਵਲ ਔਰਤਾਂ ਲਈ ਸੰਗੀਤ ਪ੍ਰੋਗਰਾਮ) ਸਬੰਧੀ ਜਾਣਕਾਰੀ ਸਭਾ ਦੀਆਂ ਮੈਂਬਰਾਂ ਨਾਲ ਸਾਂਝੀ ਕਰ ਸ਼ਮੂਲੀਅਤ ਲਈ ਸੱਦਾ ਦਿੱਤਾ। ਗੁਰਦੀਸ਼ ਗਰੇਵਾਲ ਜੀ ਦੇ ਪ੍ਰਵਾਰ ਵਿੱਚ ਉਹਨਾਂ ਦੀ ਨੰਨ੍ਹੀ ਦੋਹਤੀ ਦੇ ਆਗਮਨ ਦੀ ਖੁਸ਼ੀ ਵਿੱਚ ਉਹਨਾਂ ਨੇ ਸਭ ਦਾ ਮੂੰਹ ਮਿੱਠਾ ਕਰਵਾਇਆ। ਸਭ ਨੇ ਵਧਾਈਆਂ ਦਿੰਦੇ ਚਾਹ ਨਾਲ ਲੱਡੂਆਂ ਦਾ ਭਰਪੂਰ ਆਨੰਦ ਮਾਣਿਆ। ਸੰਪਰਕ ਲਈ: 403-293-2625, 403-590-9629