ਜੋਰਾਵਰ ਸਿੰਘ ਬਾਂਸਲ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਰੂੜ੍ਹੀਵਾਦੀ ਰੀਤਾਂ ਵਿਚ ਤਬਦੀਲੀ ਪਸੰਦ ਲੇਖਕਾ ਅਤੇ ਸਮਾਜਿਕ ਸਮੱਸਿਆਵਾਂ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਪਰਤਾਂ ਨੂੰ ਫਰੋਲਣ ਵਾਲੀ ਗੰਭੀਰ ਕਵਿੱਤਰੀ ਦਲਵੀਰ ਕੌਰ ਵੁਲਵਰਹੈਂਪਟਨ (ਯੂ.ਕੇ.) ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੈਲਗਰੀ ਦੇ ਇੰਡੀਆ ਪੈਲੇਸ ਰੈਸਟੋਰੈਂਟ ਤੇ ਕੀਤਾ ਗਿਆ। ਲੇਖਿਕਾ ਨੇ ਆਪਣੇ ਜੀਵਨ ਅਤੇ ਲੇਖਣੀ ਦੇ ਮਾਣਮੱਤੇ ਸਫ਼ਰ ਬਾਰੇ ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕੀਤੀ।ਉਹਨਾਂ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਕੁਝ ਸਵਾਲ ਵੀ ਪੁੱਛੇ। ਹੁਣ ਤੱਕ ਉਹ ਤਿੰਨ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਉਹਨਾਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀ। ਸਭਾ ਵੱਲੋਂ ਸਭਾ ਦੇ ਮੈਬਰਾਂ ਦੀਆਂ ਕਿਤਾਬਾਂ ਦਾ ਸੈਟ ਭੇਂਟ ਕੀਤਾ ਗਿਆ ਅਤੇ ਉਹਨਾਂ ਆਪਣੀ ਕਿਤਾਬ ‘ਅਹਿਦ’,ਕਵਿਤਾਵਾਂ ਦੀਆਂ ਸੀਡੀਆਂ ਸਭਾ ਨੂੰ ਭੇਂਟ ਕੀਤੀਆਂ। ਦਲਵੀਰ ਕੌਰ ਵੁਲਵਰਹੈਂਪਟਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਸਨੇ ਇਸ ਸਭਾ ਬਾਰੇ ਜੋ ਖੋਜ ਕੀਤੀ ਹੈ ਅਨੁਸਾਰ ਇਹ ਗੱਲ ਉਸਨੂੰ ਬਹੁਤ ਚੰਗੀ ਲੱਗੀ ਕਿ ਹਰੇਕ ਦੋ ਸਾਲ ਬਾਅਦ ਸਭਾ ਦੀ ਨਵੀੰ ਕਮੇਟੀ ਚੁਣੀ ਜਾਂਦੀ, ਪਰ ਤਰਜਰਬੇ ਦੇ ਅਧਾਰ ਤੇ ਉਹਨਾਂ ਬੇਬਾਕੀ ਨਾਲ ਕਿਹਾ ਕਿ ਬਹੁਤੀਆਂ ਲੇਖਕ ਅਤੇ ਸਮਾਜਿਕ ਕੰਮ ਕਰਨ ਵਾਲੀਆਂ ਸੰਭਾਵਾਂ ਵਿਚ ਨਵੇਂ ਵਿਚਾਰ ਅਤੇ ਉਤਸ਼ਾਹ ਦੀ ਘਾਟ ਇਸੇ ਕਰਕੇ ਰਹਿੰਦੀ ਹੈ ਕਿ ਜੋ ਇਕ ਵਾਰ ਪ੍ਰਧਾਨ ਦੇ ਆਹੁੰਦੇ ਤੇ ਬੈਠ ਗਿਆ ਫਿਰ ਮਰਨ ਤੱਕ ਪ੍ਰਧਾਨ ਹੀ ਰਹਿੰਦਾ ਹੈ। ਉਹਨਾਂ ਕਿਹਾ ਕਿ ਸਭਾ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਕਰਵਾਏ ਜਾਂਦੇ ਕੰਮਾਂ ਤੋਂ ਉਹ ਬਹੁਤ ਪ੍ਰਭਾਵਤ ਹੈ ਜੋ ਹੋਰ ਸ਼ਹਿਰਾਂ ਵਿਚ ਸੰਭਾਵਾਂ ਨੂੰ ਕਰਨੇ ਚਾਹੀਦੇ ਹਨ। ਜਿੱਥੇ ਸਭਾਵਾਂ ਦਾ ਕੰਮ ਲੇਖਕਾਂ ਦੀਆਂ ਕਿਤਾਬਾਂ ਲੋਕ ਅਰਪਣ ਕਰਨਾ, ਮਹੀਨਾਵਾਰ ਇਕੱਤਰਤਾਵਾਂ ਕਰਨਾ ਹੈ ਉੱਥੇ ਹੀ ਬਹੁਤੀਆਂ ਸਭਾਵਾਂ ਇਸ ਬੁਨਿਆਦੀ ਕਾਰਜ ਨਾਲ ਅਜੇ ਨਹੀਂ ਜੁੜੀਆਂ ਜੋ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ,ਕੈਨੇਡਾ ਕਰ ਰਹੀ ਹੈ। ਇਸ ਸਮੇਂ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਜਨਰਲ ਸਕੱਤਰ ਰਣਜੀਤ ਸਿੰਘ, ਸਹਾਇਕ ਸਕੱਤਰ ਕਹਾਣੀਕਾਰ ਦਵਿੰਦਰ ਸਿੰਘ ਮਲਹਾਂਸ, ਕਾਰਜਕਾਰੀ ਮੈਂਬਰ ਹਰੀਪਾਲ, ਤਰਲੋਚਨ ਸਿੰਘ ਸੈਹਿੰਭੀ,ਬਲਵੀਰ ਗੋਰਾ ਅਤੇ ਗੁਰਮੀਤ ਕੌਰ ਕੁਲਾਰ,ਹਰਜੰਤ ਕੌਰ ਸੰਘਾ ਹਾਜ਼ਰ ਸਨ।