ਸੁਖਵੀਰ ਗਰੇਵਾਲ ਕੈਲਗਰੀ:-ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਸੱਤ ਰੋਜ਼ਾ ਸਮਰ ਕੈਂਪ ਜੈਨਸਿਸ ਸੈਂਟਰ ਵਿੱਚ ਲਗਾਇਆ ਗਿਆ ਜਿਸ ਵਿੱਚ 120ਦੇ ਕਰੀਬ ਬੱਚਿਆਂ ਅਤੇ 20 ਵਲੰਟੀਅਰਾਂ ਨੇ ਭਾਗ ਲਿਆ।ਕੈਂਪ ਵਿੱਚ ਮੈਡੀਟੇਸ਼ਨ,ਆਰਟ-ਕਰਾਫਟ,ਭੰਗੜਾ ,ਸਪੋਰਟਸ,ਜਾਦੂਗਰ ਸ਼ੋਅ ਤੇ ਜਾਗਰੂਕਤਾ ਭਾਸ਼ਣਾਂ ਤੋਂ ਇਲਾਵਾ ਹੋਰ ਕਈ ਗਤੀਵਿਧੀਆਂ ਕਰਵਾਈਆਂ ਗਈਆਂ।
ਮੈਡੀਟੇਸ਼ਨ:ਰੋਜ਼ਾਨਾ ਕੈਂਪ ਦੀ ਪਹਿਲੀ ਕਲਾਸ ਮੈਡੀਟੇਸ਼ਨ ਹਰਚਰਨ ਸਿੰਘ ਪਰਹਾਰ(ਸਿੱਖ ਵਿਰਸਾ) ਦੀ ਅਗਵਾਈ ਹੇਠ ਲਗਾਈ ਜਾਂਦੀ ਰਹੀ।ਬੱਚਿਆਂ ਨੂੰ ਮੈਡੀਟੇਸ਼ਨ ਦੀ ਮਹੱਤਤਾ ਬਾਰੇ ਦੱਸਣ ਤੋਂ ਇਲਾਵਾ ਉਹਨਾਂ ਹਰ ਰੋਜ਼ ਇੱਕ ਵਿਸ਼ੇ ਤੇ ਬੱਚਿਆਂ ਨਾਲ਼ ਗੱਲ ਕੀਤੀ ਜਿਸ ਵਿੱਚ ਬੱਚਿਆਂ ਨੇ ਕਾਫੀ ਰੁਚੀ ਦਿਖਾਈ।ਸ੍ਰੀ ਪਰਹਾਰ ਨੇ ਬੱਚਿਆਂ ਨੂੰ ਜ਼ਿੰਦਗੀ ਵਿੱਚ ਇੱਕ ਚੰਗੇ ਇਨਸਾਨ ਬਣਨ ਲਈ ਕਈ ਅਹਿਮ ਪਹਿਲੂਆਂ ਉਪਰ ਗੱਲ ਕੀਤੀ ਤੇ ਬੱਚਿਆਂ ਨਾਲ਼ ਸੰਵਾਦ ਰਚਾਇਆ।ਸਵਾਲ-ਜਵਾਬ ਦੇ ਸ਼ੈਸ਼ਨ ਵਿੱਚ ਬੱਚਿਆਂ ਦੇ ਸਵਾਲ ਕਾਫੀ ਦਿਲਚਸਪ ਸਨ।
ਭੰਗੜਾ:ਭੰਗੜਾ ਫਲੇਮਜ਼ ਅਕੈਡਮੀ ਦੀ ਨਿਗਰਾਨੀ ਹੇਠ ਪੇਸ਼ ਲਗਈ ਗਈ ਭੰਗੜੇ ਦੀ ਕਲਾਸ ਵਿੱਚ ਬੱਚਿਆਂ ਨੇ ਸਭ ਤੋਂ ਵੱਧ ਦਿਲਚਸਪੀ ਦਿਖਾਈ।ਸਤਿੰਦਰ ਧਾਲੀਵਾਲ ,ਅਮਨ ਰੰਧਾਵਾ ਅਤੇ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਨੇ ਪੰਜਾਬੀ ਗੀਤਾਂ ਦੀ ਤਰਜ਼ ਤੇ ਨੱਚ ਕੇ ਪੂਰਾ ਆਨੰਦ ਮਾਣਿਆ।ਸਮਾਪਤੀ ਸਮਾਰੋਹ ਮੌਕੇ 100 ਦੇ ਕਰੀਬ ਬੱਚਿਆਂ ਵਲੋਂ ਪੇਸ਼ ਕੀਤਾ ਭੰਗੜਾ ਇਸ ਕਲਾਸ ਦਾ ਸਿਖਰ ਸੀ।ਇਸ ਪੇਸ਼ਕਾਰੀ ਦੀ ਖਾਸੀਅਤ ਇਹ ਰਹੀ ਕਿ ਕੁੜੀਆਂ ਨੇ ਇਸ ਦੀ ਅਗਵਾਈ ਕੀਤੀ।
ਆਰਟ-ਕਰਾਫਟ: ਬੱਚਿਆਂ ਦੀ ਰੰਗਾਂ ਨਾਲ਼ ਸਾਂਝ ਨੂੰ ਹੋਰ ਪੱਕਾ ਕਰਨ ਲਈ ਰੋਜ਼ਾਨਾ ਆਰਟ-ਕਰਾਫਟ ਕਲਾਸ ਲਗਾਈ ਗਈ ਜਿਸ ਵਿੱਚ ਬੱਚਿਆਂ ਨੇ ਆਪਣੇ ਮਨਾਂ ਦੀਆਂ ਤਰੰਗਾਂ ਨੂੰ ਕਾਗਜ਼ਾਂ ਉਪਰ ਉਤਾਰਿਆ।ਇਸ ਕਲਾਸ ਦੌਰਾਨ ਹੀ ਬੱਚਿਆਂ ਨੇ ਕੈਂਪ ਦੇ ਮਹਿਮਾਨਾਂ ਲਈ ਧੰਨਵਾਦੀ ਚਿੰਨ੍ਹ ਤਿਆਰ ਕੀਤੇ ਜਿਹੜੇ ਆਖਰੀ ਦਿਨ ਫਰੇਮ ਕਰਵਾ ਕੇ ਭੇਂਟ ਕੀਤੇ ਗਏ।
ਮਾਹਿਰ:ਕੈਂਪ ਵਿੱਚ ਸ਼ਾਮਿਲ ਬੱਚਿਆਂ ਚੰਗੇ ਵਿਸ਼ਿਆਂ ਬਾਰੇ ਸੰਵਾਦ ਰਚਾਉਣ ਲਈ ਮਹਿਰਾਂ ਨੇ ਉਹਨਾਂ ਨਾਲ਼ ਸੰਵਾਦ ਰਚਾਇਆ।ਲੰਡਨ ਸਕੁਏਰ ਡੈਂਟਲ ਤੋਂ ਆਈ ਟੀਮ ਨੇ ਦੰਦਾਂ ਦੀ ਸਿਹਤ ਬਾਰੇ ਗੱਲਬਾਤ ਕੀਤੀ ਤੇ ਬੱਚਿਆਂ ਨੂੰ ਤੋਹਫੇ ਭੇਂਟ ਕੀਤੇ।ਕੀਨੀਆ ਦਾ ਸਬਾਕਾ ਹਾਕੀ ਖਿਡਾਰੀ ਤੇ ਸਿੱਖਿਆ ਸ਼ਾਸਤਰੀ ਡਾ.ਮੱਟੂ ਨੇ ਆਪਣੀ ਜ਼ਿੰਦਗੀ ਵਿੱਚ ਕੀਤੇ ਸੰਘਰਸ਼ ਦੀ ਕਹਾਣੀ ਬੱਚਿਆਂ ਨਾਲ਼ ਸਾਂਝੀ ਕੀਤੀ ਜਿਹੜੀ ਬੱਚਿਆਂ ਨੂੰ ਕਾਫੀ ਸੇਧ ਦੇ ਗਈ।ਇੰਸ਼ੋਰੈਂਸ਼ ਮਾਹਿਰ ਹਰਪਿੰਦਰ ਸਿੰਘ ਸਿੱਧੂ ਨੇ ਖੁਰਾਕ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਮਾਪਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿੱਚ ਬੱਚਿਆਂ ਦੀ ਖੁਰਾਕ ਬਾਰੇ ਬਹੁਤ ਚੇਤੰਨ ਰਹਿਣ ਦੀ ਲੋੜ ਹੈ।
ਸਮਾਪਤੀ ਸਮਾਗਮ:ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਮੰਚ ਤੋਂ ਆਪਣੀ ਕਲਾ ਦਿਖਾਉਣ ਦਾ ਖੁੱਲ੍ਹਾ ਸੱਦਾ ਸੀ ਜਿਸ ਵਿੱਚ 20 ਦੇ ਕਰੀਬ ਬੱਚਿਆਂ ਨੇ ਵਿਅਕਤੀਗਤ ਪ੍ਰਫਾਰਮੈਂਸਜ਼ ਦਿੱਤੀਆਂ।ਮੀਡੀਆ ਦੀ ਉੱਘੀ ਹਸਤੀ ਸਵਰਨ ਸਿੰਘ ਟਹਿਣਾ ਵੀ ਇਸ ਦਿਨ ਬੱਚਿਆਂ ਦੇ ਰੂ-ਬ-ਰੂ ਹੋਏ।ਉਹਨਾਂ ਆਪਣੇ ਬਚਪਨ ਦੀਆਂ ਗੱਲਾਂ ਬੱਚਿਆਂ ਨਾਲ਼ ਸਾਂਝੀਆਂ ਕਰਕੇ ਜ਼ਿੰਦਗੀ ਵਿੱਚ ਮਿਹਨਤ ਕਰਨ ਦੀ ਪ੍ਰੇਰਨ ਦਿੱਤੀ।ਇਸੇ ਦਿਨ ਪੇਸ਼ ਕੀਤਾ ਜਾਦੂਗਰ ਦਾ ਸ਼ੋਅ ਬੱਚਿਆਂ ਲਈ ਮੰਨੋਰੰਜਨ ਦਾ ਸਿਖ਼ਰ ਸੀ।ਸਮਾਪਤੀ ਤੇ ਸਾਰੇ ਵਲੰਟੀਅਰਾਂ,ਬੱਚਿਆਂ ਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।ਯੰਗਸਿਤਾਨ ਬਾਰੇ ਹੋਰ ਜਾਣਕਾਰੀ ਲੈਣ ਲਈ ਫੋਨ ਨੰਬਰ 403-402-0770 ਤੇ ਸੰਪਰਕ ਕੀਤਾ ਜਾ ਸਕਦਾ ਹੈ।